ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੀਆਂ ਲਾਹੌਰ ਦੀਆਂ ਯਾਦਾਂ

ਮਹਾਰਾਜਾ ਰਣਜੀਤ ਸਿੰਘ, ਲਾਹੌਰ Image copyright Iqbal qaiser
ਫੋਟੋ ਕੈਪਸ਼ਨ ਨਿਆਜ਼ ਬੇਗ 'ਚ ਪੁਰਾਣਾ ਹਿੰਦੂ ਮੰਦਰ

ਨਿਆਜ਼ ਬੇਗ਼ ਪਿੰਡ ਲਾਹੌਰ ਦੇ ਕੁਝ ਅਹਿਮ ਪਿੰਡਾਂ ਵਿੱਚੋਂ ਇੱਕ ਹੈ। ਇਹ ਲਾਹੌਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਮੁਲਤਾਨ ਜਾਣ ਵਾਲੀ ਸੜਕ ਉੱਤੇ ਰਾਵੀ ਕੰਢੇ ਆਬਾਦ ਹੈ।

ਇਸ ਪਿੰਡ ਦਾ ਜ਼ਿਕਰ ਸਾਨੂੰ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਅੰਦਰ ਮਿਲਦਾ ਹੈ। ਇਸ ਦੀ ਮਸ਼ਹੂਰੀ ਸਭ ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਸਮੇਂ ਹੋਈ।

ਨਿਆਜ਼ ਬੇਗ, ਖੋਖਰ ਤੇ ਭੱਟੀਆਂ ਦਾ ਪਿੰਡ !

ਤਾਰੀਖ਼ ਮਖ਼ਜ਼ਨ ਪੰਜਾਬ ਦਾ ਕਰਤਾ ਮੁਹੰਮਦ ਸਰੂਰ ਲਾਹੌਰੀ ਲਿਖਦਾ ਹੈ ਕਿ ਉਸ ਪਿੰਡ ਨੂੰ ਨਿਆਜ਼ ਬੇਗ਼ ਨਾਮ ਦੇ ਇੱਕ ਮੁਗ਼ਲ ਨੇ ਵਸਾਇਆ।

ਉਨ੍ਹਾਂ ਵੇਲਿਆਂ ਵਿੱਚ ਉਹ ਇਸ ਇਲਾਕੇ ਦਾ ਜਾਗੀਰਦਾਰ ਸੀ। ਕਿਹਾ ਜਾਂਦਾ ਹੈ ਕਿ ਇਹ ਪਿੰਡ 1717 ਈ. ਦੇ ਨੇੜੇ ਤੇੜੇ ਵਸਿਆ।

ਅਜੇ ਇਹ ਪਿੰਡ ਉਸਰ ਹੀ ਰਿਹਾ ਸੀ ਕਿ ਨਿਆਜ਼ ਬੇਗ਼ ਦਾ ਦੇਹਾਂਤ ਹੋ ਗਿਆ।

ਪਿੰਡ ਉੱਤੇ ਰਾਜਪੂਤ ਖੋਖਰਾਂ ਅਤੇ ਭੱਟੀਆਂ ਨੇ ਕਬਜ਼ਾ ਕਰ ਲਿਆ। ਇੰਝ ਇਹ ਪਿੰਡ ਉਨ੍ਹਾਂ ਦਿਨਾਂ ਤੋਂ ਅੱਜ ਤੀਕ ਖੋਖਰਾਂ ਅਤੇ ਭੱਟੀਆਂ ਦਾ ਪਿੰਡ ਅਖਵਾਉਂਦਾ ਹੈ।

ਸਿੱਖ ਮਿਸਲਾਂ ਵੇਲੇ ਲਾਹੌਰ ਤੋਂ ਬਾਹਰ ਦਾ ਇਲਾਕਾ - ਮਜ਼ਨਗ, ਚੌਬੁਰਜੀ, ਅੱਛਰਾ ਅਤੇ ਨਿਆਜ਼ ਬੇਗ਼ ਵੀ ਸ਼ਾਮਿਲ ਸੀ - ਸਰਦਾਰ ਸੋਭਾ ਸਿੰਘ ਦੇ ਹਿੱਸੇ ਆਇਆ।

