ਕਿਮ ਜੋਂਗ ਉਨ ਤੇ ਡੌਨਲਡ ਟਰੰਪ ਦੇ ਦੁਸ਼ਮਣੀ ਤੋਂ ਦੋਸਤੀ ਵੱਲ ਵਧਣ ਦੇ 14 ਦਿਲਚਸਪ ਬਿਆਨ

ਕਿਮ ਟਰੰਪ
ਤਸਵੀਰ ਕੈਪਸ਼ਨ,

ਦੋਵੇਂ ਆਗੂ ਸਿੰਗਾਪੁਰ ਦੇ ਕੈਪੇਲਾ ਹੋਟਲ ਵਿੱਚੋਂ ਮੁਲਾਕਾਤ ਮਗਰੋਂ ਬਾਹਰ ਆਉਂਦੇ ਹੋਏ

ਸਿੰਗਾਪੁਰ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਗੱਲਬਾਤ ਹੋਈ। ਇਹ ਮੁਲਾਕਾਤ ਸਿੰਗਾਪੁਰ ਦੇ ਸੈਂਟੋਸਾ ਆਈਲੈਂਡ ਉੱਤੇ ਹੋਈ।

ਕੈਪੇਲਾ ਹੋਟਲ ਦੀ ਲਾਈਬ੍ਰੇਰੀ ਵਿੱਚ ਦੋਹਾਂ ਦੀ ਮੁਲਾਕਾਤ ਹੋਈ ਹੈ। ਲੰਬੇ ਸਮੇਂ ਤੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਸ਼ਬਦੀ ਜੰਗ ਜਾਰੀ ਸੀ। ਪਰ ਹਾਲ ਦੇ ਦਿਨਾਂ ਵਿੱਚ ਸਾਰੀ ਤਸਵੀਰ ਹੀ ਬਦਲ ਗਈ।

ਇੱਕ ਨਜ਼ਰ ਮਾਰਦੇ ਹਾਂ ਸਾਲ 2017 ਤੋਂ ਮਈ 2018 ਵਿਚਾਲੇ ਕਿਮ ਅਤੇ ਟਰੰਪ ਵਿਚਾਲੇ ਇੱਕ ਦੂਜੇ ਪ੍ਰਤੀ ਕੀਤੀ ਗਈ ਬਿਆਨਬਾਜ਼ੀ ਉੱਤੇ। ਧਮਕੀ ਅਤੇ ਮੁਲਾਕਾਤ ਨੂੰ ਲੈ ਕੇ ਦੋਹਾਂ ਦੇ ਕੁਝ ਦਿਲਚਸਪ ਬਿਆਨ।

28 ਅਪ੍ਰੈਲ, 2017

ਟਰੰਪ: ਰਾਇਟਰਜ਼ ਖ਼ਬਰ ਏਜੰਸੀ ਨੂੰ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ, "ਪੂਰਾ ਮੌਕਾ ਹੈ ਕਿ ਉੱਤਰੀ ਕੋਰੀਆ ਨਾਲ ਵੱਡਾ ਵਿਵਾਦ ਹੋਵੇ।"

15 ਮਈ, 2017

ਕਿਮ ਜੋਂਗ ਉਨ: ਮੀਡੀਆ ਵਿੱਚ ਜਾਰੀ ਇੱਕ ਬਿਆਨ ਮੁਤਾਬਕ ਕਿਮ ਨੇ ਕਿਹਾ, "ਜੇ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਭੜਕਾਇਆ ਤਾਂ ਇਤਿਹਾਸ ਦੀ ਸਭ ਤੋਂ ਵੱਡੀ ਤਬਾਹੀ ਤੋਂ ਵੀ ਉੱਤਰੀ ਕੋਰੀਆ ਪਿੱਛੇ ਨਹੀਂ ਹਟੇਗਾ।"

19 ਸਤੰਬਰ, 2017

ਟਰੰਪ: ਯੂਐੱਨ ਜਨਰਲ ਅਸੈਂਬਲੀ ਵਿੱਚ ਟਰੰਪ ਨੇ ਕਿਹਾ, "ਰਾਕੇਟ ਮੈਨ ਆਪਣੇ ਅਤੇ ਆਪਣੇ ਦੇਸ ਦੇ ਸੁਸਾਈਡ ਮਿਸ਼ਨ 'ਤੇ ਹੈ।"

