ਕਿਉਂ ਭਾਰਤ-ਰੂਸ ਦੋਸਤੀ ਵਿੱਚ ਬੀਤੇ ਵਕਤ ਦਾ ਦਮ ਨਹੀਂ ਰਿਹਾ?

  • ਨੀਤਿਨ ਸ੍ਰੀਵਾਸਤਵ
  • ਬੀਬੀਸੀ ਪੱਤਰਕਾਰ
ਭਾਰਤ ਰੱਖਿਆ ਖੇਤਰ ਵਿੱਚ ਅਜੇ ਵੀ ਰੂਸ 'ਤੇ ਨਿਰਭਰ ਹੈ

ਤਸਵੀਰ ਸਰੋਤ, KREMLIN.RU

ਸ਼ਾਮ ਦਾ ਵਕਤ ਹੈ ਅਤੇ ਅਸੀਂ ਮਾਸਕੋ ਸ਼ਹਿਰ ਦੇ ਇੱਕ ਖੂਬਸੂਰਤ ਫਲੈਟ ਵਿੱਚ ਸ਼ਾਮ ਦੀ ਚਾਹ ਪੀ ਰਹੇ ਹਾਂ। ਘਰ ਅਭਿਸ਼ੇਕ ਸਿੰਘ ਦਾ ਹੈ ਜੋ ਹੁਣ ਰੂਸ ਵਿੱਚ ਵਸ ਚੁੱਕੇ ਹਨ।

ਪਤਨੀ ਸ਼ਾਸ਼ਾ ਇੱਥੋਂ ਦੇ ਹਨ ਅਤੇ ਇਨ੍ਹਾਂ ਦਾ ਛੇ ਮਹੀਨੇ ਦਾ ਪੁੱਤਰ ਹੈ। ਦੋਵਾਂ ਦਾ ਰੋਮਾਂਸ ਯੂਕਰੇਨ ਵਿੱਚ ਹੋਇਆ ਸੀ ਅਤੇ ਵਿਆਹ ਹੋਇਆ ਉੱਤਰ ਪ੍ਰਦੇਸ਼ ਦੇ ਹਰਦੋਈ ਸ਼ਹਿਰ ਵਿੱਚ ਜਿੱਥੇ ਅਭਿਸ਼ੇਕ ਦੇ ਮਾਪੇ ਰਹਿੰਦੇ ਹਨ।

ਪੇਸ਼ੇ ਤੋਂ ਆਈਟੀ ਪ੍ਰੋਫੈਸ਼ਨਲ, ਅਭਿਸ਼ੇਕ ਦਾ ਮੰਨਣਾ ਹੈ ਕਿ ਭਾਰਤੀਆਂ ਦਾ ਰੂਸ ਨਾਲ ਰਿਸ਼ਤਾ ਪੁਰਾਣਾ ਹੈ ਪਰ ਇੱਕ ਹੀ ਦਿੱਕਤ ਹੈ।

ਉਨ੍ਹਾਂ ਕਿਹਾ, "ਸਭ ਚੰਗਾ ਹੈ ਪਰ ਇੱਕ ਹੀ ਪ੍ਰੇਸ਼ਾਨੀ ਹੈ। ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਆਸਾਨੀ ਨਾਲ ਇੱਥੇ ਬੁਲਾਉਣਾ ਮੁਸ਼ਕਿਲ ਹੈ ਕਿਉਂਕਿ ਵੀਜ਼ਾ ਦੇ ਨਿਯਮ ਬਹੁਤ ਸਖ਼ਤ ਹਨ।''

"ਪੂਰਾ ਪਲਾਨ ਦੱਸੋ, ਹੋਟਲ ਵਿੱਚ ਬੁਕਿੰਗ ਦੇ ਦਸਤਾਵੇਜ਼ ਵਗੈਰਾ ਪਹਿਲਾਂ ਹੀ ਭੇਜਣੇ ਪੈਂਦੇ ਹਨ, ਹਾਂ ਰੂਸੀਆਂ ਨੂੰ ਭਾਰਤ ਜਾਣ ਦੇ ਲਈ ਵੀਜ਼ਾ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ।''

'ਅੱਜ ਵੀ ਭਾਰਤ ਰੂਸ 'ਤੇ ਨਿਰਭਰ'

