ਕਹਾਣੀ ਤਾਏ ਛੱਜੂ ਦੀ ਅਤੇ ਮੁਆਫ਼ੀ ਪ੍ਰਿਅੰਕਾ ਚੋਪੜਾ ਦੀ: ਬਲਾਗ

ਪ੍ਰਿਅੰਕਾ ਚੋਪੜਾ Image copyright TWITTER/PRIYANKA CHOPRA

ਸਾਡੇ ਪਰਿਵਾਰ ਵਿੱਚ ਇੱਕ ਤਾਇਆ ਸੀ ਛੱਜੂ। ਉਸ ਨਾਲੋਂ ਕੰਨਾਂ ਦਾ ਕੱਚਾ ਅਤੇ ਸ਼ੱਕੀ ਮਿਜ਼ਾਜ ਵਾਲਾ ਸਾਡੀਆਂ ਸੱਤ ਪੁਸ਼ਤਾ ਵਿੱਚ ਨਹੀਂ ਜੰਮਿਆ।

ਤਾਏ ਛੱਜੂ ਦਾ ਸਭ ਤੋਂ ਮਸ਼ਹੂਰ ਕਿੱਸਾ ਇਹ ਹੈ ਕਿ ਇੱਕ ਵਾਰ ਉਨ੍ਹਾਂ ਨੇ ਸਵੇਰੇ-ਸਵੇਰੇ ਉਠਦਿਆਂ ਹੀ ਤਾਈ ਨੂੰ ਥਾਪੀ ਨਾਲ ਕੁੱਟ ਦਿੱਤਾ। "ਬਦਚਲਨ! ਗੁਆਂਢੀਆਂ ਦੇ ਕੱਪੜੇ ਧੋਂਦੀ ਹੈ! ਨੀਚ ਔਰਤ!"

ਤਾਈ ਦੀਆਂ ਚੀਕਾਂ ਸੁਣ ਕੇ ਘਰ ਵਿੱਚ ਵੱਡੇ ਬਜ਼ੁਰਗ ਇਕੱਠੇ ਹੋ ਗਏ ਅਤੇ ਤਾਏ ਨੂੰ ਪੁੱਛਿਆ ਕਿ ਅਜਿਹੀ ਕੀ ਹਰਕਤ ਕਰ ਦਿੱਤੀ ਤੇਰੀ ਵਹੁਟੀ ਨੇ ਕਿ ਸਵੇਰੇ ਹੀ ਉਸ ਦੇ ਦੁਆਲੇ ਹੋ ਗਿਆ ਹੈ। ਤਾਏ ਨੇ ਕਿਹਾ ਇਹ ਕਮੀਨੀ ਗੁਆਂਢੀਆਂ ਦੇ ਕੱਪੜੇ ਧੋਂਦੀ ਹੈ। ਤਾਈ ਨੇ ਰੋਂਦੇ-ਰੋਂਦੇ ਪੁੱਛਿਆ, "ਮੈਂ ਕਦੋਂ ਧੋਤੇ? ਤੁਸੀਂ ਕਦੋਂ ਦੇਖਿਆ? ਕੀ ਸਬੂਤ ਹੈ ਤੁਹਾਡੇ ਕੋਲ?"

Image copyright Getty Images

ਤਾਇਆ ਬੋਲਿਆ, "ਸਬੂਤ ਦੀ ਬੱਚੀ! ਮੈਂ ਕੱਲ੍ਹ ਰਾਤ ਖ਼ੁਦ ਸੁਪਨੇ 'ਚ ਦੇਖਿਆ ਕਿ ਤੂੰ ਹੱਸ-ਹੱਸ ਕੇ ਉਸ ਦੇ ਕੱਪੜੇ ਧੋ ਰਹੀ ਹੈਂ। ਖ਼ੁਦ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਸੁਪਨੇ ਵਿੱਚ।"

ਮੈਂ ਸਮਝ ਸਕਦਾ ਹਾਂ ਕਿ ਅਮਰੀਕੀ ਸੀਰੀਜ਼ 'ਕੁਆਟਿੰਕੋ' ਵਾਲਿਆਂ ਦੀ ਹੈਰਾਨੀ ਅਤੇ ਉਸ ਤਕਲੀਫ਼ ਨੂੰ ਜੋ ਉਨ੍ਹਾਂ ਨੇ ਕਈ ਭਾਰਤੀਆਂ ਕੋਲੋਂ ਮੁਆਫ਼ੀ ਮੰਗਣ ਸਮੇਂ ਹੋਈ ਹੋਵੇਗੀ।