ਮਹਾਰਾਜਾ ਰਣਜੀਤ ਸਿੰਘ ਤੇ ਪਿੰਡ ਨਿਆਜ਼ ਬੇਗ

ਮਹਾਰਾਜਾ ਰਣਜੀਤ ਸਿੰਘ ਨੇ 1799 ਈ. ਨੂੰ ਜਦੋਂ ਲਾਹੌਰ ਫ਼ਤਿਹ ਕੀਤਾ, ਕਨਹੀਆ ਮਿਸਲ ਦੇ ਸਰਦਾਰ ਸੋਭਾ ਸਿੰਘ ਨੇ ਨਿਆਜ਼ ਬੇਗ਼ ਨੂੰ ਆਪਣੀ ਰਾਜਧਾਨੀ ਬਣਾ ਲਿਆ।

ਕੋਈ ਛੇ ਮਹੀਨਿਆਂ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਕਿਲੇ ਵਾਲੀ ਰਾਜਧਾਨੀ ਦੇ ਨਾਲ-ਨਾਲ ਨਿਆਜ਼ ਬੇਗ਼ ਵੀ ਰਾਜਧਾਨੀ ਵਜੋਂ ਕੰਮ ਕਰਦਾ ਰਿਹਾ।

ਆਖ਼ਰਕਾਰ ਮਹਾਰਾਜ ਨਿਆਜ਼ ਬੇਗ਼ ਦਾ ਇਹ ਨਿੱਕਾ ਜਿਹਾ ਕਿਲ੍ਹਾ ਖ਼ਾਲੀ ਕਰਵਾਉਣ ਵਿੱਚ ਕਾਮਯਾਬ ਹੋ ਗਏ।

ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਬਹੁਤ ਸਾਰਾ ਲੋਕਯਾਨ ਨਿਆਜ਼ ਬੇਗ਼ ਨਾਲ ਜੁੜਿਆ ਹੋਇਆ ਹੈ।

ਕੁਝ ਦੀਆਂ ਤਾਂ ਸਾਨੂੰ ਤਾਰੀਖ਼ ਦੀਆਂ ਕਿਤਾਬਾਂ ਵਿੱਚੋਂ ਗਵਾਹੀਆਂ ਮਿਲ ਜਾਂਦੀਆਂ ਹਨ ਪਰ ਕੁਝ ਲੋਕਾਂ ਵਿੱਚ ਸੀਨਾ ਬਾ ਸੀਨਾ ਪ੍ਰਚਲਿਤ ਚਲੀਆਂ ਆ ਰਹੀਆਂ ਹਨ।

Image copyright Iqbal qaiser
ਫੋਟੋ ਕੈਪਸ਼ਨ ਪੁਰਾਣਾ ਹਿੰਦੂ ਮੰਦਰ

ਨਿਆਜ਼ ਬੇਗ ਦੇ ਦਰਵਾਜ਼ੇ

ਨਿਆਜ਼ ਬੇਗ਼ ਇੱਕ ਕਿਲਾਬੰਦ ਕਸਬਾ ਹੈ। ਇਸ ਕਸਬੇ ਦੇ ਚਾਰ ਦਰਵਾਜ਼ੇ ਹਨ। ਉਨ੍ਹਾਂ ਵੇਲਿਆਂ ਵਿੱਚ ਇਹ ਦਰਵਾਜ਼ੇ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸਨ। ਇਹ ਦਰਵਾਜ਼ੇ ਅੱਜ ਵੀ ਮੌਜੂਦ ਹਨ।

ਇਨ੍ਹਾਂ ਦਰਵਾਜ਼ਿਆਂ ਦੇ ਨਾਮ ਵੱਖ-ਵੱਖ ਵੇਲਿਆਂ ਵਿੱਚ ਵੱਖ-ਵੱਖ ਰਹੇ ਹਨ। ਤਾਰੀਖ਼ ਦੀਆਂ ਕਿਤਾਬਾਂ ਤੋਂ ਇਨ੍ਹਾਂ ਦਰਵਾਜ਼ਿਆਂ ਦੇ ਕੁਝ ਨਾਮ ਇਹ ਵੀ ਮਿਲਦੇ ਹਨ।

