ਆਪਣੀ ਧੀ ਦੇ ਕਾਤਲ ਨੂੰ ਬਖਸ਼ਣ ਵਾਲੀ ਮਾਂ, ਸੁਮਨ ਵਿਰਕ

ਸੁਮਨ ਅਤੇ ਮਨਜੀਤ ਵਿਰਕ Image copyright TIMES COLONIST
ਫੋਟੋ ਕੈਪਸ਼ਨ ਸੁਮਨ ਅਤੇ ਮਨਜੀਤ ਵਿਰਕ ਨੇ ਕੈਨੇਡਾ ਵਿੱਚ ਧੱਕੇ ਖਿਲਾਫ ਲਹਿਰ ਚਲਾਈ।

(ਕੁਝ ਪਾਠਕਾਂ ਨੂੰ ਇਸ ਲੇਖ ਵਿਚਲੀ ਜਾਣਕਾਰੀ ਪ੍ਰੇਸ਼ਾਨ ਕਰ ਸਕਦੀ ਹੈ।)

ਸਾਲ 2017 ਦੇ ਜੂਨ ਮਹੀਨੇ ਵਿੱਚ ਉਨ੍ਹਾਂ ਦੀ ਧੀ ਦੇ ਕਾਤਲ ਨੇ ਉਨ੍ਹਾਂ ਨੂੰ ਜੱਫ਼ੀ ਪਾਈ। ਵਾਰਨ ਗਲੋਵਤਸਕੀ ਨੇ ਸੁਮਨ ਵਿਰਕ ਦੀ ਧੀ ਦਾ ਦਸ ਸਾਲ ਪਹਿਲਾਂ ਕਤਲ ਕਰ ਦਿੱਤਾ ਸੀ।

ਗਲੋਵਤਸਕੀ ਨੂੰ ਕੁਝ ਦੇਰ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਫੇਰ ਉਸ ਨੇ ਸੁਮਨ ਦੇ ਪਤੀ ਮਨਜੀਤ ਨਾਲ ਹੱਥ ਮਿਲਾਇਆ।

ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਨਹੀਂ ਸੀ। ਵਿਰਕ ਨੇ ਗਲੋਵਤਸਕੀ ਦੇ ਕੇਸ ਦੀ ਸੁਣਵਾਈ ਵਿੱਚ ਵੀ ਹਿੱਸਾ ਲਿਆ ਸੀ। ਫੇਰ ਇੱਕ ਚਰਚ ਵਿੱਚ ਮਰਹੂਮ ਅਤੇ ਕਾਤਲ ਦੇ ਪਰਿਵਾਰਾਂ ਦੀ ਆਹਮੋਂ-ਸਾਹਮਣੇ ਮੁਲਾਕਾਤ ਹੋਈ ਸੀ।

ਉੱਥੇ ਹੀ ਗਲੋਵਤਸਕੀ ਨੇ ਉਨ੍ਹਾਂ ਦੀ ਧੀ ਦੇ ਕਤਲ ਦੀ ਮਾਫੀ ਮੰਗੀ ਜੋ ਉਸ ਸਮੇਂ ਸਿਰਫ 14 ਸਾਲਾਂ ਦਾ ਸੀ।

ਨਵੰਬਰ, 1987 ਵਿੱਚ ਗਲੋਵਤਸਕੀ ਰੀਨਾ ਨੂੰ ਘੇਰਨ ਵਾਲੇ ਕਿਸ਼ੋਰਾਂ ਦੀ ਜੁੰਡਲੀ ਦਾ ਹਿੱਸਾ ਸੀ। ਕਈਆਂ ਨੇ ਰੀਨਾ ਉੱਪਰ ਹਮਲਾ ਕਰ ਦਿੱਤਾ ਜਦਕਿ ਬਾਕੀ ਖੜ੍ਹੇ ਰਹੇ। ਬਹੁਤੀਆਂ ਹਮਲਾਵਰ ਕੁੜੀਆਂ ਸਨ ਅਤੇ ਸਭ ਤੋਂ ਵੱਡੀ ਸਿਰਫ਼ 16 ਸਾਲਾਂ ਦੀ ਸੀ।

