ਨਜ਼ਰੀਆ꞉ ਬੰਬਾਂ ਤੇ ਰਾਕਟਾਂ ਦੀ ਮਾਰ ਹੇਠ ਕ੍ਰਿਕਟ ਖੇਡਣ ਵਾਲੇ ਸ਼ੈਦਾਈ

ਅਫ਼ਗਿਨਸਤਾਨ ਕ੍ਰਿਕਟ ਟੀਮ

ਤਸਵੀਰ ਸਰੋਤ, Bcci

ਟੈਸਟ ਕ੍ਰਿਕਟ ਦੇ ਸਭ ਤੋਂ ਨਵੇਂ ਮੈਂਬਰ ਅਫ਼ਗਾਨਿਸਤਾਨ ਲਈ ਉਹ ਇਤਿਹਾਸਕ ਪਲ ਆ ਹੀ ਗਿਆ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਉਹ ਬੈਂਗਲੂਰੂ ਦੇ ਐਮ ਚਿੰਨਾ ਸਵਾਮੀ ਸਟੇਡੀਅਮ ਵਿੱਚ 14 ਤੋਂ 18 ਜੂਨ ਨੂੰ ਭਾਰਤ ਖਿਲਾਫ਼ ਖੇਡੇਗਾ।

ਅਫ਼ਗਾਨੀ ਟੀਮ ਅਸਗਰ ਸਤਾਨਿਕਜ਼ਈ ਦੀ ਕਪਤਾਨੀ ਵਿੱਚ ਖੇਡੇਗੀ ਜਦਕਿ ਭਾਰਤੀ ਟੀਮ ਦੀ ਵਾਗਡੋਰ ਅਜਿੰਕਿਆ ਰਹਾਣੇ ਸੰਭਾਲਣਗੇ।

ਅਫ਼ਗਾਨ ਟੀਮ ਆਪਣੇ ਪਹਿਲੇ ਮੈਚ ਵਿੱਚ ਹੀ ਕੌਮਾਂਤਰੀ ਕ੍ਰਿਕਟ ਕਾਊਂਸਲ ਦੀ ਰੈਂਕਿੰਗ ਵਿੱਚ ਪਹਿਲੇ ਨੰਬਰ ਦੀ ਟੀਮ ਨਾਲ ਖੇਡ ਰਿਹਾ ਹੈ। ਟੀਮ ਦਾ ਰਿਕਾਰਡ ਦੱਸਦਾ ਹੈ ਕਿ ਉਹ ਪਾਸਾ ਪਲਟ ਸਕਦੇ ਹਨ।

ਇਹ ਵੀ ਪੜ੍ਹੋ

ਲਿਹਾਜ਼ਾ ਪਿਛਲੇ ਦਹਾਕਿਆਂ ਦੌਰਾਨ ਮੁਸ਼ਕਿਲਾਂ ਨਾਲ ਜੂਝ ਰਹੇ ਅਫ਼ਗਾਨਿਸਤਾਨ ਦਾ ਇਹ ਪਹਿਲਾ ਮੈਚ ਦੋਹਾਂ ਟੀਮਾਂ ਲਈ ਅਹਿਮ ਹੈ।

ਕੁਝ ਦਿਨ ਪਹਲਾਂ ਅਫ਼ਗਾਨਿਸਤਾਨ ਦੇ ਕ੍ਰਿਕਟ ਕੰਟਰੋਲ ਬੋਰਡ ਨੇ ਟਵੀਟ ਕੀਤਾ ਕਿ ਟੀਮ 10 ਜੂਨ ਨੂੰ ਬੈਂਗਲੂਰੂ ਪਹੁੰਚ ਚੁੱਕੀ ਹੈ ਅਤੇ ਖੇਡਣ ਲਈ ਉਤਾਵਲੀ ਹੈ।

ਦੂਸਰੇ ਪਾਸੇ ਬੀਸੀਸੀਆਈ ਨੇ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਵੀ ਮੁਕਾਬਲੇ ਲਈ ਤਿਆਰ ਹੈ।

ਲਾਲ ਚੰਦ ਰਾਜਪੂਤ ਸਾਲ 2016 ਤੋਂ 2017 ਦਰਮਿਆਨ ਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਕੋਚ ਰਹੇ ਹਨ। ਟੀਮ ਨੂੰ ਟੈਸਟ ਦਰਜਾ ਮਿਲਣ ਸਮੇਂ ਵੀ ਉਹੀ ਕੋਚ ਸਨ।