22 ਸਤੰਬਰ, 2017

ਕਿਮ ਜੋਂਗ ਉਨ: ਕਿਮ ਨੇ ਕਿਹਾ, "ਇੱਕ ਘਬਰਾਇਆ ਹੋਇਆ ਕੁੱਤਾ ਉੱਚਾ ਭੌਂਕਦਾ ਹੈ। ਮੈਂ ਸਠਿਆਏ ਹੋਏ ਅਮਰੀਕੀ ਬਜ਼ੁਰਗ ਨੂੰ ਗੋਲੀ ਮਾਰ ਕੇ ਸਬਕ ਜ਼ਰੂਰ ਸਿਖਾਵਾਂਗਾ।"

8 ਨਵੰਬਰ, 2017

ਟਰੰਪ: ਟਵੀਟ ਕਰਕੇ ਟਰੰਪ ਨੇ ਕਿਹਾ, "ਉੱਤਰੀ ਕੋਰੀਆ ਨੇ ਅਮਰੀਕਾ ਦੀ ਪੁਰਾਣੀ ਪਾਬੰਦੀ ਨੂੰ ਕਮਜ਼ੋਰੀ ਸਮਝਿਆ ਹੈ। ਇਹ ਭਾਰੀ ਗਲਤੀ ਹੋਵੇਗੀ। ਸਾਨੂੰ ਕਮਜ਼ੋਰ ਨਾ ਸਮਝੋ।"

11 ਨਵੰਬਰ, 2017

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, "ਟਰੰਪ ਵਰਗੇ ਪਾਗਲ ਬਜ਼ੁਰਗ ਦੇ ਬਿਆਨ ਸਾਨੂੰ ਡਰਾ ਨਹੀਂ ਸਕਦੇ।"

1 ਨਵੰਬਰ, 2018

ਕਿਮ ਜੋਂਗ ਉਨ: ਨਵੇਂ ਸਾਲ ਮੌਕੇ ਕਿਮ ਜੋਂਗ ਨੇ ਕਿਹਾ, "ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਣੂ ਹਥਿਆਰਾਂ ਦਾ ਬਟਨ ਮੇਰੇ ਮੇਜ 'ਤੇ ਹੈ। ਅਮਰੀਕਾ ਦੇ ਸਾਰੇ ਖਾਸ ਇਲਾਕੇ ਪਰਮਾਣੂ ਹਮਲੇ ਦੇ ਦਾਇਰੇ ਵਿੱਚ ਆਉਂਦੇ ਹਨ।"

ਤਸਵੀਰ ਕੈਪਸ਼ਨ,

ਕਿਮ ਜੋਂਗ ਦੇ ਰੂਪ ਵਿੱਚ ਹਾਂਗ-ਕਾਂਗ ਦੇ ਅਦਾਕਾਰ ਹੋਵਾਰਡ ਅਤੇ ਟਰੰਪ ਦੇ ਰੂਪ ਵਿੱਚ ਅਮਰੀਕੀ ਅਦਾਕਾਰ ਡੈਨਿਸ

3 ਜਨਵਰੀ, 2018

ਟਰੰਪ: ਟਰੰਪ ਨੇ ਟਵੀਟ ਕੀਤਾ, "ਕੀ ਉਸ ਦੇ ਬਰਬਾਦ ਅਤੇ ਭੁੱਖਮਰੀ ਵਾਲੇ ਦੇਸ ਵਿੱਚੋਂ ਕੋਈ ਉਸ ਨੂੰ ਜਾਣਕਾਰੀ ਦੇਵੇਗਾ ਕਿ ਮੇਰੇ ਕੋਲ ਵੀ ਇੱਕ ਪਰਮਾਣੂ ਬਟਨ ਹੈ ਪਰ ਇਹ ਉਸ ਦੇ ਬਟਨ ਨਾਲੋਂ ਕਾਫ਼ੀ ਜ਼ਿਆਦਾ ਵੱਡਾ, ਮਜ਼ਬੂਤ ਅਤੇ ਕੰਮ ਵੀ ਕਰਦਾ ਹੈ।"

20 ਅਪ੍ਰੈਲ, 2018

ਕਿਮ ਜੋਂਗ ਉਨ: ਇੱਕ ਬਿਆਨ ਵਿੱਚ ਕਿਮ ਨੇ ਕਿਹਾ, "21 ਅਪ੍ਰੈਲ ਤੋਂ ਉੱਤਰੀ ਕੋਰੀਆ ਪਰਮਾਣੂ ਟੈਸਟ ਅਤੇ ਬੈਲਿਸਟਿਕ ਮਿਜ਼ਾਈਲ ਟੈਸਟ 'ਤੇ ਰੋਕ ਲਾਏਗਾ।"

