ਪੁਲਿਸਵਾਲੀ, ਜਿਸ ਨੇ ਆਪਣੇ ਬਚਪਨ ਦੇ 'ਰੇਪਿਸਟ' ਨੂੰ ਹੱਥਕੜੀ ਲਾਈ

ਬੱਚੀ ਦਾ ਗਰਾਫਿਕ Image copyright ANDRE VALENTE BBC BRAZIL
ਫੋਟੋ ਕੈਪਸ਼ਨ ਉਹ ਪੀੜਤਾ ਦੇ ਮਾਤਾ-ਪਿਤਾ ਦਾ ਦੋਸਤ ਸੀ। ਕੈਂਪਿੰਗ ਵਿੱਚ ਹਨੇਰੇ ਦਾ ਫਾਇਦਾ ਚੁੱਕ ਕੇ ਉਹ ਉਸ ਨਾਲ ਰੇਪ ਕਰਦਾ ਸੀ

ਨੌਂ ਸਾਲ ਦੀ ਉਹ ਬੱਚੀ ਬੜੀਆਂ ਗੱਲਾਂ ਕਰਦੀ ਸੀ। ਉਸ ਕੋਲ ਕਈ ਗੁੱਡੀਆਂ ਸਨ ਅਤੇ ਉਹ ਆਪਣੀ ਪੱਕੀ ਸਹੇਲੀ ਨਾਲ 'ਘਰ-ਘਰ' ਖੇਡਦੀ ਸੀ।

ਉਸ ਨੂੰ ਸਾਈਕਲ ਚਲਾਉਣਾ ਬਹੁਤ ਪਸੰਦ ਸੀ। ਟੀਵੀ ਤੋਂ ਇਲਾਵਾ ਉਸ ਕੋਲ ਹੋਰ ਕੋਈ ਇਲੈਕਟ੍ਰੋਨਿਕ ਉਪਕਰਨ ਜਾਂ ਖੇਡ ਨਹੀਂ ਸੀ।

ਉਸ ਫੋਟੋਗ੍ਰਾਫਰ ਦੀ ਉਮਰ 39 ਸਾਲ ਸਾਲ ਸੀ। ਉਹ ਵਿਆਹਿਆ ਹੋਇਆ ਸੀ। ਕੁਦਰਤ ਨਾਲ ਉਸ ਨੂੰ ਖ਼ਾਸ ਪਿਆਰ ਸੀ। ਸਮੁੰਦਰ, ਨਦੀਆਂ ਅਤੇ ਘੁੰਮਣ-ਫਿਰਨ ਬਾਰੇ ਗੱਲਾਂ ਕਰਕੇ ਉਹ ਆਸਾਨੀ ਨਾਲ ਲੋਕਾਂ ਦਾ ਭਰੋਸਾ ਜਿੱਤ ਲੈਂਦਾ ਸੀ।

ਤਬਾਤਾ (ਬਦਲਿਆ ਹੋਇਆ ਨਾਮ) ਦੀ ਉਸ ਫੋਟੋਗ੍ਰਾਫਰ ਨਾਲ ਪਹਿਲੀ ਮੁਲਾਕਾਤ ਸਾਲ 2002 ਦੀਆਂ ਗਰਮੀਆਂ ਵਿੱਚ ਹੋਈ। ਉਹ ਤਬਾਤਾ ਦੇ ਮਾਤਾ-ਪਿਤਾ ਦਾ ਦੋਸਤ ਸੀ। ਉਸ ਨੇ ਦੋ ਸਾਲ ਤੱਕ ਤਬਾਤਾ ਨਾਲ ਬਲਾਤਕਾਰ ਕੀਤਾ।

