ਸੁਲੇਖ ਮੇਲੇ, ਪੰਜਾਬੀ ਜਲੂਸ ਤੇ ਪੰਜਾਬ ਦੀਆਂ ਲੋਕ ਕਹਾਣੀਆਂ

  • ਜ਼ੁਬੈਰ ਅਹਿਮਦ
  • ਬੀਬੀਸੀ ਪੰਜਾਬੀ ਲਈ ਲਾਹੌਰ ਤੋਂ
ਲਾਹੌਰ

ਸਾਡੇ ਇੱਥੇ ਫੱਗਣ ਅਤੇ ਚੇਤਰ ਵਿੱਚ ਪੰਜਾਬੀ ਬੋਲੀ ਅਤੇ ਰਹਿਤਲ ਮੇਲਿਆਂ ਦੀ ਬਹਾਰ ਰਹੀ।

ਇਸ ਵਿੱਚ ਆਲਮੀ ਪੰਜਾਬੀ ਕਾਨਫਰੰਸ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ (ਲਮਜ਼) Lahore University of Management Sciences (LUMS), 21 ਫਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਹਾੜੇ ਉੱਤੇ ਪੰਜਾਬੀ ਲਈ ਰੈਲੀ ਅਤੇ ਜਲੂਸ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (Punjab Institute of Languages, Art and Culture) ਵਿੱਚ ਤਿੰਨ ਦਿਨਾ ਮਾਂ ਬੋਲੀ ਮੇਲਾ ਰੱਖਿਆ ਗਿਆ।

24-25 ਫਰਵਰੀ ਨੂੰ ਲਾਇਲਪੁਰ ਸੁਲੇਖ ਮੇਲਾ, ਫੇਰ 6, 7 ਅਤੇ 8 ਅਪ੍ਰੈਲ ਨੂੰ ਪੰਜਾਬੀ ਪ੍ਰਚਾਰ ਵੱਲੋਂ ਪੰਜਾਬ ਵਿਸਾਖੀ ਮੇਲਾ ਅਤੇ ਅਖ਼ੀਰ ਵਿੱਚ ਸਰਗੋਧਾ ਯੂਨੀਵਰਸਿਟੀ ਵਿੱਚ 11-12 ਅਪ੍ਰੈਲ ਨੂੰ ਅਦਬੀ ਮੇਲਾ ਜਿਸ ਵਿੱਚ ਤਿੰਨ ਪ੍ਰੋਗਰਾਮ ਪੰਜਾਬੀ ਨੂੰ ਦਿੱਤੇ ਗਏ।

ਇਨ੍ਹਾਂ ਮੇਲਿਆਂ ਵਿੱਚ ਪੰਜਾਬੀ ਬੋਲੀ ਨਾਲ ਜੁੜੇ ਮਸਲਿਆਂ ਉੱਤੇ ਰੱਜ ਕੇ ਗੱਲਾਂ ਹੋਈਆਂ। ਇੰਝ ਜਾਪਦਾ ਸੀ ਕਿ ਸਾਡੀ ਬੋਲੀ ਨੂੰ ਮੁੜ ਜਵਾਨ ਕਰਨ ਦੀ ਲਹਿਰ ਚੱਲਦੀ ਪਈ ਹੈ।

ਆਲਮੀ ਪੰਜਾਬੀ ਕਾਨਫਰੰਸ ਉੱਚ ਪੱਧਰ ਦੀ ਯੂਨੀਵਰਸਿਟੀ ਲਮਜ਼ ਵਿੱਚ ਹੋਈ ਜਿਸ ਨੂੰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ਦਾ ਨਾਮ ਦਿੱਤਾ ਜਾਂਦਾ ਹੈ।

ਇਸ ਕਾਨਫਰੰਸ ਵਿੱਚ ਲੰਦਨ ਤੋਂ ਅਮਰਜੀਤ ਚੰਦਨ, ਮਜ਼ਹਰ ਤਿਰਮਜ਼ੀ ਅਤੇ ਆਇਰਲੈਂਡ ਤੋਂ ਮਹਿਮੂਦ ਅਵਾਨ, ਅਮਰੀਕਾ ਤੋਂ ਮਨਜ਼ੂਰ ਇਜਾਜ਼ ਅਤੇ ਗੁਰਮੀਤ ਕੌਰ ਅਤੇ ਕੈਨੇਡਾ ਤੋਂ ਪ੍ਰੋਫ਼ੈਸਰ ਐੱਨ ਮਰਫ਼ੀ ਆਏ।

