ਇਹ ਪੁੱਤ ਹੱਟਾਂ 'ਤੇ ਨਹੀਂ ਵਿਕਦੇ...ਨਜ਼ਰੀਆ

  • ਮੁਹੰਮਦ ਹਨੀਫ਼
  • ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ
ਪਾਕਿਸਤਾਨੀ ਫੌਜੀ. ਨੌਜਵਾਨ

ਤਸਵੀਰ ਸਰੋਤ, Getty Images

ਇੰਟਰਨੈੱਟ ਅਤੇ ਟੈਲੀਵਿਜ਼ਨ ਆਉਣ ਤੋਂ ਪਹਿਲਾਂ ਸਾਡੇ ਪਿੰਡਾਂ ਵਿੱਚ ਐਂਟਰਟੇਨਮੈਂਟ ਬਹੁਤ ਘੱਟ ਹੁੰਦਾ ਸੀ। ਜਾਂ ਤਾਂ ਮੱਝ ਦੀ ਪੂਛ ਫੜ ਕੇ ਨਹਿਰ ਵਿੱਚ ਤਾਰੀ ਮਾਰ ਲਈ ਦੀ ਸੀ ਜਾਂ ਫੇਰ ਗੁੱਲੀ ਡੰਡਾ ਖੇਡ ਲਈ ਦਾ ਸੀ।

ਸ਼ਾਮ ਨੂੰ ਵੱਡੇ ਇਕੱਠੇ ਹੋ ਕੇ ਰੇਡੀਓ ਸੁਣਦੇ ਸਨ ਤੇ ਅਸੀਂ ਵੀ ਸੁਣ ਲਈ ਦਾ ਸੀ। ਹਰ ਰੋਜ਼ ਸ਼ਾਮ ਤੋਂ ਪਹਿਲਾਂ ਇੱਕ ਪ੍ਰੋਗਰਾਮ ਆਉਂਦਾ ਸੀ , ਜਿਸਦਾ ਨਾਮ ਸੀ-ਫੌਜੀ ਭਾਈਆਂ ਦਾ ਪ੍ਰੋਗਰਾਮ।

ਉਸ ਵਿੱਚ ਸਾਡੇ ਫੌਜੀ ਭਰਾਵਾਂ ਦੀਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਸੀ ਅਤੇ ਫਰਮਾਇਸ਼ੀ ਗੀਤ ਵੀ ਸੁਣਾਏ ਜਾਂਦੇ ਸੀ।

ਸਾਡੇ ਫੌਜੀ ਭਰਾ ਇਨ੍ਹਾਂ ਚਿੱਠੀਆਂ ਵਿੱਚ ਆਪਣੇ ਮਾਂ-ਪਿਓ ਨੂੰ ਸਲਾਮ-ਦੁਆ ਕਰਦੇ ਸਨ, ਫ਼ਸਲਾਂ ਦਾ ਹਾਲ ਪੁੱਛਦੇ ਸਨ, ਮੱਝਾਂ ਗਊਆਂ ਦੀ ਖ਼ਬਰ ਲੈਂਦੇ ਸਨ ਕਿ ਕੋਈ ਸੂਈ ਹੈ ਜਾਂ ਨਹੀਂ, ਕੱਟਾ ਹੋਇਆ ਹੈ ਜਾਂ ਕੱਟੀ। ਇਹ ਸੁਣ ਕੇ ਲਗਦਾ ਸੀ ਕਿ ਫੌਜੀ ਸਾਡੇ ਪੇਂਡੂ ਭਰਾ ਹੀ ਹਨ।

'ਫੌਜੀ ਵੀ ਸਾਡੇ ਵਰਗੇ ਹੀ ਹਨ'

ਉਨ੍ਹਾਂ ਦੇ ਗਾਣਿਆਂ ਦੀ ਫਰਮਾਇਸ਼ ਵੀ ਉਹੀ ਹੁੰਦੀ ਸੀ, ਜਿਹੜੇ ਵਿਆਹ-ਸ਼ਾਦੀ ਵਿੱਚ ਰਿਕਾਰਡ ਵਾਲਾ ਵਜਾਉਂਦਾ ਸੀ। ਰਿਕਾਰਡ ਨੂੰ ਉਸ ਵੇਲੇ ਤਵਾ ਕਹਿੰਦੇ ਸੀ।