ਆਖ਼ਰੀ ਵਾਰ ਸਰੀਰਕ ਸ਼ੋਸ਼ਣ ਦੇ 12 ਸਾਲ ਬਾਅਦ ਦੋਵੇਂ ਇੱਕ ਵਾਰ ਮੁੜ ਮਿਲੇ।

ਇਸ ਵਾਰ ਤਬਾਤਾ ਦੇ ਹੱਥ ਵਿੱਚ ਇੱਕ ਬੰਦੂਕ ਸੀ। ਉਸ ਨੇ ਫੋਟੋਗ੍ਰਾਫਰ ਦੀ ਬਾਂਹ ਕਸ ਕੇ ਫੜੀ ਅਤੇ ਹਥਕੜੀ ਲਾ ਕੇ ਜੇਲ੍ਹ ਵਿੱਚ ਲੈ ਗਈ।

ਉਸ ਨੂੰ ਜੇਲ੍ਹ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਾਇਆ ਅਤੇ ਫਿਰ ਸਕੂਨ ਭਰਿਆ ਇੱਕ ਲੰਬਾ ਸਾਹ ਲਿਆ ਜਿਵੇਂ ਕੋਈ ਸਿਲਸਿਲਾ ਖ਼ਤਮ ਕਰ ਦਿੱਤਾ ਹੋਵੇ।

ਤਬਾਤਾ ਹੁਣ 26 ਸਾਲ ਦੀ ਹੈ ਅਤੇ ਪੁਲਿਸ ਅਧਿਕਾਰੀ ਬਣ ਗਈ ਹੈ। ਉਹ ਦੱਖਣੀ ਬ੍ਰਾਜ਼ੀਲ ਦੇ ਸੈਂਤਾ ਕੈਤੇਰੀਨਾ ਸੂਬੇ ਵਿੱਚ ਤਾਇਨਾਤ ਹੈ। 21 ਦਸੰਬਰ 2016 ਦਾ ਉਹ ਦਿਨ ਉਸਦੇ ਜ਼ਹਿਨ ਵਿੱਚ ਹਾਲੇ ਵੀ ਤਾਜ਼ਾ ਹੈ।

ਤਬਾਤਾ ਨੇ ਉਸ ਸ਼ਖ਼ਸ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਿਸ ਨੇ ਬਚਪਨ ਵਿੱਚ ਉਸਦਾ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਸੀ।

ਪਹਿਲੀ ਵਾਰ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਬੀਬੀਸੀ ਬ੍ਰਾਜ਼ੀਲ ਨੂੰ ਆਪਣੀ ਕਹਾਣੀ ਦੱਸੀ।

ਤਬਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਬੋਲਣ ਦਾ ਫ਼ੈਸਲਾ ਇਸ ਲਈ ਕੀਤਾ ਤਾਂ ਜੋ ਉਹ ਦੂਜੀਆਂ ਔਰਤਾਂ ਨੂੰ ਵੀ ਅਜਿਹਾ ਕਰਨ ਲਈ ਹੌਸਲਾ ਦੇ ਸਕੇ।

ਨਦੀ ਕਿਨਾਰੇ ਕੈਂਪਿੰਗ ਤੋਂ ਸ਼ੁਰੂ ਹੋਇਆ ਸ਼ੋਸ਼ਣ

ਤਬਾਤਾ ਦੇ ਪਿਤਾ ਦੀ ਜਦੋਂ ਫੋਟੋਗ੍ਰਾਫਰ ਨਾਲ ਪਛਾਣ ਹੋਈ ਉਦੋਂ ਉਹ ਨੌਂ ਸਾਲ ਦੀ ਸੀ।

ਕੁਝ ਹੀ ਸਮੇਂ ਵਿੱਚ ਫੋਟੋਗ੍ਰਾਫਰ ਉਨ੍ਹਾਂ ਦਾ ਪਰਿਵਾਰਕ ਦੋਸਤ ਬਣ ਗਿਆ। ਗਰਮੀਆਂ ਵਿੱਚ ਦੋਵਾਂ ਪਰਿਵਾਰਾਂ ਨੇ ਨਦੀ ਕਿਨਾਰੇ ਕੈਂਪਿੰਗ ਦੀ ਯੋਜਨਾ ਬਣਾਈ ਅਤੇ ਹਰ ਹਫ਼ਤੇ ਕੈਂਪਿੰਗ ਲਈ ਜਾਣ ਲੱਗੇ।

