ਪਾਕਿਸਤਾਨ ਦੇ ਪਹਿਲੇ ਜੋਤਹੀਣ ਜੱਜ ਨੇ ਨਿਆਂ ਦੀ ਜੋਤ ਜਗਾਉਣ ਦਾ ਲਿਆ ਨਿਸ਼ਚੈ

ਯੂਸਫ ਸਲੀਮ
ਫੋਟੋ ਕੈਪਸ਼ਨ ਯੂਸਫ ਸਲੀਮ ਮੁਹੰਮਦ ਅਲੀ ਜਿਨਾਹ ਤੋਂ ਪ੍ਰਭਾਵਿਤ ਹਨ

ਲਾਹੌਰ ਦੇ ਯੂਸਫ ਸਲੀਮ ਨੇ 2014 ਵਿੱਚ ਯੂਨੀਵਰਸਟੀ ਆਫ਼ ਪੰਜਾਬ ਤੋਂ ਕਾਨੂੰਨ (LLB) ਦੀ ਡਿਗਰੀ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਤੱਕ ਵਕਾਲਤ ਦੀ ਪ੍ਰੈਕਟਿਸ ਕੀਤੀ। ਇੱਕ ਜੱਜ ਬਣਨ ਲਈ ਸਖ਼ਤ ਮਿਹਨਤ ਕੀਤੀ ਅਤੇ ਅਰਜ਼ੀਆਂ ਦਾਖ਼ਲ ਕਰਨ ਵਾਲੇ 6500 ਲੋਕਾਂ ਨੂੰ ਮਾਤ ਦੇ ਕੇ ਟੌਪ ਵੀ ਕੀਤਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ ਦੇ ਪਹਿਲ ਜੋਤਹੀਣ ਜੱਜ ਦਾ ਚੁਣੌਤੀਆਂ ਭਰਿਆ ਸਫ਼ਰ

ਪਰ ਇੰਟਰਵਿਊ ਦੌਰਾਨ ਉਹ ਅਸਫਲ ਰਹੇ ਤੇ ਕਿਹਾ ਗਿਆ ਕਿ ਉਹ ਜੱਜ ਨਹੀਂ ਬਣ ਸਕਦੇ। ਕਾਰਨ ਸੀ ਯੂਸਫ ਦੀਆਂ ਅੱਖਾਂ ਦੀ ਰੌਸ਼ਨੀ ਨਾ ਹੋਣਾ।

25 ਸਾਲਾ ਯੂਸਫ ਰੈਟੀਨਾਈਟਸ ਪੀਗਾਮੈਨਟੋਸਾ ਨਾਂ ਦੀ ਬਿਮਾਰੀ ਨਾਲ ਜੂਝ ਰਹੇ ਹਨ ਜਿਹੜੀ ਉਨ੍ਹਾਂ ਦੇ ਜੀਨਜ਼ ਵਿੱਚ ਹੈ।

ਇਸਦੇ ਕਾਰਨ ਉਨ੍ਹਾਂ ਦੀ ਬਚਪਨ ਵਿੱਚ ਦੇਖਣ ਦੀ ਸ਼ਕਤੀ ਸਿਰਫ਼ 30-40 ਫ਼ੀਸਦ ਹੀ ਸੀ। ਪਰ ਸਮੇਂ ਦੇ ਨਾਲ ਉਹ ਵੀ ਘਟਦੀ ਗਈ ਤੇ ਦੇਖਣ ਦੀ ਸ਼ਕਤੀ ਨਾਂਹ ਦੇ ਬਰਾਬਰ ਰਹਿ ਗਈ।

ਮੁੜ ਵਿਚਾਰ ਕਰਨ 'ਤੇ ਯੂਸਫ ਦੀ ਹੋਈ ਚੋਣ

ਪਾਕਿਸਤਾਨ ਦੇ ਚੀਫ਼ ਜਸਟਿਸ ਸਾਕਿਬ ਨਿਸਾਰ ਨੇ ਇਸ 'ਤੇ ਨੋਟਿਸ ਲਿਆ। ਸਿਲੈਕਸ਼ਨ ਕਮੇਟੀ ਨੇ ਇਸ 'ਤੇ ਮੁੜ ਵਿਚਾਰ ਕੀਤਾ ਅਤੇ ਯੂਸਫ ਨੂੰ ਇਸ ਅਹੁਦੇ ਲਈ ਚੁਣ ਲਿਆ ਗਿਆ। ਯੂਸਫ ਹੁਣ ਪਾਕਿਸਤਾਨ ਦੇ ਪਹਿਲੇ ਨੇਤਰਹੀਣ ਜੱਜ ਹਨ।