ਬੀਬੀਸੀ ਪੱਤਰਕਾਰ ਜਾਹਨਵੀ ਮੂਲੇ ਨੇ ਉਨ੍ਹਾਂ ਨਾਲ ਗੱਲ ਕਰਕੇ ਟੀਮ ਤੋਂ ਉਨ੍ਹਾਂ ਦੀਆਂ ਉਮੀਦਾਂ ਜਾਨਣੀਆਂ ਚਾਹੀਆਂ।

ਪੜ੍ਹੋ ਲਾਲ ਚੰਦ ਦਾ ਨਜ਼ਰੀਆ

ਭਾਰਤ ਆਈਸੀਸੀ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ 'ਤੇ ਹੈ ਅਤੇ ਉਸ ਨਾਲ ਪਹਿਲਾ ਟੈਸਟ ਖੇਡਣ ਦਾ ਮਤਲਬ ਹੈ, ਦਬਾਅ ਤਾਂ ਹੋਵੇਗਾ ਹੀ ਪਰ ਪਲੇਟਫਾਰਮ ਵੀ ਬਹੁਤ ਵੱਡਾ ਹੈ।

ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਾਰੇ ਖਿਡਾਰੀ ਬਹੁਤ ਉਤਸੁਕ ਹਨ। ਸਾਰਿਆਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਅਫ਼ਗਾਨਿਸਤਾਨ ਅਤੇ ਭਾਰਤ ਦੇ ਸੰਬੰਧ ਬਹੁਤ ਮਿੱਤਰਤਾ ਵਾਲੇ ਹਨ। ਭਾਰਤ ਉਨ੍ਹਾਂ ਨੂੰ ਦੂਸਰੇ ਘਰ ਵਰਗਾ ਲੱਗ ਰਿਹਾ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਨੂੰ ਗਰੇਟਰ ਨੋਇਡਾ ਵਿੱਚ ਇੱਕ ਮੈਦਾਨ ਵੀ ਦਿੱਤਾ ਹੈ। ਇਹ ਵਧੀਆ ਸ਼ੁਰੂਆਤ ਹੈ।

ਅਫ਼ਗਾਨਿਸਤਾਨ ਨੇ ਟੈਸਟ ਤੱਕ ਪਹੁੰਚਣ ਦਾ ਸਫ਼ਰ ਬਹੁਤ ਜਲਦੀ ਤੈਅ ਕਰ ਲਿਆ ਹੈ। ਉੱਥੇ ਕ੍ਰਿਕਟ ਬਾਰੇ ਕਾਫ਼ੀ ਜਨੂੰਨ ਹੈ।

ਸਭ ਨੂੰ ਪਤਾ ਹੀ ਹੈ ਕਿ ਅਫ਼ਗਾਨਿਸਤਾਨ ਲੰਮੇ ਸਮੇਂ ਤੋਂ ਜੰਗ ਅਤੇ ਜੰਗ ਵਰਗੇ ਹਾਲਾਤ ਨਾਲ ਜੂਝ ਰਿਹਾ ਹੈ। ਉੱਥੇ ਖੁੱਲ੍ਹੇਆਮ ਖੇਡਣਾ ਵੀ ਸੰਭਵ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਕ੍ਰਿਕਟ ਵਿੱਚ ਜੋ ਸਫ਼ਲਤਾ ਹਾਸਲ ਕੀਤੀ ਹੈ ਉਹ ਵਧੀਆ ਗੱਲ ਹੈ।

ਆਇਰਲੈਂਡ ਕਾਫ਼ੀ ਸਮੇਂ ਤੋਂ ਖੇਡ ਰਿਹਾ ਹੈ ਪਰ ਉਨ੍ਹਾਂ ਨੂੰ ਹੁਣ ਜਾ ਕੇ ਟੈਸਟ ਦਰਜਾ ਮਿਲਿਆ ਹੈ। ਅਫ਼ਗਾਨਿਸਤਾਨ ਨੇ ਲੰਘੇ 6-7 ਸਾਲਾਂ ਵਿੱਚ ਹੀ ਖੇਡਣਾ ਸ਼ੁਰੂ ਕੀਤਾ ਹੈ ਅਤੇ ਪਿਛਲੇ ਡੇਢ ਸਾਲਾਂ ਦਾ ਪ੍ਰਦਰਸ਼ਨ ਦੇਖ ਕੇ ਆਈਸੀਸੀ ਨੇ ਟੀਮ ਨੂੰ ਇਹ ਦਰਜਾ ਦਿੱਤਾ ਹੈ।

