ਰੋਹਿੰਗਿਆ ਕੱਟੜਪੰਥੀਆਂ ਵਲੋਂ 99 ਹਿੰਦੂਆਂ ਨੂੰ ਕਤਲ ਕਰਨ ਦੀ ਘਟਨਾ ਦਾ ਅੱਖੀਂ ਡਿੱਠਾ ਹਾਲ

ਰੋਹਿੰਗਿਆ ਕੱਟੜਪੰਥੀਆਂ ਵੱਲੋਂ ਹਿੰਦੂਆਂ ਦਾ ਕਤਲੇਆਮ

ਮਨੁੱਖੀ ਅਧਿਕਾਰ ਸੰਗਠਨ ਅਮਨੈਸਟੀ ਦੀ ਜਾਂਚ ਮੁਤਾਬਕ ਰੋਹਿੰਗਿਆ ਮੁਸਲਮਾਨ ਕੱਟੜਪੰਥੀਆਂ ਨੇ ਪਿਛਲੇ ਸਾਲ ਅਗਸਤ ਵਿੱਚ ਦਰਜਨਾਂ ਹਿੰਦੂ ਨਾਗਰਿਕਾਂ ਦਾ ਕਤਲ ਕੀਤਾ ਸੀ।

ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮੂਹ ਦਾ ਕਹਿਣਾ ਹੈ ਕਿ ਆਰਸਾ ਨਾਂ ਦੇ ਸੰਗਠਨ ਨੇ ਸੰਭਾਵਿਤ ਇੱਕ ਜਾਂ ਦੋ ਕਤਲੇਆਮਾਂ ਵਿੱਚ 99 ਹਿੰਦੂਆਂ ਨੂੰ ਮਾਰਿਆ ਹੈ। ਹਾਲਾਂਕਿ ਆਰਸਾ ਨੇ ਇਸ ਤਰ੍ਹਾਂ ਦੇ ਕਿਸੇ ਹਮਲੇ ਨੂੰ ਅੰਜਾਮ ਦੇਣ ਤੋਂ ਇਨਕਾਰ ਕੀਤਾ ਹੈ।

ਇਹ ਕਤਲ ਉਸੇ ਸਮੇਂ ਕੀਤੇ ਗਏ ਸੀ ਜਦੋਂ ਮਿਆਂਮਾਰ ਦੀ ਫੌਜ ਖਿਲਾਫ਼ ਬਗਾਵਤ ਦੀ ਸ਼ੁਰੂਆਤ ਹੋਈ ਸੀ। ਮਿਆਂਮਾਰ ਦੀ ਫ਼ੌਜ 'ਤੇ ਵੀ ਜ਼ੁਲਮ ਕਰਨ ਦਾ ਇਲਜ਼ਾਮ ਹੈ।

ਮਿਆਂਮਾਰ ਵਿੱਚ ਪਿਛਲੇ ਸਾਲ ਅਗਸਤ ਤੋਂ ਬਾਅਦ 7 ਲੱਖ ਰੋਹਿੰਗਿਆ ਅਤੇ ਹੋਰਾਂ ਨੂੰ ਹਿੰਸਾ ਕਾਰਨ ਪਲਾਇਨ ਕਰਨਾ ਪਿਆ ਸੀ।

ਇਸ ਲੜਾਈ ਕਾਰਨ ਮਿਆਂਮਾਰ ਦੇ ਬਹੁਗਿਣਤੀ ਬੁੱਧ ਅਤੇ ਘੱਟ ਗਿਣਤੀ ਹਿੰਦੂ ਆਬਾਦੀ ਨੂੰ ਵੀ ਆਪਣੀ ਥਾਂ ਛੱਡ ਕੇ ਜਾਣਾ ਪਿਆ।