ਤਬਾਤਾ ਉਸ ਚੰਗੇ ਵੇਲੇ ਨੂੰ ਯਾਦ ਕਰਦੀ ਹੈ ਜਦੋਂ ਉਹ ਨਦੀ ਵਿੱਚ ਨਹਾਉਂਦੀ ਸੀ ਅਤੇ ਖ਼ੂਬ ਮਜ਼ੇ ਕਰਦੀ ਸੀ।

ਦੋਵੇਂ ਪਰਿਵਾਰ ਕਾਰ ਰਾਹੀਂ ਜਾਂਦੇ ਸੀ, ਜੰਗਲਾਂ ਦੇ ਰਸਤੇ ਤੋਂ ਲੰਘਦੇ ਹੋਏ ਕੁਦਰਤ ਦਾ ਆਨੰਦ ਮਾਣਦੇ ਸਨ ਅਤੇ ਖੁਲ੍ਹੇ ਆਸਮਾਨ ਹੇਠਾਂ ਠੰਡੀ ਹਵਾ ਵਿੱਚ ਸੌਂਦੇ ਸੀ।

ਕੈਂਪਿੰਗ ਦਾ ਸਿਲਸਿਲਾ ਸ਼ੁਰੂ ਹੋਏ ਕੁਝ ਹੀ ਹਫਤੇ ਹੋਏ ਸਨ ਕਿ ਉਹ ਫੋਟੋਗ੍ਰਾਫਰ ਤਬਾਤਾ ਦਾ ਸ਼ੋਸ਼ਣ ਕਰਨ ਲੱਗ ਪਿਆ।

ਉਹ ਕਹਿੰਦੀ ਹੈ, "ਮੈਨੂੰ ਇਹ ਸਭ ਪ੍ਰੇਸ਼ਾਨ ਕਰ ਰਿਹਾ ਸੀ, ਪਰ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਜੋ ਮੇਰੇ ਨਾਲ ਹੋ ਰਿਹਾ ਹੈ ਉਹ ਜ਼ੁਰਮ ਹੈ।"

"ਮੈਂ ਆਪਣੇ ਪਰਿਵਾਰ ਨੂੰ ਉਸ ਸਮੇਂ ਕੁਝ ਨਹੀਂ ਦੱਸਿਆ ਪਰ ਅੱਜ ਸੋਚਦੀ ਹਾਂ ਕਿ ਮੈਂ ਅਜਿਹਾ ਕਿਉਂ ਕੀਤਾ।"

ਤਬਾਤਾ ਦੀ ਇੱਕ ਅੱਠ ਸਾਲ ਦੀ ਮਤਰੇਈ ਭੈਣ ਵੀ ਸੀ, ਪਰ ਉਹ ਕੈਂਪਿੰਗ ਲਈ ਉਨ੍ਹਾਂ ਨਾਲ ਨਹੀਂ ਜਾਂਦੀ ਸੀ।

"ਉਹ ਮੇਰੇ ਪਿਤਾ ਦੇ ਜ਼ਿਆਦਾ ਕਰੀਬ ਨਹੀਂ ਸੀ ਕਿਉਂਕਿ ਉਹ ਉਨ੍ਹਾਂ ਦੀ ਮਤਰੇਈ ਧੀ ਸੀ। ਉਹ ਘਰ ਰਹਿ ਕੇ ਹੀ ਪੜ੍ਹਾਈ ਕਰਦੀ ਸੀ ਅਤੇ ਟੀਵੀ ਦੇਖਦੀ ਸੀ।''

ਤਬਾਤਾ ਦੇ ਮੁਤਾਬਕ ਫੋਟੋਗ੍ਰਾਫਰ ਨੇ ਉਨ੍ਹਾਂ ਦੇ ਕਮਜ਼ੋਰ ਹੋਣ, ਕੈਂਪ ਦੇ ਇਕੱਲੇਪਣ ਅਤੇ ਦਰਖ਼ਤਾਂ ਵਿਚਾਲੇ ਹਨੇਰੇ ਦਾ ਫਾਇਦਾ ਚੁੱਕਿਆ।

