ਮੋਦੀ ਦੀ ਮੁਸ਼ਕਿਲ, ਰੂਸ ਚੁਣਨਾ ਸਹੀ ਜਾਂ ਅਮਰੀਕਾ

ਮੋਦੀ ਅਤੇ ਪੁਤਿਨ ਤੇ ਟਰੰਪ Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਰੂਸ ਵਿੱਚ ਹਨ। ਸੋਚੀ ਵਿੱਚ ਮੋਦੀ ਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਹੋਵੇਗੀ।

ਇਸ ਸਾਲ ਮਾਰਚ ਮਹੀਨੇ ਵਿੱਚ ਮੁੜ ਛੇ ਸਾਲਾਂ ਲਈ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਪੁਤਿਨ ਦੀ ਮੋਦੀ ਨਾਲ ਪਹਿਲੀ ਮੁਲਾਕਾਤ ਹੈ।

ਇਹ ਮੁਲਾਕਾਤ ਗ਼ੈਰ-ਰਸਮੀ ਅਤੇ ਬਿਨਾਂ ਕਿਸੇ ਏਜੰਡਾ ਦੇ ਦੱਸੀ ਜਾ ਰਹੀ ਹੈ।

30 ਅਪ੍ਰੈਲ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇਸੇ ਤਰ੍ਹਾਂ ਦੀ ਗ਼ੈਰ-ਰਸਮੀ ਮੁਲਾਕਾਤ ਕਰਨ ਲਈ ਮੋਦੀ ਚੀਨ ਦੇ ਸ਼ਹਿਰ ਵੁਹਾਨ ਗਏ ਸਨ।

Image copyright Getty Images

ਵੁਹਾਨ ਅਤੇ ਸੋਚੀ ਵਿੱਚ ਮੋਦੀ ਦੀ ਗ਼ੈਰ-ਰਸਮੀ ਮੁਲਾਕਾਤਾਂ ਆਖ਼ਿਰ ਕਿਸ ਰਣਨੀਤੀ ਦਾ ਹਿੱਸਾ ਹਨ?

ਮੋਦੀ ਦਾ ਟਵੀਟ

ਇੱਕ ਸਵਾਲ ਇਹ ਵੀ ਉਠ ਰਿਹਾ ਹੈ ਕਿ ਇੱਕ ਪਾਸੇ ਤਾਂ ਪੀਐਮ ਮੋਦੀ ਅਮਰੀਕਾ, ਜਾਪਾਨ, ਆਸਟਰੇਲੀਆ ਦੇ ਨਾਲ ਮਿਲ ਕੇ ਚੀਨ ਦਾ ਸਾਹਮਣਾ ਕਰਨ ਲਈ ਭਾਈਵਾਲੀ ਵਧਾ ਰਹੇ ਹਨ ਤਾਂ ਦੂਜੇ ਪਾਸੇ ਚੀਨ, ਰੂਸ ਅਤੇ ਪਾਕਿਸਤਾਨ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਨਾਲ ਵੀ ਅੱਗੇ ਵਧਣਾ ਚਾਹੁੰਦੇ ਹਨ।

ਕੁਝ ਲੋਕ ਉਹ ਵੀ ਪੁੱਛਣ ਲੱਗੇ ਹਨ ਕਿ ਕੀ ਮੋਦੀ ਰੂਸ, ਅਮਰੀਕਾ ਅਤੇ ਚੀਨ ਨੂੰ ਲੈ ਕੇ ਉਲਝਣ ਵਿੱਚ ਹਨ?

21 ਮਈ ਨੂੰ ਮੋਦੀ ਸੋਚੀ ਵਿੱਚ ਪੁਤਿਨ ਨਾਲ 4-5 ਘੰਟੇ ਦੀ ਮੁਲਾਕਾਤ ਕਰਨਗੇ ਅਤੇ ਉਸੇ ਦਿਨ ਵਾਪਸ ਆ ਜਾਣਗੇ।

ਮੋਦੀ ਨੇ ਇਸ ਦੌਰੇ ਤੋਂ ਪਹਿਲਾਂ ਟਵੀਟ ਕੀਤਾ, "ਸਾਨੂੰ ਪੂਰਾ ਭਰੋਸਾ ਹੈ ਕਿ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਭਾਰਤ ਅਤੇ ਰੂਸ ਦੀ ਖ਼ਾਸ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।"