10 ਮਈ, 2018

ਟਰੰਪ: ਟਵੀਟ ਕਰਕੇ ਟਰੰਪ ਨੇ ਕਿਹਾ, "ਮੇਰੇ ਅਤੇ ਕਿਮ ਜੋਂਗ ਉਨ ਵਿਚਾਲੇ ਸਿੰਗਾਪੁਰ ਵਿੱਚ 12 ਜੂਨ ਨੂੰ ਬੈਠਕ ਹੋਵੇਗੀ। ਅਸੀਂ ਦੁਨੀਆਂ ਦੀ ਸ਼ਾਂਤੀ ਲਈ ਇਸ ਨੂੰ ਖਾਸ ਮੌਕਾ ਬਣਾਵਾਂਗੇ।"

15 ਮਈ, 2018

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, "ਉੱਤਰੀ ਕੋਰੀਆ ਦੀ ਤੁਲਨਾ ਲੀਬੀਆ ਨਾਲ ਕਰਨਾ ਗਲਤ ਹੈ। ਜੇ ਅਮਰੀਕਾ ਸਾਡੀ ਪਰਮਾਣੂ ਹਥਿਆਰਾਂ 'ਤੇ ਪਾਬੰਦੀ ਦੀ ਇੱਕ ਪਾਸੜ ਕਾਰਵਾਈ ਲਈ ਦਬਾਅ ਪਾ ਕੇ ਇੱਕ ਕੰਡੇ 'ਤੇ ਕਰਨਾ ਚਾਹੁੰਦਾ ਹੈ ਤਾਂ ਅਸੀਂ ਕਿਸੇ ਗੱਲਬਾਤ ਲਈ ਤਿਆਰ ਨਹੀਂ ਹਾਂ।"

24 ਮਈ, 2018

ਟਰੰਪ: ਵਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, "ਜ਼ਿਆਦਾਤਰ ਬਿਆਨਾਂ ਵਿੱਚ ਲਗਾਤਾਰ ਗੁੱਸੇ ਅਤੇ ਖੁੱਲ੍ਹੇ ਵਿਰੋਧ ਕਾਰਨ ਮੈਨੂੰ ਲਗਦਾ ਹੈ ਕਿ ਇਸ ਵੇਲੇ ਇਹ ਬੈਠਕ ਕਰਨਾ ਵਾਜਿਬ ਨਹੀਂ ਹੋਵੇਗਾ।"

24 ਮਈ, 2018

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, "ਬੈਠਕ ਨੂੰ ਰੱਦ ਕਰਨ ਦੇ ਉਨ੍ਹਾਂ ਦੇ ਅਚਾਨਕ ਅਤੇ ਇੱਕ ਪਾਸੜ ਫੈਸਲੇ ਦੀ ਸਾਨੂੰ ਉਮੀਦ ਨਹੀਂ ਸੀ ਅਤੇ ਸਾਨੂੰ ਇਸ ਲਈ ਭਾਰੀ ਅਫ਼ਸੋਸ ਹੈ। ਪਰ ਅਸੀਂ ਆਪਣੇ ਟੀਚੇ ਲਈ ਵਚਨਬੱਧ ਹਾਂ ਅਤੇ ਅਸੀਂ ਕੋਰੀਆ ਅਤੇ ਮਨੁੱਖਤਾ ਦੀ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।"

12 ਜੂਨ, 2018

ਸਿੰਗਾਪੁਰ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਗੱਲਬਾਤ ਹੋਈ। ਇਹ ਮੁਲਾਕਾਤ ਸਿੰਗਾਪੁਰ ਦੇ ਸੈਂਟੋਸਾ ਆਈਲੈਂਡ ਉੱਤੇ ਹੋਈ।

ਵਾਰ ਵਾਰ ਅਮਰੀਕਾ ਵੱਲੋਂ ਪਰਮਾਣੂ ਹਥਿਆਰਾਂ ਵਾਲੀ ਸ਼ਰਤ ਦੁਹਰਾਉਣ ਉੱਤੇ ਉੱਤਰੀ ਕੋਰੀਆ-ਅਮਰੀਕਾ ਦੀ ਗੱਲਬਾਤ ਦੀ ਯੋਜਨਾ ਲੀਹ ਤੋਂ ਲੱਥਦੀ ਨਜ਼ਰ ਆਈ।

ਪਰ ਆਖ਼ਿਰਕਾਰ 12 ਜੂਨ ਦਾ ਉਹ ਇਤਿਹਾਸਕ ਸਮਾਂ ਆ ਹੀ ਗਿਆ ਜਦੋਂ ਦੋਹਾਂ ਮੁਲਕਾਂ ਦੇ ਮੁਖੀਆਂ ਨੇ ਗਰਮਜੋਸ਼ੀ ਨਾਲ ਹੱਥ ਮਿਲਾ ਲਿਆ।

