ਟਰੰਪ ਨੇ ਕਿਮ ਨੂੰ ਕਿਹਾ 'ਐਕਸੇਲੈਂਸੀ', ਫਿਰ ਵੀ ਕਿਉਂ ਰੱਦ ਹੋਈ ਗੱਲਬਾਤ?

ਤਸਵੀਰ ਸਰੋਤ, Getty Images
ਹਫ਼ਤਿਆਂ ਤੱਕ ਚੱਲੀਆਂ ਤਿੱਖੀਆਂ ਬਿਆਨਬਾਜ਼ੀਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੇ ਨਾਲ ਆਪਣੀ ਬੈਠਕ ਨੂੰ ਰੱਦ ਕਰ ਦਿੱਤਾ ਹੈ।
ਇੱਕ ਪੱਤਰ ਜਾਰੀ ਕਰਕੇ ਟਰੰਪ ਨੇ ਕਿਹਾ ਕਿ 12 ਜੂਨ ਨੂੰ ਸਿੰਗਾਪੁਰ ਵਿੱਚ ਹੋਣ ਵਾਲੀ ਬੈਠਕ ਹੁਣ ਨਹੀਂ ਹੋਵੇਗੀ।
ਟਰੰਪ ਨੇ ਆਪਣੇ ਕਦਮ ਦੀ ਵਜ੍ਹਾ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਵਿੱਚ 'ਖੁੱਲ੍ਹੇਆਮ ਦੁਸ਼ਮਣੀ' ਅਤੇ ਭਾਰੀ ਗੁੱਸੇ ਨੂੰ ਦਿਖਾਇਆ ਜਾਣਾ ਦੱਸਿਆ ਹੈ।
ਉੱਤਰੀ ਕੋਰੀਆ ਦੇ ਮੰਤਰੀ ਚੋ ਸੋਨ ਹੁਈ ਨੇ ਅਮਰੀਕੀ ਰਾਸ਼ਟਰਪਤੀ ਮਾਈਕ ਪੇਂਸ ਨੂੰ ਟਰੰਪ ਦੇ ਬਿਆਨ ਨੂੰ ਦੁਹਰਾਉਣ ਦੀ ਵਜ੍ਹਾ ਦਾ ਕਾਰਨ ਉਨ੍ਹਾਂ ਨੂੰ ਸਿਆਸੀ ਕਠਪੁਤਲੀ ਦੱਸਿਆ ਸੀ।
ਜੌਨ ਬੋਲਟਨ ਬਣੇ ਪਹਿਲੀ ਵਜ੍ਹਾ
ਪਰ ਸਿਖਰ ਸੰਮੇਲਨ ਦੇ ਫੇਲ੍ਹ ਹੋਣ ਦੀ ਸ਼ੁਰੂਆਤ ਟਰੰਪ ਦੇ ਕੌਮੀ ਸੁਰੱਖਿਆ ਸਲਾਹਾਕਾਰ ਜੌਨ ਬੌਲਟਨ ਤੋਂ ਹੋਈ। ਉਨ੍ਹਾਂ ਨੇ ਉੱਤਰੀ ਕੋਰੀਆ ਤੋਂ ਰੱਖੀਆਂ ਜਾ ਰਹੀਆਂ ਉਮੀਦਾਂ ਨੂੰ ਅੱਗੇ ਰੱਖਿਆ।
ਬੌਲਟਨ ਉੱਤਰੀ ਕੋਰੀਆ ਦੇ ਹਥਿਆਰਾਂ ਨੂੰ ਪੂਰੇ ਤਰੀਕੇ ਨਾਲ ਖ਼ਤਮ ਕਰਨਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਸਿੰਗਾਪੁਰ ਵਿੱਚ ਉੱਤਰੀ ਕੋਰੀਆ ਆਪਣੇ ਸਾਰੇ ਪਰਮਾਣੂ ਅਤੇ ਕੈਮੀਕਲ ਹਥਿਆਰਾਂ ਨੂੰ ਤਬਾਹ ਕਰਨ 'ਤੇ ਰਾਜ਼ੀ ਹੋਏ ਸੀ।
ਤਸਵੀਰ ਸਰੋਤ, Getty Images
ਟਰੰਪ ਦੇ ਕੌਮੀ ਸੁਰੱਖਿਆ ਸਲਾਹਾਕਾਰ ਜੌਨ ਬੋਲਟਨ ਨੇ ਉੱਤਰੀ ਕੋਰੀਆ ਦੇ ਲਈ ਸੰਜੀਦਗੀ ਨਹੀਂ ਦਿਖਾਈ
ਬੌਲਟਨ ਕਦੇ ਵੀ ਇਸ ਸ਼ਿਖਰ ਸੰਮੇਲਨ ਦੇ ਲਈ ਗੰਭੀਰ ਨਜ਼ਰ ਨਹੀਂ ਆਏ। ਕੌਮੀ ਸੁਰੱਖਿਆ ਸਲਾਹਾਕਾਰ ਦੀ ਕੁਰਸੀ ਸਾਂਭਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਇਸ ਸ਼ਿਖਰ ਸੰਮੇਲਨ ਬਾਰੇ ਸਵਾਲ ਚੁੱਕੇ ਸੀ।
