'ਹਰਭਜਨ, ਆਪਣੇ ਦੇਸ ਦੇ ਘੱਟ ਗਿਣਤੀ ਲੋਕਾਂ ਦੀ ਗੱਲ ਵੀ ਕਰੋ': ਸੋਸ਼ਲ ਮੀਡੀਆ

ਹਰਭਜਨ ਸਿੰਘ, ਕ੍ਰਿਕਟ

ਤਸਵੀਰ ਸਰੋਤ, HarbhajanTurbanatorSingh/FB

ਪਾਕਿਸਤਾਨ ਦੇ ਪਿਸ਼ਾਵਰ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਪਾਕਿਸਤਾਨ ਦੇ ਹੀ ਹੋਰ ਹਿੱਸਿਆਂ 'ਚ ਹਿਜਰਤ ਕਰਨ ਨੂੰ ਮਜਬੂਰ ਹਨ।

ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਇਸ ਖ਼ਬਰ ਨੂੰ ਸਾਂਝੀ ਕਰਦਿਆਂ ਫ਼ਿਕਰ ਜ਼ਾਹਿਰ ਕਰਕੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਜਾਣ ਕੇ ਦੁੱਖ ਹੁੰਦਾ ਹੈ ਅਜਿਹਾ ਕੁਝ ਅਜੇ ਵੀ ਹੋ ਰਿਹਾ ਹੈ...ਇਨਸਾਨੀਅਤ ਖ਼ਤਮ ਹੋ ਗਈ ਹੈ।''

ਹਰਭਜਨ ਸਿੰਘ ਭੱਜੀ ਦੇ ਇਸ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਟਵਿੱਟਰ 'ਤੇ ਉਨ੍ਹਾਂ ਨਾਲ ਸਾਂਝੀ ਕੀਤੀ।

ਮੇਰਾਜ਼ ਅਹਿਮਦ ਨੇ ਆਪਣੇ ਟਵੀਟ 'ਚ ਹਰਭਜਨ ਨੂੰ ਸਵਾਲ ਕੀਤਾ, ''ਇੰਡੀਆ 'ਚ ਵੀ ਜਿਹੜੇ ਘੱਟ ਗਿਣਤੀ ਭਾਈਚਾਰੇ ਹਨ, ਉਨ੍ਹਾਂ ਬਾਰੇ ਵੀ ਕਦੇ ਕੁਝ ਬੋਲਿਆ ਕਰੋ ਸਰ...ਪਹਿਲਾਂ ਆਪਣੇ ਦੇਸ ਦਾ ਹਾਲ ਠੀਕ ਕਰੋ ਫ਼ਿਰ ਦੂਜੇ ਦਾ ਦੇਖੋ।''

ਨਸੀਮ ਖ਼ਾਨ ਨੇ ਆਪਣੇ ਟਵੀਟ 'ਚ ਲਿਖਿਆ, ''ਇਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ...ਅਸੀਂ ਇਹ ਸਭ ਕਿਵੇਂ ਕਰ ਸਕਦੇ ਹਾਂ? ਪਾਕਿਸਤਾਨ ਸਰਕਾਰ ਨੂੰ ਜ਼ਰੂਰ ਕੋਈ ਐਕਸ਼ਨ ਲੈਣਾ ਚਾਹੀਦਾ ਹੈ।''

ਸੱਤਾਰ ਰਹਿਮਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਲਿਖਿਆ, ''ਘੱਟ ਗਿਣਤੀ ਲੋਕ ਅੱਜ ਦੁਨੀਆ 'ਚ ਕਿਤੇ ਵੀ ਸੁਰੱਖਿਅਤ ਨਹੀਂ ਹਨ ਤੇ ਅਸੀਂ ਕਹਿੰਦੇ ਹਾਂ ਕਿ ਇਨਸਾਨ ਤਰੱਕੀ ਕਰ ਰਿਹਾ ਹੈ।''

ਪ੍ਰਸ਼ਾਂਤ ਕੋਬਰਾ ਨਾਂ ਦੇ ਟਵਿੱਟਰ ਹੈਂਡਲ ਤੋਂ ਭੱਜੀ ਨੂੰ ਕਿਹਾ ਗਿਆ, ''ਕਾਸ਼ ਇਸਦੇ ਨਾਲ-ਨਾਲ ਤੁਸੀਂ ਜੋ ਹਿੰਦੁਸਤਾਨ 'ਚ ਹੋ ਰਿਹਾ ਹੈ ਉਸਦੀ ਵੀ ਚਿੰਤਾ ਕਰਦੇ।''