ਭਾਰਤ ਅਤੇ ਰੂਸ ਵਿਚਾਲੇ ਇੱਕ ਲੰਬੇ ਵਕਫ਼ੇ ਤੋਂ ਦੋਸਤੀ ਦੇ ਰਿਸ਼ਤੇ ਰਹੇ ਹਨ। ਜਗ-ਜ਼ਾਹਿਰ ਹੈ ਕਿ ਆਜ਼ਾਦੀ ਤੋਂ ਬਾਅਦ ਰੂਸ ਨੇ ਅੱਗੇ ਵਧ ਕੇ ਭਾਰਤ ਦੀ ਆਰਥਿਕ ਅਤੇ ਹੋਰ ਕਈ ਮਸਲਿਆਂ ਵਿੱਚ ਮਦਦ ਕੀਤੀ ਹੈ।

ਭਾਰਤੀ ਖਾਦ ਉਦਯੋਗ ਤੋਂ ਲੈ ਕੇ ਫੌਜ ਦੇ ਟੈਂਕ ਅਤੇ ਮਿੱਗ ਜਾਂ ਸੁਖੋਈ ਹਵਾਈ ਜਹਾਜ਼ਾਂ ਤੱਕ ਹਰ ਚੀਜ਼ 'ਤੇ ਰੂਸੀ ਛਾਪ ਰਹੀ ਹੈ। ਅੱਜ ਵੀ ਭਾਰਤੀ ਹਥਿਆਰ ਉਦਯੋਗ ਦੀ ਵੱਡੀ ਨਿਰਭਰਤਾ ਰੂਸ 'ਤੇ ਹੈ।

ਤਸਵੀਰ ਕੈਪਸ਼ਨ,

ਭਾਰਤ ਰੱਖਿਆ ਖੇਤਰ ਵਿੱਚ ਅਜੇ ਵੀ ਰੂਸ 'ਤੇ ਨਿਰਭਰ ਹੈ

ਇਸ ਤੋਂ ਇਲਾਵਾ ਕਈ ਭਾਰਤੀ ਅਜਿਹੇ ਵੀ ਹਨ ਜਿਨ੍ਹਾਂ ਨੇ ਗੂੜ੍ਹੀ ਦੋਸਤੀ ਦੇ ਦੌਰ ਵਿੱਚ ਇੱਥੇ ਆ ਕੇ ਆਪਣੀ ਥਾਂ ਬਣਾ ਲਈ ਸੀ।

1990 ਵਿੱਚ ਜਦੋਂ ਸੈਮੀ ਕੋਟਵਾਨੀ ਇੱਥੇ ਆਏ ਤਾਂ ਹਾਲਾਤ ਮੁਸ਼ਕਿਲ ਸਨ ਅਤੇ ਲੋਕ ਦੂਜੀਆਂ ਥਾਵਾਂ ਦੀ ਭਾਲ ਕਰ ਰਹੇ ਸਨ। ਸੋਵੀਅਤ ਯੂਨੀਅਨ ਦੀ ਥਾਂ ਇੱਕ ਨਵਾਂ ਰੂਸ ਜਨਮ ਲੈਣ ਦੀ ਤਿਆਰੀ ਕਰ ਰਿਹਾ ਸੀ ਪਰ ਅਰਥਵਿਵਸਥਾ ਦੇ ਹਾਲਾਤ ਬੇਹੱਦ ਖ਼ਰਾਬ ਸਨ।

ਖੁਦ ਨੂੰ ਮਾਣ ਨਾਲ ਦਰਜੀ ਦੱਸਣ ਵਾਲੇ ਸੈਮੀ ਕੋਟਵਾਨੀ ਦੀ ਟੇਲਰਿੰਗ ਕੰਪਨੀ ਹੁਣ ਪੂਰੇ ਯੂਰਪ ਵਿੱਚ ਫੈਲ ਚੁੱਕੀ ਹੈ।

ਸੈਮੀ ਨੇ ਦੱਸਿਆ, "ਇੱਕ ਦੌਰ ਸੋਵੀਅਤ ਯੂਨੀਅਨ ਦਾ ਸੀ ਜਿਸ ਵਿੱਚ ਸਾਡੇ ਵਪਾਰੀਆਂ ਨੇ ਕਾਫੀ ਪੈਸਾ ਕਮਾਇਆ ਅਤੇ ਚਲੇ ਗਏ ਪਰ ਹੁਣ ਇਹ ਦੇਸ ਵਨ ਟਾਈਮ ਮੇਕਿੰਗ ਮਨੀ ਵਾਲਾ ਨਹੀਂ ਰਹਿ ਗਿਆ ਹੈ।''