ਸ਼ੁਰੂਆਤੀ ਹਮਲੇ ਵਿੱਚ ਜੋ ਕਿ ਇੱਕ ਪੁਲ ਦੇ ਹੇਠਾਂ ਕੀਤਾ ਗਿਆ, ਰੀਨਾ ਨੂੰ ਬਲਦੀਆਂ ਸਿਗਰਟਾਂ ਨਾਲ ਜਲਾਇਆ ਗਿਆ, ਕੁੱਟਿਆ ਗਿਆ ਅਤੇ ਉਸਦੇ ਵਾਲਾਂ ਨੂੰ ਅੱਗ ਲਾਈ ਗਈ।

ਉਸ ਮਗਰੋਂ ਗਲੋਵਤਸਕੀ ਅਤੇ ਕੈਲੀ ਐਲਾਰਡ (15) ਨੇ ਰੀਨਾ ਦਾ ਪਿੱਛਾ ਕੀਤਾ ਅਤੇ ਉਸਨੂੰ ਕੁੱਟਿਆ ਅਤੇ ਸਿਰ ਵਿੱਚ ਸੱਟਾਂ ਮਾਰੀਆਂ। ਕੁੱਟਣ ਮਗਰੋਂ ਉਨ੍ਹਾਂ ਨੇ ਰੀਨਾ ਨੂੰ ਨਦੀ ਵਿੱਚ ਵਹਾ ਦਿੱਤਾ ਜਿੱਥੇ ਉਹ ਡੁੱਬ ਗਈ।

ਜਦੋਂ ਸਾਲ 2017 ਵਿੱਚ ਗਲੋਵਤਸਕੀ ਰਿਹਾਅ ਹੋਇਆ ਤਾਂ ਸੁਮਨ ਨੇ ਉਸਨੂੰ ਮਾਫ਼ ਕਰਨ ਦੀ ਵਜ੍ਹਾ ਬਿਆਨ ਕੀਤੀ।

ਉਸਨੇ ਜੁੜੇ ਨਾਮਾਨਿਗਾਰਾਂ ਨੂੰ ਦੱਸਿਆ,"ਉਹ ਗੁੱਸੇ ਵਾਲਾ ਕਿਸ਼ੋਰ ਸੀ ਜੋ ਨਕਾਰਾਤਮਕ ਢੰਗ ਨਾਲ ਕੁਝ ਸਾਬਤ ਕਰਨਾ ਚਾਹੁੰਦਾ ਸੀ।"

Image copyright CBC
ਫੋਟੋ ਕੈਪਸ਼ਨ ਰੀਨਾ ਵਿਰਕ ਦੀ ਲਾਸ਼ ਉਸਦੀ ਗੁਮਸ਼ੁਦਗੀ ਤੋਂ ਇੱਕ ਹਫ਼ਤਾ ਬਾਅਦ ਮਿਲੀ ਸੀ।

"ਅੱਜ ਮੈਂ ਸਮਝਦੀ ਹਾਂ ਕਿ ਸਾਡੇ ਸਾਹਮਣੇ ਇੱਕ ਅਜਿਹਾ ਨੌਜਵਾਨ ਹੈ ਜਿਸ ਨੇ ਆਪਣੇ ਕੰਮ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਪਣੀ ਗਲਤੀ ਸੁਧਾਰਨ ਦਾ ਯਤਨ ਕਰ ਰਿਹਾ ਹੈ।"

ਇਸ ਸਾਲ 58 ਸਾਲ ਦੀ ਉਮਰ ਵਿੱਚ ਸੁਮਨ ਵਿਰਕ ਦੀ ਮੌਤ ਮਗਰੋਂ ਉਨ੍ਹਾਂ ਦਾ ਇਹ ਸੁਨੇਹਾ ਪੂਰੇ ਕੈਨੇਡਾ ਵਿੱਚ ਦੁਹਰਾਇਆ ਗਿਆ। ਖ਼ਬਰਾਂ ਮੁਤਾਬਕ ਉਨ੍ਹਾਂ ਦੀ ਮੌਤ ਇੱਕ ਰੈਸਟੋਰੈਂਟ ਵਿੱਚ ਦਮ ਘੁਟਣ ਕਰਕੇ ਹੋਈ।