ਹਿੰਦੂ ਪਿੰਡਾਂ 'ਤੇ ਹੋਇਆ ਸੀ ਹਮਲਾ

ਅਮਨੈਸਟੀ ਦਾ ਕਹਿਣਾ ਹੈ ਕਿ ਉਸ ਨੇ ਬੰਗਲਾਦੇਸ਼ ਅਤੇ ਰਖਾਇਨ ਵਿੱਚ ਕਈ ਇੰਟਰਵਿਊ ਕੀਤੇ, ਜਿਸ ਨਾਲ ਪੁਸ਼ਟੀ ਹੋਈ ਕਿ ਅਰਾਕਾਨ ਰੋਹਿੰਗਿਆ ਸੈਲਵੇਸ਼ਨ ਆਰਮੀ (ਆਰਸਾ) ਨੇ ਇਹ ਕਤਲ ਕੀਤੇ ਸੀ।

ਇਹ ਕਤਲੇਆਮ ਉੱਤਰੀ ਮੌਂਗਦਾ ਕਸਬੇ ਦੇ ਨੇੜਲੇ ਪਿੰਡਾਂ ਵਿੱਚ ਹੋਇਆ ਸੀ। ਠੀਕ ਉਸੇ ਸਮੇਂ, ਜਦੋਂ ਅਗਸਤ 2017 ਦੇ ਅਖ਼ੀਰ ਵਿੱਚ ਪੁਲਿਸ ਚੌਕੀਆਂ 'ਤੇ ਹਮਲਾ ਕੀਤਾ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਆਰਸਾ ਹੋਰਾਂ ਇਲਾਕਿਆਂ ਵਿੱਚ ਲੋਕਾਂ ਖ਼ਿਲਾਫ਼ ਹੋਈ ਹਿੰਸਾ ਲਈ ਜ਼ਿੰਮੇਦਾਰ ਹੈ।

ਰਿਪੋਰਟ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਕਿਵੇਂ ਆਰਸਾ ਦੇ ਮੈਂਬਰਾਂ ਨੇ 26 ਅਗਸਤ ਨੂੰ ਹਿੰਦੂ ਪਿੰਡ 'ਅਹਿ ਨੌਕ ਖਾ ਮੌਂਗ ਸੇਕ' 'ਤੇ ਹਮਲਾ ਕੀਤਾ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ,''ਇਸ ਬੇਮਤਲਬ ਹਮਲੇ ਨਾਲ ਆਰਸਾ ਦੇ ਮੈਂਬਰਾਂ ਨੇ ਬਹੁਤ ਸਾਰੀਆਂ ਹਿੰਦੂ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਫੜਿਆ ਅਤੇ ਮਾਰਨ ਤੋਂ ਪਹਿਲਾਂ ਪਿੰਡੋਂ ਬਾਹਰ ਲਿਜਾ ਕੇ ਡਰਾਇਆ।''

ਇਸ ਹਮਲੇ ਵਿੱਚ ਜ਼ਿੰਦਾ ਬਚੇ ਹਿੰਦੂਆਂ ਨੇ ਅਮਨੈਸਟੀ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਰਦੇ ਹੋਏ ਦੇਖਿਆ ਅਤੇ ਉਨ੍ਹਾਂ ਦੀਆਂ ਚੀਕਾਂ ਸੁਣੀਆਂ।

99 ਹਿੰਦੂਆਂ ਦਾ ਕਤਲ

'ਅਹਿ ਨੌਕ ਖਾ ਮੌਂਗ ਸੇਕ' ਪਿੰਡ ਦੀ ਇੱਕ ਔਰਤ ਨੇ ਕਿਹਾ, ''ਉਨ੍ਹਾਂ ਨੇ ਮਰਦਾਂ ਨੂੰ ਮਾਰ ਦਿੱਤਾ। ਸਾਨੂੰ ਕਿਹਾ ਗਿਆ ਕਿ ਉਨ੍ਹਾਂ ਵੱਲ ਨਾ ਦੇਖੋ। ਉਨ੍ਹਾਂ ਕੋਲ ਖੰਜਰ ਤੇ ਲੋਹੇ ਦੀਆਂ ਰੌਡਾਂ ਸੀ। ਅਸੀਂ ਝਾੜੀਆਂ ਪਿੱਛੇ ਲੁਕੇ ਹੋਏ ਸੀ ਅਤੇ ਉੱਥੋਂ ਕੁਝ-ਕੁਝ ਵਿਖਾਈ ਦੇ ਰਿਹਾ ਸੀ। ਮੇਰੇ ਚਾਚਾ, ਪਿਤਾ, ਭਰਾ... ਸਾਰਿਆਂ ਨੂੰ ਮਾਰ ਦਿੱਤਾ ਗਿਆ।''

