ਇੱਥੇ ਪੈਟ੍ਰੋਲ ਦੀ ਕੀਮਤ ਹੈ 67 ਪੈਸੇ ਪ੍ਰਤੀ ਲੀਟਰ

ਪੈਟ੍ਰੋਲ

ਭਾਰਤ ਵਿੱਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਆਸਮਾਨੀ ਲੱਗਦੀਆਂ ਕੀਮਤਾਂ ਸੁਰਖੀਆਂ 'ਚ ਬਣੀਆਂ ਹੋਈਆਂ ਹਨ। ਭਾਰਤ ਵਿੱਚ ਪੈਟ੍ਰੋਲ ਦੀ ਕੀਮਤ ਕਰੀਬ 80 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।

ਇਹ ਕੀਮਤ ਕੁਝ ਸ਼ਹਿਰਾਂ 'ਚ ਥੋੜ੍ਹਾ ਘੱਟ ਅਤੇ ਕੁਝ ਵਿੱਚ ਥੋੜ੍ਹੀ ਵੱਧ ਹੋ ਸਕਦੀ ਹੈ।

ਪਰ ਵੱਖ-ਵੱਖ ਕਾਰਨਾਂ ਕਰਕੇ ਦੁਨੀਆਂ ਦੇ ਕਈ ਦੇਸਾਂ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਵੱਖ-ਵੱਖ ਹਨ।

ਪੈਟ੍ਰੋਲ ਦੀ ਕੀਮਤ ਕਈਆਂ ਗੱਲਾਂ ਦੇ ਨਿਰਭਰ ਕਰਦੀ ਹੈ। ਭਾਵ ਕਿਸੇ ਦੇਸ ਦੀ ਸਰਕਾਰ ਕਿੰਨੀ ਸਬਸਿਡੀ ਦਿੰਦੀ ਹੈ, ਕਿੰਨਾ ਟੈਕਸ ਲਗਾਉਂਦੀ ਹੈ, ਮਹਿੰਗਾਈ ਵਧਣ ਤੋਂ ਰੋਕਣ ਲਈ ਕਿਵੇਂ ਨੀਤੀਆਂ ਅਪਣਾਉਂਦੀ ਹੈ ਆਦਿ।

Image copyright Getty Images

ਇਸ ਨਾਲ ਵੀ ਫਰਕ ਪੈਂਦਾ ਹੈ ਕਿ ਕਿਸੇ ਦੇਸ ਵਿੱਚ ਤੇਲ ਕਿਥੋਂ ਆਉਂਦਾ ਹੈ, ਉਹ ਇਸ ਦਾ ਉਤਪਾਦਨ ਖ਼ੁਦ ਕਰਦਾ ਹੈ ਜਾਂ ਕਿਸੇ ਹੋਰ ਦੇਸ ਤੋਂ ਖਰੀਦਦਾ ਹੈ ਇਸ ਲਈ ਕਈ ਵਾਰ ਦੋ ਦੇਸਾਂ ਵਿੱਚ ਪੈਟ੍ਰੋਲ ਦੀਆਂ ਕੀਮਤਾਂ 'ਚ ਵੱਡਾ ਫਰਕ ਹੁੰਦਾ ਹੈ।

ਉਦਾਹਰਣ ਲਈ ਜੇ ਨੀਦਰਲੈਂਡ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਅਤੇ ਬੋਲੀਵੀਆ ਵਿੱਚ ਬਹੁਤ ਘੱਟ ਪਰ ਇਸ ਦਾ ਮਤਲਬ ਇਹ ਨਹੀਂ ਕਿ ਡੱਚ ਲੋਕਾਂ ਲਈ ਪੈਟ੍ਰੋਲ ਬਹੁਤ ਮਹਿੰਗਾ ਅਤੇ ਬੋਲੀਵਿਆਈ ਲੋਕਾਂ ਲਈ ਬਹੁਤ ਸਸਤਾ ਹੈ।

ਸਭ ਕੁਝ ਲੋਕਾਂ ਦੀ ਹੈਸੀਅਤ ਅਤੇ ਜੇਬ 'ਤੇ ਨਿਰਭਰ ਕਰਦਾ ਹੈ।

ਸਭ ਤੋਂ ਸਸਤਾ ਪੈਟ੍ਰੋਲ ਕਿੱਥੇ?