ਕਤਲ ਦੇ ਕਈ ਵੇਰਵਿਆਂ ਨੇ ਪੂਰੇ ਕੈਨੇਡਾ ਵਿੱਚ ਲੋਕਾਂ ਨੂੰ ਦਹਿਲਾ ਦਿੱਤਾ ਸੀ। ਖ਼ਾਸ ਕਰਕੇ ਉਸ ਮੌਕੇ ਕੀਤੇ ਗਈ ਹਿੰਸਾ ਜੋ ਪਹਿਲਾਂ ਕਦੇ ਨਹੀਂ ਸੀ ਹੋਈ ਜਿਵੇਂ ਬਹੁਤ ਸਾਰੀਆਂ ਕੁੜੀਆਂ ਦਾ ਇਸ ਵਿੱਚ ਸ਼ਾਮਲ ਹੋਣਾ।

ਇਹ ਗੱਲ ਵੀ ਸਾਰਿਆਂ ਨੂੰ ਹੈਰਾਨ ਕਰ ਰਹੀ ਸੀ ਕਿ ਜੋ ਵੀ ਇਸ ਕਤਲ ਵਿੱਚ ਸ਼ਾਮਲ ਸਨ, ਉਹ ਪੂਰਾ ਇੱਕ ਹਫਤਾ, ਜਦੋਂ ਪੁਲਿਸ ਰੀਨਾ ਦੀ ਭਾਲ ਕਰ ਰਹੀ ਸੀ, ਚੁੱਪ ਰਹੇ ਸਨ। ਇਹ ਕਤਲ ਵੈਨਕੂਵਰ ਦੀਪ ਦੇ ਇੱਕ ਮੱਧ ਵਰਗੀ ਇਲਾਕੇ ਵਿੱਚ ਹੋਇਆ ਸੀ।

ਰੀਨਾ ਵਿਰਕ ਦੇ ਕਤਲ ਦੀ ਪੂਰੀ ਕਹਾਣੀ 'ਅੰਡਰ ਦ ਬ੍ਰਿਜ' ਦੀ ਲੇਖਕਾ ਰਬੈਕਾ ਗੌਡਫਰੀ ਨੇ ਬੀਬੀਸੀ ਨੂੰ ਦੱਸਿਆ, "ਕੈਨੇਡਾ ਵਾਸੀਆਂ ਲਈ ਕਤਲ ਦੀ ਥਾਂ ਬਿਲਕੁਲ ਦਹਿਲਾ ਦੇਣ ਵਾਲਾ ਸੀ ਕਿਉਂਕਿ ਇੱਥੇ ਤਾਂ ਅਸੀਂ ਛੁੱਟੀਆਂ ਵਿੱਚ ਆਰਾਮ ਕਰਨ ਜਾਂਦੇ ਹਾਂ।"

"ਉੱਥੇ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ- ਇਹ ਕੋਲੰਬੀਆ( ਸਕੂਲ ਹਿੰਸਾ, 1999) ਤੋਂ ਪਹਿਲਾਂ ਵਾਪਰਿਆ ਸੀ। ਕਿਸ਼ੋਰਾਂ ਦਾ ਕਤਲ ਕਰਨਾ ਖ਼ਾਸ ਕਰਕੇ ਕਿਸ਼ੋਰ ਲੜਕੀਆਂ ਦਾ, ਸਮਝ ਤੋਂ ਬਾਹਰ ਸੀ।"

ਸੁਮਨ ਦੇ ਪਿਤਾ ਭਾਰਤੀ ਪੰਜਾਬ ਤੋਂ 1947 ਵਿੱਚ ਉੱਥੇ ਜਾ ਕੇ ਵਸੇ ਸਨ ਅਤੇ ਸੁਮਨ ਦਾ ਪਾਲਣ ਪੋਸ਼ਣ ਵੈਨਕੂਵਰ ਦੀਪ ਉੱਪਰ ਹੀ ਹੋਇਆ ਸੀ। ਸਾਲ 1979 ਵਿੱਚ ਸੁਮਨ ਦੀ ਮੁਲਾਕਾਤ ਮਨਜੀਤ ਵਿਰਕ ਨਾਲ ਹੋਈ ਜੋ ਕਿ ਵਿਕਟੋਰੀਆ ਆਪਣੀ ਭੈਣ ਨੂੰ ਮਿਲਣ ਆਏ ਹੋਏ ਸਨ।

ਉਨ੍ਹਾਂ ਵਿਕਟੋਰੀਆ ਵਿੱਚ ਹੀ ਘਰ ਵਸਾ ਲਿਆ। ਉਨ੍ਹਾਂ ਦੀ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਧੀ ਰੀਨਾ (ਸ਼ੀਸ਼ਾ) ਦਾ ਜਨਮ ਉੱਥੇ ਹੀ 10 ਮਾਰਚ, 1983 ਨੂੰ ਹੋਇਆ।

