2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਇੱਕ ਨਹੀਂ ਤਿੰਨ ਦੇਸ-ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਕਰਨਗੇ

ਫੀਫਾ ਵਿਸ਼ਵ ਕੱਪ

ਤਸਵੀਰ ਸਰੋਤ, Getty Images

ਰੂਸ ਦੀ ਰਾਜਧਾਨੀ ਮਾਸਕੋ ਤੋਂ ਲੈ ਕੇ ਛੋਟੇ-ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ 'ਤੇ ਵੀ ਫੁੱਟਬਾਲ ਦਾ ਨਸ਼ਾ ਚੜ੍ਹ ਰਿਹਾ ਹੈ।

ਅਜਿਹਾ ਹੋਣਾ ਜ਼ਰੂਰੀ ਵੀ ਹੈ ਕਿਉਂਕਿ ਰੂਸ ਸ਼ਾਇਦ ਉਹ ਆਖਰੀ ਮੁਲਕ ਹੋਵੇਗਾ ਜੋ ਇਕੱਲੇ ਆਪਣੇ ਦਮ 'ਤੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।

ਇਸ ਤੋਂ ਬਾਅਦ ਸਾਲ 2026 ਦਾ ਵਿਸ਼ਵ ਕੱਪ ਕਿਸੇ ਇੱਕ ਦੇਸ਼ ਵਿੱਚ ਨਹੀਂ ਸਗੋਂ ਤਿੰਨ ਦੇਸਾਂ ਦੇ ਸਮੂਹ ਵਿੱਚ ਹੋਵੇਗਾ।

ਸਾਲ 2026 ਦੇ ਫੀਫਾ ਵਿਸ਼ਵ ਕੱਪ ਦੇ ਲਈ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੂੰ ਇਕੱਠਿਆਂ ਚੁਣਿਆ ਗਿਆ ਹੈ।

ਸਾਲ 2026 ਵਿੱਚ ਹੋਣ ਵਾਲਾ ਵਿਸ਼ਵ ਕੱਪ ਹੁਣ ਤੱਕ ਖੇਡੇ ਗਏ ਸਾਰੇ ਮੁਕਾਬਲਿਆਂ ਵਿੱਚੋਂ ਸਭ ਤੋਂ ਵੱਡਾ ਹੋਵੇਗਾ।

ਤਸਵੀਰ ਸਰੋਤ, Getty Images

ਇਸ ਵਿੱਚ 48 ਟੀਮਾਂ ਖੇਡਣਗੀਆਂ ਅਤੇ 34 ਦਿਨਾਂ ਵਿੱਚ 80 ਮੈਚ ਖੇਡੇ ਜਾਣਗੇ।

ਮੋਰੱਕੋ ਨੂੰ ਹੋਇਆ ਨੁਕਸਾਨ

ਸਾਲ 2026 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਜਿਨ੍ਹਾਂ ਦੇਸਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਵਿੱਚੋਂ ਮੈਕਸੀਕੋ 1970, 1986 ਵਿੱਚ ਅਤੇ ਅਮਰੀਕਾ 1994 ਵਿੱਚ ਇਸਦੀ ਮੇਜ਼ਬਾਨੀ ਕਰ ਚੁੱਕਿਆ ਹੈ।

ਚੋਣ ਪ੍ਰਕਿਰਿਆ ਵਿੱਚ ਮੋਰੱਕੋ ਵੀ ਇੱਕ ਵੱਡਾ ਦਾਅਵੇਦਾਰ ਸੀ ਜਿਸ ਨੂੰ ਵੋਟਿੰਗ ਦੌਰਾਨ ਮੋਰੱਕੋ ਨੂੰ ਸਿਰਫ 65 ਵੋਟ ਮਿਲੇ ।

ਇਸ ਦੇ ਮੁਕਾਬਲੇ ਤਿੰਨਾਂ ਦੇਸਾਂ (ਅਮਰੀਕਾ, ਕੈਨੇਡਾ ਅਤੇ ਮੈਕਸੀਕੋ) ਦੇ ਸਮੂਹ ਵੱਲੋਂ ਲਾਈ ਗਈ ਬੋਲੀ ਨੂੰ 134 ਵੋਟ ਮਿਲੇ।

ਫੁੱਟਬਾਲ ਐਸੋਸੀਏਸ਼ਨ ਨੇ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੂੰ 2026 ਦੀ ਮੇਜ਼ਬਾਨੀ ਦੇ ਅਧਿਕਾਰ ਹਾਸਲ ਕਰਨ ਲਈ ਵਧਾਈ ਦਿੰਦੇ ਹਾਂ ਪਰ ਦੋਵੇਂ ਹੀ ਦਾਅਵੇਦਾਰੀਆਂ ਮਜ਼ਬੂਤ ਸਨ ਅਤੇ ਅਸੀਂ ਇਸਦਾ ਸਵਾਗਤ ਕਰਦੇ ਹਾਂ ਕਿ ਬੋਲੀ ਲਾਉਣ ਦੀ ਪ੍ਰਕਿਰਿਆ ਖੁੱਲ੍ਹੀ ਅਤੇ ਪਾਰਦਰਸ਼ੀ ਸੀ।

ਮੋਰੱਕੋ ਇਸ ਤੋਂ ਪਹਿਲਾਂ ਚਾਰ ਵਾਰ ਵਿਸ਼ਵ ਕੱਪ ਦੇ ਲਈ ਅਰਜ਼ੀ ਦੇ ਚੁੱਕਾ ਹੈ ਪਰ ਇੱਕ ਵਾਰ ਵੀ ਸਫਲ ਨਹੀਂ ਹੋ ਸਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)