ਹਾਲੀਵੁੱਡ ਦੇ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਰੇਪ ਦੇ ਦੋਸ਼ ਤੈਅ

ਹਾਰਵੀ ਵਾਇਨਸਟੀਨ Image copyright Kevin Hagen/Getty Images
ਫੋਟੋ ਕੈਪਸ਼ਨ ਨਿਊ ਯਾਰਕ ਵਿੱਚ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਮਗਰੋਂ ਹਾਰਵੀ ਵਾਇਨਸਟੀਨ

ਹਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਦੋ ਔਰਤਾਂ ਨਾਲ ਬਲਾਤਕਾਰ ਅਤੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਊ ਯਾਰਕ ਵਿੱਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ।

66 ਸਾਲਾ ਵਾਇਨਸਟੀਨ ਉੱਤੇ ਦਰਜਨਾਂ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ। ਵਾਇਨਸਟੀਨ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਗਵੀਨੇਥ ਪੌਲਤਰੋਵ, ਏਂਜਲੀਨਾ ਜੋਲੀ, ਕਾਰਾ ਡੇਲਵੀਨੇ, ਲਿਆ ਸੇਡੌਕਸ, ਰੋਜ਼ਾਨਾ ਆਰਕਵੇਟਾ, ਮੀਰਾ ਸੋਰਵੀਨੋ ਵਰਗੀਆਂ ਕਈ ਅਦਾਕਾਰਾਵਾਂ ਨੇ ਵਾਇਨਸਟੀਨ ਦੇ ਨਾਲ ਆਪਣੇ ਬੁਰੇ ਤਜਰਬੇ ਸਾਂਝੇ ਕੀਤੇ ਸਨ।

ਨਿਊ ਯਾਰਕ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ, ''ਵਾਇਨਸਟੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਔਰਤਾਂ ਨਾਲ ਰੇਪ, ਕ੍ਰਿਮੀਨਲ ਸੈਕਸ ਐਕਟ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ ਤੈਅ ਹੋਏ।''

ਬਿਆਨ ਵਿੱਚ ਪੀੜਤਾਂ ਦਾ ਆਵਾਜ਼ ਚੁੱਕਣ ਅਤੇ ਨਿਆਂ ਲਈ ਸਾਹਮਣੇ ਆਉਣ ਲਈ ਧੰਨਵਾਦ ਕੀਤਾ ਗਿਆ।

ਵਾਇਨਸਟੀਨ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ। ਜਿਸ ਮਗਰੋਂ ਹਾਲੀਵੁੱਡ ਵਿੱਚ ਮਹਿਲਾਵਾਂ ਦੇ ਸ਼ੋਸ਼ਣ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਚਰਚਾ ਛਿੜ ਗਈ ਸੀ ਤੇ #MeToo ਮੁਹਿੰਮ ਚਲਾਈ ਗਈ।

Image copyright FRAZER HARRISON/GETTY IMAGES
ਫੋਟੋ ਕੈਪਸ਼ਨ ਪਤਨੀ ਜੌਰਜੀਨਾ ਚੈਪਮੈਨ ਨੇ ਹਾਰਵੀ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ

ਕੌਣ ਹਨ ਹਾਰਵੀ ਵਾਇਨਸਟੀਨ?

  • ਹਾਰਵੀ ਵਾਇਨਸਟੀਨ ਹਾਲੀਵੁੱਡ ਦੇ ਇੱਕ ਮਸ਼ਹੂਰ ਨਿਰਮਾਤਾ ਹਨ। ਵਾਇਨਸਟੀਨ 'ਪਲਪ ਫ਼ਿਕਸ਼ਨ' ਅਤੇ 'ਕਲਕਰਜ਼' ਜਿਹੀਆਂ ਮਸ਼ਹੂਰ ਫਿਲਮਾਂ ਬਣਾਉਣ ਵਾਲੀ ਫ਼ਿਲਮ ਕੰਪਨੀ ਮੀਰਾਮੈਕਸ ਦੇ ਸਹਿ-ਬਾਨੀ ਹਨ।
  • ਉਨ੍ਹਾਂ ਨੂੰ 'ਸ਼ੇਕਸਪੀਅਰ ਇਨ ਲਵ' ਬਣਾਉਣ ਲਈ ਔਸਕਰ ਐਵਾਰਡ ਵੀ ਮਿਲ ਚੁੱਕਿਆ ਹੈ।
  • ਬਰਤਾਨਵੀ ਫਿਲਮ ਇੰਡਸਟਰੀ 'ਚ ਯੋਗਦਾਨ ਲਈ ਉਨ੍ਹਾਂ ਨੂੰ 2004 'ਚ ਬਰਤਾਨੀ ਰਾਜ ਪਰਿਵਾਰ ਵੱਲੋਂ ਸੀਬੀਈ ਦੀ ਮਾਨਕ ਉਪਾਧੀ ਵੀ ਦਿੱਤੀ ਗਈ ਸੀ।
  • ਹਾਰਵੀ ਵਾਇਨਸਟੀਨ ਨੇ ਦੋ ਵਿਆਹ ਕੀਤੇ ਹਨ। 41 ਸਾਲ ਦੀ ਬਰਤਾਨਵੀ ਅਦਾਕਾਰਾ ਅਤੇ ਫ਼ੈਸ਼ਨ ਡਿਜ਼ਾਈਨਰ ਜੌਰਜੀਨਾ ਚੈਪਮੈਨ 2007 ਤੋਂ ਉਨ੍ਹਾਂ ਦੀ ਪਤਨੀ ਹਨ। ਹਾਲਾਂਕਿ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਚੈਪਮੈਨ ਨੇ ਉਨ੍ਹਾਂ ਤੋਂ ਵੱਖਰੇ ਹੋਣ ਦਾ ਐਲਾਨ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)