ਲਾਹੌਰੀ ਦਰਵਾਜ਼ਾ- (ਦੇਵੀ ਦਰਵਾਜ਼ਾ), ਇਹ ਦਰਵਾਜ਼ਾ ਲਾਹੌਰ ਵੱਲ ਖੁੱਲ੍ਹਦਾ ਸੀ ਇਸ ਵਾਸਤੇ ਇਸ ਨੂੰ ਲਾਹੌਰੀ ਦਰਵਾਜ਼ਾ ਵੀ ਕਿਹਾ ਜਾਂਦਾ ਸੀ। ਇਸ ਦਰਵਾਜ਼ੇ ਤੋਂ ਬਾਹਰ ਇੱਕ ਦੇਵੀ ਦਵਾਰ ਵੀ ਸੀ ਇਸ ਵਾਸਤੇ ਇਸ ਨੂੰ ਦੇਵੀ ਦਰਵਾਜ਼ਾ ਵੀ ਕਿਹਾ ਜਾਂਦਾ ਸੀ।

ਮੁਲਤਾਨੀ ਦਰਵਾਜ਼ਾ- ਮੁਲਤਾਨ ਵਾਲੀ ਬਾਹੀ ਵਾਲੇ ਦਰਵਾਜ਼ੇ ਨੂੰ ਮੁਲਤਾਨੀ ਦਰਵਾਜ਼ਾ ਆਖਿਆ ਜਾਂਦਾ ਸੀ।

ਰੇਵੜੀ ਗੁੜਾਂ ਵਾਲਾ ਦਰਵਾਜ਼ਾ- ਤੀਜੇ ਦਰਵਾਜ਼ੇ ਨੂੰ ਰੇਵੜੀ ਗੁੜਾਂ ਵਾਲਾ ਦਰਵਾਜ਼ਾ ਕਰ ਕੇ ਸੱਦਿਆ ਜਾਂਦਾ ਸੀ। ਕਹਿੰਦੇ ਹਨ ਕਿ ਇਸ ਦਰਵਾਜ਼ੇ ਦੇ ਅੰਦਰ ਗੁੜ ਰਿਓੜੀਆਂ ਬਣਾਉਂਦੇ ਸਨ।

ਭਾਈਆਂ ਵਾਲਾ ਦਰਵਾਜ਼ਾ- ਚੌਥੇ ਦਰਵਾਜ਼ੇ ਦਾ ਨਾਮ ਭਾਈਆਂ ਵਾਲਾ ਦਰਵਾਜ਼ਾ ਕਰ ਕੇ ਪ੍ਰਸਿੱਧ ਸੀ। ਅੱਜ ਕੱਲ੍ਹ ਉਸ ਦਰਵਾਜ਼ੇ ਨੂੰ ਮੇਜਰ ਸਾਹਿਬ ਵਾਲਾ ਦਰਵਾਜ਼ਾ ਕਿਹਾ ਜਾਂਦਾ ਹੈ।

ਅੱਜ ਅਸੀਂ ਇਸੇ ਭਾਈਆਂ ਵਾਲੇ ਦਰਵਾਜ਼ੇ ਬਾਰੇ ਹੀ ਗੱਲ ਕਰਾਂਗੇ। ਬਹੁਤਾ ਲੋਕਯਾਨ ਇਸੇ ਦਰਵਾਜ਼ੇ ਨਾਲ ਜੁੜਿਆ ਹੋਇਆ ਹੈ ਅਤੇ ਉਸ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਹੈ।

ਭਾਈਆਂ ਵਾਲਾ ਦਰਵਾਜ਼ਾ

ਇਸ ਪਿੰਡ ਦੇ ਇਸ ਦਰਵਾਜ਼ੇ ਨੂੰ ਭਾਈਆਂ ਵਾਲਾ ਦਰਵਾਜ਼ਾ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਉਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੇ ਹੋਏ ਕੇਰ ਤਣਾਈ ਭਾਈ ਅਮੀਰ ਬਖ਼ਸ਼ ਦੀ ਰਿਹਾਇਸ਼ ਸੀ।

