ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਰਿਪੋਰਟਰ ਦੇ ਸਾਹਮਣੇ ਕੀ ਨੇ ਚੁਣੌਤੀਆਂ?

  • ਇਜ਼ਹਾਰਉਲਾਹ
  • ਬੀਬੀਸੀ ਪੱਤਰਕਾਰ, ਪਿਸ਼ਾਵਰ
ਸਿੱਖ ਪੱਤਰਕਾਰ

''ਮੇਰੇ ਮਾਪਿਆਂ ਨੇ ਕਿਹਾ ਕਿ ਤੂੰ ਗ਼ਲਤ ਰਸਤੇ ਜਾ ਰਹੀ ਹੈ, ਔਰਤਾਂ ਲਈ ਇਹ ਸਹੀ ਨਹੀਂ ਹੈ ਪਰ ਜਦੋਂ ਉਨ੍ਹਾਂ ਨੇ ਮੇਰੀ ਪਹਿਲੀ ਰਿਪੋਰਟ ਦੇਖੀ ਤਾਂ ਉਹ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਮੇਰੇ 'ਤੇ ਮਾਣ ਮਹਿਸੂਸ ਕੀਤਾ।''

24 ਸਾਲਾ ਮਨਮੀਤ ਕੌਰ ਪਿਸ਼ਾਵਰ ਦੀ ਰਹਿਣ ਵਾਲੀ ਹੈ। ਕਿਹਾ ਜਾ ਰਿਹਾ ਹੈ ਉਹ ਪਾਕਿਸਤਾਨ 'ਚ ਪਹਿਲੀ ਸਿੱਖ ਰਿਪੋਰਟਰ ਹੈ। ਹਾਲ ਹੀ ਵਿੱਚ ਉਸ ਨੇ ਪਾਕਿਸਤਾਨ ਦੇ ਨਿਊਜ਼ ਚੈਨਲ 'ਹਮ ਨਿਊਜ਼' ਵਿੱਚ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ।

ਜਦੋਂ ਮੈਂ ਮਨਮੀਤ ਨੂੰ ਮਿਲਣ ਆਇਆ, ਤਾਂ ਉਹ ਨਿਊਜ਼ ਰੂਮ ਵਿੱਚ ਕਿਸੇ ਹੋਰ ਰਿਪੋਰਟਰ ਨਾਲ ਰੁੱਝੀ ਹੋਈ ਸੀ ਅਤੇ ਸਕਰਿਪਟ ਲਿਖ ਰਹੀ ਸੀ।

ਪਿਸ਼ਾਵਰ ਯੂਨੀਵਰਸਟੀ ਤੋਂ ਸੋਸ਼ਲ ਸਾਇੰਸਜ਼ ਦੀ ਪੜ੍ਹਾਈ ਕਰਨ ਵਾਲੀ ਮਨਮੀਤ ਦਾ ਮੀਡੀਆ ਵਿੱਚ ਇਹ ਪਹਿਲਾ ਤਜਰਬਾ ਹੈ। ਉਸਦੇ ਮੁਤਾਬਕ ਟੀਵੀ ਚੈਨਲ ਵਿੱਚ ਕੰਮ ਕਰਨ ਦੌਰਾਨ ਉਸਦੇ ਸਾਹਮਣੇ ਦੋ ਚੁਣੌਤੀਆਂ ਹਨ।

ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਹੋਣਾ

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ,'' ਪਹਿਲਾ ਤਾਂ ਉਹ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਤੇ ਦੂਜਾ ਇੱਕ ਔਰਤ ਦੇ ਰੂਪ ਵਿੱਚ ਮੀਡੀਆ ਅਦਾਰੇ 'ਚ ਕੰਮ ਕਰਨਾ।''

ਮਨਮੀਤ ਕੌਰ ਮੁਤਾਬਕ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਭਾਈਚਾਰਾ ਬਹੁਤ ਪਿੱਛੇ ਰਿਹਾ ਹੈ ਅਤੇ ਬਹੁਤ ਘੱਟ ਮਰਦਾਂ ਤੇ ਔਰਤਾਂ ਨੂੰ ਬਾਹਰ ਨਿਕਲ ਕੇ ਪੜ੍ਹਨ ਅਤੇ ਨੌਕਰੀ ਕਰਨ ਦੀ ਇਜਾਜ਼ਤ ਮਿਲਦੀ ਹੈ।

ਮਨਮੀਤ ਕੌਰ ਨੇ ਇਨ੍ਹਾਂ ਦੋਵਾਂ ਚੁਣੌਤੀਆਂ 'ਤੇ ਖਰੇ ਉਤਰਨ ਦਾ ਵਾਅਦਾ ਕੀਤਾ ਸੀ।

ਮਨਮੀਤ ਦੱਸਦੀ ਹੈ ਕਿ ਜਦੋਂ ਪਾਕਿਸਤਾਨ ਵਿੱਚ ਨਿਊਜ਼ ਚੈਨਲ ਦੀ ਲਾਂਚਿੰਗ ਹੋ ਰਹੀ ਸੀ ਤਾਂ ਉਨ੍ਹਾਂ ਨੇ ਇਸ ਲਈ ਅਪਲਾਈ ਕੀਤਾ ਅਤੇ ਕੁਝ ਦਿਨ ਬਾਅਦ ਹੀ ਉਨ੍ਹਾਂ ਨੂੰ ਇੰਟਰਵਿਊ ਲਈ ਸੱਦਿਆ ਗਿਆ।