ਫੋਟੋ ਕੈਪਸ਼ਨ ਯੂਸਫ ਸਲੀਮ ਨੇ ਇੱਕ ਖ਼ਾਸ ਸਾਫਟਵੇਅਰ ਜ਼ਰੀਏ ਕਾਨੂੰਨ ਦੀ ਪੜ੍ਹਾਈ ਕੀਤੀ

ਮੈਂ ਯੂਸਫ ਨੂੰ ਉਨ੍ਹਾਂ ਦੇ ਘਰ ਲਾਹੌਰ ਵਿੱਚ ਮਿਲਿਆ। ਜਿਵੇਂ ਹੀ ਉਹ ਕਮਰੇ ਵਿੱਚ ਦਾਖ਼ਲ ਹੋਏ ਮੈਂ ਉਨ੍ਹਾਂ ਨੂੰ ਰਸਤਾ ਦਿਖਾਉਣ ਲਈ ਖੜ੍ਹਾ ਹੋਇਆ। ਪਰ ਮੇਰੇ ਅੱਗੇ ਵਧਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਦਮ ਅੱਗੇ ਵਧਾਏ ਤੇ ਮੇਰੇ ਕੋਲ ਆ ਕੇ ਬੈਠ ਗਏ।

ਉਨ੍ਹਾਂ ਨੇ ਜੱਜ ਬਣਨ ਲਈ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਇਸ ਬਾਰੇ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਜਿਨਾਹ ਤੋਂ ਹੋਏ ਪ੍ਰਭਾਵਿਤ

ਯੂਸਫ ਸਲੀਮ ਨੇ ਦੱਸਿਆ ''ਜਦੋਂ ਮੈਂ ਪੜ੍ਹਾਈ ਕਰ ਰਿਹਾ ਸੀ ਉਸ ਸਮੇਂ ਵਕੀਲਾਂ ਦਾ ਬਹਾਲੀ ਲਈ ਸੰਘਰਸ਼ ਚੱਲ ਰਿਹਾ ਸੀ। ਵਕੀਲਾਂ ਦੇ ਇਸ ਰੋਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।''

ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਦੇ ਅੰਦੋਲਨ ਵਿੱਚ ਸ਼ਾਮਲ ਮੁਹੰਮਦ ਅਲੀ ਜਿਨਾਹ ਅਤੇ ਡਾ. ਮੁਹੰਮਦ ਇਕਬਾਲ ਦੋਵਾਂ ਤੋਂ ਹੀ ਬਹੁਤ ਪ੍ਰਭਾਵਿਤ ਸਨ, ਉਨ੍ਹਾਂ ਦੋਵਾਂ ਨੇ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਸੀ।

''ਮੈਨੂੰ ਵਕਾਲਤ ਕਰਨਾ ਪਸੰਦ ਸੀ ਇਸ ਲਈ ਮੈਂ ਕੀਤੀ ਪਰ ਮੈਨੂੰ ਲਗਦਾ ਹੈ ਕਿ ਬਤੌਰ ਜੱਜ ਮੈਂ ਸਿੱਧੇ ਤੌਰ 'ਤੇ ਕਾਨੂੰਨ ਮੁਤਾਬਕ ਫ਼ੈਸਲੇ ਲੈ ਸਕਦਾ ਹਾਂ ਤੇ ਲੋਕਾਂ ਨੂੰ ਇਨਸਾਫ਼ ਦਿਵਾ ਸਕਦਾ ਹਾਂ।"

ਯੂਸਫ ਮੰਨਦੇ ਹਨ ਕਿ ਪਾਕਿਸਤਾਨ ਦੀ ਨਿਆਂ ਪ੍ਰਣਾਲੀ ਵਿੱਚ ਬਹੁਤ ਦੇਰੀ ਨਾਲ ਫ਼ੈਸਲੇ ਲਏ ਜਾਂਦੇ ਹਨ। ਉਹ ਕਹਿੰਦੇ ਹਨ,''ਕਈ ਲੋਕਾਂ ਦੀ ਪੂਰੀ ਜ਼ਿੰਦਗੀ ਬੀਤ ਜਾਂਦੀ ਹੈ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ।''