ਭਾਈ ਅਮੀਰ ਬਖ਼ਸ਼ ਦਾ ਸੰਬੰਧ ਮੁਸਲਮਾਨ ਮੇਰ ਆਲਮ (ਮਰਾਸੀ) ਘਰਾਣੇ ਨਾਲ ਸੀ। ਇਹ ਬਹੁਤ ਚੰਗਾ ਗਾਇਣ ਕਰਨ ਵਾਲੇ ਸਨ। ਇਸੇ ਕਰ ਕੇ ਇਨ੍ਹਾਂ ਨੂੰ ਮਹਾਰਾਜਾ ਦੇ ਦਰਬਾਰ ਵਿੱਚ ਸਰਕਾਰੀ ਕੇਰ ਤਣਾਈ ਹੋਵਣ ਦਾ ਸੁਭਾਗ ਮਿਲਿਆ।

ਮਹਾਰਾਜਾ ਦੇ ਦਰਬਾਰ ਵੱਲੋਂ ਉਸ ਨੂੰ ਉਸ ਇਲਾਕੇ ਦੀ ਜਾਗੀਰ ਵੀ ਮਿਲੀ ਹੋਈ ਸੀ। ਅੱਜ ਵੀ ਇਸ ਕਸਬੇ ਦੇ ਮਰਾਸੀ ਆਪਣੇ ਆਪ ਨੂੰ ਅਮੀਰ ਬਖ਼ਸ਼ੀ ਅਖਵਾਉਂਦੇ ਹਨ।

ਕਿਹਾ ਜਾਂਦਾ ਹੈ ਕਿ ਇਕ ਵਾਰ ਭਾਈ ਅਮੀਰ ਬਖ਼ਸ਼ ਦੀ ਧਰਮ ਪਤਨੀ ਨੇ ਉਨ੍ਹਾਂ ਨੂੰ ਕਿਹਾ ਕਿ ਲੋਕ ਸਰਕਾਰ ਤੋਂ ਏਨਾ ਕੁਝ ਮੰਗ ਲੈਂਦੇ ਹਨ ਕਦੇ ਤੁਸੀਂ ਵੀ ਮਹਾਰਾਜ ਤੋਂ ਕੁਝ ਮੰਗ ਕੇ ਵੇਖੋ। ਬੀਵੀ ਦੇ ਵਾਰ-ਵਾਰ ਜ਼ੋਰ ਪਾਉਣ ਉੱਤੇ ਭਾਈ ਹੋਰਾਂ ਇੱਕ ਵਾਰ ਭਰੇ ਦਰਬਾਰ ਵਿੱਚ ਮਹਾਰਾਜਾ ਤੋਂ ਉਨ੍ਹਾਂ ਦਾ ਹਾਥੀ ਮੰਗ ਲਿਆ।

ਮਹਾਰਾਜਾ ਦਾ ਹਾਥੀ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ। ਮਹਾਰਾਜ ਨੇ ਉਹ ਹਾਥੀ ਭਾਈ ਅਮੀਰ ਬਖ਼ਸ਼ ਨੂੰ ਬਖ਼ਸ਼ ਦਿੱਤਾ। ਕੁਝ ਹੀ ਦਿਨਾਂ ਵਿੱਚ ਹਾਥੀ ਸਭ ਕੁਝ ਖਾ ਗਿਆ ਅਤੇ ਭਾਈ ਹੋਰਾਂ ਵਾਸਤੇ ਹਾਥੀ ਪਾਲਣਾ ਵੀ ਔਖਾ ਹੋ ਗਿਆ।

ਧਰਮ ਪਤਨੀ ਨੇ ਜ਼ੋਰ ਪਾਇਆ ਕਿ ਹਾਥੀ ਮਹਾਰਾਜ ਨੂੰ ਮੋੜ ਦਿਓ ਉਸ ਦੀ ਸੇਵਾ ਸੰਭਾਲ ਕਰਨਾ ਸਾਡੇ ਵਾਸਤੇ ਬਹੁਤ ਔਖਾ ਹੈ। ਹੁਣ ਭਾਈ ਹੋਰਾਂ ਵਾਸਤੇ ਹਾਥੀ ਮੋੜਨਾ ਵੀ ਇਸ ਤੋਂ ਵੱਡਾ ਔਖਾ ਕਾਰਜ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਿਵੇਂ ਸਾਂਭ ਰਹੀ ਹੈ ਪਾਕ ਸਰਕਾਰ ਲਾਹੌਰ ਦੀ ਇਤਿਹਾਸਕ ਦਿੱਖ ਨੂੰ ?

