ਕਿਸ਼ਤੀ ਰਾਹੀਂ ਲੀਬੀਆ ਤੋਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ

MIGRANTS

ਲੀਬੀਆ ਦੇ ਕੰਢੇ ਤੋਂ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਤਕਰੀਬਨ 100 ਪਰਵਾਸੀਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇੱਕ ਕੋਸਟਗਾਰਡ ਅਧਾਕਾਰੀ ਮੁਤਾਬਕ ਸਿਰਫ਼ 14 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਇਸ ਘਟਨਾ ਵਿੱਚ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਤ੍ਰਿਪੋਲੀ ਦੇ ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬੀ ਪਰ ਅਸਲ ਵਿੱਚ ਕੀ ਹੋਇਆ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।

ਅਫ਼ਰੀਕਾ ਅਤੇ ਹੋਰਨਾਂ ਦੇਸਾਂ ਦੇ ਵੱਡੀ ਗਿਣਤੀ ਵਿੱਚ ਪਰਵਾਸੀ ਲੀਬੀਆ ਤੋਂ ਇੱਕ ਕਿਸ਼ਤੀ ਵਿੱਚ ਲੋੜ ਤੋਂ ਵੱਧ ਸਵਾਰ ਹੋ ਕੇ ਯੂਰਪ ਪਹੁੰਚਣ ਲਈ ਰਵਾਨਾ ਹੋਏ।

ਇਸ ਤੋਂ ਪਹਿਲਾਂ ਬ੍ਰਸੈਲਜ਼ ਵਿੱਚ ਇੱਕ ਬੈਠਕ ਦੌਰਾਨ ਯੂਰਪੀ ਯੂਨੀਅਨ ਦੇ ਦੇਸਾਂ ਨੇ ਤੈਅ ਕੀਤਾ ਕਿ ਪਰਵਾਸੀਆਂ ਦੇ ਲਈ ਸੁਰੱਖਿਅਤ ਕੇਂਦਰ ਸਥਾਪਤ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਦੇ ਸ਼ਰਨ ਦੀ ਪ੍ਰਕਿਰਿਆ ਆਰੰਭੀ ਜਾਵੇ।

ਜਿਨ੍ਹਾਂ ਪਰਵਾਸੀਆਂ ਦੇ ਸ਼ਰਨ ਦੇ ਦਾਅਵੇ ਰੱਦ ਹੋਣਗੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

ਇਹ ਕੇਂਦਰ ਕਿੱਥੇ ਬਣਾਏ ਜਾਣਗੇ?

ਬੈਠਕ ਦੌਰਾਨ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਕਿਹੜੇ ਯੂਰਪ ਦੇ ਕਿਹੜੇ ਦੇਸ ਵਿੱਚ ਪਰਵਾਸੀਆਂ ਲਈ ਕੇਂਦਰ ਬਣਾਏ ਜਾਣਗੇ ਪਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਦਾ ਕਹਿਣਾ ਹੈ ਕਿ ਇਹ ਕੇਂਦਰ ਉਨ੍ਹਾਂ ਦੇਸਾਂ ਵਿੱਚ ਸਥਾਪਤ ਕੀਤੇ ਜਾਣਗੇ ਜਿੱਥੇ ਪਰਵਾਸੀ ਸਭ ਤੋਂ ਪਹਿਲਾਂ ਪਹੁੰਚਣਗੇ।

ਉਨ੍ਹਾਂ ਕਿਹਾ, "ਅਸੀਂ ਜ਼ਿੰਮੇਵਾਰੀ ਅਤੇ ਏਕਤਾ ਵਿੱਚ ਸੰਤੁਲਨ ਬਣਾਇਆ ਹੋਇਆ ਹੈ।"

ਯੂਰਪੀ ਕੌਂਸਲ ਮੁਤਾਬਕ ਪਰਵਾਸੀਆਂ ਦੇ ਗੈਰ-ਕਾਨੂੰਨੀ ਨਾਲ ਯੂਰਪੀ ਯੂਨੀਅਨ ਵਿੱਚ ਦਾਖਿਲੇ ਵਿੱਚ 2015 ਤੋਂ ਬਾਅਦ 96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਟਲੀ ਜਿੱਥੇ ਕਿ ਹਜ਼ਾਰਾਂ ਪਰਵਾਸੀ ਸਭ ਤੋਂ ਪਹਿਲਾਂ ਦਾਖਿਲ ਹੋਏ ਸਨ, ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਮਦਦ ਨਾ ਕੀਤੀ ਗਈ ਤਾਂ ਉਹ ਬੈਠਕ ਦਾ ਸਾਰਾ ਏਜੰਡਾ ਨਾਮੰਜ਼ੂਰ ਕਰ ਦੇਣਗੇ।

ਇਟਲੀ ਦੇ ਪ੍ਰਧਾਨ ਮੰਤਰੀ ਜ਼ੂਜ਼ੇਪੇ ਕੌਂਟੇਅ ਦਾ ਕਹਿਣਾ ਹੈ, "ਇਸ ਯੂਰਪੀ ਸਮਿਟ ਤੋਂ ਬਾਅਦ ਯੂਰਪ ਵਧੇਰੇ ਜ਼ਿੰਮੇਵਾਰ ਹੈ ਅਤੇ ਵਾਧੂ ਇੱਕਜੁਟਤਾ ਦਿਖਾ ਰਿਹਾ ਹੈ। ਅੱਜ ਇਟਲੀ ਵੀ ਇਕੱਲਾ ਨਹੀਂ ਹੈ।"

ਇੱਕ ਹਫ਼ਤਾ ਖਾਰੇ ਸਮੁੰਦਰ ਵਿੱਚ ਘੁੰਮਦੇ ਰਹੇ ਸਨ ਪਰਵਾਸੀ

ਕੁਝ ਦਿਨ ਪਹਿਲਾਂ ਵੀ ਭੂਮੱਧ-ਸਾਗਰ ਵਿੱਚ 20 ਘੰਟੇ ਚੱਕਰ ਕੱਟਣ ਤੋਂ ਬਾਅਦ 600 ਤੋਂ ਵੱਧ ਪਰਵਾਸੀ ਸਪੇਨ ਦੇ ਵਲੈਂਸ਼ੀਆ ਪਹੁੰਚੇ ਸਨ।

ਬਚਾਅ ਜਹਾਜ਼ ਵਿੱਚ ਇਹ ਪਰਵਾਸੀ ਤਕਰੀਬਨ ਇੱਕ ਹਫ਼ਤਾ ਖਾਰੇ ਸਮੁੰਦਰ ਵਿੱਚ ਘੁੰਮਦੇ ਰਹੇ।

ਇਨ੍ਹਾਂ ਨੂੰ ਇਟਲੀ ਅਤੇ ਮਾਲਟਾ ਤੋਂ ਵਾਪਸ ਮੋੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਪੇਨ ਵਿੱਚ ਸ਼ਰਨ ਮਿਲ ਗਈ।

ਇਨ੍ਹਾਂ ਵਿੱਚ ਜ਼ਿਆਦਾਤਰ ਅਫਰੀਕੀ ਹਨ ਪਰ ਕੁਝ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)