ਮੁਕੇਸ਼ ਹਤਵਾਰ ਨੇ ਆਪਣੇ ਟਵੀਟ ਰਾਹੀਂ ਹਰਭਜਨ ਸਿੰਘ ਨੂੰ ਲਿਖਿਆ, ''ਕਾਸ਼ ਤੁਸੀਂ ਆਪਣੀ ਆਵਾਜ਼ ਕਸ਼ਮੀਰੀ ਪੰਡਤਾਂ ਲਈ ਵੀ ਚੁੱਕੀ ਹੁੰਦੀ।''

ਟਵਿੱਟਰ ਯੂਜ਼ਰ ਨੂੰ ਭੱਜੀ ਦਾ ਜਵਾਬ

ਹਰਭਜਨ ਸਿੰਘ ਨੇ ਘੱਟ ਗਿਣਤੀ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਆਪਣੇ ਟਵੀਟ 'ਚ ਇਸਾਨੀਅਤ ਖ਼ਤਮ ਹੋਣ ਬਾਰੇ ਲਿਖਿਆ ਸੀ।

ਇਸ ਟਵੀਟ ਦੇ ਜਵਾਬ 'ਚ ਮੇਰਾਜ਼ ਅਹਿਮਦ ਨਾਂ ਦੇ ਟਵਿੱਟਰ ਯੂਜ਼ਰ ਨੇ ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਮਰ ਰਹੇ ਲੋਕਾਂ ਬਾਰੇ ਕੁਝ ਬੋਲਣ ਬਾਰੇ ਹਰਭਜਨ ਨੂੰ ਲਿਖਿਆ ਸੀ।

ਮੇਰਾਜ਼ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਹਰਭਜਨ ਨੇ ਦੁਬਾਰਾ ਟਵੀਟ 'ਚ ਲਿਖਿਆ, ''ਗੱਲ ਕਿਸੇ ਦੇਸ ਦੀ ਨਹੀਂ ...ਇਨਸਾਨੀਅਤ ਦੀ ਹੋ ਰਹੀ ਹੈ।''

ਹਰਭਜਨ ਨੂੰ ਜਵਾਬ ਦਿੰਦਿਆਂ ਮੇਰਾਜ਼ ਨੇ ਫ਼ਿਰ ਲਿਖਿਆ, ''ਆਪਣੇ ਦੇਸ ਵਿੱਚ ਵੀ ਇਨਸਾਨ ਹੀ ਰਹਿੰਦੇ ਹਨ ਸਰ।''

ਉਧਰ ਹੋਰ ਟਵਿੱਟਰ ਯੂਜ਼ਰਜ਼ ਨੇ ਵੀ ਇਸ ਮੁੱਦੇ 'ਤੇ ਆਪਣੀ ਗੱਲ ਰੱਖੀ।

ਧਰਮੇਂਦਰ ਸਿੰਘ ਪਰਮਾਰ ਨੇ ਹਰਭਜਨ ਨੂੰ ਲਿਖਿਆ, ''ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।''

ਗਨਪਤ ਗੋਦਾਰਾ ਨੇ ਲਿਖਿਆ, ''ਹਰਭਜਨ ਸਿੰਘ ਜੀ ਤੁਸੀਂ ਬਿਲਕੁਲ ਠੀਕ ਗੱਲ ਕੀਤੀ।''

ਬੀਤੇ ਦਿਨੀਂ ਪਾਕਿਸਤਾਨ 'ਚ ਇੱਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਮਾਜਿਕ ਕਾਰਕੁਨ ਚਰਨਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਪਿਸ਼ਾਵਰ 'ਚ ਰੋਸ ਪ੍ਰਦਰਸ਼ਨ ਹੋਇਆ ਸੀ।

ਤਸਵੀਰ ਸਰੋਤ, TWITTER@MAXES_MB

ਮਨੁੱਖੀ ਹੱਕਾਂ ਦੀ ਰਾਖੀ ਲਈ ਲੜਣ ਵਾਲੇ ਸਿੱਖ ਆਗੂ ਚਰਨਜੀਤ ਸਿੰਘ ਦਾ ਪਾਕਿਸਤਾਨ ਵਿੱਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

52 ਸਾਲਾ ਚਰਨਜੀਤ ਸਿੰਘ ਨੂੰ ਪਿਸ਼ਾਵਰ ਦੇ ਸਕੀਮ ਇਲਾਕੇ ਵਿੱਚ ਉਨ੍ਹਾਂ ਦੀ ਦੁਕਾਨ ਉੱਤੇ ਹੀ ਗੋਲੀਆਂ ਮਾਰੀਆਂ ਗਈਆਂ ਸਨ।

ਹਾਲੇ ਇਹ ਸਾਬਤ ਨਹੀਂ ਹੋ ਸਕਿਆ ਇਹ ਹਮਲੇ ਦੇ ਪਿੱਛੇ ਵਜ੍ਹਾ ਕੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)