ਮਾਹਿਰ ਮੰਨਦੇ ਹਨ ਕਿ ਮੋਦੀ ਅਤੇ ਪੁਤਿਨ ਵਿਚਾਲੇ ਕਈ ਮੁੱਦਿਆਂ 'ਤੇ ਗੱਲ ਹੋ ਸਕਦੀ ਹੈ।

ਸੀਏਏਟੀਐਸਏ ਦਾ ਮੁੱਦਾ

ਸਭ ਤੋਂ ਵੱਡਾ ਹੈ ਸੀਏਏਟੀਐਸਏ ਦਾ ਯਾਨਿ ਅਮਰੀਕਾ ਦਾ 'ਕਾਊਂਟਰਿੰਗ ਅਮੇਰੀਕਾਜ ਐਡਵਰਸਰਿਜ ਥਰੂ ਸੈਕਸ਼ਨਸ ਐਕਟ।' ਅਮਰੀਕੀ ਕਾਂਗਰਸ ਨੇ ਇਸ ਨੂੰ ਪਿਛਲੇ ਸਾਲ ਪਾਸ ਕੀਤਾ ਸੀ।

ਉੱਤਰੀ ਕੋਰੀਆ, ਈਰਾਨ ਅਤੇ ਰੂਸ 'ਤੇ ਅਮਰੀਕਾ ਨੇ ਇਸ ਕਾਨੂੰਨ ਦੇ ਤਹਿਤ ਪਾਬੰਦੀ ਲਗਾਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੀ ਇਸ ਪਾਬੰਦੀ ਨਾਲ ਰੂਸ-ਭਾਰਤ ਦੇ ਰੱਖਿਆ ਸੌਦਿਆਂ 'ਤੇ ਅਸਰ ਪਵੇਗਾ।

ਭਾਰਤ ਨਹੀਂ ਚਾਹੁੰਦਾ ਹੈ ਕਿ ਰੂਸ ਨਾਲ ਉਸ ਦੇ ਰੱਖਿਆ ਸੌਦਿਆਂ 'ਤੇ ਕਿਸੇ ਤੀਜੇ ਦੇਸ ਦਾ ਪਰਛਾਵਾਂ ਪਵੇ।

ਭਾਰਤੀ ਮੀਡੀਆ ਵਿੱਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਭਾਰਤ ਨੇ ਟਰੰਪ ਪ੍ਰਸ਼ਾਸਨ ਵਿੱਚ ਇਸ ਮੁੱਦੇ ਨੂੰ ਲੈ ਕੇ ਲਾਬਿੰਗ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਪਾਬੰਦੀ ਨਾਲ ਭਾਰਤ ਨੂੰ ਰੂਸ ਕੋਲੋਂ ਰੱਖਿਆ ਖਰੀਦਦਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

ਅਮਰੀਕਾ ਦੇ ਫ਼ੈਸਲੇ ਅਤੇ ਭਾਰਤ 'ਤੇ ਅਸਰ

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਚੀਟਿਊਟ ਮੁਤਾਬਕ ਭਾਰਤ ਆਪਣੀ ਜ਼ਰੂਰਤ ਦੇ 68 ਫੀਸਦੀ ਹਥਿਆਰ ਰੂਸ ਕੋਲੋਂ ਖਰੀਦਦਾ ਹੈ। ਅਮਰੀਕਾ ਕੋਲੋਂ 14 ਫੀਸਦੀ ਅਤੇ ਇਸਰਾਇਲ ਕੋਲੋਂ 8 ਫੀਸਦ। ਇਹ ਅੰਕੜੇ 2012 ਤੋਂ 2016 ਵਿਚਾਲੇ ਦੇ ਹਨ।

ਜ਼ਾਹਿਰ ਹੈ ਕਿ ਭਾਰਤ ਦੇ ਹਥਿਆਰ ਬਾਜ਼ਾਰ ਵਿੱਚ ਅਮਰੀਕਾ ਅਤੇ ਇਸਰਾਇਲ ਦੇ ਦਖ਼ਲ ਦੇ ਬਾਵਜੂਦ ਰੂਸ ਦਾ ਕੋਈ ਤੋੜ ਨਹੀਂ ਹੈ। ਅਜਿਹੇ ਵਿੱਚ ਅਮਰੀਕੀ ਪਾਬੰਦੀ ਨਾਲ ਦੋਵੇਂ ਦੇਸਾਂ ਦੀ ਚਿੰਤਾ ਲਾਜ਼ਮੀ ਹੈ।