Image copyright Getty Images
ਫੋਟੋ ਕੈਪਸ਼ਨ ਇਹ ਕਤਲ ਵੈਨਕੂਵਰ ਦੀਪ ਦੇ ਇੱਕ ਮੱਧ ਵਰਗੀ ਇਲਾਕੇ ਵਿੱਚ ਹੋਇਆ ਸੀ।

ਉਸ ਦਾ ਪਾਲਣ-ਪੋਸ਼ਣ ਇੱਕ ਇਸਾਈ ਫਿਰਕੇ 'ਜਿਹੋਵਾਹਜ਼ ਵਿਟਨਸ' ਮੁਤਾਬਕ ਹੋਇਆ ਜਿਸ ਕਰਕੇ ਉਹ ਆਪਣਾ ਜਨਮ ਦਿਨ ਅਤੇ ਕ੍ਰਿਸਮਿਸ ਨਹੀਂ ਮਨਾਉਂਦੀ ਸੀ।

ਰਬੈਕਾ ਗੌਡਫਰੀ ਨੇ 'ਅੰਡਰ ਦ ਬ੍ਰਿਜ' ਵਿੱਚ ਲਿਖਿਆ ਕਿ ਰੀਨਾ ਇਸ ਜ਼ਿੰਦਗੀ ਤੋਂ ਤੰਗ ਆਉਣ ਲੱਗ ਪਈ ਸੀ। ਉਹ ਜਨਮ ਦਿਨ ਦੀਆਂ ਪਾਰਟੀਆਂ ਚਾਹੁੰਦੀ ਸੀ ਜਿਸ ਕਰਕੇ ਉਹ ਕਈ ਵਾਰ ਘਰੋਂ ਭੱਜ ਜਾਂਦੀ ਸੀ।

ਰੀਨਾ ਨੂੰ ਸਾਰੀ ਉਮਰ ਪ੍ਰੇਸ਼ਾਨ ਕੀਤਾ ਗਿਆ। ਸੁਮਨ ਨੇ ਆਪਣੀ ਕਿਤਾਬ ਰੀਨਾ꞉ ਏ ਫਾਦਰਜ਼ ਸਟੋਰੀ ਵਿੱਚ ਲਿਖਿਆ ਕਿ ਪ੍ਰੇਸ਼ਾਨ ਕਰਨ ਵਾਲੇ ਉਸਦੇ ਵਜ਼ਨ ਦਾ ਮਜ਼ਾਕ ਉਡਾਉਂਦੇ ਅਤੇ ਉਸਦੇ ਵਾਲਾਂ ਵਿੱਚ ਬੱਬਲ ਗਮ ਚਿਪਕਾ ਦਿੰਦੇ।

14 ਸਾਲਾਂ ਦੀ ਉਮਰ ਵਿੱਚ ਰੀਨਾ ਦਾ ਸਾਹਮਣਾ ਕੁਝ ਨੌਜਵਾਨਾਂ ਨਾਲ ਹੋਇਆ ਜੋ ਪਾਰਕ ਵਿੱਚ ਸਿਗਰਟ ਪੀ ਰਹੇ ਸਨ। ਉਹ ਤੁਰੰਤ ਘਰੇ ਭੱਜ ਆਈ। ਇਥੋਂ ਉਹ ਇੱਕ ਜੋਸਫੀਨ ਕੋਲ ਪਹੁੰਚੀ।

ਬਾਅਦ ਵਿੱਚ ਸਾਹਮਣੇ ਆਇਆ ਕਿ ਰੀਨਾ ਨੇ ਉਸ ਜੋਸਫੀਨ ਤੋਂ ਇੱਕ ਡਾਇਰੀ ਲਈ ਸੀ। ਇਸ ਡਾਇਰੀ ਤੋਂ ਉਹ ਲੋਕਾਂ ਨੂੰ ਗੱਲਾਂ ਕਰਨ ਲਈ ਫੋਨ ਕਰਦੀ ਹੁੰਦੀ ਸੀ।