ਤਸਵੀਰ ਕੈਪਸ਼ਨ,

ਸੈਮੀ ਕੋਟਵਾਨੀ ਨੇ ਆਪਣੀ ਟੇਲਰਿੰਗ ਕੰਪਨੀ ਵਿੱਚ ਕਈ ਰੂਸੀਆਂ ਨੂੰ ਨੌਕਰੀ ਦਿੱਤੀ ਹੈ

"ਇਹ ਹਾਲਾਤ ਬਹੁਤ ਹੀ ਮੁਸ਼ਕਿਲ ਹਨ ਅਤੇ ਵਪਾਰ ਕਰਨਾ ਵੀ ਉਨਾ ਸੌਖਾ ਨਹੀਂ ਰਿਹਾ ਪਰ ਅੱਜ ਵੀ ਤੁਸੀਂ ਲੰਬੇ ਸਮੇਂ ਲਈ ਪਲਾਨ ਬਣਾ ਕੇ ਆਓ ਤਾਂ ਇਸ ਤੋਂ ਚੰਗਾ ਕੋਈ ਦੇਸ ਨਹੀਂ ਹੈ।''

ਸੈਮੀ ਕੋਟਵਾਨੀ ਵਰਗੇ ਲੋਕਾਂ ਨੇ ਤਾਂ ਰੂਸ ਵਿੱਚ ਕੜੀ ਮਿਹਨਤ ਕਰ ਆਪਣੀ ਥਾਂ ਬਣਾ ਲਈ ਹੈ। ਅੱਜ ਉਨ੍ਹਾਂ ਦੀ ਕੰਪਨੀ ਵਿੱਚ ਕਈ ਰੂਸੀ ਨਾਗਰਿਕਾਂ ਨੂੰ ਵੀ ਰੋਜ਼ਗਾਰ ਮਿਲਿਆ ਹੋਇਆ ਹੈ। ਚੇਨਈ ਦੇ ਰਹਿਣ ਵਾਲੇ ਕਾਸੀ ਵਿਸ਼ਵਨਾਥ ਵੀ ਅਜਿਹੀ ਹੀ ਇੱਕ ਮਿਸਾਲ ਹਨ।

ਨਾਗਰਿਕਤਾ ਮਿਲਣੀ ਕਾਫੀ ਮੁਸ਼ਕਿਲ

ਕਰੀਬ ਦੋ ਦਹਾਕੇ ਪਹਿਲਾਂ ਰੂਸ ਵਿੱਚ ਪੜ੍ਹਾਈ ਕਰਨ ਆਏ ਕਾਸੀ ਦੇ ਅੱਜ ਪੰਜ ਵੱਡੇ ਰੈਸਟੋਰੈਂਟ ਹਨ ਜੋ ਮਾਸਕੋ ਤੋਂ ਲੈ ਕੇ ਸੈਂਟ ਪੀਟਰਸਬਰਗ ਤੱਕ ਫੈਲੇ ਹੋਏ ਹਨ।

ਕਾਸੀ ਅਨੁਸਾਰ, "ਰੂਸ ਵਿੱਚ ਭਾਰਤੀ ਉਂਝ ਤਾਂ ਬਹੁਤ ਘੱਟ ਹਨ ਪਰ ਕਾਫੀ ਇਕਜੁੱਟ ਹੋ ਕੇ ਰਹਿੰਦੇ ਹਨ। ਮੇਰੇ ਆਪਣੇ ਰੈਸਟੋਰੈਂਟ ਬਿਜ਼ਨੈਸ ਵਿੱਚ ਵੀ ਕਾਫੀ ਰੂਸੀ ਲੋਕ ਕੰਮ ਕਰਦੇ ਹਨ।''

"ਇਸਦੇ ਨਾਲ ਹੀ ਸਾਡੇ ਲੋਕਾਂ ਦਾ ਕੋਟਾ ਹੁੰਦਾ ਹੈ ਜਿਸਦੇ ਤਹਿਤ ਅਸੀਂ ਹਰ ਸਾਲ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਵੀਜ਼ਾ ਦਿਵਾ ਕੇ ਇੱਥੇ ਲਿਆਉਂਦੇ ਹਾਂ।''