Image copyright Getty Images

ਇਸ ਦੇ ਬਾਵਜੂਦ ਅਗਲੇ ਮਹੀਨੇ ਸ਼ੰਘਾਈ ਕੋਆਪਰੇਸ਼ਨ (ਐਸਸੀਓ) ਅਤੇ ਜੁਲਾਈ ਵਿੱਚ ਬ੍ਰਿਕਸ ਸ਼ਿਖਰ ਸੰਮੇਲਨ ਵੀ ਹੋਣ ਜਾ ਰਹੇ ਹਨ।

ਐਸੀਓ ਅਤੇ ਬ੍ਰਿਕਸ ਵਿੱਚ ਭਾਰਤ ਨਾਲ ਰੂਸ ਅਤੇ ਚੀਨ ਦੋਵੇਂ ਹਨ।

ਇਸ ਦੇ ਨਾਲ ਹੀ ਈਰਾਨ ਨਾਲ ਅਮਰੀਕਾ ਵੱਲੋਂ ਪਰਮਾਣੂ ਸਮਝੌਤਾ ਤੋੜਨ ਦਾ ਅਸਰ ਵੀ ਭਾਰਤ ਦੀ ਆਰਥਿਕ ਸਿਹਤ 'ਤੇ ਪਵੇਗਾ।

ਭਾਰਤ ਲਈ ਚੁਣੌਤੀ

ਈਰਾਨ ਤੋਂ ਪੈਟ੍ਰੋਲੀਅਮ ਦੀ ਦਰਾਮਦ ਭਾਰਤ ਲਈ ਸੌਖੀ ਨਹੀਂ ਰਹਿ ਜਾਵੇਗੀ।

ਇਸ ਤੋਂ ਇਲਾਵਾ ਦੋਵੇਂ ਨੇਤਾਵਾਂ ਵਿਚਾਲੇ ਸੀਰੀਆ ਅਤੇ ਅਫ਼ਗਾਨਿਸਤਾਨ ਵਿੱਚ ਅੱਤਵਾਦ ਦਾ ਮੁੱਦਾ ਵੀ ਅਹਿਮ ਰਹੇਗਾ।

ਜ਼ਾਹਿਰ ਹੈ ਕਿ ਭਾਰਤ ਅਤੇ ਰੂਸ ਵਿਚਕਾਰ ਰਿਸ਼ਤਾ ਇਤਿਹਾਸਕ ਰਿਹਾ ਹੈ ਪਰ ਕੌਮਾਂਤਰੀ ਸਬੰਧ ਕਦੇ ਸਥਿਰ ਨਹੀਂ ਰਹਿੰਦੇ। ਦੋਸਤ ਬਦਲਦੇ ਹਨ ਤਾਂ ਦੁਸ਼ਮਣ ਵੀ ਬਦਲ ਜਾਂਦੇ ਹਨ।

ਹਾਲ ਦੇ ਸਾਲਾਂ ਵਿੱਚ ਭਾਰਤ ਅਤੇ ਅਮਰੀਕਾ ਦੇ ਸਬੰਧ ਡੂੰਘੇ ਹੋਏ ਹਨ ਤਾਂ ਪਾਕਿਸਤਾਨ ਅਮਰੀਕਾ ਤੋਂ ਦੂਰ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਖੁੱਲ੍ਹੇਆਮ ਪਾਕਿਸਤਾਨ 'ਤੇ ਹਮਲਾ ਬੋਲਿਆ ਹੈ।