  • ਵੈਨੇਜ਼ੁਏਲਾ

ਵੈਨੇਜ਼ੁਏਲਾ ਅਜਿਹਾ ਦੇਸ ਹੈ ਜਿੱਥੇ ਦੁਨੀਆਂ 'ਚ ਸਭ ਤੋਂ ਸਸਤਾ ਪੈਟ੍ਰੋਲ ਮਿਲਦਾ ਹੈ। ਉਥੇ ਪੈਟ੍ਰੋਲ ਦੀ ਕੀਮਤ 67 ਪੈਸੇ ਪ੍ਰਤੀ ਲੀਟਰ ਹੈ।

Image copyright Getty Images

ਪਰ ਆਰਥਿਕ ਸੰਕਟ ਨਾਲ ਜੂਝ ਰਹੇ ਵੈਨੇਜ਼ੁਏਲਾ 'ਚ ਪੈਟ੍ਰੋਲ ਇੰਨਾ ਸਸਤਾ ਕਿਵੇਂ ਹੈ? ਦਰਅਸਲ ਵੈਨੇਜ਼ੁਏਲਾ 'ਚ ਧਰਤੀ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਅਤੇ ਅਰਥਵਿਵਸਥਾ ਡਿੱਗਣ ਦੇ ਬਾਵਜੂਦ ਵੈਨੇਜ਼ੁਏਲਾ ਦੀ ਸਰਕਾਰ ਤੇਲ 'ਤੇ ਸਬਸਿਡੀ ਦਿੰਦੀ ਹੈ।

  • ਸਾਊਦੀ ਅਰਬ

ਸਾਊਦੀ ਅਰਬ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਤੇਲ ਭੰਡਾਰ ਵਾਲਾ ਦੇਸ ਹੈ ਪਰ ਪੈਟ੍ਰੋਲ ਦੀ ਕੀਮਤ ਦੇ ਮਾਮਲੇ ਵਿੱਚ ਇਹ ਦੇਸ 13ਵੇਂ ਨੰਬਰ 'ਤੇ ਆਉਂਦਾ ਹੈ। ਇੱਥੇ ਇੱਕ ਲੀਟਰ ਤੇਲ ਦੀ ਕੀਮਤ ਵੈਨੇਜ਼ੁਏਲਾ ਨਾਲੋਂ 54 ਗੁਣਾ ਯਾਨਿ 36.40 ਰੁਪਏ ਹੈ।

  • ਈਰਾਨ, ਸੂਡਾਨ, ਕੁਵੈਤ

ਈਰਾਨ ਵਿੱਚ ਵੀ ਪੈਟ੍ਰੋਲ ਬਹੁਤ ਸਸਤਾ ਹੈ। ਇੱਥੇ ਇੱਕ ਲੀਟਰ ਪੈਟ੍ਰੋਲ ਦੀ ਕੀਮਤ 18.88 ਰੁਪਏ ਹੈ। ਜਦਕਿ ਸੂਡਾਨ 'ਚ ਪੈਟ੍ਰੋਲ ਦੀ ਕੀਮਤ 22.93 ਰੁਪਏ ਪ੍ਰਤੀ ਲੀਟਰ ਹੈ। ਦੋਵੇਂ ਹੀ ਦੇਸ ਏਸ਼ੀਆ ਅਤੇ ਅਫਰੀਕਾ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ ਹਨ।