ਗੁਰਮੀਤ ਕੌਰ ਆਈ, ਉਸ ਨੇ ਕਹਾਣੀ ਸੁਣਾਈ ਅਤੇ ਛਾਅ ਗਈ। ਗੁਰਮੀਤ ਕੌਰ ਨੇ ਮਹਿਮੂਦ ਅਵਾਨ ਨਾਲ ਰਲ ਕੇ 'ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ' ਦੀ ਸ਼ਾਹਮੁਖੀ ਵਿੱਚ ਕਿਤਾਬ ਤਿਆਰ ਕੀਤੀ ਹੈ ਜਿਸ ਦੀ ਵਧੀਆ ਦਿੱਖ ਅਤੇ ਰੂਪ ਹੈ।

ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰ ਵਿੱਚ ਸਿਦਰਾ ਸੁਜ਼ਾਨਾ ਅਤੇ ਫ਼ਕੀਰ (ਇਸ ਲੇਖ ਦੇ ਲੇਖਕ, ਜਿਵੇਂ ਚੜ੍ਹਦੇ ਪੰਜਾਬ ਵਿੱਚ ਦਾਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਲਹਿੰਦੇ ਪੰਜਾਬ ਵਿੱਚ ਫ਼ਕੀਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।) ਨੇ ਵੀ ਸੀਰ ਰਲਾਇਆ।

ਬਾਤ ਪਾਵਾਂ, ਬਤੋਲੀ ਪਾਵਾਂ

ਬਾਤ ਨੂੰ ਲੱਗੇ ਮੋਤੀ

ਮੋਤੀ ਮੋਤੀ ਜੁੜ ਗਏ

'ਤੇ ਰਾਤ ਰਹੀ ਖਲੋਤੀ।

ਅਸੀਂ ਇੱਥੇ ਗੁਰਮੀਤ ਕੌਰ ਅਤੇ ਉਨ੍ਹਾਂ ਦੇ ਕੰਮ ਬਾਰੇ ਅਤੇ ਫੇਰ ਉਨ੍ਹਾਂ ਦੀ ਲਹਿੰਦੇ ਪੰਜਾਬ ਦੀ ਯਾਤਰਾ ਬਾਰੇ ਵੇਰਵਾ ਕਰਾਂਗੇ।

ਭਾਵੇਂ ਗੁਰਮੀਤ ਦਾ ਨਾਮ ਚੜ੍ਹਦੇ ਪੰਜਾਬ ਲਈ ਇੰਨਾ ਓਪਰਾ ਨਾ ਹੋਵੇ ਪਰ ਇਸ ਪੰਜਾਬ ਵਿੱਚ ਉਨ੍ਹਾਂ ਨੂੰ ਲਾਹੌਰ ਯਾਤਰਾ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ।

ਮਹਿਮੂਦ ਅਵਾਨ ਨੇ ਕੁਝ ਚਿਰ ਪਹਿਲਾਂ ਉਨ੍ਹਾਂ ਦੇ ਕੰਮ ਬਾਰੇ ਨਿਊਜ਼ ਔਨ ਸੰਡੇ ਵਿੱਚ ਇਕ ਵਧੀਆ ਕਾਲਮ ਲਿਖਿਆ ਤਾਂ ਪੰਜਾਬੀ ਪਿਆਰਿਆਂ ਨੂੰ ਉਨ੍ਹਾਂ ਦੇ ਕੰਮ ਬਾਬਤ ਕੁਝ ਜਾਣਕਾਰੀ ਮਿਲੀ ਸੀ। ਪੰਜਾਬ ਦੀ ਇਸ ਯਾਤਰਾ ਪਿੱਛੋਂ ਗੁਰਮੀਤ ਬਾਲਾਂ ਅਤੇ ਵੱਡਿਆਂ ਵਿੱਚ ਵੀ ਹਰਮਨਪਿਆਰੀ ਹੋ ਚੁੱਕੀ ਹੈ।

ਗੁਰਮੀਤ ਕੌਰ ਬਾਲ ਅਦਬ ਦੇ ਕਹਾਣੀਕਾਰ, ਉਸਤਾਦ ਅਤੇ ਅਟਲਾਂਟਾ, ਅਮਰੀਕਾ ਵਿੱਚ ਆਪਣੀ ਮਾਂ ਬੋਲੀ ਦੀ ਸ਼ਿਤਾਬੀ ਕਾਮਾ ਹੈ।

ਉਨ੍ਹਾਂ Fascinating folktales of Punjab ਨਾਮ ਦੀ ਕਿਤਾਬ ਲਿਖੀ, ਛਾਪੀ ਅਤੇ ਆਪ ਵਰਤਾਈ। ਜਗ ਭਰ ਵਿੱਚ ਇਹ 10,000 ਕਾਪੀਆਂ ਤੋਂ ਵੱਧ ਵਿਕ ਚੁੱਕੀ ਹੈ।

ਕੀ ਹੈ ਇਸ ਕਿਤਾਬ ਦੀ ਖਾਸੀਅਤ?