ਤਸਵੀਰ ਕੈਪਸ਼ਨ,

ਗੁਜਰਾਤ ਦੇ ਧਰਮੇਂਦਰ ਰਾਵਲ 1998 ਤੋਂ ਰੂਸ ਵਿੱਚ ਰਹਿ ਰਹੇ ਹਨ

ਪਰ ਰੂਸ ਵਿੱਚ ਅਜਿਹੀਆਂ ਮਿਸਾਲਾਂ ਜ਼ਿਆਦਾ ਨਹੀਂ ਮਿਲਦੀਆਂ ਹਨ। ਸੱਚਾਈ ਇਹੀ ਹੈ ਕਿ ਮੌਜੂਦਾ ਰੂਸ ਵਿੱਚ ਭਾਰਤੀ ਮੂਲ ਦੇ ਕਰੀਬ 14,000 ਲੋਕ ਹੀ ਰਹਿ ਰਹੇ ਹਨ।

ਇਨ੍ਹਾਂ ਵਿੱਚ ਜੇ ਤਕਰੀਬਨ 5,000 ਵਿਦਿਆਰਥੀਆਂ ਦੀ ਗਿਣਤੀ ਘਟਾ ਦਿੱਤੀ ਜਾਵੇ ਤਾਂ ਅੰਕੜੇ ਹੋਰ ਵੀ ਘੱਟ ਹੋ ਜਾਂਦੇ ਹਨ।

ਉਂਝ ਰੂਸ ਵਿੱਚ ਰਹਿਣ ਵਾਲੇ ਤਮਾਮ ਭਾਰਤੀਆਂ ਵਿੱਚੋਂ ਕਾਫੀ ਲੋਕਾਂ ਦੇ ਵਿਆਹ ਵੀ ਰੂਸੀ ਨਾਗਰਿਕਾਂ ਨਾਲ ਹੋਏ ਹਨ, ਇਸੇ ਲਈ ਉਨ੍ਹਾਂ ਨੂੰ ਰੂਸੀ ਨਾਗਰਿਕਤਾ ਸੌਖੇ ਤਰੀਕੇ ਨਾਲ ਮਿਲ ਸਕੀ, ਨਹੀਂ ਤਾਂ ਰੂਸੀ ਨਾਗਰਿਕਤਾ ਮਿਲਣਾ ਕਾਫੀ ਮੁਸ਼ਕਿਲ ਹੈ।

ਰੂਸ ਵਿੱਚ ਵਸ ਚੁੱਕੇ ਇੱਕ ਭਾਰਤੀ ਵਪਾਰੀ ਨੇ ਮੈਨੂੰ ਕਿਹਾ, "ਰੂਸ ਵਿੱਚ ਤਕਰੀਬਨ ਪੰਜ ਸੌ ਭਾਰਤੀ ਵਪਾਰੀ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਵਿੱਚੋਂ 200 ਰਾਜਧਾਨੀ ਮਾਸਕੋ ਵਿੱਚ ਹੀ ਰਹਿੰਦੇ ਹਨ। ਇਨ੍ਹਾਂ ਵਿੱਚੋਂ ਅੱਧੀਆਂ ਦੀਆਂ ਪਤਨੀਆਂ ਰੂਸੀ ਮੂਲ ਦੀਆਂ ਹੀ ਹੋਣਗੀਆਂ।''

ਰੂਸ ਵਿੱਚ ਰਹਿਣ ਵਾਲੇ ਵਧੇਰੇ ਭਾਰਤੀ ਚਾਹ-ਕੌਫੀ, ਦਵਾਈਆਂ, ਅਨਾਜ ਅਤੇ ਮਸਾਲੇ, ਚਮੜੇ ਦਾ ਸਾਮਾਨ ਅਤੇ ਕੱਪੜਿਆਂ ਦਾ ਵਪਾਰ ਕਰਦੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਹੀਰੇ-ਜਵਾਹਰਾਤ ਦੇ ਵਪਾਰ ਵਿੱਚ ਵੀ ਵਾਧਾ ਦੇਖਿਆ ਗਿਆ ਹੈ ਪਰ ਯੂਰਪ ਦੇ ਦੂਜੇ ਦੇਸ ਜਿਵੇਂ ਬੈਲਜ਼ੀਅਮ ਵਰਗੇ ਮੁਲਕਾਂ ਦੀ ਤੁਲਨਾ ਵਿੱਚ ਇਹ ਬਹੁਤ ਘੱਟ ਹਨ।

