ਕੋਕਾ ਕੋਲਾ ਨੇ ਜਪਾਨ ਵਿੱਚ ਉਤਾਰੀ ਪਹਿਲੀ ਅਲਕੋਹਲ ਡ੍ਰਿੰਕ

ਕੋਕਾ ਕੋਲਾ ਨੇ ਲੈਮਨ ਫਲੇਵਰ ਦੀ ਡ੍ਰਿੰਕ ਜਪਾਨ ਵਿੱਚ ਲਾਂਚ ਕੀਤੀ ਹੈ Image copyright WWW.COCACOLA.CO.JP
ਫੋਟੋ ਕੈਪਸ਼ਨ ਕੋਕਾ ਕੋਲਾ ਨੇ ਲੈਮਨ ਫਲੇਵਰ ਦੀ ਡ੍ਰਿੰਕ ਜਪਾਨ ਵਿੱਚ ਲਾਂਚ ਕੀਤੀ ਹੈ

ਕੋਕਾ ਕੋਲਾ ਨੇ ਆਪਣੀ ਪਹਿਲੀ ਅਲਕੋਹਲ ਡ੍ਰਿੰਕ ਜਪਾਨੀ ਬਾਜ਼ਾਰ ਵਿੱਚ ਉਤਾਰ ਦਿੱਤੀ ਹੈ। ਇਹ ਲੈਮਨ ਫਲੇਵਰ ਵਿੱਚ ਹੈ ਅਤੇ ਇਸ ਦਾ ਨਾਂ ਐਲਕੋਪੌਪ ਰੱਖਿਆ ਗਿਆ ਹੈ।

ਅਜੇ ਇਸ ਡ੍ਰਿੰਕ ਨੂੰ ਸਿਰਫ਼ ਜਪਾਨੀ ਬਾਜ਼ਾਰ ਵਿੱਚ ਹੀ ਉਤਾਰਿਆ ਗਿਆ ਹੈ। ਸੋਮਵਾਰ ਤੋਂ ਇਸ ਡ੍ਰਿੰਕ ਦੀ ਵਿਕਰੀ ਸ਼ੁਰੂ ਹੋ ਗਈ ਹੈ।

ਇਸ ਨੂੰ ਕੋਕਾ ਕੋਲਾ ਦੀ ਨਵੇਂ ਬਾਜ਼ਾਰ ਅਤੇ ਨਵੇਂ ਗਾਹਕਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਕੰਪਨੀ ਦੇ 125 ਸਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੰਪਨੀ ਵੱਲੋਂ ਤਿੰਨ ਉਤਪਾਦ ਅਜਿਹੇ ਉਤਾਰੇ ਗਏ ਹਨ ਜਿਨ੍ਹਾਂ ਵਿੱਚ 3 ਤੋਂ 8 ਫੀਸਦ ਤੱਕ ਐਲਕੋਹਲ ਹੈ।

Image copyright AFP/Getty Images

ਰਵਾਇਤ ਵਜੋਂ ਕੋਕਾ-ਕੋਲਾ ਨੇ ਇਸ ਦੀ ਰੈਸਿਪੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਔਰਤਾਂ ਵਿੱਚ ਕਾਫੀ ਮਸ਼ਹੂਰ

ਇਹ ਕਿਹਾ ਜਾ ਰਿਹਾ ਹੈ ਕਿ ਜਪਾਨ ਦੀ ਮਸ਼ਹੂਰ ਚੂ ਹੀ ਡ੍ਰਿੰਕਸ ਦੀ ਤਰਜ਼ 'ਤੇ ਇਸ ਨੂੰ ਤਿਆਰ ਕੀਤਾ ਗਿਆ ਹੈ । ਇਹ ਸਥਾਨਕ ਅਲਕੋਹਲ ਅਤੇ ਫਲਾਂ ਤੋਂ ਤਿਆਰ ਕੀਤੀ ਜਾਂਦੀ ਹੈ।

ਜਪਾਨ ਵਿੱਚ ਇਸ ਦੇ ਸੰਤਰਾ, ਅੰਗੂਰ ਅਤੇ ਨਿੰਬੂ ਫਲੇਵਰ ਬਹੁਤ ਪਸੰਦ ਕੀਤੇ ਜਾਂਦੇ ਹਨ ਇਸ ਲਈ ਹੀ ਸ਼ਾਇਦ ਕੋਕਾ ਕੋਲਾ ਨੇ ਵੀ ਲੈਮਨ ਫਲੇਵਰ ਹੀ ਲਾਂਚ ਕੀਤਾ ਹੈ।

Image copyright AFP
ਫੋਟੋ ਕੈਪਸ਼ਨ ਸੋਮਵਾਰ ਤੋਂ ਇਸ ਡ੍ਰਿੰਕ ਦੀ ਵਿਕਰੀ ਸ਼ੁਰੂ ਹੋ ਗਈ ਹੈ

ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫਿਲਹਾਲ ਇਸ ਉਤਪਾਦ ਨੂੰ ਜਪਾਨ ਦੇ ਬਾਹਰ ਲੌਂਚ ਕਰਨ ਦਾ ਕੋਈ ਇਰਾਦਾ ਨਹੀਂ ਹੈ।

90ਵਿਆਂ ਵਿੱਚ ਅਲਕੋਟੌਪ ਡ੍ਰਿੰਕਸ ਯੂਰਪ ਅਤੇ ਬ੍ਰਿਟੇਨ ਵਿੱਚ ਸਮਿਕਨੌਰਫ ਆਈਸ ਅਤੇ ਬਕਾਰਡੀ ਬ੍ਰੀਜ਼ਰ ਦੀ ਤਰਜ 'ਤੇ ਬਹੁਤ ਪਸੰਦ ਕੀਤੇ ਗਏ ਸਨ।

ਇਸ ਤਰ੍ਹਾਂ ਦੇ ਉਤਪਾਦਾਂ ਨੂੰ ਲੈ ਕੇ ਵਿਵਾਦ ਵੀ ਹੁੰਦਾ ਰਿਹਾ ਹੈ। ਕੁਝ ਲੋਕਾਂ ਅਨੁਸਾਰ ਇਹ ਨਵੀਂ ਪੀੜ੍ਹੀ ਨੂੰ ਸੌਫਟ ਡ੍ਰਿੰਕਸ ਦੇ ਸਵਾਦ ਵਿੱਚ ਅਲਕੋਹਲ ਲਈ ਪ੍ਰੇਰਿਤ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)