ਵਿਦੇਸ਼ੀ ਪੂੰਜੀ ਦੀ ਕਮੀ ਕਾਰਨ 10 ਹਫਤਿਆਂ 'ਚ ਪਾਕਿਸਤਾਨ ਦਾ ਖ਼ਜਾਨਾ ਖਾਲੀ ਹੋ ਜਾਵੇਗਾ!

ਪਾਕਿਸਤਾਨ Image copyright Getty Images

ਪਾਕਿਸਤਾਨੀ ਅਰਥਚਾਰਾ ਪਿਛਲੇ ਕੁਝ ਮਹੀਨਿਆਂ ਤੋਂ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਹੈ ਪਰ ਫੌਜ ਅਤੇ ਸਰਕਾਰ ਦੀ ਲੜਾਈ ਰੁਕ ਨਹੀਂ ਰਹੀ।

ਪਾਕਿਸਤਾਨੀ ਰੁਪਏ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਲਗਾਤਾਰ ਗਿਰ ਰਹੀ ਹੈ। ਇਸ ਸਮੇਂ ਇੱਕ ਅਮਰੀਕੀ ਡਾਲਰ 120 ਪਾਕਿਸਤਾਨੀ ਰੁਪਈਆਂ ਵਿੱਚ ਟੁੱਟਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਕੋਲ ਵਿਦੇਸ਼ੀ ਪੂੰਜੀ ਦਾ ਭੰਡਾਰ ਵੀ ਲਗਾਤਾਰ ਘੱਟ ਰਿਹਾ ਹੈ।

ਪਾਕਿਸਤਾਨ ਕੋਲ ਪਿਛਲੇ ਸਾਲ 16.4 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਦਾ ਜ਼ਖੀਰਾ ਸੀ ਜੋ ਕਿ ਇਸ ਸਾਲ 10.3 ਅਰਬ ਡਾਲਰ ਹੀ ਬਚਿਆ ਹੈ।

ਪਾਕਿਸਤਾਨੀ ਅਖ਼ਬਾਰ ਦਿ ਡਾਅਨ ਮੁਤਾਬਕ ਪਾਕਿਸਤਾਨ ਭੁਗਤਾਨ ਸੰਕਟ ਨਾਲ ਨਜਿੱਠਣ ਲਈ ਚੀਨ ਦੀ ਪਨਾਹ ਵਿੱਚ ਜਾ ਰਿਹਾ ਹੈ। ਜਿੱਥੋਂ ਉਸ ਨੂੰ 2 ਅਰਬ ਡਾਲਰ ਦਾ ਕਰਜ਼ਾ ਮਿਲ ਸਕਦਾ ਹੈ।

ਪਾਕਿਸਤਾਨ ਵਿੱਚ ਜੁਲਾਈ ਮਹੀਨੇ ਵਿੱਚ ਆਮ ਚੋਣਾਂ ਹੋਣੀਆਂ ਹਨ। ਜਿਨ੍ਹਾਂ ਮਗਰੋਂ ਸਾਲ 2013 ਤੋਂ ਬਾਅਦ ਉਹ ਦੂਸਰੀ ਵਾਰ ਫੇਰ ਆਈਐਮਐਫ ਦੀ ਸ਼ਰਨ ਵੀ ਦੇਖ ਸਕਦਾ ਹੈ।

10 ਹਫਤਿਆਂ ਤੱਕ ਦੀ ਦਰਾਮਦ ਜੋਗਾ ਵਿਦੇਸ਼ੀ ਮੁਦਰਾ ਭੰਡਾਰ

ਫਾਈਨੈਂਨਸ਼ੀਅਲ ਟਾਈਮਜ਼ ਦਾ ਕਹਿਣਾ ਹੈ ਕਿ ਪਾਕਿਸਤਾਨ ਕੋਲ ਸਿਰਫ 10 ਹਫ਼ਤਿਆਂ ਤੱਕ ਦੀ ਦਰਾਮਦ (ਇਮਪੋਰਟ) ਜਿੰਨੀ ਹੀ ਵਿਦੇਸ਼ੀ ਪੂੰਜੀ ਹੈ। ਅਖ਼ਬਾਰ ਮੁਤਾਬਕ ਵਿਦੇਸ਼ਾਂ ਵਿੱਚ ਰਹਿ ਰਹੇ ਪਾਕਿਸਤਾਨੀਆਂ ਵੱਲੋਂ ਭੇਜੇ ਜਾਂਦੇ ਪੈਸੇ ਵਿੱਚ ਕਮੀ ਆਈ ਹੈ।

ਪਾਕਿਸਤਾਨ ਕੋਲ ਵਿਦੇਸ਼ੀ ਪੂੰਜੀ ਮੁੱਕਣ ਦਾ ਇੱਕ ਕਾਰਨ ਚੀਨ-ਪਾਕਸਿਤਾਨ ਕੋਰਿਡੋਰ ਵਿੱਚ ਲੱਗ ਰਿਹਾ ਪੈਸਾ ਵੀ ਹੈ। ਇਹ ਯੋਜਨਾ 60 ਅਰਬ ਡਾਲਰ ਦੀ ਹੈ।