Image copyright Getty Images

ਕੁਵੈਤ ਦੀ ਗੱਲ ਕਰੀਏ ਤਾਂ ਇੱਥੇ ਇੱਕ ਲੀਟਰ ਪੈਟ੍ਰੋਲ ਦੀ ਕੀਮਤ 23.59 ਰੁਪਏ ਹੈ।

ਇਹ ਦੇਸ ਦੁਨੀਆਂ ਦੇ ਦੂਜੇ ਦੇਸਾਂ ਨੂੰ ਕੌਮਾਂਤਰੀ ਦਰਾਂ 'ਤੇ ਤੇਲ ਵੇਚ ਕੇ ਮੁਨਾਫ਼ਾ ਕਮਾਉਂਦਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਇਹ ਦੇਸ ਘਰੇਲੂ ਦਰਾਂ 'ਤੋਂ ਸਸਤਾ ਤੇਲ ਮੁਹੱਈਆ ਕਰਾਉਂਦੇ ਹਨ।

ਸਭ ਤੋਂ ਮਹਿੰਗਾ ਪੈਟ੍ਰੋਲ ਕਿੱਥੇ?

  • ਆਈਸਲੈਂਡ

ਪੈਟ੍ਰੋਲ ਖਰੀਦਣ ਲਈ ਆਈਸਲੈਂਡ ਸਭ ਤੋਂ ਮਹਿੰਗਾ ਦੇਸ ਹੈ। ਗਲੋਬਲ ਪੈਟ੍ਰੋਲ ਪ੍ਰਾਈਜ਼ ਮੁਤਾਬਕ ਇੱਥੇ ਇੱਕ ਲੀਟਰ ਪੈਟ੍ਰੋਲ ਦੀ ਕੀਮਤ 144.96 ਰੁਪਏ ਹੈ।

  • ਹਾਂਗਕਾਂਗ

ਚੀਨੀ ਖੇਤਰ ਹਾਂਗਕਾਂਗ ਪੈਟ੍ਰੋਲ ਦੀ ਕੀਮਤ ਦੇ ਲਿਹਾਜ਼ ਨਾਲ ਦੂਜੀ ਸਭ ਤੋਂ ਮਹਿੰਗੀ ਥਾਂ ਹੈ। ਇੱਥੋਂ ਇੱਕ ਲੀਟਰ ਪੈਟ੍ਰੋਲ 144.31 ਰੁਪਏ ਵਿੱਚ ਮਿਲਦਾ ਹੈ। ਇਹ ਕੀਮਤ ਵੈਨੇਜ਼ੁਏਲਾ ਦੀ ਕੀਮਤ ਨਾਲੋਂ 194 ਗੁਣਾ ਵੱਧ ਹੈ।

  • ਨਾਰਵੇ

ਮਹਿੰਗੇ ਪੈਟ੍ਰੋਲ ਵਾਲੇ ਦੇਸਾਂ ਦੀ ਸੂਚੀ ਵਿੱਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਨਾਮ ਨਾਰਵੇ ਦਾ ਹੈ। ਇਹ ਦੇਸ ਖ਼ੁਦ ਸਭ ਤੋਂ ਵੱਡੇ ਤੇਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ ਇੱਥੇ ਪੈਟ੍ਰੋਲ ਦੀ ਕੀਮਤ 138.20 ਰੁਪਏ ਪ੍ਰਤੀ ਲੀਟਰ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੰਮ-ਧੰਦਾ: ਕਿਉਂ ਵੱਧ ਰਹੀਆਂ ਹਨ ਤੇਲ ਦੀਆਂ ਕੀਮਤਾਂ ਅਤੇ ਕੀ ਹੈ ਇਸ ਦਾ ਭਵਿੱਖ?