ਬੌਲਟਨ ਨੇ ਕਿਹਾ ਸੀ ਕਿ ਗੱਲਬਾਤ ਨਾਲ ਮਨਮਰਜ਼ੀ ਦਾ ਨਤੀਜਾ ਨਹੀਂ ਨਿਕਲੇਗਾ ਸਗੋਂ ਉਲਟਾ ਅਮਰੀਕਾ ਆਪਣਾ ਕੀਮਤੀ ਵਕਤ ਬਰਬਾਦ ਕਰੇਗਾ।
ਲੀਬੀਆ ਮਾਡਲ ਚਾਹੁੰਦਾ ਹੈ ਅਮਰੀਕਾ
ਉਨ੍ਹਾਂ ਦੇ ਅਨੁਸਾਰ ਅਮਰੀਕਾ ਨੂੰ ਉੱਤਰੀ ਕੋਰੀਆ ਨਾਲ ਗੱਲਬਾਤ ਲੀਬੀਆ ਮਾਡਲ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ।
ਲੀਬੀਆ ਵਿੱਚ ਸਾਲ 2003 ਵਿੱਚ ਹੋਈ ਹਥਿਆਰਾਂ ਨੂੰ ਖ਼ਤਮ ਕਰਨ ਦੀ ਪ੍ਰਤੀਕਿਰਿਆ ਤੋਂ ਬਾਅਦ ਲੀਬੀਆ ਨੇਤਾ ਮੁਅੱਮਰ ਗੱਦਾਫੀ ਨੂੰ ਪਰਮਾਣੂ ਪ੍ਰੋਗਰਾਮ ਨੂੰ ਪੂਰੇ ਤਰੀਕੇ ਨਾਲ ਰੋਕਣਾ ਪਿਆ ਸੀ।
ਉੱਤਰੀ ਕੋਰੀਆ ਲੰਬੇ ਵਕਤ ਤੋਂ ਲੀਬੀਆ ਨਾਲ ਤੁਲਨਾ ਤੋਂ ਡਰਦਾ ਹੈ ਅਤੇ ਹਾਲ ਦੇ ਬਿਆਨਾਂ ਵਿੱਚ ਉਸ ਨੇ ਇਸ ਬਾਰੇ ਜ਼ਿਕਰ ਵੀ ਕੀਤਾ ਹੈ।
ਤਸਵੀਰ ਸਰੋਤ, AFP/GETTY IMAGES
ਉੱਤਰੀ ਕੋਰੀਆ ਨੂੰ ਉਸ ਦੀ ਲੀਬੀਆ ਨਾਲ ਤੁਲਨਾ ਕਰਨ 'ਤੇ ਇਤਰਾਜ਼ ਹੈ
ਉੱਤਰੀ ਕੋਰੀਆ ਦੇ ਮੰਤਰੀ ਚੋ ਆਪਣੇ ਬਿਆਨ ਵਿੱਚ ਲੀਬੀਆ ਦੇ ਨਾਲ ਤੁਲਨਾ 'ਤੇ ਭੜਕ ਉੱਠੇ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਇੱਕ ਪਰਮਾਣੂ ਤਾਕਤ ਹੈ ਜਿਸਦੇ ਕੋਲ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਹੈ, ਜਿਨ੍ਹਾਂ ਵਿੱਚ ਥਰਮੋਨਿਊਕਲੀਅਰ ਹਥਿਆਰਾਂ ਨੂੰ ਫਿੱਟ ਕਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸਦੀ ਤੁਲਨਾ ਵਿੱਚ ਲੀਬੀਆ ਨੇ ਸਿਰਫ਼ ਥੋੜ੍ਹੇ-ਬਹੁਤ ਉਪਕਰਣਾਂ ਦਾ ਜੁਗਾੜ ਕੀਤਾ ਸੀ।
ਲੀਬੀਆ ਦੇ ਤਜਰਬੇ ਤੋਂ ਕਿਮ ਜੋਂਗ ਉਨ ਨੇ ਸਿੱਖਿਆ ਕਿ ਅਮਰੀਕਾ ਦੇ ਕਹਿਣ 'ਤੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦਾ ਅਰਥ ਹੈ ਕਿ ਇੱਕ ਦਿਨ ਉਨ੍ਹਾਂ ਦਾ ਵੀ ਅੰਤ ਤੈਅ ਹੈ।