ਉਨ੍ਹਾਂ ਆਪਣੀ ਸ਼ਾਹਮੁਖੀ ਜਿਲਦ ਸ਼ਾਹਮੁਖੀ, ਗੁਰਮੁਖੀ ਅਤੇ ਅੰਗਰੇਜ਼ੀ ਤਰਜ਼ਮੇ ਨਾਲ ਛਾਪੀ ਹੈ। ਬਹੁਤ ਸੋਹਣੀ ਦਿੱਖ ਵਾਲੀ 88 ਪੰਨਿਆਂ ਦੀ ਇਸ ਕਿਤਾਬ ਦਾ ਨਵਾਂ ਸਿਰਲੇਖ ਅਣਵੰਡਿਆ ਪੰਜਾਬ (undivided Punjab) ਹੈ।

ਇਸ ਕਿਤਾਬ ਵਿੱਚ ਬਹੁਤ ਸੋਹਣੀਆਂ ਮੂਰਤਾਂ ਹਨ ਪਰ ਇਸ ਦਾ ਮੁੱਲ ਨਿਰਾ ਇੱਕ ਹਜ਼ਾਰ ਪਾਕਿਸਤਾਨੀ ਰੁਪਏ ਹੈ। ਇਸ ਵਿੱਚ ਕੁੱਲ ਪੰਜ ਬਾਲ ਕਹਾਣੀਆਂ ਹਨ।

ਕਿਤਾਬ ਦੇ ਅਖ਼ੀਰ ਉੱਤੇ ਗੁਰਮੁਖੀ ਵਾਲਿਆਂ ਲਈ ਸ਼ਾਹਮੁਖੀ ਲਿਪੀ ਅਤੇ ਸ਼ਾਹਮੁਖੀ ਵਾਲਿਆਂ ਲਈ ਗੁਰਮੁਖੀ ਲਿਪੀ ਦਿੱਤੀ ਹੋਈ ਹੈ ਜਿਸ ਪਾਰੋਂ ਦੋਵਾਂ ਪੰਜਾਬਾਂ ਦੇ ਬਾਲ ਅਤੇ ਵੱਡੇ ਦੋਵਾਂ ਲਿਪੀਆਂ ਨੂੰ ਸਿੱਖ ਸਕਦੇ ਹਨ।

ਗੁਰਮੀਤ ਕੌਰ ਜਦ ਕਹਾਣੀ ਸੁਣਾਉਂਦੀ ਹੈ ਤਾਂ ਬਾਲਾਂ ਅਤੇ ਵੱਡਿਆਂ ਦੇ ਦਿਲ ਟੁੰਭ ਲੈਂਦੀ ਹੈ। ਕਿੱਤੇ ਵਜੋਂ ਉਹ ਸੌਫ਼ਟਵੇਅਰ ਇੰਜੀਨੀਅਰ ਹੈ ਪਰ ਹੁਣ ਉਹ ਸਭ ਛੱਡ ਕੇ ਬਸ ਮਾਂ ਬੋਲੀ ਦੇ ਨਾਵੇਂ ਲੱਗ ਗਈ ਹੈ।

ਕਿਤਾਬਾਂ ਛਾਪਣ ਤੋਂ ਅੱਡ ਬਾਲਾਂ ਦੀਆਂ ਕਲਾਸਾਂ ਵੀ ਲੈਂਦੀ ਹੈ ਅਤੇ ਕੈਨੇਡਾ-ਅਮਰੀਕਾ ਵਿੱਚ ਸ਼ਹਿਰੋ-ਸ਼ਹਿਰ ਫਿਰਦੀ ਰਹਿੰਦੀ ਹੈ।

ਲਹਿੰਦੇ ਪੰਜਾਬ ਦੇ ਆਪਣੇ ਦਸ ਦਿਨਾਂ ਵਿੱਚ ਉਨ੍ਹਾਂ ਨੇ 12 ਸਕੂਲਾਂ, ਯੂਨੀਵਰਸਿਟੀਆਂ ਅਤੇ ਚਾਰ ਸ਼ਹਿਰਾਂ ਦੀ ਫੇਰੀ ਪਾਈ। ਉਨ੍ਹਾਂ 150 ਕਿਤਾਬਾਂ ਵੇਚੀਆਂ ਅਤੇ 250 ਦਾਨ ਕੀਤੀਆਂ।

