ਮਲੇਸ਼ੀਆ ਦੇ ਪਹਿਲੇ ਪੰਜਾਬੀ ਸਿੱਖ ਮੰਤਰੀ ਬਾਰੇ ਜਾਣੋ

ਗੋਬਿੰਦ ਸਿੰਘ ਦਿਓ

ਮਲੇਸ਼ੀਆ ਦੇ ਇਤਿਹਾਸ 'ਚ ਪਹਿਲੀ ਵਾਰ ਕੈਬਨਿਟ ਵਿੱਚ ਇੱਕ ਭਾਰਤੀ ਮੂਲ ਦੇ ਸਿੱਖ ਲੀਡਰ ਨੂੰ ਥਾਂ ਦਿੱਤੀ ਗਈ ਹੈ।

ਗੋਬਿੰਦ ਸਿੰਘ ਦਿਓ ਨੂੰ ਮਲੇਸ਼ੀਆ ਸਰਕਾਰ ਦੀ ਕੈਬਨਿਟ ਵਿੱਚ ਅਹੁਦਾ ਮਿਲਿਆ ਹੈ। ਦਿਓ ਸੰਚਾਰ ਅਤੇ ਮਲਟੀਮੀਡੀਆ ਵਿਭਾਗ ਸੰਭਾਲਣਗੇ।

ਦਿਓ ਤੋਂ ਇਲਾਵਾ ਇਸ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਐਮ ਕੁਲਾਸੇਗਰਨ ਨੂੰ ਥਾਂ ਦਿੱਤੀ ਗਈ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਡੈਮੀਕ੍ਰੇਟਿਕ ਐਕਸ਼ਨ ਪਾਰਟੀ ਦੇ ਐਮ ਕੁਲਾਸੇਗਰਨ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ।

ਕੌਣ ਹਨ ਗੋਬਿੰਦ ਸਿੰਘ ਦਿਓ

ਦਿਓ ਪੁਚੋਂਗ ਸੰਸਦੀ ਖੇਤਰ ਤੋਂ ਹਨ। ਉਹ ਮਲੇਸ਼ੀਆ ਦੇ ਵਕੀਲ ਤੇ ਸਿਆਸਤਦਾਨ ਮਰਹੂਮ ਕਿਰਪਾਲ ਸਿੰਘ ਦੇ ਪੁੱਤਰ ਹਨ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਦਿਓ ਨੂੰ ਆਪਣੀ ਨਵੀਂ ਕੈਬਨਿਟ ਵਿੱਚ ਥਾਂ ਦਿੱਤੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਨੈਸ਼ਨਲ ਪੈਲੇਸ ਵਿੱਚ ਦਿਓ ਨੇ ਸਹੁੰ ਚੁੱਕੀ।

ਦਿਓ ਪਹਿਲੀ ਵਾਰ ਸਾਲ 2008 ਦੀਆਂ ਆਮ ਚੋਣਾਂ ਵਿੱਚ ਜਿੱਤ ਕੇ ਸੰਸਦ ਪੁੱਜੇ ਸੀ। ਇਸ ਤੋਂ ਬਾਅਦ 2013 ਵਿੱਚ ਵੀ ਉਹ ਵੱਡੇ ਫਰਕ ਨਾਲ ਸੰਸਦ ਦੇ ਹੇਠਲੇ ਸਦਨ ਵਿੱਚ ਜਿੱਤੇ ਸੀ।

ਇਸ ਵਾਰ ਉਨ੍ਹਾਂ 47635 ਵੋਟਾਂ ਦੇ ਫ਼ਰਕ ਨਾਲ ਸੀਟ ਜਿੱਤੀ ਹੈ। ਦਿਓ ਨੂੰ ਮੰਤਰਾਲੇ ਵਿੱਚ ਥਾਂ ਦਿੱਤੇ ਜਾਣ ਦੇ ਕਦਮ ਦਾ ਮਲੇਸ਼ੀਆ ਵਿੱਚ ਸਿੱਖ ਭਾਈਚਾਰੇ ਨੇ ਸਵਾਗਤ ਕੀਤਾ ਹੈ।

ਮਲੇਸ਼ੀਆ ਵਿੱਚ ਸਿੱਖਾਂ ਦੀ ਗਿਣਤੀ ਕਰੀਬ ਇੱਕ ਲੱਖ ਹੈ।

92 ਸਾਲਾ ਮਹਾਤਿਰ ਬਣੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ

ਮਈ ਮਹੀਨੇ ਦੀ ਸ਼ੁਰੂਆਤ ਵਿੱਚ ਹੋਈਆਂ ਆਮ ਚੋਣਾਂ ਵਿੱਚ 92 ਸਾਲਾ ਮਹਾਤਿਰ ਮੁਹੰਮਦ ਨੇ ਜਿੱਤ ਹਾਸਲ ਕੀਤੀ।

ਇਸ ਜਿੱਤ ਤੋਂ ਬਾਅਦ ਮਹਾਤਿਰ ਨੇ 15 ਸਾਲ ਬਾਅਦ ਮਲੇਸ਼ੀਆ ਦੀ ਸੱਤਾ ਵਿੱਚ ਵਾਪਸੀ ਕੀਤੀ ਸੀ। ਸਹੁੰ ਚੁੱਕਣ ਦੇ ਨਾਲ ਹੀ ਉਹ ਦੁਨੀਆਂ ਦੇ ਸਭ ਤੋਂ ਬਜ਼ੁਰਗ ਲੀਡਰ ਬਣੇ।

ਮਹਾਤਿਰ ਦੇ ਵਿਰੋਧੀ ਗਠਜੋੜ ਨੇ ਚੋਣਾਂ ਵਿੱਚ 115 ਸਿੱਟਾਂ 'ਤੇ ਜਿੱਤ ਦਰਜ ਕਰਕੇ ਸਰਕਾਰ ਬਣਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)