ਇਹ ਵੀ ਪੜ੍ਹੋ

ਅਫ਼ਗਾਨਿਸਤਾਨ ਵਿੱਚ ਹੈ ਕ੍ਰਿਕਟ ਦਾ ਜਨੂੰਨ

ਮੈਨੂੰ ਲੱਗਦਾ ਹੈ ਕਿ ਜਿਹੜੀ ਤਰੱਕੀ ਅਫ਼ਗਾਨਿਸਤਾਨ ਨੇ ਦਿਖਾਈ ਹੈ, ਉਸਦੀ ਕਿਸੇ ਹੋਰ ਦੇਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।

ਤਸਵੀਰ ਸਰੋਤ, Afghanistan Cricket Board @Facebook

ਬੰਗਲਾਦੇਸ ਅਤੇ ਸ਼੍ਰੀਲੰਕਾ ਵੀ ਟੈਸਟ ਮੈਚ ਖੇਡਦੇ ਹਨ ਪਰ ਉਹ ਲੰਮੇ ਸਮੇਂ ਤੋਂ ਘਰੇਲੂ ਕ੍ਰਿਕਟ ਖੇਡ ਰਹੇ ਹਨ। ਜਦਕਿ ਅਫ਼ਗਾਨਿਸਤਾਨ ਵਿੱਚ ਘਰੇਲੂ ਕ੍ਰਿਕਟ ਵਧੀਆ ਨਹੀਂ ਹੈ ਕਿਉਂਕਿ ਇੱਥੇ ਜ਼ਿਆਦਾ ਮੈਚ ਨਹੀਂ ਹੁੰਦੇ।

ਮੇਰਾ ਦਿਲ ਭਾਰਤ ਨਾਲ ਹੈ ਪਰ ਮੈਂ ਚਾਹੁੰਦਾ ਹਾਂ ਕਿ ਇਹ ਇੱਕ ਵਧੀਆ ਮੁਕਾਬਲਾ ਹੋਵੇ ਅਤੇ ਅਫ਼ਗਾਨਿਸਤਾਨ ਨੂੰ ਦੁਨੀਆਂ ਭਰ ਨੂੰ ਆਪਣੀ ਖੇਡ ਦਿਖਾਉਣ ਦਾ ਵਧੀਆ ਮੌਕਾ ਮਿਲੇ। ਪੂਰੀ ਦੁਨੀਆਂ ਦੇਖੇ ਕਿ ਅਫ਼ਗਾਨਿਸਤਾਨ ਵੀ ਕ੍ਰਿਕਟ ਖੇਡਣ ਵਾਲਾ ਦੇਸ ਹੈ।

ਜਦੋਂ ਮੈਂ ਕੋਚ ਬਣਿਆ ਤਾਂ ਇੱਥੇ ਲੋਕ ਕ੍ਰਿਕਟ ਬਾਰੇ ਘੱਟ ਹੀ ਜਾਣਦੇ ਸਨ। ਮੈਨੂੰ ਕਾਫ਼ੀ ਮਿਹਨਤ ਕਰਨੀ ਪਈ। ਉਨ੍ਹਾਂ ਨੂੰ ਸਮਝਾਉਣਾ ਪਿਆ ਕਿ ਕਿਸੇ ਵੀ ਕ੍ਰਿਕਟਰ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਟੈਸਟ ਮੈਚ ਖੇਡੇ।

ਇੱਕ ਵਾਰ ਸਾਰੀ ਗੱਲ ਸਮਝਣ ਮਗਰੋਂ ਉਨ੍ਹਾਂ ਵਿੱਚ ਜਨੂੰਨ ਆਇਆ ਕਿ ਉਨ੍ਹਾਂ ਦੀ ਪਛਾਣ ਟੈਸਟ ਕ੍ਰਿਕਟ ਨਾਲ ਹੋਣੀ ਚਾਹੀਦੀ ਹੈ। ਟੈਸਟ ਖੇਡਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ ਅਤੇ ਅਸੀਂ ਇਸ ਲਈ ਮਿਹਨਤ ਕਰਨੀ ਸ਼ੁਰੂ ਕੀਤੀ।