ਤਸਵੀਰ ਕੈਪਸ਼ਨ,

ਸਿੰਗਾਪੁਰ ਵਿੱਚ ਟਰੰਪ ਅਤੇ ਕਿਮ ਦੀ ਇਤਿਹਾਸਕ ਤਸਵੀਰ

ਸਿੰਗਾਪੁਰ ਵਿੱਚ ਮੁਲਾਕਾਤ ਤੋਂ ਬਾਅਦ ਦੋਹਾਂ ਆਗੂਆਂ ਨੇ ਇੱਕ ਦੂਜੇ ਦੀ ਤਾਰੀਫ਼ ਕੀਤੀ ਅਤੇ ਇੱਕ ਸਮਝੌਤੇ ਉੱਤੇ ਦੋਹਾਂ ਨੇ ਹਸਤਾਖਰ ਵੀ ਕੀਤੇ।

'ਮੁਕੰਮਲ ਤੌਰ 'ਤੇ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਵਾਅਦਾ'

ਸਮਝੌਤੇ ਦੀ ਤਫ਼ਸੀਲ ਆਉਣੀ ਹਾਲੇ ਬਾਕੀ ਹੈ। ਏਐੱਫਪੀ ਨਿਊਜ਼ ਏਜੰਸੀ ਮੁਤਾਬਕ ਕਿਮ ਜੋਂਗ ਉਨ ਨੇ ਕੋਰੀਆ ਪ੍ਰਾਇਦੀਪ ਵਿੱਚ 'ਮੁਕੰਮਲ ਤੌਰ 'ਤੇ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਵਾਅਦਾ' ਕੀਤਾ ਹੈ।

ਸਦੀ ਦੀ ਸਭ ਤੋਂ ਵੱਡੀ ਮੁਲਾਕਾਤ ਦੀਆਂ ਹੋਰ ਵੱਡੀਆਂ ਗੱਲਾਂ

  • ਕਿਮ ਨੇ ਕਿਹਾ, '' ਅਸੀਂ ਆਪਣਾ ਇਤਿਹਾਸ ਪਿੱਛੇ ਛੱਡਣ ਦਾ ਫੈਸਲਾ ਲਿਆ ਹ, ਦੁਨੀਆਂ ਇੱਕ ਵੱਡਾ ਬਦਲਾਅ ਦੇਖੇਗੀ''
  • ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਕਿਮ ਦੇ ਵਿਚਾਲੇ ਇੱਕ ਖ਼ਾਸ ਰਿਸ਼ਤਾ ਬਣ ਗਿਆ ਹੈ। ਟਰੰਪ ਨੇ ਕਿਮ ਦੀ ਤਾਰੀਫ ਕਰਦਿਆਂ ਕਿਹਾ, ਉਹ ਬਹੁਤ ਟੈਲੇਂਟਡ ਸ਼ਖਸ ਹਨ ਅਤੇ ਮੈਂ ਉਨ੍ਹਾਂ ਦੇ ਮੁਲਕ ਨਾਲ ਪਿਆਰ ਕਰਦਾ ਹਾਂ।''
  • ਕਿਮ ਨੇ ਵੀ ਪੱਤਰਕਾਰਾਂ ਨੂੰ ਕਿਹਾ ਦੁਨੀਆਂ ਇੱਕ ਵੱਡਾ ਬਦਲਾਅ ਵੇਖੇਗੀ। ਦੋਹਾਂ ਨੇ ਹਸਤਾਖਰ ਕੀਤੇ ਅਤੇ ਮੁਸਕਰਾਉਂਦੇ ਹੋਏ ਹੱਥ ਮਿਲਾਏ।
  • ਨੁਮਾਇੰਦਿਆਂ ਦੀ ਬੈਠਕ ਮਗਰੋਂ ਟਰੰਪ ਅਤੇ ਕਿਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
  • ਡੌਨਲਡ ਟਰੰਪ ਅਤੇ ਕਿਮ ਜੋਂਗ ਦੇ ਵਿਚਾਲੇ ਬੈਠਕ ਖ਼ਤਮ ਹੋ ਗਈ।
  • ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਹਾਂ ਆਗੂਆਂ ਵਿਚਾਲੇ ਤਕਰੀਬਨ 38 ਮਿੰਟ ਤੱਕ ਮੁਲਾਕਾਤ ਚੱਲੀ।
ਤਸਵੀਰ ਕੈਪਸ਼ਨ,

ਸਮਝੌਤੇ ਦੇ ਦਸਤਾਵੇਜ਼ ਉੱਤੇ ਹਸਤਾਖਰ ਕਰਨ ਵੇਲੇ ਆਗੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)