ਦੂਜੇ ਪਾਸੇ ਰੂਸ ਅਤੇ ਪਾਕਿਸਤਾਨ ਵਿੱਚ ਕਦੇ ਗਰਮਜੋਸ਼ੀ ਨਹੀਂ ਰਹੀ, ਪਰ ਹੁਣ ਦੋਵੇਂ ਦੇਸ਼ ਰੱਖਿਆ ਸੌਦਿਆਂ ਦੇ ਪੱਧਰ ਤੱਕ ਪਹੁੰਚ ਗਏ ਹਨ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਰੂਸੀ ਅਧਿਐਨ ਕੇਂਦਰ ਦੇ ਪ੍ਰੋਫੈਸਰ ਸੰਜੇ ਪਾਂਡੇ ਵੀ ਮੰਨਦੇ ਹਨ ਕਿ ਰੂਸ ਅਤੇ ਭਾਰਤ ਦਾ ਸਬੰਧ ਅੱਜ ਦੇ ਸਮੇਂ ਵਿੱਚ ਸਭ ਤੋਂ ਜਟਿਲ ਅਵਸਥਾ ਵਿੱਚ ਹੈ।

ਕਸ਼ਮੀਰ 'ਤੇ ਭਾਰਤ ਨਾਲ ਹੈ ਰੂਸ

ਸੰਜੇ ਪਾਂਡੇ ਕਹਿੰਦੇ ਹਨ ਕਿ ਭਾਰਤ ਨਾ ਤਾਂ ਅਮਰੀਕਾ ਨੂੰ ਛੱਡ ਸਕਦਾ ਹੈ ਅਤੇ ਨਾ ਹੀ ਰੂਸ ਨੂੰ।

Image copyright Getty Images

ਉਹ ਕਹਿੰਦੇ ਹਨ, "ਭਾਰਤ ਕੋਲ ਉਹ ਬਦਲ ਨਹੀਂ ਹੈ ਕਿ ਉਹ ਰੂਸ ਨੂੰ ਚੁਣੇ ਜਾਂ ਅਮਰੀਕਾ ਨੂੰ। ਚੁਣੌਤੀ ਇਹ ਹੈ ਕਿ ਅਮਰੀਕਾ ਅਤੇ ਰੂਸ ਵਿੱਚ ਸਬੰਧ ਕਦੇ ਚੰਗੇ ਨਹੀਂ ਰਹੇ ਇਸ ਲਈ ਭਾਰਤ ਦੋਵਾਂ ਨਾਲ ਇੱਕੋ ਜਿਹਾ ਮਿੱਠਾ ਸਬੰਧ ਬਣਾ ਕੇ ਨਹੀਂ ਰੱਖ ਸਕਦਾ। ਅਜਿਹੇ ਵਿੱਚ ਦੋਵਾਂ ਦੇ ਨਾਲ ਰਿਸ਼ਤਿਆਂ ਵਿੱਚ ਸੰਤੁਲਨ ਬਣਾਉਣਾ ਹੀ ਭਾਰਤ ਦੀ ਸਮਝਦਾਰੀ ਹੈ ਅਤੇ ਮੋਦੀ ਦੀ ਵੀ ਇਹੀ ਕੋਸ਼ਿਸ਼ ਹੈ।"

ਰੂਸ ਅਤੇ ਪਾਕਿਸਤਾਨ ਦਾ ਕਰੀਬੀ ਵੀ ਭਾਰਤ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ।

ਰੂਸ ਇਤਿਹਾਸਕ ਤੌਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿੱਚ ਕਸ਼ਮੀਰ ਨੂੰ ਲੈ ਕੇ ਭਾਰਤ ਦੇ ਪੱਖ ਵਿੱਚ ਵੀਟੋ ਪਾਵਰ ਦਾ ਇਸਤੇਮਾਲ ਕਰਦਾ ਰਿਹਾ ਹੈ।

ਹੁਣ ਬਦਲੀ ਵਿਸ਼ਵ ਵਿਵਸਥਾ ਵਿੱਚ ਦੱਖਣੀ ਏਸ਼ੀਆ ਵਿੱਚ ਰੂਸ ਵੀ ਆਪਣੀ ਪ੍ਰਾਥਮਿਕਤਾ ਬਦਲ ਰਿਹਾ ਹੈ। ਦਸੰਬਰ 2017 ਵਿੱਚ 6 ਦੇਸਾਂ ਦੇ ਸਪੀਕਰਾਂ ਦਾ ਇਸਲਾਮਾਬਾਦ ਵਿੱਚ ਇੱਕ ਸੰਮੇਲਨ ਹੋਇਆ ਸੀ।