ਦੋਹਾਂ ਮੁਲਕਾਂ ਵਿਚਾਲੇ ਪਹਿਲਾਂ ਵਾਂਗ ਰਿਸ਼ਤੇ ਨਹੀਂ

ਗੁਜਰਾਤ ਦੇ ਧਰਮੇਂਦਰ ਰਾਵਲ ਰੂਸ ਵਿੱਚ 1998 ਵਿੱਚ ਆਏ ਸਨ ਅਤੇ ਕਹਿੰਦੇ ਹਨ ਕਿ ਦਸ ਸਾਲ ਇੱਥੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਇਹ ਹਿਸਾਬ ਲਾਉਣਾ ਬੰਦ ਕਰ ਦਿੱਤਾ ਕਿ ਰੂਸ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਕਿੰਨੇ ਦਿਨ ਹੋਏ ਹਨ।

ਫਾਰਮਾ ਦੇ ਵਪਾਰੀ ਧਰਮੇਂਦਰ ਨੇ ਦੱਸਿਆ, "ਇਹ ਸਹੀ ਹੈ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਅੱਜ ਭਾਰਤ-ਰੂਸ ਦੇ ਰਿਸ਼ਤੇ ਉਹ ਨਹੀਂ ਰਹੇ ਜਿਨ੍ਹਾਂ ਬਾਰੇ ਸੁਣ ਕੇ ਅਸੀਂ ਇੱਥੇ ਪਹੁੰਚੇ ਸੀ ਪਰ ਤਮਾਮ ਚੁਣੌਤੀਆਂ ਦੇ ਬਾਵਜੂਦ ਇਹ ਦੇਸ ਅੱਗੇ ਚੱਲ ਕੇ ਭਾਰਤ ਦੇ ਲਈ ਇੱਕ ਵੱਡੀ ਸੌਗਾਤ ਬਣ ਸਕਦਾ ਹੈ।''

ਤਸਵੀਰ ਕੈਪਸ਼ਨ,

ਰੂਸ ਵਿੱਚ ਰਹਿੰਦੇ ਅਭਿਸ਼ੇਕ ਸਿੰਘ ਮੰਨਦੇ ਹਨ ਕਿ ਰੂਸ ਦੇ ਵੀਜ਼ਾ ਨਿਯਮ ਕਾਫੀ ਸਖਤ ਹਨ

ਅੱਜ ਦੀ ਹਕੀਕਤ ਇਹੀ ਹੈ ਜੋਵੇਂ ਦੇਸਾਂ ਨੇ ਆਪਣੀ ਦੋਸਤੀ ਅਤੇ ਆਪਸੀ ਸਹਿਯੋਗ ਦੇ ਨਾਲ-ਨਾਲ ਨਵੇਂ ਦੋਸਤ ਵੀ ਚੁਣ ਲਏ ਹਨ।

ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀ ਅਰਥਵਿਵਸਥਾ ਵਧੀ ਹੈ ਅਤੇ ਦੇਸ ਨੇ ਅਮਰੀਕਾ ਅਤੇ ਪੱਛਮੀ ਦੇਸਾਂ ਵਿੱਚ ਵੀ ਦਿਸਚਸਪੀ ਵਧਾਈ ਹੈ। ਰੂਸ ਨੇ ਵੀ ਯੂਰਪ ਵੱਲ ਹੱਥ ਵਧਾਇਆ ਹੈ।

ਸ਼ਾਇਦ ਇਹੀ ਵਜ੍ਹਾ ਹੈ ਕਿ ਦੋਹਾਂ ਦੇਸਾਂ ਵਿਚਾਲੇ ਹੁਣ ਵਪਾਰ ਬੇਹੱਦ ਘੱਟ ਹੈ।

ਮਿਸਾਲ ਵਜੋਂ ਪਿਛਲੇ ਪੰਜ ਸਾਲਾਂ ਵਿੱਚ ਭਾਰਤ-ਰੂਸ ਦਾ ਕੁੱਲ ਵਪਾਰ ਛੇ ਤੋਂ ਸੱਤ ਅਰਬ ਡਾਲਰ ਦੇ ਆਲੇ-ਦੁਆਲੇ ਰਿਹਾ ਹੈ।