ਆਰਸਾ ਦੇ ਲੜਾਕਿਆਂ 'ਤੇ 20 ਮਰਦਾਂ, 10 ਔਰਤਾਂ ਅਤੇ 23 ਬੱਚਿਆਂ ਨੂੰ ਮਾਰਨ ਦਾ ਇਲਜ਼ਾਮ ਹੈ ਜਿਨ੍ਹਾਂ ਵਿੱਚੋਂ 14 ਦੀ ਉਮਰ 8 ਸਾਲ ਤੋਂ ਵੀ ਘੱਟ ਸੀ।

ਅਮਨੈਸਟੀ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਵਿੱਚ ਸਮੂਹਿਕ ਕਬਰਾਂ ਤੋਂ 45 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸੀ। ਮਾਰੇ ਗਏ ਹੋਰਾਂ ਲੋਕਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ ਜਿਨ੍ਹਾਂ ਵਿੱਚ 46 ਮਰਨ ਵਾਲੇ ਗੁਆਂਢ ਦੇ ਪਿੰਡ 'ਯੇ ਬੌਕ ਕਿਆਰ' ਦੇ ਸੀ।

ਜਾਂਚ ਤੋਂ ਸੰਕੇਤ ਮਿਲੇ ਹਨ ਕਿ ਹਿੰਦੂ ਮਰਦਾਂ, ਔਰਤਾਂ ਅਤੇ ਬੱਚਿਆਂ ਦਾ 'ਯੇ ਬੌਕ ਕਿਆਰ' ਪਿੰਡ ਵਿੱਚ ਉਸੇ ਦਿਨ ਕਤਲ ਹੋਇਆ ਸੀ, ਜਿਸ ਦਿਨ ''ਅਹਿ ਨੌਕ ਖਾ ਮੌਂਗ ਸੇਕ' 'ਤੇ ਹਮਲਾ ਕੀਤਾ ਗਿਆ ਸੀ। ਇਸ ਤਰ੍ਹਾਂ ਮਰਨ ਵਾਲਿਆਂ ਦੀ ਕੁੱਲ ਗਿਣਤੀ 99 ਹੋ ਜਾਂਦੀ ਹੈ।

ਪਿਛਲੇ ਸਾਲ ਸਾਹਮਣੇ ਆਇਆ ਸੀ ਇਹ ਮਾਮਲਾ

ਸਤੰਬਰ 2017 ਵਿੱਚ ਵੱਡੇ ਪੱਧਰ 'ਤੇ ਰੋਹਿੰਗਿਆ ਮੁਸਲਮਾਨ ਭੱਜ ਕੇ ਬੰਗਲਾਦੇਸ਼ ਆਏ ਸੀ। ਉਨ੍ਹਾਂ ਨੇ ਮਿਆਂਮਾਰ ਦੇ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਕਹਾਣੀ ਬਿਆਨ ਕੀਤੀ ਸੀ। ਠੀਕ ਉਸੇ ਸਮੇਂ ਮਿਆਂਮਾਰ ਦੀ ਸਰਕਾਰ ਨੇ ਇੱਕ ਸਮੂਹਿਕ ਕਬਰ ਮਿਲਣ ਦਾ ਦਾਅਵਾ ਕੀਤਾ ਸੀ।

ਸਰਕਾਰ ਦਾ ਕਹਿਣਾ ਸੀ ਕਿ ਮਾਰੇ ਗਏ ਲੋਕ ਮੁਸਲਮਾਨ ਨਹੀਂ, ਹਿੰਦੂ ਸੀ ਅਤੇ ਉਨ੍ਹਾਂ ਨੂੰ ਆਰਸਾ ਦੇ ਕੱਟੜਪੰਥੀਆਂ ਨੇ ਮਾਰਿਆ ਹੈ।