ਆਖ਼ਰਕਾਰ ਇੱਕ ਦਿਨ ਭਾਈ ਅਮੀਰ ਬਖ਼ਸ਼ ਹੋਰਾਂ ਹਾਥੀ ਦੇ ਸਿਰ ਉੱਤੇ ਢੋਲਕੀ ਬੰਨ੍ਹੀ ਤੇ ਉਸ ਨੂੰ ਮਹਾਰਾਜ ਦੇ ਦਰਬਾਰ ਵਿੱਚ ਲੈ ਗਏ। ਹਾਥੀ ਕੰਨ ਹਿਲਾਵੇ ਅਤੇ ਕੰਨ ਢੋਲਕੀ ਨੂੰ ਵੱਜਣ 'ਤੇ ਢੋਲਕੀ ਠੱਕ-ਠੱਕ ਕਰੇ ਅਤੇ ਲੋਕ ਹੱਸਣ।

ਮਹਾਰਾਜ ਨੇ ਦਰਬਾਰ ਵਿੱਚ ਭਾਈ ਅਮੀਰ ਬਖ਼ਸ਼ ਨੂੰ ਪੁੱਛਿਆ, "ਭਾਈ ਜੀ! ਇਹ ਕੀ?"

ਭਾਈ ਹੋਰਾਂ ਉੱਤਰ ਦਿੱਤਾ, "ਮਹਾਰਾਜ! ਜਦੋਂ ਤੱਕ ਇਹ ਸਰਕਾਰ ਦਾ ਹਾਥੀ ਸੀ ਤਾਂ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ। ਹੁਣ ਵਿਚਾਰਾ ਇੱਕ ਰਾਗੀ ਮਰਾਸੀ ਦਾ ਹਾਥੀ ਹੈ ਅਤੇ ਮੰਗ ਪੁੰਨ ਕੇ ਗੁਜ਼ਾਰਾ ਕਰਦਾ ਹੈ।

ਮਹਾਰਾਜ ਗੱਲ ਦੀ ਤਹਿ ਤੱਕ ਅੱਪੜ ਗਏ। ਹੁਕਮ ਦਿੱਤਾ ਹਾਥੀ ਸਰਕਾਰੀ ਤਬੇਲੇ ਵਿੱਚ ਲੈ ਲਿਆ ਜਾਵੇ ਅਤੇ ਢੋਲਕੀ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਹੀਰੇ ਜਵਾਹਰਾਤ ਨਾਲ ਭਰ ਦਿੱਤਾ ਜਾਵੇ।

ਇੱਕ ਵਾਰ ਭਾਈ ਅਮੀਰ ਬਖ਼ਸ਼ ਹੋਰਾਂ ਦਰਬਾਰੀਆਂ ਦੇ ਕਹਿਣ ਉੱਤੇ ਮਹਾਰਾਜ ਦਾ ਜਸ ਲਿਖਿਆ ਜਿਹਦਾ ਇੱਕੋ-ਇੱਕ ਸ਼ੇਅਰ ਇਤਿਹਾਸ ਦੇ ਪੰਨਿਆਂ ਉੱਤੇ ਬਚਿਆ ਰਹਿ ਗਿਆ ਹੈ। ਇਹ ਜਸ ਆਪ ਨੇ ਸਰਕਾਰ ਦੇ ਦਰਬਾਰ ਵਿੱਚ ਸੁਣਾਇਆ ਅਤੇ ਇਨਾਮ ਪਾਇਆ। ਇਸ ਜਸ ਦਾ ਜ਼ਿੰਦਾ ਰਹਿ ਜਾਵਣ ਵਾਲਾ ਇੱਕ ਸ਼ੇਅਰ ਕੁਝ ਇੰਝ ਹੈ:

