ਗੂਗਲ, ਇੰਸਟਾਗ੍ਰਾਮ, ਫੇਸਬੁੱਕ ਖ਼ਿਲਾਫ਼ GDPR ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤਾਂ

Web giant logos

ਨਿੱਜੀ ਡਾਟਾ ਦੀ ਰੱਖਿਆ ਲਈ ਬਣੇ ਨਵੇਂ ਨਿਯਮ ਜੀਡੀਪੀਆਰ ਦੇ ਲਾਗੂ ਹੁੰਦਿਆਂ ਹੀ ਫੇਸਬੁੱਕ, ਗੂਗਲ, ਇੰਸਟਾਗਰਾਮ ਅਤੇ ਵਟਸਐਪ ਦੇ ਖਿਲਾਫ਼ ਸ਼ਿਕਾਇਤਾਂ ਦਰਜ ਹੋ ਗਈਆਂ।

ਇਨ੍ਹਾਂ ਕੰਪਨੀਆਂ 'ਤੇ ਇਲਜ਼ਾਮ ਹੈ ਕਿ ਇਹ ਮਸ਼ਹੂਰੀ ਦੇਣ ਲਈ ਯੂਜ਼ਰਜ਼ 'ਤੇ ਮਨਜ਼ੂਰੀ ਦਾ ਦਬਾਅ ਬਣਾ ਰਹੀਆਂ ਹਨ।

ਪ੍ਰਿਵਸੀ ਗਰੁੱਪ noyb.eu ਦੀ ਅਗੁਵਾਈ ਕਰਨ ਵਾਲੇ ਵਕੀਲ ਮੈਕਸ ਸ਼ਰੈਮਜ਼ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਲੋਕਾਂ ਨੂੰ 'ਆਜ਼ਾਦ ਚੋਣ' ਦਾ ਬਦਲ ਨਹੀਂ ਦਿੱਤਾ ਜਾ ਰਿਹਾ ਸੀ।

ਜੇ ਸ਼ਿਕਾਇਤਾਂ ਸਾਬਿਤ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਵੈਬਸਾਈਟਜ਼ 'ਤੇ ਦਬਾਅ ਪਾਇਆ ਜਾ ਸਕਦਾ ਹੈ ਕਿ ਉਹ ਕੰਮ ਕਰਨ ਦਾ ਤਰੀਕਾ ਬਦਲਣ ਅਤੇ ਉਨ੍ਹਾਂ 'ਤੇ ਜੁਰਮਾਨਾ ਵੀ ਲੱਗ ਸਕਦਾ ਹੈ।

ਤਸਵੀਰ ਸਰੋਤ, Justin Sullivan/Getty Images

ਤਸਵੀਰ ਕੈਪਸ਼ਨ,

5 ਅਪ੍ਰੈਲ, 2018: ਫੇਸਬੁੱਕ ਵੱਲੋਂ ਨਿੱਜੀ ਜਾਣਕਾਰੀ ਸਾਂਝੀ ਕਰਨ 'ਤੇ ਵਿਰੋਧ ਦੀ ਇੱਕ ਤਸਵੀਰ।

GDPR ਹੈ ਕੀ?

ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (GDPR) ਯੂਰਪੀਅਨ ਯੂਨੀਅਨ ਵਿੱਚ ਨਵਾਂ ਕਾਨੂੰਨ ਹੈ ਜਿਸ ਤਹਿਤ ਇਹ ਤੈਅ ਕੀਤਾ ਗਿਆ ਹੈ ਕਿ ਨਿੱਜੀ ਡਾਟਾ ਕਿਵੇਂ ਇਕੱਠਾ ਅਤੇ ਇਸਤੇਮਾਲ ਕਰਨਾ ਹੈ।