Image copyright ANDRE VALENTE BBC BRAZIL
ਫੋਟੋ ਕੈਪਸ਼ਨ 9 ਤੋਂ 11 ਸਾਲ ਦੀ ਉਮਰ ਤਕ ਬੱਚੀ ਨਾਲ ਰੇਪ ਹੋਇਆ

ਉਹ ਦੱਸਦੀ ਹੈ, "ਇੱਕ ਵਾਰ ਮੈਂ ਕੈਂਪਿੰਗ ਦੌਰਾਨ ਪਾਣੀ ਲੈਣ ਗਈ ਸੀ ਤਾਂ ਰਸਤੇ ਵਿੱਚ ਉਸ ਨੇ ਮੇਰਾ ਸ਼ੋਸ਼ਣ ਕੀਤਾ। ਮੈਂ ਮੁਸ਼ਕਿਲ ਨਾਲ ਹੱਥ ਛੁਡਾ ਕੇ ਉੱਥੋਂ ਭੱਜੀ। ਮੇਰੇ ਮਾਤਾ-ਪਿਤਾ ਨੇ ਪੁੱਛਿਆ ਕਿ ਤੂੰ ਉਸ ਤੋਂ ਪਹਿਲਾਂ ਕਿਉਂ ਆ ਗਈ? ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦਾ ਭਰੋਸੇਮੰਦ ਆਦਮੀ ਉਨ੍ਹਾਂ ਦੀ ਧੀ ਨਾਲ ਇਹ ਸਭ ਕਰ ਸਕਦਾ ਹੈ।"

ਜਦੋਂ ਸ਼ੋਸ਼ਣ ਦੀ ਘਟਨਾਵਾਂ ਅਕਸਰ ਹੋਣ ਲੱਗੀਆਂ ਤਾਂ ਤਬਾਤਾ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਗਿਆ। ਉਹ ਆਪਣੇ ਪਿਤਾ ਨੂੰ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ।

ਉਹ ਕਹਿੰਦੀ ਹੈ, "ਮੇਰੇ ਪਿਤਾ ਹਮੇਸ਼ਾ ਤਣਾਅ ਵਿੱਚ ਰਹਿੰਦੇ ਸੀ ਅਤੇ ਮੈਨੂੰ ਡਰ ਸੀ ਕਿ ਮੇਰੇ ਦੱਸਣ ਨਾਲ ਕਿਤੇ ਉਹ ਫੋਟੋਗ੍ਰਾਫਰ ਦਾ ਕਤਲ ਨਾ ਕਰ ਦੇਣ। ਫਿਰ ਉਨ੍ਹਾਂ ਨੂੰ ਜੇਲ੍ਹ ਹੋ ਜਾਂਦੀ । ਮੇਰੇ ਦਿਮਾਗ ਵਿੱਚ ਹਜ਼ਾਰਾਂ ਗੱਲਾਂ ਚੱਲ ਰਹੀਆਂ ਸਨ। ਇੱਕ ਡਰ ਇਹ ਵੀ ਸੀ ਕਿ ਮੇਰੇ ਮਾਤਾ-ਪਿਤਾ ਮੇਰਾ ਯਕੀਨ ਕਰਨਗੇ ਜਾਂ ਨਹੀਂ।"

'ਮਾਂ ਨੂੰ ਦੱਸਣ ਵਾਲੀ ਸੀ, ਪਰ..'

ਫੋਟੋਗ੍ਰਾਫਰ ਅਕਸਰ ਉਨ੍ਹਾਂ ਦੇ ਘਰ ਆਉਣ ਲੱਗਾ, ਇਹ ਦੇਖਣ ਕਿ ਤਬਾਤਾ ਕਦੋਂ ਇਕੱਲੀ ਰਹਿੰਦੀ ਹੈ।

ਉਸ ਨੇ ਦੇਖਿਆ ਕਿ ਤਬਾਤਾ ਦੀ ਭੈਣ ਪੜ੍ਹਨ ਵਿੱਚ ਰੁੱਝੀ ਰਹਿੰਦੀ ਹੈ ਅਤੇ ਉਸ ਦੀ ਮਾਂ ਰਾਤ ਨੂੰ ਕੰਮ ਕਰਦੀ ਹੈ।