'ਸਿੱਖ ਨੌਜਵਾਨ ਦੇ ਮੁਕਾਬਲੇ ਮੈਨੂੰ ਚੁਣਿਆ ਗਿਆ'

ਮਨਮੀਤ ਮੁਤਾਬਕ,''ਜਦੋਂ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ ਤਾਂ ਮੈਂ ਆਪਣੇ ਮਾਪਿਆਂ ਨੂੰ ਰਿਪੋਰਟਿੰਗ ਬਾਰੇ ਦੱਸਿਆ। ਉਸ ਸਮੇਂ ਉਹ ਇਸਦੇ ਬਿਲਕੁਲ ਖ਼ਿਲਾਫ਼ ਸੀ।''

ਮਨਮੀਤ ਕਹਿੰਦੀ ਹੈ ਕਿ ਉਸ ਨੇ ਆਪਣੇ ਮਾਪਿਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਵਿੱਚ ਉਨ੍ਹਾਂ ਨੂੰ ਚੈਨਲ ਦੇ ਬਿਊਰੋ ਚੀਫ਼ ਦੀ ਮਦਦ ਮਿਲੀ।

ਉਹ ਦੱਸਦੀ ਹੈ ਕਿ ਉਸਦੇ ਮੁਕਾਬਲੇ ਇੱਕ ਸਿੱਖ ਨੌਜਵਾਨ ਵੀ ਸੀ, ਪਰ ਇੰਟਰਵਿਊ ਤੋਂ ਬਾਅਦ ਉਸ ਨੂੰ ਚੁਣਿਆ ਗਿਆ।

ਉਹ ਕਹਿੰਦੀ ਹੈ ਕਿ ਜਦੋਂ ਉਸ ਦੇ ਮਾਪਿਆਂ ਨੇ ਉਸਦੀ ਪਹਿਲੀ ਰਿਪੋਰਟ ਦੇਖੀ ਤਾਂ ਉਹ ਬਹੁਤ ਖੁਸ਼ ਹੋਏ।

ਮਨਮੀਤ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਬਾਰੇ ਖ਼ਬਰਾਂ ਕਰੇਗੀ ਕਿਉਂਕਿ ਉਹ ਇਸ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਮਨਮੀਤ ਮੁਤਾਬਕ ਜਦੋਂ ਵੀ ਉਹ ਟੀਵੀ 'ਤੇ ਆਪਣੇ ਭਾਈਚਾਰੇ ਦੇ ਮੁੱਦਿਆਂ ਬਾਰੇ ਗੱਲ ਕਰਦੀ ਹੈ ਤਾਂ ਉਹ ਲੋਕ ਵੀ ਉਸ ਨੂੰ ਉਤਸ਼ਾਹਤ ਕਰਦੇ ਹਨ।

ਮਨਮੀਤ ਕੌਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਜਿਹੜੀਆਂ ਔਰਤਾਂ ਵਿੱਚ ਹੁਨਰ ਹੈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਦੂਜਿਆਂ 'ਤੇ ਨਿਰਭਰ ਨਾ ਰਹਿ ਸਕਣ।

ਪਾਕਿਸਤਾਨੀ ਮੀਡੀਆ 'ਚ ਔਰਤਾਂ ਦੀ ਘੱਟ ਗਿਣਤੀ

ਪਾਕਿਸਤਾਨੀ ਮੀਡੀਆ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਬਹੁਤ ਘੱਟ ਹਨ। ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਰਨਲਿਸਟ ਦੇ ਸਰਵੇ ਮੁਤਾਬਕ ਖੈਬਰ ਪਖਤੂਨਵਾ ਵਿੱਚ ਸਿਰਫ਼ 20 ਮਹਿਲਾ ਪੱਤਰਕਾਰ ਹੀ ਪ੍ਰੈੱਸ ਕਲੱਬ ਦੀਆਂ ਮੈਂਬਰ ਹਨ ਜਦਕਿ ਉੱਥੇ 380 ਮਰਦ ਪੱਤਰਕਾਰ ਮੈਂਬਰ ਹਨ।

ਸਰਵੇ ਮੁਤਾਬਕ ਬਲੂਚਿਸਤਾਨ ਵਿੱਚ ਸਿਰਫ਼ ਦੋ ਮਹਿਲਾ ਪੱਤਰਕਾਰ ਹਨ ਜਦਕਿ ਪੁਰਸ਼ ਪੱਤਰਕਾਰ 133 ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਔਰਤਾਂ ਨੂੰ ਘਰੋਂ ਬਾਹਰ ਨਿਕਲ ਕੇ ਇਸ ਖੇਤਰ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲਦੀ।

ਪਿਸ਼ਾਵਰ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਰਾਸ਼ੀਦ ਟੋਨੀ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਖੈਬਰ ਪਖਤੂਨਵਾ ਵਿੱਚ ਸਰਕਾਰੀ ਦਫ਼ਤਰਾਂ 'ਚ ਘੱਟ ਗਿਣਤੀਆਂ ਲਈ ਤਿੰਨ ਫ਼ੀਸਦ ਕੋਟਾ ਹੈ ਪਰ ਉਸ ਨੂੰ ਲਾਗੂ ਨਹੀਂ ਕੀਤਾ।

ਉਨ੍ਹਾਂ ਦਾ ਕਹਿਣਾ ਹੈ, ''ਜੇਕਰ ਕੁਝ ਹੁੰਦਾ ਵੀ ਹੈ ਤਾਂ ਸਿਰਫ਼ ਮਰਦਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ, ਔਰਤਾਂ ਨੂੰ ਨਹੀਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)