ਇੱਕੋ ਅੱਖ ਸੁਲੱਖਣੀ ਪਈ ਢਿਲਕਾਂ ਮਾਰੇ

ਨਿਓਂ ਨਿਓਂ ਕਰਨ ਸਲਾਮਾਂ ਦੋ ਨੈਣਾਂ ਵਾਲੇ।

ਭੱਦਰ ਕਾਲੀ ਮੰਦਰ

ਪਿੰਡ ਨਿਆਜ਼ ਬੇਗ਼ ਦੇ ਭਾਈਆਂ ਵਾਲੇ ਦਰਵਾਜ਼ੇ ਤੋਂ ਬਾਹਰ ਇਸ ਪਿੰਡ ਦਾ ਸਭ ਤੋਂ ਮਸ਼ਹੂਰ ਬਾਗ਼ ਭਾਈਆਂ ਵਾਲਾ ਬਾਗ਼ ਸੀ। ਇਹ ਬਾਗ਼ ਹੁਣ ਮੁੱਕ ਚੁੱਕਿਆ ਹੈ। ਇਸ ਬਾਗ਼ ਦੀ ਇੱਕੋ-ਇੱਕ ਯਾਦਗਾਰ ਲਾਲ ਰੰਗ ਦੇ ਸੀਮਿੰਟ ਨਾਲ ਬਣੀ ਭਾਈ ਅਮੀਰ ਬਖ਼ਸ਼ ਦੀ ਕਬਰ ਅੱਜ ਵੀ ਮੌਜੂਦ ਹੈ।

ਭਾਈ ਅਮੀਰ ਬਖ਼ਸ਼ ਹੋਰਾਂ ਤੋਂ ਵੱਖ ਇਸ ਪਿੰਡ ਅੰਦਰ ਮਹਾਰਾਜ ਦੀ ਇੱਕ ਹੋਰ ਯਾਦਗਾਰ ਵੀ ਮੌਜੂਦ ਹੈ।

Image copyright Iqbal qaiser
ਫੋਟੋ ਕੈਪਸ਼ਨ ਮਹਾਰਾਜਾ ਦਾ ਭੱਦਰ ਕਾਲੀ ਮੰਦਰ

ਇਹ ਯਾਦਗਾਰ ਇਸ ਪਿੰਡ ਦੀ ਸਭ ਤੋਂ ਉੱਚੀ ਇਮਾਰਤ ਹੈ। ਨਿਆਜ਼ ਬੇਗ਼ ਅੰਦਰ ਇੱਕ ਪੁਰਾਣਾ ਹਿੰਦੂ ਪਵਿੱਤਰ ਅਸਥਾਨ ਭੱਦਰ ਕਾਲੀ ਮੰਦਰ ਮੌਜੂਦ ਸੀ ਜਿੱਥੇ ਹਰ ਸਾਲ ਜੇਠ ਦੇ ਮਹੀਨੇ ਭਰਵਾਂ ਮੇਲਾ ਜੁੜਦਾ ਸੀ। ਇਹ ਮੇਲਾ ਲਾਹੌਰ ਦੇ ਮਸ਼ਹੂਰ ਮੇਲਿਆਂ ਵਿੱਚੋਂ ਸੀ।

ਇਸ ਮੇਲੇ ਵਿੱਚ ਕਦੇ ਲਾਹੌਰ ਤੋਂ ਅੰਮ੍ਰਿਤਸਰ ਤੱਕ ਦੇ ਲੋਕ ਹੁੰਮਹੁਮਾ ਕੇ ਇਕੱਠੇ ਹੁੰਦੇ ਸਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਜਾਂਦੇ ਹੋਏ ਇਸ ਥਾਂ ਰੁਕੇ, ਦੇਵੀ ਦੇ ਦਰਸ਼ਨ ਕੀਤੇ ਅਤੇ ਦੇਵੀ ਵਾਸਤੇ ਇੱਕ ਵੱਡਾ ਅਤੇ ਆਲੀਸ਼ਾਨ ਮੰਦਰ ਬਣਵਾਉਣ ਦਾ ਹੁਕਮ ਦਿੱਤਾ।

ਸ਼ਾਹੀ ਫ਼ਰਮਾਨ ਦੇ ਅਨੁਸਾਰ ਇੱਕ ਬਹੁਤ ਆਲ੍ਹਾ ਤੇ ਬਹੁਤ ਉੱਚਾ ਮੰਦਰ ਤਾਮੀਰ ਹੋਇਆ। ਕਿਹਾ ਜਾਂਦਾ ਹੈ ਕਿ ਮੰਦਰ ਬਣਨ ਤੋਂ ਮਗਰੋਂ ਦੇਵੀ ਨੇ ਇਸ ਵਿੱਚ ਪ੍ਰਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ।