ਤਸਵੀਰ ਸਰੋਤ, Afghanistan Cricket Board @Facebook

ਟੀਮ ਨੇ ਮਿਹਨਤ ਤੋਂ ਕਦੇ ਕਿਨਾਰਾ ਨਹੀਂ ਕੀਤਾ। ਉਨ੍ਹਾਂ ਨੇ ਕਦੇ ਮੈਨੂੰ ਨਹੀਂ ਕਿਹਾ ਕਿ ਅਸੀਂ ਮਿਹਨਤ ਨਹੀਂ ਕਰ ਸਕਾਂਗੇ। ਉਹ ਕਹਿੰਦੇ ਹਨ ਕਿ ਸਾਡੇ ਦੇਸ ਵਿੱਚ ਕੁਝ ਨਹੀਂ ਹੈ। ਸਾਨੂੰ ਪਿਆਰ ਮਿਲਦਾ ਹੈ ਇਸੇ ਕਰਕੇ ਅਸੀਂ ਮਿਹਨਤ ਕਰਕੇ ਆਪਣੇ ਲੋਕਾਂ ਨੂੰ ਖੁਸ਼ੀਆਂ ਦੇ ਸਕਦੇ ਹਾਂ।

ਅਫ਼ਗਾਨਿਸਤਾਨ ਟੀਮ ਦੀ ਕੀ ਹੈ ਖ਼ਾਸੀਅਤ

ਮੁਹੰਮਦ ਸ਼ਹਜ਼ਾਦ ਉਨ੍ਹਾਂ ਦੇ ਕਾਫ਼ੀ ਬਿਹਤਰ ਬੱਲੇਬਾਜ਼ ਹਨ। ਉਹ ਵਿਰੇਂਦਰ ਸਹਿਵਾਗ ਵਰਗੇ ਹਨ। ਉਹ ਵੱਡਾ ਸਕੋਰ ਨਹੀਂ ਕਰਦੇ ਪਰ ਗੇਂਦਬਾਜ਼ ਨੂੰ ਦੱਬ ਕੇ ਰੱਖਦੇ ਹਨ। ਉਹ ਇੰਨੀ ਜਲਦੀ 70-80 ਦੌੜਾਂ ਬਣਾ ਲੈਂਦੇ ਹਨ ਕਿ ਵਿਰੋਧੀ ਟੀਮ ਦਾ ਉਤਸ਼ਾਹ ਮੱਠਾ ਪੈ ਜਾਂਦਾ ਹੈ।

ਆਈਪੀਐਲ ਵਿੱਚ ਰਿਸ਼ਾਦ ਖਾਨ ਨੇ ਨਾਮਣਾ ਖੱਟਿਆ ਸੀ ਉਹ ਸਾਰਿਆਂ ਨੂੰ ਪਤਾ ਹੈ।

ਤਸਵੀਰ ਸਰੋਤ, Getty Images

ਮੁਜੀਬ ਅਤੇ ਜ਼ਹੀਰ ਖਾਨ ਵਰਗੇ ਸਪਿਨਰ ਵੀ ਵਧੀਆ ਹਨ। ਉਨ੍ਹਾਂ ਨੇ ਟੀ-20 ਅਤੇ ਇੱਕ ਰੋਜ਼ਾ ਮੈਚ ਬਹੁਤ ਖੇਡੇ ਹਨ। ਉਨ੍ਹਾਂ ਕੋਲ ਵਧੀਆ ਬੱਲੇਬਾਜ਼ ਹਨ ਪਰ ਟੈਸਟ ਵਿੱਚ ਤੁਹਾਨੂੰ ਧੀਰਜ ਰੱਖਣਾ ਪੈਂਦਾ ਹੈ ਜਿਸਦੇ ਆਉਣ ਵਿੱਚ ਸਮਾਂ ਲੱਗੇਗਾ।