ਪੱਤਰਕਾਰਾਂ ਨੂੰ ਕਬਰਾਂ ਅਤੇ ਲਾਸ਼ਾਂ ਦਿਖਾਉਣ ਲਈ ਲਿਜਾਇਆ ਗਿਆ ਸੀ ਪਰ ਸਰਕਾਰ ਨੇ ਰਖਾਇਨ ਵਿੱਚ ਆਜ਼ਾਦ ਮਨੁੱਖੀ ਹੱਕਾਂ ਬਾਰੇ ਖੋਜਕਾਰਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਕਰਕੇ ਇਸ ਗੱਲ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਰਹੀ ਸੀ ਕਿ ਆਖ਼ਰ ''ਅਹਿ ਨੌਕ ਖਾ ਮੌਂਗ ਸੇਕ' ਅਤੇ 'ਯੇ ਬੌਕ ਕਿਆਰ' ਪਿੰਡਾਂ ਵਿੱਚ ਹੋਇਆ ਕੀ ਸੀ।

ਉਸ ਸਮੇਂ ਮਿਆਂਮਾਰ ਦੀਆਂ ਫੌਜਾਂ ਦੇ ਜ਼ੁਲਮਾਂ ਦੇ ਕਈ ਗਵਾਹ ਸਾਹਮਣੇ ਆਏ ਸੀ ਪਰ ਉੱਥੇ ਦੀ ਸਰਕਾਰ ਇਨ੍ਹਾਂ ਇਲਜ਼ਾਮਾਂ ਤੋਂ ਨਾਂਹ ਰਹੀ ਸੀ। ਅਜਿਹੇ ਵਿੱਚ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹਾ ਹੋ ਗਿਆ ਸੀ।

ਉਸ ਸਮੇਂ ਆਰਸਾ ਨੇ ਕਿਹਾ ਸੀ ਕਿ ਉਹ ਕਤਲੇਆਮ ਵਿੱਚ ਸ਼ਾਮਲ ਨਹੀਂ ਸੀ। ਇਸ ਸੰਗਠਨ ਵੱਲੋਂ ਪਿਛਲੇ 4 ਮਹੀਨਿਆਂ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਮਿਆਂਮਾਰ ਨੂੰ ਸ਼ਿਕਾਇਤ ਸੀ ਕਿ ਰਖਾਇਨ ਵੱਲੋਂ ਇੱਕ ਪਾਸੇ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ ਪਰ ਬੀਬੀਸੀ ਸਮੇਤ ਵਿਦੇਸ਼ੀ ਮੀਡੀਆ ਨੇ ਪਿਛਲੇ ਸਾਲ ਸਤੰਬਰ ਵਿੱਚ ਹਿੰਦੂਆਂ ਦੇ ਕਤਲ ਦੀ ਖ਼ਬਰ ਕਵਰ ਕੀਤੀ ਸੀ।

ਮਿਆਂਮਾਰ ਵਿੱਚ ਸੁਰੱਖਿਆਂ ਬਲਾਂ ਦੀ ਨਿਖੇਧੀ

ਅਮਨੈਸਟੀ ਨੇ ਮਿਆਂਮਾਰ ਦੇ ਸੁਰੱਖਿਆ ਬਲਾਂ ਵੱਲੋਂ ਚਲਾਏ ਗਈ ਮੁਹਿੰਮ ਨੂੰ ਗ਼ੈਰਕਾਨੂੰਨੀ ਅਤੇ ਹਿੰਸਕ ਦੱਸਦੇ ਹੋਏ ਉਸਦੀ ਨਿਖੇਧੀ ਕੀਤੀ ਹੈ।

ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ ਮੁਤਾਬਕ,''ਰੋਹਿੰਗਿਆ ਆਬਾਦੀ 'ਤੇ ਮਿਆਂਮਾਰ ਦੇ ਸੁਰੱਖਿਆ ਬਲਾਂ ਦੀ ਜਾਤੀ ਕਤਲੇਆਮ ਵਾਲੀ ਮੁਹਿੰਮ ਤੋਂ ਬਾਅਦ ਆਰਸਾ ਨੇ ਹਮਲੇ ਕੀਤੇ ਸੀ।''

ਸੰਗਠਨ ਦਾ ਕਹਿਣਾ ਹੈ ਕਿ ਉਸ ਨੂੰ ''ਰਖਾਇਨ ਅਤੇ ਬੰਗਲਾਦੇਸ਼ ਦੀ ਸਰਹੱਦ 'ਤੇ ਦਰਜਨਾਂ ਲੋਕਾਂ ਦੇ ਇੰਟਰਵਿਊ ਅਤੇ ਫੋਰੈਂਸਿਕ ਪੈਥਲੌਜਿਟਸਟ ਵੱਲੋਂ ਤਸਵੀਰਾਂ ਦੀ ਜਾਂਚ ਤੋਂ ਬਾਅਦ ਇਹ ਗੱਲਾਂ ਪਤਾ ਲੱਗੀਆਂ ਸਨ।''

ਅਮਨੈਸਟੀ ਦੇ ਅਧਿਕਾਰੀ ਤਿਰਾਨਾ ਹਸਨ ਨੇ ਕਿਹਾ, ''ਇਹ ਜਾਂਚ ਉੱਤਰੀ ਰਖਾਇਨ ਸੂਬੇ ਵਿੱਚ ਆਰਸਾ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਦਰਸਾਉਂਦੀ ਹੈ, ਜਿਸ ਨੂੰ ਖ਼ਬਰਾਂ ਵਿੱਚ ਵਧੇਰੇ ਤਰਜੀਹ ਨਹੀਂ ਮਿਲੀ।''

''ਜਿਹੜੇ ਜ਼ਿੰਦਾ ਬਚੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ, ਉਨ੍ਹਾਂ ਉੱਪਰ ਆਰਸਾ ਦੇ ਜ਼ੁਲਮਾਂ ਦੀ ਜਿਹੜੀ ਛਾਪ ਪਈ ਹੈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਜ਼ੁਲਮਾਂ ਦੀ ਜਵਾਬਦੇਹੀ ਓਨੀ ਹੀ ਜ਼ਰੂਰੀ ਅਤੇ ਅਹਿਮ ਹੈ, ਜਿੰਨੀ ਜ਼ਿੰਮੇਦਾਰੀ ਉੱਤਰੀ ਰਖਾਇਨ ਸੂਬੇ ਵਿੱਚ ਮਿਆਂਮਾਰ ਦੇ ਸੁਰੱਖਿਆ ਬਲਾਂ ਦੇ ਮਨੁੱਖਤਾ ਦੇ ਖਿਲਾਫ਼ ਕੀਤੇ ਗਏ ਜ਼ੁਲਮਾਂ ਦੀ ਬਣਦੀ ਹੈ।''

ਪਿਛਲੇ ਸਾਲ ਅਗਸਤ ਤੋਂ ਬਾਅਦ 7 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਆ ਗਏ ਹਨ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ਹੈ।

ਰੋਹਿੰਗਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਘੱਟ ਗਿਣਤੀ ਮੁਸਲਮਾਨ ਹਨ, ਮਿਆਂਮਾਰ ਵਿੱਚ ਬੰਗਲਾਦੇਸ਼ ਦੇ ਗ਼ੈਰਕਾਨੂੰਨੀ ਪ੍ਰਵਾਸੀ ਸਮਝੇ ਜਾਂਦੇ ਹਨ। ਜਦਕਿ ਉਹ ਕਈ ਪੀੜ੍ਹੀਆਂ ਤੋਂ ਮਿਆਂਮਾਰ ਵਿੱਚ ਰਹਿ ਰਹੇ ਹਨ। ਬੰਗਲਾਦੇਸ਼ ਵੀ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)