ਗੁਫ਼ਾ 'ਚ ਫਸੀ ਫੁੱਟਬਾਲ ਟੀਮ ਦਾ ਕੋਈ ਥਹੁ-ਪਤਾ ਨਹੀਂ

Navy divers assemble in the forest to conduct a search for a group trapped inside a Thai cave

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਨੇਵੀ ਗੋਤਾਖੋਰ ਆਕਸੀਜ਼ਨ ਅਤੇ ਖਾਣੇ ਦੇ ਟੈਂਕ ਲੈ ਕੇ ਫੁੱਟਬਾਲ ਖਿਡਾਰੀਆਂ ਦੀ ਭਾਲ ਕਰਦੇ ਹੋਏ।

ਥਾਈਲੈਂਡ ਵਿੱਚ ਤਿੰਨ ਦਿਨਾਂ ਤੋਂ ਲਾਪਤਾ ਇੱਕ ਫੁੱਟਬਾਲ ਟੀਮ ਦਾ ਹਾਲੇ ਵੀ ਪਤਾ ਨਹੀਂ ਲੱਗ ਸਕਿਆ ਹੈ। ਰੈਸਕਿਊ ਟੀਮਾਂ ਹਾਲੇ ਵੀ ਖਿਡਾਰੀਆਂ ਦੀ ਭਾਲ ਵਿੱਚ ਪਸੀਨਾ ਵਹਾ ਰਹੀਆਂ ਹਨ। ਇਹ ਟੀਮ ਇੱਕ ਗੁਫ਼ਾ ਵਿੱਚ ਫਸੀ ਹੋਈ ਹੈ।

ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨੌਜਵਾਨ ਫੁੱਟਬਾਲ ਖਿਡਾਰੀਆਂ ਦਾ ਗਰੁੱਪ ਹਾਲੇ ਜ਼ਿੰਦਾ ਹੈ।

11 ਤੋਂ 16 ਸਾਲ ਦੀ ਉਮਰ ਦੇ ਖਿਡਾਰੀ ਆਪਣੇ ਕੋਚ ਨਾਲ ਚਿਆਂਗ ਰਾਏ ਸੂਬੇ ਵਿੱਚ ਸ਼ਨੀਵਾਰ ਨੂੰ ਦਾਖਿਲ ਹੋਏ। ਰੈਸਕਿਊ ਆਪਰੇਸ਼ਨ ਵਿੱਚ ਗੋਤਾਖੋਰ ਵੀ ਲੱਗੇ ਹੋਏ ਹਨ।

ਉਨ੍ਹਾਂ ਨੇ ਗੁਫ਼ਾ ਦੇ ਅੰਦਰ ਪੈਰਾਂ ਦੇ ਤਾਜ਼ੇ ਨਿਸ਼ਾਨ ਦੇਖੇ ਅਤੇ ਗਰੁੱਪ ਦੇ ਸੁਰੱਖਿਅਤ ਹੋਣ ਦੀ ਉਮੀਦ ਜਤਾਈ।

ਮੀਂਹ ਬਣਿਆ ਰੁਕਾਵਟ

ਬੀਬੀਸੀ ਦੇ ਜੋਨਾਥਨ ਮੁਖੀ ਮੌਕੇ 'ਤੇ ਮੌਜੂਦ ਹਨ ਅਤੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਗੁਫ਼ਾ ਅੰਦਰੋਂ ਪਾਣੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਪਾਣੀ ਦਾ ਪੱਧਰ ਹੇਠਾਂ ਲਿਆਂਦਾ ਜਾ ਸਕੇ। ਲਗਾਤਾਰ ਮੀਂਹ ਰੁਕਾਵਟ ਬਣਿਆ ਹੋਇਆ ਹੈ।

