ਯੂਕਰੇਨ ਨਾਲ ਟਰੰਪ ਦੀ ਗੱਲਬਾਤ ਲਈ ਉਨ੍ਹਾਂ ਦੇ 'ਵਕੀਲ ਨੇ ਲਏ ਪੈਸੇ'

ਡੌਨਲਡ ਟਰੰਪ ਤੇ ਪੇਟਰੋ ਪੋਰੋਸ਼ੈਂਕੋ ਦੀ ਮੁਲਾਕਾਤ
ਤਸਵੀਰ ਕੈਪਸ਼ਨ,

ਦੋਵਾਂ ਲੀਡਰਾਂ ਦੀ ਬੈਠਕ ਜੂਨ 2017 ਵਿੱਚ ਹੋਈ ਸੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਿੱਜੀ ਵਕੀਲ ਮਾਈਕਲ ਕੋਹੇਨ ਨੂੰ ਯੁਕਰੇਨ ਦੇ ਰਾਸ਼ਰਪਤੀ ਪੇਟਰੋ ਪੋਰੋਸ਼ੈਂਕੋ ਨਾਲ ਟਰੰਪ ਦੀ ਬੈਠਕ ਕਰਾਉਣ ਲਈ ਗੁਪਤ ਰੂਪ 'ਚ 4 ਲੱਖ ਅਮਰੀਕੀ ਡਾਲਰ ਦਿੱਤੇ ਗਏ ਸੀ। ਕੀਵ ਵਿੱਚ ਉਨ੍ਹਾਂ ਦੇ ਨੇੜਲੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ।

ਹਾਲਾਂਕਿ ਕੋਹੇਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਕੋਹੇਨ ਨੇ ਕਿਹਾ ਉਨ੍ਹਾਂ ਨੇ ਅਜਿਹੀ ਕੋਈ ਰਕਮ ਨਹੀਂ ਲਈ।

ਇਹ ਬੈਠਕ ਵ੍ਹਾਈਟ ਹਾਊਸ ਵਿੱਚ ਹੋਈ ਸੀ। ਅਜੇ ਇਹ ਸਾਫ਼ ਨਹੀਂ ਕਿ ਰਾਸ਼ਟਰਪਤੀ ਟਰੰਪ ਨੂੰ ਇਸ ਕਥਿਤ ਭੁਗਤਾਨ ਬਾਰੇ ਜਾਣਕਾਰੀ ਹੈ ਜਾਂ ਨਹੀਂ।

ਵਾਈਟ ਹਾਊਸ ਵਿੱਚ ਇਹ ਬੈਠਕ ਪਿਛਲੇ ਸਾਲ ਜੂਨ ਵਿੱਚ ਹੋਈ ਸੀ। ਯੂਕਰੇਨ ਦੇ ਰਾਸ਼ਟਰਪੀਤ ਦੇ ਆਪਣੇ ਮੁਲਕ ਪਰਤਣ ਮਗਰੋਂ ਉੱਥੇ ਦੀ ਜਾਂਚ ਏਜੰਸੀ ਨੇ ਟਰੰਪ ਦੇ ਸਾਬਕਾ ਕੈਂਪੇਨ ਮੈਨੇਜਰ ਪੌਲ ਮੈਨਾਫੋਰਟ ਖ਼ਿਲਾਫ਼ ਜਾਂਚ ਰੋਕ ਦਿੱਤੀ ਸੀ।

ਰਾਸ਼ਟਰਪਤੀ ਪੋਰੋਸ਼ੈਂਕੋ ਦੇ ਦਫ਼ਤਰ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਦੋਵਾਂ ਦੇਸਾਂ ਦੇ ਰਿਸ਼ਤੇ ਨੂੰ ਬਦਨਾਮ ਕਰਨ ਦੀ ਮੁੰਹਿਮ ਦੱਸੀ ਗਈ ਹੈ।

ਕੀਵ ਵਿੱਚ ਹੀ ਦੂਜੇ ਸੂਤਰ ਨੇ ਦੱਸਿਆ ਕੋਹੇਨ ਨੂੰ ਕੁੱਲ ਭੁਗਤਾਨ 6 ਲੱਖ ਡਾਲਰ ਦਾ ਕੀਤਾ ਗਿਆ ਸੀ।

ਮਾਈਕਲ ਕੋਹੇਨ ਨਾਲ ਜੁੜਿਆ ਇੱਕ ਹੋਰ ਵਿਵਾਦ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਅਧਿਕਾਰਕ ਤੌਰ 'ਤੇ ਮੰਨਿਆ ਸੀ ਕਿ ਉਨ੍ਹਾਂ ਨੇ ਆਪਣੇ ਵਕੀਲ ਜ਼ਰੀਏ ਪੋਰਨ ਫਿਲਮਾਂ ਦੀ ਅਦਾਕਾਰਾ ਨੂੰ ਪੈਸਿਆਂ ਦੀ ਅਦਾਇਗੀ ਕੀਤੀ ਸੀ।

ਕਾਗਜ਼ਾਂ ਤੋਂ ਪਤਾ ਲਗਦਾ ਹੈ ਕਿ ਟਰੰਪ ਨੇ ਵਕੀਲ ਮਾਈਕਲ ਕੋਹੇਨ ਨੂੰ 2016 ਵਿੱਚ ਇੱਕ ਲੱਖ ਤੋਂ ਢਾਈ ਲੱਖ ਡਾਲਰ ਦੇ ਵਿਚਾਲੇ ਰਕਮ ਦਿੱਤੀ ਸੀ।

ਕੋਹੇਨ ਵੱਲੋਂ ਪੋਰਨ ਐਕਟਰੈਸ ਸਟੌਰਮੀ ਡੇਨੀਅਲਜ਼ ਨੂੰ 130,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਕੋਹੇਨ ਨੇ ਟਰੰਪ ਦੇ ਹਵਾਲੇ ਨਾਲ ਅਜਿਹੀ ਅਦਾਇਗੀ ਤੋਂ ਸਾਫ਼ ਇਨਕਾਰ ਕੀਤਾ ਸੀ।

ਮਾਈਕਲ ਡੀ ਕੋਹੇਨ ਨੇ ਕਿਹਾ ਸੀ, ''ਨਾ ਟਰੰਪ ਦੇ ਸੰਗਠਨ ਅਤੇ ਨਾ ਹੀ ਟਰੰਪ ਕੰਪੇਨ ਮਿਸ ਕਲਿਫੋਰਡ ਉਰਫ ਸਟੌਰਮੀ ਡੇਨੀਅਲਜ਼ ਨੂੰ ਅਦਾਇਗੀ ਵਿੱਚ ਸ਼ਾਮਲ ਸਨ।''

ਹਾਲਾਂਕਿ ਬਾਅਦ ਵਿੱਚ ਕੋਹੇਨ ਵੀ ਪੈਸਿਆਂ ਦੀ ਅਦਾਇਗੀ ਬਾਰੇ ਮੰਨ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)