ਕਿਉਂਕਿ ਉਨ੍ਹਾਂ ਨੇ ਗ਼ਲਤੀ ਨਾਲ ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਮੂੰਹੋਂ ਉਹ ਗੱਲਾਂ ਕੱਢਵਾ ਦਿੱਤੀਆਂ ਜੋ ਕਿਸੇ ਗ਼ੈਰ-ਭਾਰਤੀ ਅਦਾਕਾਰ ਦੇ ਮੂੰਹ ਤੋਂ ਕੱਢਵਾਉਣੀਆਂ ਚਾਹੀਦੀਆਂ ਸੀ, ਤਾਂ ਜੋ ਭਾਰਤ ਦੀ ਬਦਨਾਮੀ ਨਾ ਹੁੰਦੀ ਕਿ ਉੱਥੇ ਵੀ ਕੋਈ ਹਿੰਦੂ ਕੱਟੜਪੰਥੀ ਹੋ ਸਕਦਾ ਹੈ।

ਫੇਰ ਕਿਸੇ ਨੇ ਹੈਰਾਨ ਅਮਰੀਕੀਆਂ ਨੂੰ ਸਲਾਹ ਦਿੱਤੀ ਹੋਵੇਗੀ ਕਿ ਭਾਈ ਸਾਬ੍ਹ! ਮੁਆਫ਼ੀ ਮੰਗ ਲਉ। ਮੰਨ ਲਿਆ ਕਿ ਇਹ ਕੋਈ ਰਿਐਲਿਟੀ ਟੀਵੀ ਸ਼ੋਅ ਨਹੀਂ ਸੀ, ਬਲਕਿ ਫਿਕਸ਼ਨ ਸੀ, ਅਫ਼ਸਾਨਾ ਸੀ ਪਰ ਫੇਰ ਵੀ ਮੁਆਫ਼ੀ ਮੰਗ ਲਉ।

ਜਿਹੜੇ ਲੋਕ ਸੰਜੇ ਲੀਲਾ ਭੰਸਾਲੀ ਅਤੇ ਦੀਪਿਕਾ ਨੂੰ ਨਾ ਸਮਝਾ ਸਕੇ ਕਿ 'ਪਦਮਾਵਤੀ' ਦੀ ਕਹਾਣੀ ਇਤਿਹਾਸਕ ਸੱਚਾਈ ਨਹੀਂ ਬਲਕਿ ਅਫ਼ਸਾਨਾ ਹੈ, ਉਹ ਤੁਹਾਡੀ ਗੱਲ ਕਿਉਂ ਸਮਝਣਗੇ ਤੇ ਫੇਰ ਪ੍ਰਿਅੰਕਾ ਨੇ ਵੀ ਤਾਂ ਘਰ ਜਾਣਾ ਹੈ।

Image copyright Viacom18MotionPictures

ਇਸ ਤਰ੍ਹਾਂ ਕੁਆਂਟਿਕੋ ਵਾਲਿਆਂ ਅਤੇ ਪ੍ਰਿਅੰਕਾ ਨੇ ਦੇਸ਼ਭਗਤਾਂ ਕੋਂਲੋਂ ਮੁਆਫ਼ੀ ਮੰਗ ਲਈ।

ਜਿਸ ਜ਼ਮਾਨੇ ਵਿੱਚ ਫਿਲਮ ਜਿਨਾਹ ਲਈ ਕ੍ਰਿਸਟਫਰ ਲੀ ਨੂੰ ਚੁਣਿਆ ਗਿਆ ਤਾਂ ਪਾਕਿਸਤਾਨੀ ਮੀਡੀਆ ਵਿੱਚ ਸਖ਼ਤ ਵਿਰੋਧ ਹੋਇਆ ਜੋ ਸ਼ਖ਼ਸ ਡ੍ਰੈਕੁਲਾ ਦੇ ਤੌਰ 'ਤੇ ਮਸ਼ਹੂਰ ਹੈ ਉਹ ਮੁਹੰਮਦ ਅਲੀ ਜਿਨਾਹ ਵਰਗੀ ਅਜ਼ੀਮ ਸ਼ਖ਼ਸੀਅਤ ਦਾ ਰੋਲ ਕਿਵੇਂ ਅਦਾ ਕਰੇਗਾ।