ਜੇ ਅਮਰੀਕਾ ਦੇ ਨਾਲ ਭਾਰਤੀ ਵਪਾਰ ਦਾ ਮੁਕਾਬਲਾ ਕਰੀਏ ਤਾਂ ਇਹ ਬੇਹੱਦ ਘੱਟ ਹੈ ਕਿਉਂਕਿ 2017 ਵਿੱਚ ਦੋਵੇਂ ਦੇਸਾਂ ਦੇ ਵਿਚਾਲੇ ਕੁੱਲ ਵਪਾਰ 67 ਅਰਬ ਡਾਲਰ ਦਾ ਸੀ।

ਚੀਨੀ ਕੰਪਨੀਆਂ ਨੇ ਬਣਾਈ ਮਜ਼ਬੂਤ ਥਾਂ

ਮਾਸਕੋ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਰਹਿਣ ਵਾਲੇ ਕੁਮਾਰ ਵੇਲਾਂਗੀ ਅੰਬਾਂ ਦੇ ਵਪਾਰੀ ਹਨ। ਉਨ੍ਹਾਂ ਨੂੰ ਭਵਿੱਖ ਨੂੰ ਲੈ ਕੇ ਉਮੀਦ ਤਾਂ ਹੈ ਪਰ ਇੱਕ ਖਦਸ਼ਾ ਵੀ ਹੈ।

ਕੁਮਾਰ ਨੇ ਕਿਹਾ, "ਰਾਹ ਦਾ ਰੋੜਾ ਇਹ ਹੈ ਕਿ ਜਦੋਂ ਸਥਿਰਤਾ ਦੀ ਗੱਲ ਹੁੰਦੀ ਹੈ ਜਾਂ ਵਕਤ 'ਤੇ ਪੈਸਿਆਂ ਦੇ ਭੁਗਤਾਨ ਦੀ ਹੁੰਦੀ ਹੈ ਤਾਂ ਭਾਰਤ ਦੀਆਂ ਕਈ ਨਾਮੀ ਕੰਪਨੀਆਂ ਰੂਸੀ ਬਾਜ਼ਾਰ ਨੂੰ ਲੈ ਕੇ ਥੋੜ੍ਹੀਆਂ ਅਸਹਿਜ ਰਹਿੰਦੀਆਂ ਹਨ।''

ਤਸਵੀਰ ਕੈਪਸ਼ਨ,

ਰੂਸ ਵਿੱਚ ਕੁਮਾਰ ਵੈਲੰਗੀ ਵਰਗੇ ਭਾਰਤੀ ਵਪਾਰੀਆਂ ਨੂੰ ਭਵਿੱਖ ਨੂੰ ਲੈ ਕੇ ਉਮੀਦਾਂ ਹਨ

"ਭਾਰਤੀ ਕੰਪਨੀਆਂ ਨੂੰ ਇੱਥੇ ਆਉਣਾ ਥੋੜ੍ਹਾ ਜ਼ੋਖਮ ਭਰਿਆ ਲੱਗਦਾ ਹੈ ਅਤੇ ਇਹ ਗੈਪ ਉਸੇ ਵੇਲੇ ਭਰੇਗਾ ਜਦੋਂ ਭਾਰਤੀ ਦੀਆਂ ਵੱਡੀਆਂ 100 ਕੰਪਨੀਆਂ ਇੱਥੇ ਆ ਕੇ ਆਪਣੇ ਦਫ਼ਤਰ ਖੋਲ੍ਹਣਗੀਆਂ ਅਤੇ ਉਹ ਕਰਨਗੀਆਂ ਜੋ ਚੀਨ ਦੀਆਂ ਕੰਪਨੀਆਂ ਪਹਿਲਾਂ ਤੋਂ ਕਰ ਰਹੀਆਂ ਹਨ।''