ਬਚਪਨ ਤੋਂ ਹੀ ਇਹ ਯਕੀਨ ਹੋ ਗਿਆ ਕਿ ਫੌਜੀ ਵੀ ਸਾਡੇ ਵਰਗੇ ਹੀ ਹਨ, ਰਹਿਤਲ ਵੀ ਸਾਡੇ ਵਰਗੀ, ਖੁਸ਼ੀਆਂ-ਗ਼ਮ ਵੀ ਸਾਂਝੇ।

ਵੀਡੀਓ ਕੈਪਸ਼ਨ,

'ਯੇ ਜੋ ਦਹਿਸ਼ਤਗਰਦੀ ਹੈ, ਉਸ ਦੇ ਪਿੱਛੇ ਵਰਦੀ ਹੈ'

ਸਿਰਫ਼ ਫਰਕ ਐਨਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ, ਆਪਣੀਆਂ ਪੈਲੀਆਂ ਵਿੱਚ ਮੌਜਾਂ ਕਰਦੇ ਹਾਂ ਤੇ ਉਹ ਕਿਸੇ ਬਾਰਡਰ, ਕਿਸੇ ਪਹਾੜ 'ਤੇ ਚੜ੍ਹੇ ਖਤਰੇ ਵਾਲੀ ਨੌਕਰੀ ਕਰ ਰਹੇ ਹਨ। ਦਿਲੋਂ ਦੁਆ ਇਹੀ ਨਿਕਲਦੀ ਸੀ, ਰੱਬ ਇਨ੍ਹਾਂ ਨੂੰ ਸਹੀ-ਸਲਾਮਤ ਰੱਖੇ।

ਫੌਜੀਆਂ ਬਾਰੇ ਗਾਏ ਗਾਣੇ ਵੀ ਉਸੇ ਜ਼ਮਾਨੇ ਵਿੱਚ ਸੁਣੇ। ਮੈਡਮ ਨੂਰ ਜਹਾਂ ਨੇ ਗਾਇਆ ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ। ਇਹ ਵੀ ਸੁਣਿਆ ਸੀ ਕਿ ਜਦੋਂ ਹਿੰਦੁਸਤਾਨ-ਪਾਕਿਸਤਾਨ ਦੀ ਜੰਗ ਹੁੰਦੀ ਸੀ ਤੇ ਸਾਡੇ ਸਾਰੇ ਫ਼ਨਕਾਰ ਆਪਣੇ ਤਬਲੇ-ਵਾਜੇ ਲੈ ਕੇ ਰੇਡੀਓ ਸਟੇਸ਼ਨ 'ਤੇ ਡੇਰਾ ਲਾ ਲੈਂਦੇ ਸਨ।

'ਵੱਲਾ ਜੀ ਹੁਣ ਦਿਓ ਰਗੜਾ'

ਸ਼ਾਇਰ ਗੀਤ ਦੇ ਬੋਲ ਜੋੜਦਾ ਜਾਂਦਾ ਸੀ, ਮੋਸੀਕਾਰ ਵਾਜਾ ਫੜ ਲੈਂਦਾ ਸੀ ਤੇ ਗਾਣਾ ਫੌਰਨ ਤਿਆਰ ਹੋ ਜਾਂਦਾ ਸੀ। 1971 ਦੀ ਜੰਗ ਵਿੱਚ ਇਹ ਗਾਣਾ ਬੜਾ ਚੱਲਿਆ ਸੀ ਉਨੈਤ ਹੁਸੈਨ ਭੱਟੀ ਹੁਰਾਂ ਨੇ ਗਾਇਆ ਸੀ, ਦਿਓ ਰਗੜਾ, ਇਨ੍ਹਾਂ ਨੂੰ ਦਿਓ ਰਗੜਾ, ਮੁੱਕ ਜਾਵੇ ਕੁਫ਼ਰ ਦਾ ਝਗੜਾ, ਵੱਲਾ ਜੀ ਹੁਣ ਦਿਓ ਰਗੜਾ।

ਤਸਵੀਰ ਸਰੋਤ, TAPU JAVERI

ਤਸਵੀਰ ਕੈਪਸ਼ਨ,

ਉਸੇ ਜ਼ਮਾਨੇ ਵਿੱਚ ਮੈਡਮ ਨੂਰ ਜਹਾਂ ਨੇ ਗਾਣਾ ਗਾਇਆ ਸੀ ਮੇਰਾ ਮਾਹੀ ਛੈਲ ਛਬੀਲਾ, ਹਾਏ ਨੀ ਕਰਨੈਲ ਨੀ, ਜਰਨੈਲ ਨੀ