ਤਾਰੀਖ਼ ਲਾਹੌਰ ਦੇ ਕਰਤਾ ਕਿਨੇਹਾ ਲਾਲ ਹੁਰਾਂ ਦਾ ਕਹਿਣਾ ਹੈ ਕਿ ਜਦੋਂ ਦੇਵੀ ਜੀ ਨੂੰ ਉਸ ਆਲੀਸ਼ਾਨ ਮਕਾਨ ਵਿੱਚ ਲਿਜਾਵਣ ਦਾ ਵੇਲਾ ਆਇਆ ਤਾਂ ਦੇਵੀ ਨੇ ਪੁਜਾਰੀਆਂ ਦੇ ਸੁਫ਼ਨੇ ਵਿੱਚ ਆ ਕੇ ਉਨ੍ਹਾਂ ਨੂੰ ਇਸ਼ਾਰਾ ਦਿੱਤਾ ਕਿ ਅਸਾਂ ਇਸ ਮੰਦਰ ਵਿੱਚ ਨਹੀਂ ਜਾਣਾ ਸਗੋਂ ਅਸੀਂ ਆਪਣੇ ਇਸ ਨਿੱਕੇ ਜਿਹੇ ਮੰਦਰ ਵਿੱਚ ਹੀ ਰਾਜ਼ੀ ਹਾਂ।

ਪੁਜਾਰੀਆਂ ਨੇ ਇਸ ਹੁਕਮ ਮੁਤਾਬਕ ਮਹਾਰਾਜ ਦੇ ਬਣਵਾਏ ਸਵਰਨ ਮੰਦਰ ਨੂੰ ਠੁਕਰਾ ਦਿੱਤਾ।

ਅੱਜ ਵੀ ਇਹ ਆਲੀਸ਼ਾਨ ਮੰਦਰ ਪਿੰਡ ਨਿਆਜ਼ ਬੇਗ਼ ਅੰਦਰ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ ਜਦਕਿ ਭੱਦਰ ਕਾਲੀ ਦੇਵੀ ਵਾਲਾ ਨਿੱਕਾ ਮੰਦਰ ਉੱਕਾ ਹੀ ਬਰਬਾਦ ਹੋ ਚੁੱਕਿਆ ਹੈ।

Image copyright Getty Images
ਫੋਟੋ ਕੈਪਸ਼ਨ ਲਾਹੌਰ, ਪਾਕਿਸਤਾਨ ਦਾ ਸ਼ਾਹੀ ਕਿਲਾ (ਸੰਕੇਤਕ ਤਸਵੀਰ)

ਮਹਾਰਾਜ ਵੱਲੋਂ ਬਣਵਾਇਆ ਇਹ ਵੱਡੀ ਸ਼ਾਨ ਵਾਲਾ ਮੰਦਰ ਅੱਜ ਵੀ ਮੌਜੂਦ ਹੈ, ਜਿਸ ਅੰਦਰ ਦੇਵੀ ਨੇ ਪ੍ਰਵੇਸ਼ ਨਾ ਕੀਤਾ।

ਹੁਣ ਇਸ ਮੰਦਰ 'ਚ ਪ੍ਰਾਇਮਰੀ ਸਕੂਲ ਹੈ ਜਿੱਥੇ ਇਹ ਮੰਦਰ ਨਿਆਜ਼ ਬੇਗ਼ ਪਿੰਡ ਦੀ ਸ਼ਾਨ ਹੈ ਉੱਥੇ ਪੰਜਾਬ ਅਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਨਾ ਭੁੱਲਣ ਵਾਲੀ ਹੁਸੈਨ ਯਾਦਗਾਰ ਵੀ ਹੈ ਜਿਸ ਨੂੰ ਵੇਖ ਕੇ ਪੰਜਾਬੀਆਂ ਦਾ ਆਪਣਾ ਰਾਜ ਯਾਦ ਆਉਂਦਾ ਹੈ।