ਰੂਸ ਵਿੱਚ ਦਸ ਦਿਨ ਬਿਤਾਉਣ ਤੋਂ ਬਾਅਦ ਮੈਨੂੰ ਘੱਟੋ-ਘੱਟ ਇਹ ਤਾਂ ਸਮਝ ਆ ਗਿਆ ਕਿ ਚੀਨ ਦੀਆਂ ਕੰਪਨੀਆਂ ਨੇ ਇੱਥੇ ਆਪਣੀ ਮਜ਼ਬੂਤ ਥਾਂ ਬਣਾ ਲਈ ਹੈ।

ਜੇ ਇਸ ਲਿਹਾਜ਼ ਨਾਲ ਵੇਖੋ ਤਾਂ ਮਾਸਕੋ ਜਾਂ ਕਿਸੇ ਦੂਜੇ ਵੱਡੇ ਰੂਸੀ ਸ਼ਹਿਰ ਵਿੱਚ ਭਾਰਤੀ ਕੰਪਨੀਆਂ ਜਾਂ ਬਿਜ਼ਨੈਸ ਵਗੈਰਹ ਦੀ ਛਾਪ ਨਹੀਂ ਦਿਖਦੀ।

ਭਾਰਤ ਤੇ ਰੂਸ ਵਿਚਾਲੇ ਸੱਭਿਆਚਾਰਕ ਸਾਂਝ ਵਧੇਰੇ

ਭਾਵੇਂ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਰੂਸ ਦੇ ਵਿਚਾਲੇ ਕਈ ਨਵੇਂ ਸਮਝੌਤਿਆਂ 'ਤੇ ਸਹਿਮਤੀ ਬਣੀ ਹੈ।

ਰੂਸ ਨੇ ਸੰਘਾਈ ਕੋਉੁਪਰੇਸ਼ਨ ਓਰਗਨਾਈਜ਼ੇਸ਼ਨ ਜਿਹੇ ਵੱਡੇ ਕੌਮਾਂਤਰੀ ਮੰਚਾਂ 'ਤੇ ਭਾਰਤੀ ਦਾਅਵੇਦਾਰੀ ਦੀ ਹਮਾਇਤ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਰਸਮੀ ਅਤੇ ਗੈਰ-ਰਸਮੀ ਯਾਤਰਾਵਾਂ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੋਵੇਂ ਦੇਸ ਦੋਸਤੀ ਦੀ ਇੱਕ ਨਵੀਂ ਮਿਸਾਲ ਕਾਇਮ ਕਰਨਗੇ।

ਤਸਵੀਰ ਕੈਪਸ਼ਨ,

ਰੂਸ ਵਿੱਚ 5000 ਹਜ਼ਾਰ ਭਾਰਤੀ ਵਿਦਿਆਰਥੀ ਰਹਿੰਦੇ ਹਨ

ਆਰਥਿਕ ਸਹਿਯੋਗ ਦੀਆਂ ਗੱਲਾਂ 'ਤੇ ਵੀ ਸਹਿਮਤੀ ਹੋਈ ਹੈ ਅਤੇ ਹਥਿਆਰਾਂ ਦੀ ਖਰੀਦ ਨੂੰ ਲੈ ਕੇ ਵੀ ਕਈ ਸਮਝੌਤੇ ਹੋਏ ਹਨ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ, ਕੀ ਦੋਵੇਂ ਦੇਸਾਂ ਦੇ ਰਿਸ਼ਤਿਆਂ ਵਿੱਚ ਪਹਿਲਾਂ ਵਾਂਗ ਗੂੜ੍ਹੀ ਸਾਂਝ ਬਣ ਸਕੇਗੀ ਜਾਂ ਨਹੀਂ।

ਮਾਸਕੋ ਵਿੱਚ ਸੀਨੀਅਰ ਰੂਸੀ ਪੱਤਰਕਾਰ ਆਂਦਰੇਈ ਨੇ ਬੇਹੱਦ ਛੋਟੀ ਪਰ ਅਹਿਮ ਗੱਲ ਕੀਤੀ।

"ਭਾਰਤ-ਰੂਸ ਦੇ ਸੰਬੰਧ ਸੱਭਿਆਚਾਰਕ ਵੱਧ ਸਨ ਅਤੇ ਬਰਾਬਰੀ ਦੇ ਕਦੇ ਵੀ ਨਹੀਂ ਸਨ, ਇਸ ਲਈ ਜਿਵੇਂ ਦੇ ਹਨ, ਕਾਫੀ ਬਿਹਤਰ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)