ਬੰਗਲਾਦੇਸ਼ ਵਿੱਚ ਕੁਫ਼ਰ ਦਾ ਝਗੜਾ ਪਤਾ ਨਹੀਂ ਮੁੱਕਿਆ ਜਾਂ ਨਹੀਂ, ਸਾਡੀਆਂ ਗਲੀਆਂ-ਬਾਜ਼ਾਰਾਂ ਵਿੱਚ ਜ਼ਰੂਰ ਆ ਗਿਆ ਹੈ। ਉਸੇ ਜ਼ਮਾਨੇ ਵਿੱਚ ਮੈਡਮ ਨੂਰ ਜਹਾਂ ਨੇ ਗਾਣਾ ਗਾਇਆ ਸੀ ਮੇਰਾ ਮਾਹੀ ਛੈਲ ਛਬੀਲਾ, ਹਾਏ ਨੀ ਕਰਨੈਲ ਨੀ, ਜਰਨੈਲ ਨੀ।

ਮੈਡਮ ਜੀ ਹੁਣ ਤੁਰ ਗਏ ਨੇ। ਕਰਨੈਲ ਤੇ ਜਰਨੈਲ ਵੀ ਸਰਹੱਦਾਂ ਤੋਂ ਮੁੜੇ ਤਾਂ ਪਤਾ ਲੱਗਾ ਕਿ ਅਗਲੀਆਂ ਜੰਗਾਂ ਹੁਣ ਸਾਡੇ ਘਰ ਹੀ ਹੋਣਗੀਆਂ।

ਘਰ ਦੀ ਲੜਾਈ ਦਾ ਅੰਜਾਮ ਕਦੇ ਚੰਗਾ ਨਹੀਂ ਹੁੰਦਾ। ਕਈ ਹਜ਼ਾਰ ਲੋਕ ਹੁਣ ਨਾਅਰੇ ਮਾਰਦੇ ਫਿਰਦੇ ਹਨ ਕਿ 'ਯੇਹ ਜੋ ਦਹਿਸ਼ਤਗਰਦੀ ਹੈ, ਉਸ ਕੇ ਪੀਛੇ ਵਰਦੀ ਹੈ'। ਫੌਜੀ ਭਰਾਵਾਂ ਨੂੰ ਗੁੱਸਾ ਆਉਂਦਾ ਹੈ ਕਿ ਜੰਗਾਂ ਵੀ ਅਸੀਂ ਲੜੀਏ, ਜਾਨਾਂ ਵੀ ਅਸੀਂ ਦੇਈਏ ਤੇ ਤੁਸੀਂ ਸਾਡੀ ਵਰਦੀ ਨੂੰ ਜੁੱਤਾ ਮਾਰਦੇ ਹੋ।

'ਦੁਸ਼ਮਣ ਕੇ ਬੱਚੋਂ ਕੋ ਪੜ੍ਹਾਨਾ ਹੈ'

ਫੌਜੀ ਭਰਾਵਾਂ ਦਾ ਗੁੱਸਾ ਠੀਕ ਹੈ ਪਰ ਜੇਕਰ ਕਿਸੇ ਦੇ ਪੁੱਤਰ ਨੂੰ ਦਿਨ ਦਿਹਾੜੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੋਈ ਛੈਲ-ਛਬੀਲਾ ਕਰਨੈਲ ਚੁੱਕ ਲਵੇ ਤੇ ਫਿਰ ਗਾਇਬ ਕਰ ਦੇਵੇ ਤੇ ਉਹ ਵਿਚਾਰਾ ਕੀ ਕਰੇ।

ਹੁਣ ਫੌਜੀ ਮਹਿਕਮੇ ਨੇ ਗਾਣੇ ਬਣਾਉਣੇ ਵੀ ਖ਼ੁਦ ਹੀ ਸ਼ੁਰੂ ਕਰ ਦਿੱਤੇ ਹਨ। ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗਾਣਾ ਬਹੁਤ ਹਿੱਟ ਹੋਇਆ ਸੀ ਕਿ 'ਦੁਸ਼ਮਣ ਕੇ ਬੱਚੋਂ ਕੋ ਪੜ੍ਹਾਨਾ ਹੈ' ਪਰ ਜਿਨ੍ਹਾਂ ਦੇ ਬੱਚੇ ਗਾਇਬ ਹੋਏ ਹਨ ਉਹ ਤਾਂ ਇਹੀ ਕਹਿਣਗੇ ਕਿ ਤੁਸੀਂ ਦੁਸ਼ਮਣ ਦੇ ਬੱਚੇ ਨਾਲ ਜੋ ਵੀ ਕਰਨਾ ਹੈ ਕਰੋ ਪਹਿਲਾਂ ਮੇਰਾ ਬੱਚਾ ਤਾਂ ਵਾਪਿਸ ਕਰੋ।