ਉਹ ਇਹ ਵੀ ਜਾਣਦਾ ਸੀ ਕਿ ਰਾਤ ਨੂੰ ਉਸ ਦੇ ਪਿਤਾ ਕਦੋਂ ਫੁੱਟਬਾਲ ਖੇਡਦੇ ਹਨ, ਉਹ ਸਮੇਂ ਦਾ ਫਾਇਦਾ ਚੁੱਕਦਾ ਤੇ ਤਬਾਤਾ ਦਾ ਸਰੀਰਕ ਸ਼ੋਸ਼ਣ ਕਰਦਾ।

"ਉਹ ਕਦੇ ਮੈਨੂੰ ਮਾਰਦਾ ਨਹੀਂ ਸੀ, ਉਹ ਮੈਨੂੰ ਕੱਸ ਕੇ ਫੜ ਲੈਂਦਾ ਸੀ।"

ਉਹ ਢਾਈ ਸਾਲ ਤੱਕ ਤਬਾਤਾ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਤਬਾਤਾ ਕਹਿੰਦੀ ਹੈ ਕਿ 11 ਸਾਲ ਦੀ ਉਮਰ ਤੱਕ ਮੈਨੂੰ ਸਮਝ ਆਉਣ ਲੱਗਾ ਕਿ ਉਹ ਮੇਰੇ ਨਾਲ ਸਰੀਰਕ ਅਪਰਾਧ ਕਰ ਰਿਹਾ ਹੈ। ਮੈਂ ਉਸਦਾ ਵਿਰੋਧ ਕਰਨ ਲੱਗੀ, ਰੌਲਾ ਪਾਉਣ ਲੱਗੀ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ।

ਇੱਕ ਦਿਨ ਉਸ ਨੇ ਆਪਣੀ ਮਾਂ ਨੂੰ ਦੱਸਣ ਬਾਰੇ ਸੋਚਿਆ ਪਰ ਉਦੋਂ ਹੀ ਪਤਾ ਲੱਗਿਆ ਕਿ ਉਸਦੀ ਮਾਂ ਨੂੰ ਬਾਇਪੋਲਰ ਡਿਸਆਰਡਰ (ਇੱਕ ਮਾਨਸਿਕ ਰੋਗ) ਹੋ ਗਿਆ ਹੈ। ਤਬਾਤਾ ਨੇ ਉਨ੍ਹਾਂ ਨੂੰ ਕੁਝ ਨਾ ਦੱਸਣ ਦਾ ਫ਼ੈਸਲਾ ਕੀਤਾ।

ਮਤਰੇਈ ਭੈਣ ਨੂੰ ਦੱਸਿਆ

ਉਸੇ ਸਮੇਂ ਤਬਾਤਾ ਨੂੰ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਮਿਲੀ। ਉਸਦੇ ਪਿਤਾ ਦਾ ਫੋਟੋਗ੍ਰਾਫਰ ਦੀ ਪਤਨੀ ਨਾਲ ਅਫੇਅਰ ਚੱਲ ਰਿਹਾ ਸੀ।

ਜਦੋਂ ਇਸ ਗੱਲ ਦਾ ਪਤਾ ਦੋਵਾਂ ਪਰਿਵਾਰਾਂ ਨੂੰ ਲੱਗਿਆ ਤਾਂ ਦੋਸਤੀ ਦੇ ਨਾਲ-ਨਾਲ ਸ਼ੋਸ਼ਣ ਦਾ ਸਿਲਸਿਲਾ ਵੀ ਖ਼ਤਮ ਹੋ ਗਿਆ।

ਤਬਾਤਾ ਨੇ ਆਪਣੀ ਪੱਕੀ ਸਹੇਲੀ ਨੂੰ ਸਭ ਕੁਝ ਦੱਸਿਆ ਅਤੇ ਉਸ ਤੋਂ ਇਸ ਨੂੰ ਰਾਜ਼ ਬਣਾਏ ਰੱਖਣ ਦਾ ਵਾਅਦਾ ਲਿਆ।