ਉਨ੍ਹਾਂ ਦੀ ਇਸ ਸਾਰੀ ਨੱਸ-ਭੱਜ ਵਿੱਚ ਉਨ੍ਹਾਂ ਦੇ ਬਾਂਹ-ਬੇਲੀ ਮਹਿਮੂਦ ਅਵਾਨ ਸਨ। ਜੇ ਉਨ੍ਹਾਂ ਦਾ ਅਣਥੱਕ ਆਹਰ ਅਤੇ ਮਿਹਨਤ ਇਸ ਵਿੱਚ ਸ਼ਾਮਿਲ ਨਾ ਹੁੰਦੀ ਤਾਂ ਉਹ ਇਕੱਲੀ ਖ਼ੌਰੇ ਇਹ ਸਭ ਕੁਝ ਕਰਨ ਜੋਗੀ ਵੀ ਨਾ ਹੁੰਦੀ।

ਕਿਤਾਬ ਦੇ ਪਿਛਲੇ ਫ਼ਲੈਪ ਉੱਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਧੀ ਸਲੀਮਾ ਹਾਸ਼ਮੀ ਲਿਖਦੀ ਹੈ, "ਮੈਂ ਬਚਪਨ ਵਿੱਚ ਬੜੀ ਸ਼ਰਮਾਕਲ ਅਤੇ ਡਰੂ ਹੁੰਦੀ ਸਾਂ।''

ਮੇਰੀ ਪੰਜਾਬਣ ਦਾਦੀ ਮਾਂ ਮੈਨੂੰ ਫੁੱਲਾਂ, ਰੁੱਖਾਂ, ਪੰਛੀਆਂ ਅਤੇ ਜਨੌਰਾਂ ਦੀਆਂ ਬਾਤਾਂ ਸੁਣਾ-ਸੁਣਾ ਮੇਰਾ ਮਨ ਪ੍ਰਚਾਉਂਦੀ। ਮੇਰਾ ਦੁਨੀਆਂ ਦਾ ਸਾਰਾ ਭੈਅ ਚੁੱਕਿਆ ਜਾਂਦਾ। ਮੇਰਾ ਹੌਸਲਾ ਵਧਦਾ ਜਾਂਦਾ।

ਗੁਰਮੀਤ ਕੌਰ ਨੇ ਮੇਰੀ ਦਾਦੀ ਵਾਂਗ ਇਹ ਜਾਦੂ ਭਰੀਆਂ ਹੱਦਾਂ-ਸਰਹੱਦਾਂ ਤੋਂ ਪਾਰ ਦੀਆਂ ਬਾਤਾਂ ਪਾਈਆਂ ਹਨ। ਇਹ ਪੜ੍ਹਦਿਆਂ ਮੈਨੂੰ ਆਪਣੀ ਦਾਦੀ ਦੀ ਨਿੱਘੀ ਬੁੱਕਲ ਅਤੇ ਉਹਦੇ ਬੋਲ ਚੇਤੇ ਆਉਂਦੇ ਰਹੇ।

ਗੁਰਮੀਤ ਕੌਰ ਦੀਆਂ ਬਾਤਾਂ ਵਿੱਚ ਸਾਡੇ ਧੁਰ ਅੰਦਰ ਵਸੇਂਦੇ ਬੰਦੇ, ਜਨੌਰ, ਪੰਛੀ, ਕੁਦਰਤ ਸਭ ਇੱਕ-ਦੂਜੇ ਦੇ ਬਲਿਹਾਰੇ ਜਾਂਦੇ ਹਨ। ਹਰ ਬਾਤ ਦਾ ਦਿੱਤਾ ਸਬਕ ਜਾਣ ਕੇ ਰੂਹ ਖਿੜ ਜਾਂਦੀ ਹੈ।"

ਸਾਡੇ ਇੱਥੇ ਬਾਲ ਅਦਬ ਦੀ ਗੱਲ ਅਸਲੋਂ ਪੰਜਾਬੀ ਬੋਲੀ ਦੀ ਗੱਲ ਨਾਲ ਹੀ ਜੁੜੀ ਹੋਈ ਹੈ ਅਤੇ ਉਸ ਨਾਲ ਰੱਖ ਕੇ ਹੀ ਵੇਖਣੀ ਚਾਹੀਦੀ ਹੈ। ਜਦ ਤੱਕ ਅਸੀਂ ਆਪਣੀ ਬੋਲੀ ਤੋਂ ਸ਼ਰਮਿੰਦਾ ਹਾਂ, ਉਸ ਵੇਲੇ ਤੱਕ ਭਾਵੇਂ ਬਾਲ ਅਦਬ ਹੋਵੇ ਜਾਂ ਹੋਰ ਸੁਲੇਖ, ਗੱਲ ਇੱਕੋ ਹੀ ਹੈ ਅਤੇ ਜੱਦੋ-ਜਹਿਦ ਵੀ।