ਤਸਵੀਰ ਸਰੋਤ, Getty Images

ਅੱਗੋਂ ਜਵਾਬ ਆਉਂਦਾ ਹੈ ਕਿਹੜਾ ਬੱਚਾ, ਅਸੀਂ ਤੁਹਾਨੂੰ ਬੱਚਾ ਚੁੱਕਣ ਵਾਲੇ ਲਗਦੇ ਹਾਂ। ਉਂਜ ਤਾਂ ਅਸੀਂ ਚੁੱਕਿਆ ਹੀ ਨਹੀਂ ਜੇਕਰ ਚੁੱਕਿਆ ਹੈ ਤਾਂ ਕੋਈ ਵੱਡੀ ਵਜ੍ਹਾ ਹੋਵੇਗੀ ਜਿਹੜੀ ਕਿਸੇ ਨੂੰ ਨਹੀਂ ਦੱਸੀ ਜਾ ਸਕਦੀ। ਰੌਲਾ ਪਾਵੇਂਗਾ ਤਾਂ ਤੂੰ ਵੀ ਚੁੱਕਿਆ ਜਾਵੇਂਗਾ, ਇਸ ਲਈ ਚੁੱਪ ਕਰ ਕੇ ਘਰ ਬੈਠ।

ਹੁਣ ਚੁੱਪ ਕਰਕੇ ਬੈਠਾ ਬੰਦਾ ਢੋਲ ਸਿਪਾਹੀਆ ਤਾਂ ਨਹੀਂ ਗਾਉਣ ਲੱਗਾ। ਇਹ ਕੋਈ ਮਜ਼ਾਕ ਦੀ ਗੱਲ ਨਹੀਂ, ਇੱਕ ਪਾਸੇ ਸਾਡੇ ਫੌਜੀ ਭਰਾ ਸ਼ਹੀਦ ਹੁੰਦੇ ਹਨ ਤੇ ਦੂਜੇ ਪਾਸੇ ਸਾਡੇ ਆਪਣੇ ਪੁੱਤਰ ਚੁੱਕੇ ਜਾਂਦੇ ਹਨ।

ਮੈਡਮ ਨੂਰ ਜਹਾਂ ਨੇ ਇੱਕ ਹੋਰ ਵੀ ਫੌਜੀ ਤਰਾਨਾ ਗਾਇਆ ਸੀ। ਸੂਫ਼ੀ ਤਬੱਸਮ ਹੁਰਾਂ ਨੇ ਲਿਖਿਆ ਸੀ ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇ ਬਾਜ਼ਾਰ ਕੁੜੀਏ, ਇਹ ਦੇਣ ਹੈ ਮੇਰਾ ਦਾਤਾ ਦੀ ਨਾ ਐਵੇਂ ਟੱਕਰਾਂ ਮਾਰ ਕੁੜੇ।

ਸਾਡੇ ਛੈਲ-ਛਬੀਲਿਆਂ ਨੂੰ ਐਨੀ ਪੰਜਾਬੀ ਤਾਂ ਯਾਦ ਹੀ ਹੋਵੇਗੀ ਕਿ ਮੈਡਮ ਨੂਰ ਜਹਾਂ ਕੀ ਨਸੀਹਤ ਫ਼ਰਮਾ ਗਏ ਸਨ। ਹੁਣ ਹੱਥ ਜੋੜ ਕੇ ਇਹ ਬੇਨਤੀ ਕੀਤੀ ਜਾ ਸਕਦੀ ਹੈ ਤੁਸੀਂ ਸਾਡੀ ਨਹੀਂ ਮੰਨਣੀ ਨਾ ਮੰਨੋ, ਜੱਜਾਂ ਦੀ ਨਾ ਮੰਨੋ, ਸਿਆਸਤਦਾਨਾਂ ਦੀ ਨਾ ਸੁਣੋ, ਤੁਹਾਡੀ ਮਰਜ਼ੀ ਪਰ ਮੈਡਮ ਨੂਰ ਜਹਾਂ ਦੀ ਗੱਲ ਤਾਂ ਮੰਨ ਲਿਆ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)