ਨਾਰਵੇ ਵਿੱਚ ਪੈਟ੍ਰੋਲ ਮਹਿੰਗਾ ਹੋਣ ਦਾ ਕਾਰਨ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣੀਆਂ ਕਾਰਾਂ ਦੀ ਵਰਤੋਂ ਘੱਟ ਕਰਨ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਦੀ ਵੱਧ। ਇਸੇ ਕਾਰਨ ਨਾਰਵੇ ਦੀ ਸਰਕਾਰ ਨੇ ਤੇਲ 'ਤੇ ਭਾਰੀ ਟੈਕਸ ਲਗਾਇਆ ਹੋਇਆ ਹੈ।

ਨਾਰਵੇ ਤੇਲ ਦੀ ਬਰਆਮਦਗੀ ਕਰਕੇ ਜਦੋਂ ਪੈਸਾ ਕਮਾਉਂਦਾ ਹੈ, ਉਸ ਨੂੰ ਉਹ ਆਪਣੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿੱਚ ਲਗਾ ਦਿੰਦਾ ਹੈ ਤਾਂ ਜੋ ਜਦੋਂ ਕਿਸੇ ਦਿਨ ਤੇਲ ਦਾ ਭੰਡਾਰ ਖ਼ਤਮ ਹੋ ਜਾਵੇਗਾ ਤਾਂ ਉਹ ਖ਼ੁਦ ਨੂੰ ਸੰਭਾਲ ਸਕੇ।

ਇਹੀ ਗੱਲ ਨੀਦਰਲੈਂਡ, ਮੋਨਾਕੋ, ਗ੍ਰੀਸ ਅਤੇ ਡੈਨਮਾਰਕ 'ਤੇ ਵੀ ਲਾਗੂ ਹੁੰਦੀ ਹੈ। ਨੀਦਰਲੈਂਡ ਪੈਟ੍ਰੋਲ ਦੀਆਂ ਸਭ ਤੋਂ ਵੱਧ ਕੀਮਤਾਂ ਵਾਲੇ ਦੇਸਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ।

ਇੱਥੇ ਇੱਕ ਲੀਟਰ ਤੇਲ ਦੀ ਕੀਮਤ 132.80 ਰੁਪਏ ਹੈ।

ਉਥੇ ਹੀ ਮੋਨਾਕੋ, ਗ੍ਰੀਸ ਅਤੇ ਡੈਨਮਾਰਕ 'ਚ ਇਹ ਕੀਮਤ 129.43 ਰੁਪਏ ਪ੍ਰਤੀ ਲੀਟਰ ਹੈ। ਇਹ ਤਿੰਨੇ ਦੇਸ ਕੀਮਤ ਦੇ ਹਿਸਾਬ ਨਾਲ ਪੰਜਵੇਂ ਨੰਬਰ 'ਤੇ ਹਨ।

  • ਇਸਰਾਈਲ

ਇਸਰਾਈਲ ਵਿੱਚ ਪੈਟ੍ਰੋਲ ਦੀਆਂ ਕੀਮਤਾਂ 125.38 ਰੁਪਏ ਪ੍ਰਤੀ ਲੀਟਰ ਹੈ। ਸਭ ਤੋਂ ਵੱਧ ਕੀਮਤਾਂ ਵਾਲੀ ਸੂਚੀ 'ਚ ਇਸਰਾਈਲ 10ਵੇਂ ਨੰਬਰ 'ਤੇ ਹੈ। ਇੱਥੇ ਵਧੇਰੇ ਕੀਮਤਾਂ ਦਾ ਕਾਰਨ ਹੈ ਕਿ ਇਸਰਾਈਲ ਆਪਣੇ ਖੇਤਰ ਵਿੱਚ ਬਹੁਤ ਘੱਟ ਤੇਲ ਦਾ ਉਤਪਾਦਨ ਕਰਦਾ ਹੈ ਉਹ ਜ਼ਿਆਦਾਤਰ ਤੇਲ ਦੂਜੇ ਦੇਸਾਂ ਤੋਂ ਖਰੀਦਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)