ਪਾਕਿਸਤਾਨ ਅਤੇ ਚੀਨ

ਚੀਨ ਅਤੇ ਭਾਰਤ ਵਿੱਚ ਵਧਦੇ ਸ਼ਕਤੀ ਅਸੰਤੁਲਨ ਦੇ ਕਾਰਨ ਦੋਵੇਂ ਦੇਸਾਂ ਦੀਆਂ ਸੀਮਾਵਾਂ 'ਤੇ ਅਸਥਿਰਤਾ ਦੀ ਸ਼ੱਕ ਹੋਰ ਵਧ ਗਿਆ ਹੈ।

ਪਾਕਿਸਤਾਨ ਅਤੇ ਚੀਨ ਵਿਚਕਾਰ ਵਧਦੀ ਦੋਸਤੀ ਨਾਲ ਭਾਰਤ ਨੂੰ ਦੋ ਮੋਰਚਿਆਂ 'ਤੇ ਚੁਣੌਤੀ ਦੀ ਚਿੰਤਾ ਸਤਾ ਰਹੀ ਹੈ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ਵਜਾ ਆਸਿਫ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ

ਦੂਜੇ ਪਾਸੇ ਰੂਸ ਦੀ ਸੋਚ ਹੈ ਕਿ ਉਹ ਅਮਰੀਕੀ ਅਗਵਾਈ ਵਾਲੇ ਸਹਿਯੋਗੀ ਦੇਸਾਂ ਨੂੰ ਚੀਨ ਦੇ ਸਹਿਯੋਗ ਨਾਲ ਹੀ ਚੁਣੌਤੀ ਦੇ ਸਕਦਾ ਹੈ।

ਉੱਥੇ ਭਾਰਤ, ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਰੂਸ 'ਤੇ ਨਿਰਭਰ ਨਹੀਂ ਰਹਿ ਸਕਦਾ। ਪ੍ਰੋਫੈਸਰ ਪਾਂਡੇ ਮੰਨਦੇ ਹਨ ਕਿ ਇਸੇ ਸੋਚ ਨਾਲ ਭਾਰਤ ਬਦਲ ਦੀ ਵਿਵਸਥਾ ਵੱਲ ਰੁਖ਼ ਕਰ ਰਿਹਾ ਹੈ।

ਪਾਕਿਸਤਾਨ ਵਿੱਚ ਬਲੂਚਿਸਤਾਨ ਪ੍ਰਾਂਤ ਦੇ ਵਿਦਰੋਹੀ ਨੇਤਾ ਡਾਕਟਰ ਜੁਮਾ ਮਾਰੀ ਬਲੋਚ ਪਿਛਲੇ 18 ਸਾਲਾਂ ਤੋਂ ਦੇਸ ਨਿਕਾਲਾ ਦਿੱਤੇ ਹੋਏ ਹਨ ਅਤੇ ਰੂਸ ਵਿੱਚ ਰਹਿ ਰਹੇ ਹਨ।

ਉਨ੍ਹਾਂ ਨੇ ਇਸੇ ਸਾਲ 17 ਫਰਵਰੀ ਨੂੰ ਰੂਸ ਦੇ ਸਰਕਾਰੀ ਮੀਡੀਆ ਸਪੂਤਨਿਕ ਨੂੰ ਇੱਕ ਇੰਟਰਵਿਊ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਬਲੂਚਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਰਿਹਾ ਹੈ।

ਇਹ ਸਭ ਕੁਝ ਮਾਸਕੋ ਵਿੱਚ ਹੋ ਰਿਹਾ ਅਤੇ ਰੂਸ ਹੋਣ ਦੇ ਰਿਹਾ ਹੈ। ਜ਼ਾਹਿਰ ਹੈ ਕਿ ਇਹ ਭਾਰਤ ਲਈ ਸ਼ਰਮਿੰਦਗੀ ਤੋਂ ਘੱਟ ਨਹੀਂ ਹੈ।

ਰੂਸ ਅਤੇ ਭਾਰਤ ਦਾ ਸੱਭਿਆਚਾਰਕ ਦੋਸਤੀ ਵਿੱਚ ਇਸ ਦਰਾਰ ਨੂੰ ਪੁੱਟਣਾ ਮੋਦੀ ਲਈ ਵੱਡੀ ਚੁਣੌਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)