ਸਭ ਤੋਂ ਪਹਿਲਾਂ ਲਾਹੌਰ ਵਿੱਚ ਸਤਨਾਮ ਮਹਿਮੂਦ ਨੇ ਬਾਲ ਅਦਬ ਅਤੇ ਤਾਲੀਮ ਲਈ ਕੰਮ ਕੀਤਾ। ਉਹ ਮਹਿਮੂਦ ਅਲੀ ਦੀ ਬੀਵੀ ਸੀ ਅਤੇ ਚਰਨ ਸਿੰਘ ਸ਼ਹੀਦ ਦੀ ਧੀ ਸੀ। ਮਹਿਮੂਦ ਅਲੀ ਮਸ਼ਹੂਰ ਖੱਬੇ ਪੱਖੀ ਵਿਦਵਾਨ ਮਜ਼ਹਰ ਅਲੀ ਦੇ ਭਰਾ ਸਨ।

ਆਸਿਫ਼ ਖ਼ਾਨ ਜੰਨਤੀ (ਸਵਰਗਵਾਸੀ) ਨੇ ਪੰਜਾਬੀ ਅਦਬੀ ਬੋਰਡ ਤੋਂ ਬਾਲਾਂ ਲਈ ਕੁਝ ਕਿਤਾਬਾਂ ਛਾਪੀਆਂ ਸਨ। ਅਸ਼ਰਫ਼ ਸੁਹੇਲ ਜਿਹੜੇ ਰੇਲਵੇ ਵਿੱਚ ਕਲਰਕ ਹਨ ਅਤੇ 'ਪੰਖੇਰੂ' ਨਾਮ ਦਾ ਰਸਾਲਾ ਪਿਛਲੇ ਪੱਚੀ-ਤੀਹ ਸਾਲਾਂ ਤੋਂ ਕੱਢਦੇ ਹਨ। ਉਨ੍ਹਾਂ ਨੇ ਬਾਲਾਂ ਲਈ ਹੋਰ ਕਿਤਾਬਾਂ ਵੀ ਛਾਪੀਆਂ ਹਨ।

ਇਸੇ ਤਰ੍ਹਾਂ ਇਲਿਆਸ ਘੁੰਮਣ ਨੇ ਵੀ ਬਾਲਾਂ ਲਈ ਕੁਝ ਕਿਤਾਬਾਂ ਛਾਪੀਆਂ ਸਨ। ਨੀਲਮ ਹੁਸੈਨ ਨੇ ਵੀ ਤਿੰਨ ਜਮਾਤਾਂ ਲਈ ਤਿੰਨ ਬੋਲੀ ਕਾਇਦੇ ਛਾਪੇ ਸਨ। ਪਿੱਛੇ ਜਿਹੇ ਮਾਨੂੰ ਨੇ ਵੀ 'ਜਗਰਾਤੇ ਤੇ ਹੋਰ ਕਹਾਣੀਆਂ' ਨਾਮ ਦੀ ਕਿਤਾਬ ਛਪਵਾਈ ਹੈ।

ਅਸੀਂ ਗੁਰਮੀਤ ਕੌਰ ਜੀ ਦੇ ਇਸ ਆਹਰ ਨੂੰ 'ਜੀ ਆਇਆਂ' ਆਖਦੇ ਹਾਂ। ਕੁਝ ਸੱਜਣਾਂ ਦਾ ਵਿਚਾਰ ਸੀ ਕਿ ਕਿਤਾਬ ਕੁਝ ਮਹਿੰਗੀ ਹੈ ਜੇ ਇਸ ਵਿੱਚੋਂ ਗੁਰਮੁਖੀ ਕੱਢ ਦਿੱਤੀ ਜਾਵੇ ਤਾਂ ਇਸ ਨੂੰ ਸਸਤਾ ਕਰ ਕੇ ਛਾਪਿਆ ਜਾ ਸਕਦਾ ਸੀ।

(ਲੇਖਕ ਲਾਹੌਰ ਦੇ ਇਸਲਾਮੀਆ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਹਨ ਅਤੇ ਪੰਜਾਬੀ ਵਿੱਚ ਕਹਾਣੀ ਲਿਖਦੇ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)