ਉਨ੍ਹਾਂ ਕੋਲ 20 ਵਿਕਟਾਂ ਲੈਣ ਦੀ ਸਮਰੱਥਾ ਤਾਂ ਹੈ ਪਰ ਜ਼ਿਆਦਾ ਸਮੇਂ ਤੱਕ ਕ੍ਰੀਜ਼ 'ਤੇ ਟਿਕੇ ਰਹਿਣ ਦੀ ਤਾਕਤ ਘੱਟ ਹੈ।

ਸਮਾਂ ਦੱਸੇਗਾ ਕਿ ਉਹ ਟੈਸਟ ਮੈਚ ਲਈ ਠੀਕ ਹਨ ਜਾਂ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਖੇਡ ਦੇ ਅਗਲੇ ਸਟੈਪ 'ਤੇ ਪਹੁੰਚਣ ਅਤੇ ਆਪਣਾ ਸੁਫ਼ਨਾ ਪੂਰਾ ਕਰਨ।

ਪਿਛਲੇ ਡੇਢ ਸਾਲ ਦੌਰਾਨ ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਵੀ ਸੀਰੀਜ਼ ਨਹੀਂ ਹਾਰੀ ਅਤੇ ਇਸੇ ਲਈ ਸਾਨੂੰ ਆਈਸੀਸੀ ਵਿੱਚੋਂ ਟੈਸਟ ਦਰਜਾ ਮਿਲ ਗਿਆ।

ਬਾਲੀਵੁੱਡ ਫਿਲਮਾਂ ਦੇ ਸ਼ੌਕੀਨ ਹਨ

ਮੈਨੂੰ ਨਹੀਂ ਪਤਾ ਸੀ ਕਿ ਉਹ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਨ ਜਾਂ ਨਹੀਂ ਪਰ ਮੈਨੂੰ ਹੈਰਾਨੀ ਹੋਈ ਕਿਉਂਕਿ ਕਾਫ਼ੀ ਲੋਕ ਹਿੰਦੀ ਬੋਲਦੇ ਹਨ, ਅੰਗਰੇਜ਼ੀ ਘੱਟ ਹੀ ਲੋਕ ਬੋਲਦੇ ਹਨ।

ਤਸਵੀਰ ਸਰੋਤ, Afghanistan Cricket Board @Facebook

ਉਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਦਾ ਵੀ ਕਾਫ਼ੀ ਸ਼ੌਕ ਹੈ। ਉਨ੍ਹਾਂ ਨੂੰ ਅਮਿਤਾਭ ਬਚਨ ਦੀਆਂ ਕਈ ਫ਼ਿਲਮਾਂ ਦੇ ਡਾਇਲਾਗ ਯਾਦ ਹਨ। ਜਿੰਨੀਆਂ ਫ਼ਿਲਮਾਂ ਉਨ੍ਹਾਂ ਨੇ ਦੇਖੀਆਂ ਹਨ ਉਨੀਆਂ ਤਾਂ ਮੈਂ ਵੀ ਨਹੀਂ ਦੇਖੀਆਂ।

ਉਹ ਆਪਣੇ ਗੁਰੂ ਦੀ ਬਹੁਤ ਇੱਜ਼ਤ ਕਰਦੇ ਹਨ, ਇਹ ਦੇਖ ਕੇ ਸਕੂਨ ਮਿਲਦਾ ਹੈ।

ਕ੍ਰਿਕਟ ਦਾ ਉਨ੍ਹਾਂ ਦਾ ਸਫ਼ਰ ਬਹੁਤ ਦਿਲਚਸਪ ਹੈ। ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਕਹਿੰਦੇ ਹਨ 2004 ਵਿੱਚ ਉਹ ਪਹਿਲੀ ਵਾਰ ਭਾਰਤ ਦੌਰੇ ਉੱਤੇ ਆਏ ਸਨ। ਉਸ ਸਮੇਂ ਟੀਮ ਸਾਹਮਣੇ ਕਈ ਮੁਸ਼ਕਿਲਾਂ ਸਨ ਪਰ ਉਨ੍ਹਾਂ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਿੱਛੇ ਛੱਡਿਆ ਹੈ।

ਹੁਣ ਉਨ੍ਹਾਂ ਸਾਹਮਣੇ ਆਪਣੇ-ਆਪ ਲਈ ਨਵਾਂ ਮੁਕਾਮ ਬਣਾਉਣ ਦੀ ਚੁਣੌਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)