ਉਹ ਮੁਸ਼ਕਿਲ ਦੌਰ ਸੀ। ਤਬਾਤਾ ਨੇ ਮਾਨਸਿਕ ਅਤੇ ਸਰੀਰਕ ਰੂਪ ਤੋਂ ਬਿਮਾਰ ਮਾਂ ਨੂੰ ਸੰਭਾਲਣਾ ਸੀ।

ਉਹ ਆਪਣੀ ਭੈਣ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ ਪਰ ਦੋਵਾਂ ਵਿਚਾਲੇ ਸਬੰਧ ਬਹੁਤੇ ਚੰਗੇ ਨਹੀਂ ਸਨ।

Image copyright ANDRE VALENTE BBC BRAZIL
ਫੋਟੋ ਕੈਪਸ਼ਨ ਫੋਟੋਗ੍ਰਾਫਰ ਨੂੰ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ

ਮਾਂ ਦੀ ਬਿਮਾਰੀ ਦੋਵਾਂ ਭੈਣਾਂ ਨੂੰ ਨੇੜੇ ਲੈ ਆਈ। ਤਬਾਤਾ ਨੇ 2006 ਵਿੱਚ ਆਪਣੀ ਭੈਣ ਨੂੰ ਆਪਣੀ ਹੱਡਬੀਤੀ ਸੁਨਾਉਣ ਦਾ ਫੈਸਲਾ ਕੀਤਾ।

ਤਬਾਤਾ ਮੁਤਾਬਕ, "ਜਦੋਂ ਮੈਂ ਆਪਣੀ ਭੈਣ ਨੂੰ ਸਭ ਕੁਝ ਦੱਸਿਆ ਤਾਂ ਉਹ ਰੋਣ ਲੱਗੀ। ਉਸ ਨੇ ਮੇਰੇ ਪਿਤਾ ਨੂੰ ਤੁਰੰਤ ਫੋਨ ਕੀਤਾ। ਮੇਰੇ ਪਿਤਾ ਦੋ ਸਾਲ ਪਹਿਲਾਂ ਮੇਰੀ ਮਾਂ ਤੋਂ ਤਲਾਕ ਲੈ ਚੁੱਕੇ ਸਨ। ਅਜਿਹੇ ਵਿੱਚ ਲੱਗਿਆ ਕਿ ਮੈਨੂੰ ਉਨ੍ਹਾਂ ਨੂੰ ਇਹ ਸਭ ਦੱਸਣਾ ਚਾਹੀਦਾ ਹੈ। ਇਸ ਨਾਲ ਮੇਰੇ ਪਰਿਵਾਰ ਦੀਆਂ ਤਕਲੀਫ਼ਾਂ ਹੀ ਵਧਣਗੀਆਂ।"

ਕਈ ਹੋਰ ਪੀੜਤ

ਉਸ ਬੁਰੀਆਂ ਯਾਦਾਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਪਣੇ ਸਕੂਲੀ ਦੋਸਤਾਂ ਨੂੰ ਸਭ ਕੁਝ ਦੱਸਣ ਦਾ ਫ਼ੈਸਲਾ ਕੀਤਾ।

2008 ਵਿੱਚ ਜਦੋਂ ਉਹ 16 ਸਾਲ ਦੀ ਸੀ ਤਾਂ ਉਸਦੀ ਇੱਕ ਦੋਸਤ ਨੇ ਆਪਣੀ ਮਾਂ ਨੂੰ ਉਸ ਬਾਰੇ ਸਭ ਕੁਝ ਦੱਸ ਦਿੱਤਾ।