'ਡਿਸਏਬਲ ਨਾਲ ਵੀ ਆਮ ਵਾਂਗ ਵਿਹਾਰ ਕੀਤਾ ਜਾਵੇ'

ਆਪਣੇ ਸੰਘਰਸ਼ ਬਾਰੇ ਯੂਸਫ ਕਹਿੰਦੇ ਹਨ,''ਤੁਹਾਨੂੰ ਆਪਣੇ ਬਾਰੇ ਪਤਾ ਹੁੰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਕੀ ਕਰ ਸਕਦੇ ਹੋ ਪਰ ਦੂਜਿਆਂ ਨੂੰ ਇਸ ਲਈ ਮਨਾਉਣਾ ਬਹੁਤ ਔਖਾ ਹੁੰਦਾ ਹੈ। ਕਈ ਵਾਰ ਲੋਕ ਫਜ਼ੂਲ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸਦੀ ਤੁਹਾਨੂੰ ਲੋੜ ਵੀ ਨਹੀਂ ਹੁੰਦੀ।''

ਫੋਟੋ ਕੈਪਸ਼ਨ ਯੂਸਫ ਨੇ ਕਾਨੂੰਨ ਦੀ ਪੜ੍ਹਾਈ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ

ਉਹ ਕਹਿੰਦੇ ਹਨ ਕਿ ਡਿਸਏਬਲ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਵੀ ਦੂਜਿਆਂ ਦੀ ਤਰ੍ਹਾਂ ਵਿਹਾਰ ਕੀਤਾ ਜਾਵੇ। ਇੱਕ ਡਿਸਏਬਲ ਦੇ ਤੌਰ 'ਤੇ ਤੁਹਾਨੂੰ ਹਰ ਰੋਜ਼ ਸਾਬਤ ਕਰਨਾ ਪੈਂਦਾ ਹੈ ਕਿ ਤੁਸੀਂ ਵੀ ਹਰ ਚੀਜ਼ ਸਾਧਾਰਣ ਲੋਕਾਂ ਵਾਂਗ ਹੀ ਕਰ ਸਕਦੇ ਹੋ ਅਤੇ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਔਖੀ ਚੁਣੌਤੀ ਹੈ।"

ਆਪਣਾ ਤਜ਼ਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ,''ਕਈ ਵਾਰ ਪੜ੍ਹੇ-ਲਿਖੇ ਲੋਕ ਵੀ ਡਿਸਏਬਲ ਲੋਕਾਂ ਬਾਰੇ ਗ਼ਲਤ ਧਾਰਨਾਵਾਂ ਰੱਖਦੇ ਹਨ।''

''ਸਾਡੇ ਸਮਾਜ ਦੀ ਇੱਕ ਦਿੱਕਤ ਇਹ ਹੈ ਕਿ ਅਸੀਂ ਡਿਸਏਬਲ ਲੋਕਾਂ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਅਸੀਂ ਇਹ ਨਹੀਂ ਜਾਣਨਾ ਚਾਹੁੰਦੇ ਕਿ ਉਹ ਕਿਵੇਂ ਕੰਮ ਕਰਦੇ ਹਨ ਜਾਂ ਦੂਜੇ ਲੋਕ ਉਨ੍ਹਾਂ ਨਾਲ ਕਿਵੇਂ ਗੱਲਬਾਤ ਕਰਨ ਇਸ ਬਾਰੇ ਉਹ ਕੀ ਚਾਹੁੰਦੇ ਹਨ।''

JAWS ਰਾਹੀਂ ਕੀਤੀ ਪੜ੍ਹਾਈ

ਜਦੋ ਮੈਂ ਯੂਸਫ ਨੂੰ ਉਨ੍ਹਾਂ ਦੇ ਪੜ੍ਹਾਈ ਕਰਨ ਦੇ ਤਰੀਕੇ ਬਾਰੇ ਪੁੱਛਿਆ ਤਾਂ ਉਨ੍ਹਾਂ ਮੈਨੂੰ JAWS (ਜੌਬ ਅਕਸੈਸ ਵਿੱਦ ਸਪੀਚ) ਸਾਫਟਵੇਅਰ ਬਾਰੇ ਦੱਸਿਆ ਜਿਸ ਦੀ ਮਦਦ ਨਾਲ ਉਹ ਪੜ੍ਹਾਈ ਕਰਦੇ ਹਨ।