ਉੱਤਰੀ ਕੋਰੀਆ ਨੇ ਟਰੰਪ ਦੀ ਟਿੱਪਣੀ ਨੂੰ ਇੱਕ ਧਮਕੀ ਦੇ ਰੂਪ ਵਿੱਚ ਦੇਖਿਆ।
ਅਮਰੀਕਾ ਉੱਤਰੀ ਕੋਰੀਆ ਦੀ ਸੰਜੀਦਗੀ ਨਹੀਂ ਸਮਝਿਆ
ਅਮਰੀਕੀ ਪ੍ਰਸ਼ਾਸਨ ਇਸ ਗੱਲ ਨੂੰ ਸਮਝਣ ਵਿੱਚ ਪੂਰੇ ਤਰੀਕੇ ਨਾਲ ਨਾਕਾਮ ਰਿਹਾ ਕਿ ਉੱਤਰੀ ਕੋਰੀਆ ਗੱਲਬਾਤ ਨੂੰ ਲੈ ਕੇ ਕਾਫੀ ਸੰਜੀਦਾ ਹੈ।
ਤਸਵੀਰ ਸਰੋਤ, AFP
ਦੱਖਣੀ ਕੋਰੀਆਈ ਤੇ ਅਮਰੀਕੀ ਫੌਜ ਦੇ ਸਾਂਝੇ ਫੌਜੀ ਅਭਿਆਸ 'ਤੇ ਉੱਤਰੀ ਕੋਰੀਆ ਨੇ ਇਤਰਾਜ਼ ਪ੍ਰਗਟ ਕੀਤਾ
ਗੱਲ ਉਸ ਵੇਲੇ ਵਿਗੜਨੀ ਸ਼ੁਰੂ ਹੋਈ ਜਦੋਂ ਉੱਤਰੀ ਕੋਰੀਆ ਨੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੀ ਫੌਜੀ ਅਭਿਆਸ 'ਤੇ ਇਤਰਾਜ਼ ਚੁੱਕਿਆ।
ਉੱਤਰੀ ਕੋਰੀਆ ਦਾ ਕਹਿਣਾ ਸੀ ਕਿ ਇਸ ਅਭਿਆਸ ਵਿੱਚ ਉਨ੍ਹਾਂ ਲੜਾਕੂ ਹਵਾਈ ਜਹਾਜ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਜੋ ਪਰਮਾਣੂ ਬੰਬ ਲੈ ਜਾਣ ਦੇ ਕਾਬਿਲ ਸਨ ਅਤੇ ਜਿਨ੍ਹਾਂ ਨੂੰ ਉੱਤਰੀ ਕੋਰੀਆ ਲੰਬੇ ਵਕਤ ਤੋਂ ਆਪਣੇ ਲਈ ਵੱਡਾ ਖ਼ਤਰਾ ਮੰਨਦਾ ਹੈ।
ਦੱਖਣੀ ਕੋਰੀਆ ਨੂੰ ਨਹੀਂ ਦਿੱਤੀ ਜਾਣਕਾਰੀ
ਟਰੰਪ ਦੀ ਗੱਲਬਾਤ ਰੱਦ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਸ਼ਾਇਦ ਦੱਖਣੀ ਕੋਰੀਆ ਨੂੰ ਵੀ ਨਹੀਂ ਸੀ ਜੋ ਕਿ ਉੱਤਰੀ ਕੋਰੀਆ ਦੇ ਖਿਲਾਫ ਸਖ਼ਤੀ ਵਰਤਨ ਦੇ ਸਮੇਂ ਤੋਂ ਹੀ ਅਮਰੀਕਾ ਦਾ ਕਰੀਬੀ ਸਹਿਯੋਗੀ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਇਸ ਫੈਸਲੇ 'ਤੇ ਕਰੜੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਦੋਹਰਾਇਆ ਹੈ ਕਿ ਉਹ ਅਮਰੀਕਾ ਦੇ ਨਾਲ ਕੂਟਨੀਤਕ ਪ੍ਰਤਿਕਿਰਿਆ ਕਿਤੇ ਵੀ ਅਤੇ ਕਿਸੇ ਵਕਤ ਵੀ ਸ਼ੁਰੂ ਕਰਨ ਨੂੰ ਤਿਆਰ ਹੈ।
ਤਸਵੀਰ ਸਰੋਤ, Getty Images
ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਰਾਸ਼ਟਰਪੀ ਟਰੰਪ ਉੱਤਰੀ ਕੋਰੀਆ ਨੂੰ ਉਸਦੇ ਦੋਗਲੇਪਣ ਅਤੇ ਇਸ ਮੁੱਦੇ 'ਤੇ ਉਨ੍ਹਾਂ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ ਮਿਲਣ ਦੀ ਸੰਭਾਵਨਾ ਖ਼ਤਮ ਕਰਨ ਦੇ ਲਈ ਕੋਸਣ।
ਇਹ ਗੱਲ ਸਹੀ ਹੈ ਕਿ ਉੱਤਰੀ ਕੋਰੀਆ ਗੱਲਬਾਤ ਕਰਨ ਦੇ ਵਾਅਦੇ ਤੋਂ ਪਿੱਛੇ ਨਹੀਂ ਹੋਇਆ ਸੀ।
ਉਸ ਵੇਲੇ ਵੀ ਕਿਮ ਜੋਂਗ ਉਨ ਨੇ ਚੀਨ ਵਿੱਚ ਜਾ ਕੇ ਦੋ ਵਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਅਤੇ 27 ਅਪ੍ਰੈਲ ਨੂੰ ਕੋਰੀਆਈ ਮਹਾਂਦੀਪ ਦੇ ਦੋਵੇਂ ਨੇਤਾਵਾਂ ਵਿਚਾਲੇ ਇਤਿਹਾਸਕ ਮੁਲਾਕਾਤ ਵੀ ਕਿਮ ਜੋਂਗ ਦੀ ਸੰਜੀਦਗੀ ਵੱਲ ਇਸ਼ਾਰਾ ਕਰਦੀ ਹੈ।
ਰਾਸ਼ਟਰਪਤੀ ਟਰੰਪ ਦੀ ਗੱਲਬਾਤ ਰੱਦ ਕਰਨ ਦੇ ਖ਼ਤ ਤੋਂ ਜ਼ਾਹਿਰ ਹੁੰਦਾ ਹੈ ਕਿ ਟਰੰਪ ਨੇ ਕਿਮ ਜੋਂਗ ਦੇ ਨਾਲ ਉਨ੍ਹਾਂ ਦੀ ਗੱਲਬਾਤ ਦੇ ਰਾਹ ਹਮੇਸ਼ਾ ਲਈ ਬੰਦ ਨਹੀਂ ਕੀਤੇ ਹਨ।
ਉਨ੍ਹਾਂ ਨੇ ਕਿਮ ਜੋਂਗ ਉਨ ਨੂੰ ਮਹਾਂਮਹਿਮ ਦੇ ਰੂਪ ਵਿੱਚ ਸੰਬੋਧਨ ਕੀਤਾ ਹੈ ਅਤੇ ਇਹ ਵੀ ਲਿਖਿਆ ਹੈ, "ਮੈਨੂੰ ਸੰਪਰਕ ਕਰਨ ਅਤੇ ਖਤ ਲਿਖਣ ਵਿੱਚ ਹਿਚਕਿਚਾਉਣਾ ਨਹੀਂ।''
ਨਤੀਜੇ ਨੂੰ ਲੈ ਕੇ ਖਦਸ਼ਾ
ਟਰੰਪ ਦੇ ਇਸ ਮਤੇ ਨੂੰ ਲੈ ਕੇ ਕਿਮ ਜੋਂਗ ਬਹੁਤ ਉਤਸੁਕ ਨਹੀਂ ਹੋਣਗੇ। ਭਾਵੇਂ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਇਸ ਗੱਲਬਾਤ ਦਾ ਜ਼ਿਆਦਾ ਫਾਇਦਾ ਉੱਤਰੀ ਕੋਰੀਆ ਨੂੰ ਮਿਲਣਾ ਹੈ ਪਰ ਇਸ ਗੱਲਬਾਤ ਦਾ ਨਤੀਜਾ ਦੀ ਨਿਕਲੇਗਾ, ਇਸ ਬਾਰੇ ਵਿੱਚ ਕੁਝ ਅੰਦਾਜ਼ਾ ਨਹੀਂ ਸੀ।
ਅਮਰੀਕੀ ਪ੍ਰਸ਼ਾਸਨ ਵੀ ਇਸ ਦੁਬਿਧਾ ਵਿੱਚ ਸੀ ਕਿ ਉਸ ਨੇ ਉੱਤਰੀ ਕੋਰੀਆ ਦੇ ਨਾਲ ਗੱਲਬਾਤ ਲਈ ਹਾਮੀ ਤਾਂ ਭਰ ਦਿੱਤੀ ਹੈ ਪਰ ਇਸ ਉੱਚ ਪੱਧਰੀ ਗੱਲਬਾਤ ਨਾਲ ਹਾਸਿਲ ਕੀ ਹੋਵੇਗਾ।
ਇਹੀ ਸਵਾਲ ਸ਼ਾਇਦ ਅਮਰੀਕਾ ਦਾ ਗੱਲਬਾਤ ਤੋਂ ਪਿੱਛੇ ਹੋਣ ਦਾ ਮੁੱਖ ਕਾਰਨ ਬਣ ਗਿਆ।