ਇਕਬਾਲ ਕੈਸਰ ਬਾਰੇ ਹਰੂਨ ਖਾਲਿਦ ਲਿਖਦਾ ਹੈ, "ਸ਼ਾਇਦ ਹੀ ਕੋਈ ਅਜਿਹਾ ਬੰਦਾ ਹੋਵੇ ਜਿਸ ਨੂੰ ਪੰਜਾਬ ਬਾਰੇ ਇਕਬਾਲ ਕੈਸਰ ਤੋਂ ਵੱਧ ਪਤਾ ਹੋਵੇ।" ਰਸਮੀ ਪੜ੍ਹਾਈ ਤਾਂ ਇਕਬਾਲ ਕੈਸਰ ਦੀ ਦਸਵੀ ਤੋਂ ਘੱਟ ਹੈ ਪਰ ਉਸ ਦੀਆਂ ਲਿਖਤਾਂ ਯੂਨੀਵਰਸਿਟੀਆਂ ਵਿੱਚ ਖੋਜਾਂ ਦੀ ਬੁਨਿਆਦ ਬਣੀਆਂ ਹਨ। ਬਸਤਾਨੀ ਦੌਰ ਅਤੇ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਹਾਲਤ ਬਾਬਤ ਉਨ੍ਹਾਂ ਦੀ ਕਿਤਾਬ 'ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ' ਇਸ ਵਿਸ਼ੇ ਉੱਤੇ ਬੇਹੱਦ ਅਹਿਮ ਮੰਨੀ ਜਾਂਦੀ ਹੈ। ਇਸ ਵੇਲੇ ਉਹ ਪਾਕਿਸਤਾਨ ਵਿੱਚ ਜੈਨ ਧਰਮ ਦੇ ਅਸਥਾਨਾਂ ਬਾਬਤ ਕਿਤਾਬ ਲਿਖ ਰਹੇ ਹਨ। ਉਹ ਲਾਹੌਰ ਬਾਬਤ ਪੰਜ ਜਿਲਦਾਂ ਦੀ ਕਿਤਾਬ ਉੱਤੇ ਕੰਮ ਕਰ ਰਹੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ਕਵਿਤਾਵਾਂ ਦੀਆਂ ਦੋ ਕਿਤਾਬਾਂ ਅਤੇ ਕਹਾਣੀਆਂ ਵੀ ਲਿਖੀਆਂ ਹਨ। ਉਨ੍ਹਾਂ ਨੇ ਪੰਜਾਬ, ਪੰਜਾਬੀ (ਬੋਲੀ ਅਤੇ ਆਵਾਮ) ਅਤੇ ਪੰਜਾਬੀਅਤ ਬਾਰੇ ਖੋਜ ਕਰਨ ਲਈ ਜ਼ਿਲ੍ਹਾ ਕਸੂਰ ਦੇ ਪਿੰਡ ਲਲਿਆਣੀ ਵਿੱਚ ਇੱਕ ਖੋਜ ਅਦਾਰਾ ਬਣਾਇਆ ਹੈ ਜਿਸ ਦਾ ਨਾਮ ਪੰਜਾਬੀ ਖੋਜਗੜ੍ਹ ਹੈ। ਖੋਜਗੜ੍ਹ ਦਾ ਦਾਅਵਾ ਹੈ ਕਿ ਇਹ ਪੰਜਾਬ ਦੀ ਬੋਲੀ, ਕਲਾ, ਇਤਿਹਾਸ, ਸੱਭਿਆਚਾਰ, ਸਾਹਿਤ ਅਤੇ ਸੰਗੀਤ ਦੀ ਵਕਾਲਤ, ਖੋਜ ਅਤੇ ਪ੍ਰਕਾਸ਼ਨ ਦਾ ਅਦਾਰਾ ਹੈ। ਉਨ੍ਹਾਂ ਦੀ ਇੱਕ ਕਵਿਤਾ ਦੀਆਂ ਦੋ ਸਤਰਾਂ ਹਨ,

"ਕੱਲ੍ਹ ਜਿੱਥੇ ਸੀ ਬਾਬਾ ਮੋਇਆ, ਮੈਂ ਉੱਥੇ ਸੀ ਪੈਂਡਾ ਛੋਇਆ

ਮੈਂ ਹੁਣ ਖੌਰੇ ਕਿੱਥੇ ਮਰਨਾ, ਅਗਲਾ ਪੈਂਡਾ ਕਿਹਨੇ ਕਰਨਾ।"

(ਇਕਬਾ ਕੈਸਰ ਨੇ ਇਹ ਲੇਖ ਬੀਬੀਸੀ ਪੰਜਾਬੀ ਲਈ ਲਿਖਿਆ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)