ਫੋਟੋ ਕੈਪਸ਼ਨ ਯੂਸਫ ਮੰਨਦੇ ਹਨ ਕਿ ਲੋਕ ਡਿਸਏਬਲ ਲੋਕਾਂ ਨਾਲ ਗੱਲ ਨਹੀਂ ਕਰਦੇ

ਉਨ੍ਹਾਂ ਦੱਸਿਆ ਇਸ ਜ਼ਰੀਏ ਲੋਕ ਕੋਈ ਵੀ ਕਿਤਾਬ ਜਾਂ ਲੇਖ ਪੜ੍ਹ ਸਕਦੇ ਹਨ। JAWS ਕੰਪਿਊਟਰ 'ਤੇ ਲਿਖੇ ਅੱਖਰਾਂ ਨੂੰ ਪੜ੍ਹਦਾ ਹੈ ਤੇ ਯੂਸਫ ਇਸ ਨੂੰ ਸੁਣਦੇ ਹਨ। ਕਾਲਜ ਵਿੱਚ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਨੂੰ ਇਹ ਸਾਫਟਵੇਅਰ ਮਿਲਿਆ ਸੀ।

ਉਨ੍ਹਾਂ ਦੱਸਿਆ, ''ਪਾਕਿਸਤਾਨ ਵਿੱਚ ਨੇਤਰਹੀਣ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਨੀਆਂ ਭਰ ਵਿੱਚ ਕਿਤਾਬਾਂ ਦੀਆਂ ਇਲੈਕਟ੍ਰੋਨਿਕ ਕੌਪੀਜ਼ ਮੌਜੂਦ ਹਨ। ਪਰ ਪਾਕਿਸਤਾਨ ਵਿੱਚ ਇਹ ਸਭ ਨਹੀਂ ਹੈ।''

ਉਨ੍ਹਾਂ ਕਿਹਾ ਕਿ ਜਦੋਂ ਉਹ ਜੱਜ ਦਾ ਅਹੁਦਾ ਸੰਭਾਲਣਗੇ ਤਾਂ ਵੀ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੋਰਟ ਦਾ ਕੋਈ ਵੀ ਦਸਤਾਵੇਜ਼ ਇਲੈਕਟ੍ਰੋਨੀਕਲੀ ਮੌਜੂਦ ਨਹੀਂ ਹੈ।''

ਭੈਣਾਂ ਵੀ ਹਨ ਨੇਤਰਹੀਣ

ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਯੂਸਫ਼ ਨੂੰ ਆਪਣੇ ਭਵਿੱਖ ਲਈ ਕਾਫ਼ੀ ਉਮੀਦਾਂ ਹਨ ਅਤੇ ਉਹ ਜੱਜ ਦੇ ਅਹੁਦੇ ਵਜੋਂ ਸਹੁੰ ਚੁੱਕਣ ਲਈ ਬਹੁਤ ਹੀ ਉਤਸ਼ਾਹਿਤ ਹਨ।

ਯੂਸਫ ਦੀਆਂ ਦੋ ਵੱਡੀਆਂ ਭੈਣਾਂ ਹਨ ਅਤੇ ਉਹ ਦੋਵੇਂ ਵੀ ਨੇਤਰਹੀਣ ਹਨ। ਇੱਕ ਭੈਣ ਨੇ ਹਾਲ ਹੀ ਵਿੱਚ ਪੀਐਚਡੀ ਕੀਤੀ ਹੈ।

ਦੂਜੀ ਭੈਣ ਸਾਈਮਾ ਸਲੀਮ ਪਾਕਿਸਤਾਨ ਵਿੱਚ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰਨ ਵਾਲੀ ਪਹਿਲੀ ਨੇਤਰਹੀਣ ਅਫ਼ਸਰ ਬਣੀ ਸੀ। ਮੌਜੂਦਾ ਉਹ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕੰਮ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