ਸ਼ਰਾਬ ਮਰਦਾਂ ਨਾਲੋਂ ਔਰਤਾਂ 'ਤੇ ਕਿਉਂ ਵੱਧ ਅਸਰ ਕਰਦੀ ਹੈ?

women drinking Image copyright Getty Images

ਔਰਤਾਂ ਲਈ ