ਕਿਉਂ ਮੰਗ ਰਿਹਾ ਹੈ ਫੇਸਬੁੱਕ ਤੁਹਾਡੀ ਨਗਨ ਤਸਵੀਰ?

ਰਿਵੈਂਜ ਪੌਰਨ

ਤਸਵੀਰ ਸਰੋਤ, Getty Images

'ਰਿਵੈਂਜ ਪੌਰਨ' ਨੂੰ ਰੋਕਣ ਲਈ ਫੇਸਬੁੱਕ ਤੁਹਾਡੀਆਂ ਨੰਗੀਆਂ ਤਸਵੀਰਾਂ ਮੰਗ ਰਿਹਾ ਹੈ।

ਫੇਸਬੁੱਕ ਬ੍ਰਿਟਿਸ਼ ਨਾਗਰਿਕਾਂ ਤੋਂ ਉਨ੍ਹਾਂ ਦੀਆਂ ਨੰਗੀਆਂ ਤਸਵੀਰਾਂ ਮੰਗ ਰਿਹਾ ਹੈ ਤਾਂ ਜੋ ਉਹ ਰਿਵੈਂਜ ਪੌਰਨ ਨੂੰ ਰੋਕ ਸਕਣ।

ਜੇ ਕੋਈ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਨਿਜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਾ ਹੈ, ਉਸਨੂੰ ਰਿਵੈਂਜ ਪੌਰਨ ਆਖਦੇ ਹਨ।

ਜੇ ਤੁਹਾਨੂੰ ਚਿੰਤਾ ਹੈ ਕਿ ਕੋਈ ਉਸ ਤਸਵੀਰ ਨੂੰ ਸ਼ੇਅਰ ਕਰ ਲਵੇਗਾ ਤਾਂ ਫੇਸਬੁੱਕ ਉਸਨੂੰ ਆਨਲਾਈਨ ਦਿਖਣ ਤੋਂ ਪਹਿਲਾਂ ਹੀ ਬਲਾਕ ਕਰ ਦੇਵੇਗਾ। ਬੱਚਿਆਂ ਦੇ ਸ਼ੋਸ਼ਣ ਦੀਆਂ ਤਸਵੀਰਾਂ ਨੂੰ ਬਲਾਕ ਕਰਨ ਲਈ ਵੀ ਇਸੇ ਤਕਨੀਕ ਦਾ ਇਸਤੇਮਾਲ ਹੁੰਦਾ ਹੈ।

ਫੇਸਬੁੱਕ ਆਸਟ੍ਰੇਲੀਆ ਵਿੱਚ ਇਸ ਚੀਜ਼ ਨੂੰ ਟੈਸਟ ਕਰ ਚੁੱਕਿਆ ਹੈ ਅਤੇ ਹੁਣ ਯੂਕੇ, ਅਮਰੀਕਾ ਅਤੇ ਕੈਨੇਡਾ ਵਿੱਚ ਟੈਸਟ ਕਰਨ ਜਾ ਰਿਹਾ ਹੈ।

ਫੇਸਬੁੱਕ ਦੇ ਇੱਕ ਬੁਲਾਰੇ ਨੇ ਨਿਊਜ਼ਬੀਟ ਨੂੰ ਦੱਸਿਆ ਕਿ ਯੂਕੇ ਵਿੱਚ ਹੁਣ ਲੋਕ ਇਹ ਕਰ ਸਕਦੇ ਹਨ।

ਤਸਵੀਰ ਸਰੋਤ, Getty Images

ਫੇਸਬੁੱਕ ਨੇ ਹਾਲੇ ਤੱਕ ਆਸਟ੍ਰੇਲੀਆ ਵਿੱਚ ਹੋਏ ਟੈਸਟ ਦੀ ਸਫਲਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਦੇ ਲਈ ਕਾਫੀ ਵਿਸ਼ਵਾਸ ਦੀ ਲੋੜ ਹੈ।

ਕੀ ਤੁਸੀਂ ਆਪਣੀਆਂ ਨੰਗੀਆਂ ਤਸਵੀਰਾਂ ਫੇਸਬੁੱਕ ਨੂੰ ਭੇਜੋਗੇ?

ਕੀ ਤੁਹਾਨੂੰ ਵਿਸ਼ਵਾਸ ਹੈ ਕਿ ਤਸਵੀਰ ਦਾ ਗਲਤ ਇਸਤੇਮਾਲ ਨਹੀਂ ਕੀਤਾ ਜਾਵੇਗਾ ਅਤੇ ਹੋਰਾਂ ਨਾਲ ਇਹ ਸਾਂਝੀ ਨਹੀਂ ਕੀਤੀ ਜਾਵੇਗੀ?

ਇਹ ਕਿਵੇਂ ਕੰਮ ਕਰਦਾ ਹੈ?

ਜੇ ਤੁਸੀਂ ਕਿਸੇ ਤਸਵੀਰ ਨੂੰ ਲੈ ਕੇ ਚਿੰਤਤ ਹੋ ਤਾਂ, ਫੇਸਬੁੱਕ ਮੁਤਾਬਕ ਉਨ੍ਹਾਂ ਦੇ ਪਾਰਟਨਰ ਨਾਲ ਸੰਪਰਕ ਕੀਤਾ ਜਾਵੇ।

ਯੂਕੇ ਵਿੱਚ ਰਿਵੈਂਜ ਪੌਰਨ ਹੈਲਪਲਾਈਨ ਇਨ੍ਹਾਂ ਦਾ ਪਾਰਟਨਰ ਹੈ।

ਉੱਥੇ ਦਾ ਸਟਾਫ ਫੇਸਬੁੱਕ ਨੂੰ ਸੰਪਰਕ ਕਰੇਗਾ ਅਤੇ ਤੁਹਾਨੂੰ ਆਪਣੀ ਤਸਵੀਰ ਪਾਉਣ ਲਈ ਇੱਕ ਲਿੰਕ ਭੇਜਿਆ ਜਾਵੇਗਾ।

ਤਸਵੀਰ ਸਰੋਤ, Getty Images

ਕੌਣ ਵੇਖੇਗਾ ਮੇਰੀਆਂ ਤਸਵੀਰਾਂ?

ਫੇਸਬੁੱਕ ਦੇ ਸੁਰੱਖਿਆ ਮੁਖੀ ਐਨਟੀਗੌਨ ਡੇਵਿਸ ਨੇ ਨਿਊਜ਼ਬੀਟ ਨੂੰ ਦੱਸਿਆ ਕਿ ਇਹ ਤਸਵੀਰਾਂ ਸਿਰਫ ਪੰਜ ਲੋਕਾਂ ਵੱਲੋਂ ਵੇਖੀਆਂ ਜਾਣਗੀਆਂ। ਇਨ੍ਹਾਂ ਰਿਵਿਊਅਰਜ਼ ਨੂੰ ਖਾਸ ਤੌਰ 'ਤੇ ਟ੍ਰੇਨਿੰਗ ਦਿੱਤੀ ਗਈ ਹੈ।

ਉਹ ਤਸਵੀਰ ਨੂੰ ਵੱਖਰਾ ਡਿਜੀਟਲ ਫਿੰਗਰਪ੍ਰਿੰਟ ਦੇਣਗੇ ਜਿਸਨੂੰ ਹੈਸ਼ਿੰਗ ਕਹਿੰਦੇ ਹਨ।

ਇਸ ਨਾਲ ਇੱਕ ਕੋਡ ਪੈਦਾ ਹੋਵਗਾ, ਜੇ ਕੋਈ ਹੋਰ ਉਸੇ ਤਸਵੀਰ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫੇਸਬੁੱਕ, ਇੰਸਟਾਗ੍ਰਾਮ ਜਾਂ ਮੈਸੰਜਰ 'ਤੇ ਸ਼ੇਅਰ ਹੋਣ ਤੋਂ ਪਹਿਲਾਂ ਹੀ ਬਲਾਕ ਕਰ ਦਿੱਤਾ ਜਾਵੇਗਾ। ਅਸਲੀਆਂ ਤਸਵੀਰਾਂ ਵੀ ਬਚਾ ਕੇ ਨਹੀਂ ਰੱਖੀਆਂ ਜਾਣਗੀਆਂ।

ਕੀ ਇਹ ਕੰਮ ਕਰੇਗਾ?

ਐਨਟੀਗੌਨ ਡੇਵਿਸ ਨੇ ਮੰਨਿਆ ਕਿ ਇਸ ਤਕਨੀਕ ਦੀ 100 ਫੀਸਦ ਗੈਰਾਂਟੀ ਨਹੀਂ ਹੈ ਕਿਉਂਕਿ ਤਸਵੀਰਾਂ ਨੂੰ ਬਦਲਿਆ ਜਾ ਸਕਦਾ ਹੈ। ਡੇਵਿਸ ਦਾ ਕਹਿਣਾ ਹੈ ਕਿ ਤਕਨੀਕ ਪਹਿਲਾਂ ਤੋਂ ਬਿਹਤਰ ਹੋ ਰਹੀ ਹੈ।

ਇਹ ਤਾਂ ਹੀ ਕੰਮ ਕਰਦਾ ਹੈ ਜੇ ਤੁਹਾਡੇ ਕੋਲ ਉਹੀ ਤਸਵੀਰ ਹੈ ਜਿਸਨੂੰ ਲੈ ਕੇ ਤੁਸੀਂ ਚਿੰਤਤ ਹੋ।

ਉਦਾਹਰਣ ਦੇ ਤੌਰ 'ਤੇ ਜੇ ਤੁਹਾਡੇ ਐਕਸ ਪਾਰਟਨਰ ਨੇ ਆਪਣੇ ਫੋਨ 'ਤੇ ਤੁਹਾਡੀਆਂ ਤਸਵੀਰਾਂ ਲਈਆਂ ਪਰ ਤੁਹਾਡੇ ਕੋਲ ਉਹ ਤਸਵੀਰਾਂ ਨਹੀਂ ਹਨ, ਤਾਂ ਇਹ ਕੰਮ ਨਹੀਂ ਕਰਦਾ।

2015 ਤੋਂ ਯੂਕੇ ਦੀ ਰਿਵੈਂਜ ਪੌਰਨ ਹੈਲਪਲਾਈਨ 'ਤੇ ਕਈ ਕੇਸ ਰਿਪੋਰਟ ਹੁੰਦੇ ਆਏ ਹਨ।

2015 ਵਿੱਚ 500 ਸ਼ਿਕਾਇਤਾਂ ਸੀ ਅਤੇ 2017 ਵਿੱਚ 1000 ਤੋਂ ਵੱਧ ਸ਼ਿਕਾਇਤਾਂ ਮਿਲਿਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)