ਉਪ ਪ੍ਰਧਾਨ ਮੰਤਰੀ ਪ੍ਰੈਵਿਟ ਵੋਂਗਸੁਵੋਨ ਨੇ ਕਿਹਾ, "ਸਾਨੂੰ ਹਾਲੇ ਵੀ ਉਮੀਦ ਹੈ ਕਿ ਉਹ ਜ਼ਿੰਦਾ ਹਨ। ਹਾਲਾਂਕਿ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੋਏਗਾ ਪਰ ਪੀਣ ਲਈ ਪਾਣੀ ਜ਼ਰੂਰ ਹੋ ਸਕਦਾ ਹੈ।"

ਕਈ ਕਿਲੋਮੀਟਰ ਡੂੰਘੀ ਤੇ ਲੰਬੀ ਥੈਮ ਲੁਆਂਗ ਨਾਂਗ ਗੁਫ਼ਾ ਥਾਈਲੈਂਡ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਉੱਤਰੀ ਥਾਈਲੈਂਡ ਵਿੱਚ ਸਥਿਤ ਇਹ ਗੁਫ਼ਾ ਅੰਡਰਗਰਾਊਂਡ 6 ਕਿਲੋਮੀਟਰ ਤੱਕ ਫੈਲੀ ਹੋਈ ਹੈ

ਮੁੰਡਿਆਂ ਅਤੇ ਉਨ੍ਹਾਂ ਦਾ 25 ਸਾਲਾ ਕੋਚ ਦੇ ਗੁਫ਼ਾ ਦੇ ਚੈਂਬਰ ਅੰਦਰ ਫਸੇ ਹੋਣ ਦੀ ਉਮੀਦ ਹੈ।

ਬਚਾਅ ਕਾਰਜ ਲਗਾਤਾਰ ਜਾਰੀ ਹੈ ਜਿਸ ਵਿੱਚ ਰੌਇਲ ਥਾਈ ਨੇਵੀ ਦੀ 17 ਮੈਂਬਰੀ ਟੀਮ ਅਤੇ ਪਾਣੀ ਹੇਠ ਜਾਣ ਵਾਲੇ ਡ੍ਰੋਨ ਸ਼ਾਮਿਲ ਹਨ ਪਰ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਅਤੇ ਗੁਫ਼ਾ ਅੰਦਰ ਹਨੇਰੇ ਕਾਰਨ ਕਾਫ਼ੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ।

ਖਿਡਾਰੀਆਂ ਦੇ ਕਈ ਰਿਸ਼ਤੇਦਾਰ ਗੁਫ਼ਾ ਦੇ ਬਾਹਰ ਹੀ ਕੈਂਪ ਲਾ ਕੇ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਹਨ।

ਇਹ ਟੀਮ ਕਿਵੇਂ ਫਸੀ?

ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਦੀ ਟੀਮ ਸ਼ਨੀਵਾਰ ਸ਼ਾਮ ਦੁਪਹਿਰ ਨੂੰ ਗੁਫ਼ਾ ਅੰਦਰ ਦਾਖਿਲ ਹੋਈ।

ਗੁੰਮ ਹੋਣ ਦੀ ਖਬਰ ਮਿਲਦਿਆਂ ਹੀ ਬਚਾਅ ਟੀਮਾਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਵਿੱਚ ਲੱਗ ਗਈਆਂ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਗੁਫ਼ਾ ਅੰਦਰ ਹਨੇਰੇ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਿਲ ਪੈਦਾ ਹੋ ਰਹੀ ਹੈ

ਗੁਫ਼ਾ ਦੇ ਬਾਹਰ ਖੇਡਣ ਦਾ ਸਮਾਨ ਅਤੇ ਸਾਈਕਲ ਮਿਲੇ ਹਨ।

ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਜੇ ਥਾਈਲੈਂਡ ਵਿੱਚ ਮੀਂਹ ਦਾ ਮੌਸਮ ਹੋਵੇ ਤਾਂ ਗੁਫ਼ਾ ਅੰਦਰ ਪਾਣੀ 16 ਫੁੱਟ ਤੱਕ ਭਰ ਸਕਦਾ ਹੈ। ਇੱਥੇ ਮੀਂਹ ਦਾ ਮੌਸਮ ਜੂਨ ਤੋਂ ਅਕਤੂਬਰ ਤੱਕ ਰਹਿੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)