ਪਰ ਕਿਸੇ ਨੇ ਵੀ ਇਹ ਧਮਕੀ ਨਹੀਂ ਦਿੱਤੀ ਕਿ ਜਿਨਾਹ ਫਿਲਮ ਰਿਲੀਜ਼ ਹੋਈ ਤਾਂ ਕ੍ਰਿਸਟਪਰ ਲੀ ਦਾ ਖ਼ੂਨ ਪੀ ਜਾਵਾਂਗੇ। ਸ਼ਾਇਦ ਇਨ੍ਹਾਂ ਵਿਰੋਧੀਆਂ ਨੂੰ ਕਿਸੇ ਨੇ ਕੰਨ ਵਿੱਚ ਕਹਿ ਦਿੱਤਾ ਹੋਵੇਗਾ ਕਿ ਕ੍ਰਿਸਟਫਰ ਲੀ ਦਾ ਖ਼ੂਨ ਪੀਣ ਦਾ ਸੋਚਣਾ ਵੀ ਨਾ। ਉਹ ਤਾਂ ਖ਼ੁਦ ਖ਼ੂਨ ਪੀ ਕੇ ਜੀਣ ਵਾਲਾ ਡ੍ਰੈਕੁਲਾ ਸੀ।

ਜਦੋਂ ਮੈਂ ਬੀਬੀਸੀ ਲਈ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਸ਼ੁਭ ਚਿੰਤਕ ਨੇ ਪੁੱਛਿਆ ਕਿ ਕੀ ਤੁਸੀਂ ਮੁਸਲਮਾਨ ਹੋ? ਮੈਂ ਕਿਹਾ, ਅਲਹਮਦੂਲਿੱਲਾਹ। ਉਸ ਨੇ ਪੁੱਛਿਆ ਕਿ ਤੁਸੀਂ ਦੇਸ਼ ਭਗਤ ਪਾਕਿਸਤਾਨੀ ਵੀ ਹੋ? ਮੈਂ ਕਿਹਾ ਕਿ ਇਸ ਵਿੱਚ ਕੀ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਫੇਰ ਤੁਹਾਨੂੰ ਹਿੰਦੂਆਂ ਦੀ ਜ਼ੁਬਾਨ ਵਿੱਚ ਹਿੰਦੂਆਂ ਲਈ ਲਿਖਦਿਆਂ ਸ਼ਰਮ ਨਹੀਂ ਆਉਂਦੀ?

ਉਹ ਸੁਣ ਕੇ ਜੋ ਮੇਰਾ ਹਾਲ ਹੋਇਆ, ਮੈਨੂੰ ਵਿਸ਼ਵਾਸ ਹੈ ਕਿ ਉਹੀ ਹਾਲ ਸੰਜੇ ਲੀਲਾ ਭੰਸਾਲੀ, ਦੀਪਿਕਾ, ਪ੍ਰਿਅੰਕਾ ਚੋਪੜਾ ਅਤੇ ਕੁਆਂਟਿਕੋ ਟੀਵੀ ਸੀਰੀਜ਼ ਵਾਲਿਆਂ ਦਾ ਵੀ ਹੋਇਆ ਹੋਵੇਗਾ।

ਮੈਂ ਸਮਝਦਾ ਸੀ ਕਿ ਤਾਇਆ ਛੱਜੂ ਸਿਰਫ਼ ਸਾਡੇ ਹੀ ਖ਼ਾਨਦਾਨ ਵਿੱਚ ਹੈ ਪਰ ਹੁਣ ਪਤਾ ਲੱਗਾ ਕਿ ਕੰਨਿਆਕੁਮਾਰੀ ਤੋਂ ਪੇਸ਼ਾਵਰ ਤੱਕ ਕਰੋੜਾਂ ਤਾਇਆ ਛੱਜੂ ਫੈਲੇ ਹੋਏ ਹਨ ਅਤੇ ਰੋਜ਼ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)