Image copyright Getty Images

ਵਿਸ਼ਵ ਬੈਂਕ ਨੇ ਅਕਤੂਬਰ ਵਿੱਚ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੂੰ ਕਰਜ਼ਾ ਮੋੜਨ ਅਤੇ ਆਪਣਾ ਕਰੰਟ ਅਕਾਊਂਟ ਦਾ ਘਾਟਾ ਪੂਰਾ ਕਰਨ ਲਈ 17 ਅਰਬ ਡਾਲਰ ਦੀ ਲੋੜ ਪਵੇਗੀ।

ਪਾਕਿਸਤਾਨ ਦਾ ਤਰਕ ਸੀ ਕਿ ਜੇ ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀਆਂ ਨੂੰ ਵਧੀਆ ਨਫ਼ੇ ਦਾ ਲਾਲਚ ਦਿੱਤਾ ਜਾਵੇ ਤਾਂ ਉਹ ਮਦਦ ਕਰ ਸਕਦੇ ਹਨ।

ਇਸ ਬਾਰੇ ਦੇਸ ਦੇ ਕੇਂਦਰੀ ਬੈਂਕ ਦੇ ਇੱਕ ਅਧਿਕਾਰੀ ਨੇ ਵੀ ਫਾਈਨੈਂਨਸ਼ੀਅਲ ਟਾਈਮਜ਼ ਨੂੰ ਦੱਸਿਆ ਸੀ।

ਸੰਕਟ ਵਿੱਚ ਪਾਕਿਸਤਾਨ

ਅਧਿਕਾਰੀ ਨੇ ਦੱਸਿਆ ਸੀ ਕਿ ਦੇਸ ਨੂੰ ਪ੍ਰਵਾਸੀਆਂ ਕੋਲੋਂ 1 ਅਰਬ ਡਾਲਰ ਦੀ ਜ਼ਰੂਰਤ ਹੈ।

ਪਾਕਿਸਤਾਨ ਸਿਰ ਚੀਨੀ ਕਰਜ਼ਾ ਲਗਾਤਾਰ ਵਧ ਰਿਹਾ ਹੈ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜੂਨ ਵਿੱਚ ਖ਼ਤਮ ਹੋਣ ਵਾਲੇ ਵਿੱਤੀ ਵਰ੍ਹੇ ਵਿੱਚ ਇਹ ਰਕਮ 5 ਅਰਬ ਡਾਲਰ ਤੱਕ ਪਹੁੰਚ ਜਾਵੇਗੀ।

Image copyright Getty Images

ਅਮਰੀਕਾ ਤੋਂ ਆਉਂਦੀ ਮਦਦ ਵਿੱਚ ਟਰੰਪ ਨੇ ਵੱਡੀ ਕਟੌਤੀ ਕਰ ਦਿੱਤੀ ਹੈ। ਉੱਥੋਂ ਦੇ ਵਿਦੇਸ਼ ਮੰਤਰੀ ਮਾਈਕ ਪੌਂਪਿਓ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਅਮਰੀਕੀ ਰਿਸ਼ਤੇ ਲੀਹੋਂ ਲਹਿ ਚੁੱਕੇ ਹਨ।

ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਜਾਂਦੀ ਮਦਦ ਵਿੱਚ ਅਗਲੇ ਸਾਲ ਹੋਰ ਕਮੀ ਕੀਤੀ ਜਾਵੇਗੀ। ਇਨ੍ਹਾਂ ਵਿਗੜਦੇ ਰਿਸ਼ਤਿਆਂ ਵਿੱਚ ਚੀਨ ਦੀ ਮਹਤੱਤਾ ਵਧ ਗਈ ਹੈ।

ਆਈਐਮਐਫ (INTERNATIONAL MONETARY FUND) ਮੁਤਾਬਕ ਪਾਕਿਸਤਾਨ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ। ਜੋ ਕਿ 2009-2018 ਦਰਮਿਆਮ 50 ਫੀਸਦੀ ਵਧ ਗਿਆ ਹੈ।

ਆਈਐਮਐਫ ਨੇ ਵੀ ਸਾਲ 2013 ਵਿੱਚ ਪਾਕਿਸਤਾਨ ਨੂੰ 6.7 ਅਰਬ ਡਾਲਰ ਦਾ ਪੈਕੇਜ ਦਿੱਤਾ ਸੀ।

ਚੀਨ ਤੋਂ ਕਰਜ਼ਾ ਲੈ ਕੇ ਉਸੇ ਤੋਂ ਖ਼ਰੀਦ

ਚੀਨ ਪਾਕਿਸਤਾਨ ਵਿੱਚ ਕੌਰਿਡੋਰ ਬਣਾ ਰਿਹਾ ਹੈ, ਜੋ ਕਿ ਚੀਨ ਲਈ ਅਹਿਮ ਹੈ। ਅਜਿਹੇ ਵਿੱਚ ਚੀਨ ਨਹੀਂ ਚਾਹੁੰਦਾ ਕਿ ਪਾਕਿਸਤਾਨ ਕਿਸੇ ਅਜਿਹੀ ਵਿੱਤੀ ਘੁੰਮਣਘੇਰੀ ਵਿੱਚ ਫਸੇ ਕਿ ਯੋਜਨਾ 'ਤੇ ਅਸਰ ਪਵੇ।

ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਨੇ ਆਪਣੀ ਆਰਥਿਕ ਵਾਧੇ ਦੀ ਦਰ ਦੇ ਅੰਦਾਜ਼ੇ ਨੂੰ ਘਟਾ ਦਿੱਤਾ ਸੀ।

ਆਈਐਮਐਫ ਨੇ ਇਹ ਦਰ 4.7 ਰਹਿਣ ਦੀ ਉਮੀਦ ਜਤਾਈ ਹੈ ਪਰ ਪਾਕਿਸਤਾਨ 6 ਫੀਸਦੀ ਮੰਨ ਰਿਹਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਦਾ ਸਿਆਸਤ ਤੇ ਸੱਭਿਆਚਾਰ ਬਾਰੇ ਨਜ਼ਰੀਆ।

ਪਾਕਿਸਤਾਨ ਦੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਚੀਨੀ ਸਹਾਇਤਾ ਨਾਲ ਵਿਪਤਾ ਟਲਣ ਵਾਲੀ ਨਹੀਂ ਹੈ। ਹੁਣ ਪਾਕਿਸਤਾਨ ਸਾਉਦੀ ਵੱਲ ਵੀ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।

ਦਿ ਡਾਅਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੌਰਿਡੋਰ ਕਰਕੇ ਪਾਕਿਸਤਾਨ ਲਗਾਤਾਰ ਚੀਨ ਤੋਂ ਮਸ਼ੀਨਾਂ ਮੰਗਾ ਰਿਹਾ ਹੈ।

ਜਿਸ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਜਿਸ ਕਰਕੇ ਕਰੰਟ ਅਕਾਊਂਟ ਦਾ ਘਾਟਾ ਵਧ ਰਿਹਾ ਹੈ।

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਬਲਦੀ 'ਤੇ ਤੇਲ ਹੋਰ ਪਾ ਰਹੀਆਂ ਹਨ।

ਬੇਤਹਾਸ਼ਾ ਵਪਾਰਕ ਘਾਟਾ

ਪਾਕਿਸਤਾਨ ਦਾ ਵਪਾਰਕ ਘਾਟਾ ਲਗਾਤਾਰ ਵਧ ਰਿਹਾ ਹੈ। ਭਾਵ ਦਰਾਮਦ ਵੱਧ ਹੈ ਅਤੇ ਬਰਾਮਦ ਘੱਟ ਹੈ। ਪਿਛਲੇ ਸਾਲ ਪਾਕਿਸਤਾਨ ਦਾ ਵਪਾਰਕ ਘੱਟਾ 33 ਅਰਬ ਡਾਲਰ ਦਾ ਸੀ।

Image copyright Getty Images

ਪਾਕਿਸਤਾਨ ਨੇ ਇਸ ਘਾਟੇ ਦੀ ਉਮੀਦ ਨਹੀਂ ਕੀਤੀ ਸੀ। ਇਸ ਦਾ ਮਤਲਬ ਹੈ ਕਿ ਕੌਮਾਂਤਰੀ ਮੰਡੀ ਵਿੱਚ ਪਾਕਿਸਤਾਨੀ ਵਸਤਾਂ ਦੀ ਮੰਗ ਲਗਾਤਾਰ ਘਟ ਰਹੀ ਹੈ।

ਇਥੋਂ ਤੱਕ ਕਿ ਪਾਕਿਸਤਾਨੀ ਸਨਅਤ ਦੇਸ ਵਿੱਚ ਵੀ ਵਿਦੇਸ਼ੀ ਕੰਪਨੀਆਂ ਤੋਂ ਮੁਕਾਬਲੇ ਵਿੱਚ ਹਾਰ ਰਹੀ ਹੈ।

ਪਾਕਿਸਤਾਨ ਵਿੱਚ ਆਮਦਨ ਕਰ ਦੇਣ ਵਾਲਿਆਂ ਦੀ ਸੰਖਿਆ ਬਹੁਤ ਸੀਮਤ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ 2007 ਵਿੱਚ ਇਨ੍ਹਾਂ ਲੋਕਾਂ ਦੀ ਸੰਖਿਆ ਸਿਰਫ਼ 21 ਲੱਖ ਸੀ ਜੋ ਸਾਲ 2017 ਵਿੱਚ ਸਿਰਫ਼ 12.60 ਲੱਖ ਰਹਿ ਗਈ। ਕਿਹਾ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਇਹ ਗਿਣਤੀ ਹੋਰ ਘਟੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)