ਉਸ ਕੁੜੀ ਦੀ ਮਾਂ ਫੋਟੋਗ੍ਰਾਫਰ ਨੂੰ ਜਾਣਦੀ ਸੀ। ਉਸਦੀ ਮਾਂ ਨੇ ਤਬਾਤਾ ਨੂੰ ਮਿਲਣ ਲਈ ਬੁਲਾਇਆ।

"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕਈ ਹੋਰ ਕੁੜੀਆਂ ਨੂੰ ਜਾਣਦੀ ਹੈ ਜਿਨ੍ਹਾਂ ਦਾ ਫੋਟੋਗ੍ਰਾਫਰ ਨੇ ਸਰੀਰਕ ਸ਼ੋਸ਼ਣ ਕੀਤਾ ਹੈ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਨੂੰ ਲਗਦਾ ਸੀ ਕਿ ਉਸ ਨੇ ਇਹ ਸਭ ਮੇਰੇ ਨਾਲ ਕੀਤਾ ਹੈ ਪਰ ਉਸ ਨੇ ਹੋਰ ਵੀ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਸੀ।"

ਸਰੀਰਕ ਸ਼ੋਸ਼ਣ ਦੇ 7 ਸਾਲ ਬਾਅਦ ਤਬਾਤਾ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਸ਼ੁਰੂ ਤਾਂ ਕੀਤੀ ਪਰ ਜਲਦੀ ਹੀ ਕੇਸ ਬੰਦ ਕਰ ਦਿੱਤਾ।

ਤਬਾਤਾ ਇੱਕ ਵਕੀਲ ਨੂੰ ਮਿਲੀ ਪਰ ਉਸ ਨੇ ਇਹ ਕਹਿ ਕੇ ਕੇਸ ਲੈਣ ਤੋਂ ਨਾਂਹ ਕਰ ਦਿੱਤੀ ਕਿ ਇਸ ਵਿੱਚ ਕੋਈ ਦਮ ਨਹੀਂ। ਉਸ ਨੇ ਕਿਹਾ ਮਾਮਲਾ ਪੁਰਾਣਾ ਹੈ ਅਤੇ ਮੇਰੇ ਕੋਲ ਕੋਈ ਸਬੂਤ ਨਹੀਂ ਹੈ।

ਤਬਾਤਾ ਉਸ ਦਿਨ ਬਹੁਤ ਰੋਈ। ਉਸ ਨੂੰ ਲੱਗਿਆ ਕਿ ਉਸਦੇ ਮੁਲਜ਼ਮ ਨੂੰ ਹੁਣ ਕਦੇ ਸਜ਼ਾ ਨਹੀਂ ਮਿਲੇਗੀ।

ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਇੱਕ ਵਪਾਰੀ ਦੀ 9 ਸਾਲ ਦੀ ਕੁੜੀ ਦਾ ਵੀ ਉਸ ਫੋਟੋਗ੍ਰਾਫਰ ਨੇ ਸ਼ੋਸ਼ਣ ਕੀਤਾ ਸੀ।

ਤਬਾਤਾ ਉਸਦੀ ਮਾਂ ਤੋਂ ਮਦਦ ਮੰਗਣ ਪਹੁੰਚੀ।

"ਮੈਂ ਉਨ੍ਹਾਂ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਬੇਨਤੀ ਕੀਤੀ। ਉਹ ਮੰਨ ਗਏ।" ਇਸ ਤੋਂ ਬਾਅਦ ਤਬਾਤਾ ਮੁੜ ਵਕੀਲ ਦੇ ਕੋਲ ਗਈ।

ਪਬਲਿਕ ਮਨਿਸਟ੍ਰੀ ਨੇ ਮੰਨਿਆ ਕਿ ਮੁਲਜ਼ਮ ਦਾ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਰਿਕਾਰਡ ਰਿਹਾ ਹੈ। ਇੱਕ ਸਾਲ ਬਾਅਦ 2013 ਵਿੱਚ ਕੋਰਟ 'ਚ ਪਹਿਲੀ ਸੁਣਵਾਈ ਹੋਈ।