  • ਇਹ ਨਿਯਮ ਤਾਂ ਵੀ ਲਾਗੂ ਕਰਨੇ ਪੈਣਗੇ ਜੇ ਇਹ ਕੰਪਨੀਆਂ ਯੂਰਪੀਅਨ ਯੂਨੀਅਨ ਤੋਂ ਬਾਹਰ ਵੀ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ।
  • ਜੀਡੀਪੀਆਰ ਤਹਿਤ ਇਹ ਤੈਅ ਕੀਤਾ ਗਿਆ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਲਈ ਇਹ ਕੰਪਨੀਆਂ ਮਨਜ਼ੂਰੀ ਕਿਵੇਂ ਲੈ ਸਕਦੀਆਂ ਹਨ।
  • ਲੰਬੇ-ਲੰਬੇ ਡਾਕੂਮੈਂਟ ਪੇਸ਼ ਕਰਕੇ ਇਹ ਮਨਜ਼ੂਰੀ ਨਹੀਂ ਲੁਕਾਈ ਜਾ ਸਕਦੀ।
  • ਪਹਿਲਾਂ ਹੀ ਟਿਕ ਕੀਤੇ ਹੋਏ ਚੈੱਕ ਬਾਕਸਾਂ ਰਾਹੀਂ ਮਨਜ਼ੂਰੀ ਨਹੀਂ ਲੈ ਸਕਦੇ।
  • ਕਿਸੇ ਵੀ ਵੇਲੇ ਤੁਸੀਂ ਕਿਸੇ ਕੰਪਨੀ ਤੋਂ ਨਿੱਜੀ ਜਾਣਕਾਰੀ ਦੀ ਕਾਪੀ ਮੰਗ ਸਕਦੇ ਹੋ। ਕੰਪਨੀ ਨੂੰ ਮਹੀਨੇ ਅੰਦਰ ਜਵਾਬ ਦੇਣਾ ਲਾਜ਼ਮੀ ਹੈ।
  • ਜਾਂ ਫਿਰ ਤੁਸੀਂ ਕੰਪਨੀ ਤੋਂ ਮੰਗ ਕਰ ਸਕਦੇ ਹੋ ਕਿ ਜੇ ਉਨ੍ਹਾਂ ਕੋਲ ਕੋਈ ਨਿੱਜੀ ਜਾਣਕਾਰੀ ਹੈ ਤਾਂ ਉਹ ਡਿਲੀਟ ਕਰ ਦੇਣ।
  • ਜੇ ਕਿਸੇ ਤਰ੍ਹਾਂ ਦਾ ਕੋਈ ਡਾਟਾ ਲੀਕ ਹੁੰਦਾ ਹੈ ਤਾਂ ਕੰਪਨੀ ਨੂੰ 72 ਘੰਟਿਆਂ ਅੰਦਰ ਦੇਸ ਦੇ ਰੈਗੁਲੇਟਰੀ ਵਿਭਾਗ ਨੂੰ ਦੱਸਣਾ ਪਏਗਾ।
  • ਜੇ ਕੋਈ ਕੰਪਨੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਭਾਰੀ ਜੁਰਮਾਨਾ ਲਾਇਆ ਜਾਏਗਾ।
  • ਜੀਡੀਪੀਆਰ ਦੇ ਤਹਿਤ ਵੱਧ ਤੋਂ ਵੱਧ ਜੁਰਮਾਨਾ 20 ਮਿਲੀਅਨ ਯੂਰੋ ਲੱਗੇਗਾ ਜਾਂ ਫਿਰ ਕੰਪਨੀ ਦੀ ਗਲੋਬਲ ਕਮਾਈ ਦਾ 4 ਫੀਸਦੀ ਹਿੱਸਾ ਜੁਰਮਾਨੇ ਦੇ ਤੌਰ 'ਤੇ ਲਿਆ ਜਾਏਗਾ। ਦੋਹਾਂ ਵਿੱਚੋਂ ਜੋ ਵੀ ਵੱਧ ਹੋਵੇਗਾ ਉਹੀ ਲੱਗੇਗਾ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਵਕੀਲ ਮੈਕਸ ਸ਼ਰੈਮਜ ਦਾ ਦਾਅਵਾ ਹੈ ਕਿ ਕਾਫ਼ੀ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਨ੍ਹਾਂ ਤੋਂ ਆਟੋਮੈਟਿਕ ਮਨਜ਼ੂਰੀ ਲਈ ਜਾ ਰਹੀ ਹੈ।

noyb.eu ਦਾ ਦਾਅਵਾ ਹੈ ਕਿ ਨਾਮਜ਼ਦ ਕੀਤੀਆਂ ਇਹ ਕੰਪਨੀਆਂ ਜੀਡੀਪੀਆਰ ਦੀ ਉਲੰਘਣਾ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੇ 'ਸੇਵਾ ਲਓ ਜਾਂ ਛੱਡ ਦਿਉ ਵਾਲੀ ਨੀਤੀ' ਅਪਣਾਈ ਹੈ।

noyb.eu ਨੇ ਇੱਕ ਬਿਆਨ ਵਿੱਚ ਕਿਹਾ, "ਕਿਸੇ ਵੀ ਸੇਵਾ ਲਈ ਲੋੜੀਂਦੀ ਜਾਣਕਾਰੀ ਜੀਡੀਪੀਆਰ ਦੇ ਤਹਿਤ ਲਈ ਜਾ ਸਕਦੀ ਹੈ ਪਰ ਉਸੇ ਜਾਣਕਾਰੀ ਦਾ ਇਸਤੇਮਾਲ ਮਸ਼ਹੂਰੀਆਂ ਲਈ ਵੇਚਣਾ ਜਾਇਜ਼ ਨਹੀਂ।"

ਤਸਵੀਰ ਸਰੋਤ, OLI SCARFF/AFP/Getty Images

ਕੰਪਨੀਆਂ ਦਾ ਕੀ ਹੈ ਦਾਅਵਾ?

ਫੇਸਬੁੱਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੀਡੀਪੀਆਰ ਦੇ ਨਿਯਮਾਂ ਤਹਿਤ ਕੰਮ ਕਰਨ ਲਈ ਉਨ੍ਹਾਂ ਨੇ 18 ਮਹੀਨੇ ਲਾਏ ਹਨ।

ਗੂਗਲ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਆਪਣੇ ਪ੍ਰੋਡਕਟ ਵਿੱਚ ਨਿੱਜਤਾ ਅਤੇ ਸੁਰੱਖਿਆ ਦੇ ਨਿਯਮ ਸ਼ੁਰੂ ਤੋਂ ਹੀ ਬਣਾਏ ਹਨ ਅਤੇ ਈਯੂ ਜੀਡੀਪੀਆਰ ਦੇ ਨਿਯਮਾਂ ਦਾ ਪਾਲਣ ਕਰਨ ਲਈ ਵਚਨਬੱਧ ਹਾਂ।"

ਬੀਬੀਸੀ ਵੱਲੋਂ ਪੁੱਛੇ ਜਾਣ 'ਤੇ ਵਟਸਐਪ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)