ਉਸ ਨੇ ਇੱਕ ਲੜਕੇ ਨੂੰ ਵਾਰ-ਵਾਰ ਫੋਨ ਕਰਕੇ ਡੇਟ 'ਤੇ ਜਾਣ ਲਈ ਵੀ ਪੁੱਛਿਆ। ਉਹ ਲੋਕਾਂ ਨੂੰ ਮਜ਼ਾਕ ਵਜੋਂ ਜੋਸ਼ਫ਼ੀਨ ਦੀਆਂ ਕਹਾਣੀਆਂ ਸੁਣਾਉਂਦੀ ਸੀ।

ਜੋਸਫ਼ੀਨ ਨੇ ਰੀਨਾ ਨੂੰ ਫੁਸਲਾਉਣ ਵਿੱਚ ਬਿਲਕੁਲ ਸਮਾਂ ਨਹੀਂ ਲੱਗਿਆ। ਉਸੇ ਨੇ ਰੀਨਾ ਨੂੰ ਕਰੇਗਫਲਾਵਰ ਬ੍ਰਿਜ ਥੱਲੇ ਪਾਰਟੀ ਦੇ ਬਹਾਨੇ ਬੁਲਾਇਆ ਸੀ।

Image copyright CBC
ਫੋਟੋ ਕੈਪਸ਼ਨ ਕੈਲੀ ਐਲਾਰਡ ਹੁਣ ਜ਼ਮਾਨਤ ਉੱਪਰ ਰਿਹਾ ਹੋਈ ਹੈ ਅਤੇ ਉਸ ਨੇ ਆਪਣੀ ਸਜ਼ਾ ਦੌਰਾਨ ਹੀ ਇੱਕ ਬੱਚੇ ਨੂੰ ਜਨਮ ਦਿੱਤਾ।

ਉਸ ਮਗਰੋਂ ਉਸਦੇ ਦੋ ਦੋਸਤ ਗਲੋਵਤਸਕੀ ਅਤੇ ਕੈਲੀ ਐਲਾਰਡ ਉਸ ਨਾਲ ਹਮਲੇ ਵਿੱਚ ਸ਼ਾਮਲ ਹੋ ਗਏ। ਅਦਾਲਤ ਨੇ ਦੋਹਾਂ ਨੂੰ, ਗਲੋਵਤਸਕੀ ਨੂੰ ਸਾਲ 1999 ਵਿੱਚ ਅਤੇ ਗਲੋਵਤਸਕੀ ਨੂੰ ਤਿੰਨ ਸੁਣਵਾਈਆਂ ਮਗਰੋਂ ਸਾਲ 2005 ਵਿੱਚ ਗੈਰ-ਇਰਾਦਤਨ ਕਤਲ ਦੇ ਮੁਜਰਮ ਪਾਇਆ । ਬਾਕੀ ਛੇ ਅਲੜ੍ਹਾਂ ਨੂੰ ਵੀ ਹਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਪਾਇਆ ਗਿਆ।

ਗਲੋਵਤਸਕੀ ਨੇ ਆਪਣੀ ਭੁੱਲ ਸਵੀਕਾਰ ਕਰ ਲਈ ਸੀ ਅਤੇ ਸੁਮਨ ਨੇ ਉਸ ਨੂੰ ਮਾਫ ਵੀ ਕਰ ਦਿੱਤਾ ਪਰ ਐਲਾਰਡ ਨੇ ਆਪਣੀ ਗਲਤੀ ਨਹੀਂ ਸੀ ਮੰਨੀ।

ਸੁਮਨ ਨੇ ਕੈਨੇਡੀਅਨ ਅਖ਼ਬਾਰ ਗਲੋਬਲ ਮੇਲ ਨੂੰ ਸਾਲ 2012 ਵਿੱਚ ਦੱਸਿਆ, "12 ਸਾਲ ਚੱਲੀ ਨਿਆਂਇਕ ਪ੍ਰਕਿਰਿਆ ਵਿੱਚ ਬਹੁਤ ਲੰਬਾ ਸਮਾਂ ਅਸੀਂ ਇੱਕ ਕਤਲ ਹੋਏ ਬੱਚੇ ਦੇ ਕਾਨੂੰਨੀ ਮਸਲਿਆਂ ਵਿੱਚ ਉਲਝੇ ਰਹੇ, ਅਦਾਲਤਾਂ ਮੁੱਕਦਮਿਆਂ ਨੂੰ ਲਮਕਾਉਂਦੀਆਂ ਰਹੀਆਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