ਅਦਾਲਤ ਦਾ ਫ਼ੈਸਲਾ

ਅਦਾਲਤ ਵਿੱਚ ਸੁਣਵਾਈ ਦੌਰਾਨ ਫੋਟੋਗ੍ਰਾਫਰ ਨੇ ਇਲਜ਼ਾਮਾਂ ਨੂੰ ਖਾਰਜ ਕੀਤਾ। ਉਸ ਨੇ ਕਿਹਾ ਕਿ ਤਬਾਤਾ ਬਦਲਾ ਲੈਣ ਲਈ ਇਹ ਇਲਜ਼ਾਮ ਲਗਾ ਰਹੀ ਹੈ ਕਿ ਕਿਉਂਕਿ ਤਬਾਤਾ ਦੇ ਪਿਤਾ ਦਾ ਉਸਦੀ ਪਤਨੀ ਨਾਲ ਅਫੇਅਰ ਸੀ।

ਪਰ ਕੋਰਟ ਨੇ ਫੋਟੋਗ੍ਰਾਫਰ ਨੂੰ ਦੋਸ਼ੀ ਮੰਨਿਆ ਅਤੇ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ।

24 ਸਾਲ ਦੀ ਉਮਰ ਵਿੱਚ ਤਬਾਤਾ ਸਿਵਲ ਪੁਲਿਸ ਅਕੈਡਮੀ ਦਾ ਕੋਰਸ ਪੂਰਾ ਕਰਕੇ ਇੱਕ ਪੁਲਿਸ ਮੁਲਾਜ਼ਮ ਬਣ ਗਈ ਸੀ।

22 ਦਸੰਬਰ 2016 ਨੂੰ ਉਹ ਆਪਣੀ ਅੱਠ-ਦਸ ਪੁਲਿਸ ਕਰਮੀਆਂ ਦੀ ਟੀਮ ਨਾਲ ਫੋਟੋਗ੍ਰਾਫਰ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਉਹ ਇੱਕ ਨਦੀ ਕਿਨਾਰੇ ਬਣੇ ਫਾਰਮ ਹਾਊਸ ਵਿੱਚ ਲੁਕਿਆ ਹੋਇਆ ਸੀ।

Image copyright ANDRE VALENTE BBC BRAZIL
ਫੋਟੋ ਕੈਪਸ਼ਨ ਲੰਬੀ ਲੜਾਈ ਲੜਨ ਤੋਂ ਬਾਅਦ ਤਬਾਤਾ ਆਪਣੇ ਮੁਲਜ਼ਮ ਨੂੰ ਸਜ਼ਾ ਦੁਆ ਸਕੀ

ਉਹ ਜਾਣਦੀ ਸੀ ਕਿ ਉਨ੍ਹਾਂ ਦੇ ਸੰਘਰਸ਼ ਨੇ ਉਸ ਨੂੰ ਪੁਲਿਸ ਕਰਮੀ ਬਣਨ ਲਈ ਪ੍ਰੇਰਿਤ ਕੀਤਾ। ਉਹ ਸਾਰੇ ਬਲਾਤਕਾਰੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਚਾਹੁੰਦੀ ਸੀ।

ਸਜ਼ਾ ਦੇ ਇੱਕ ਸਾਲ ਬਾਅਦ 19 ਦਸੰਬਰ 2017 ਨੂੰ ਜੇਲ੍ਹ ਵਿੱਚ ਚੰਗੇ ਵਿਹਾਰ ਕਾਰਨ ਫੋਟੋਗ੍ਰਾਫਰ ਨੂੰ ਰਿਹਾ ਕਰ ਦਿੱਤਾ ਗਿਆ।

ਹੁਣ ਉਹ ਆਜ਼ਾਦ ਹੈ ਅਤੇ ਤਬਾਤਾ ਇਸ ਤੋਂ ਅਸਤੁੰਸ਼ਟ ਹੈ।

ਉਨ੍ਹਾਂ ਨੂੰ ਲਗਦਾ ਹੈ ਕਿ ਜਿਸ ਨੇ ਬਚਪਨ ਵਿੱਚ ਉਸਦਾ ਦੋ ਸਾਲ ਤੱਕ ਬਲਾਤਕਾਰ ਕੀਤਾ, ਉਸ ਨੂੰ ਐਨੇ ਘੱਟ ਸਮੇਂ ਵਿੱਚ ਕਿਵੇਂ ਛੱਡ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)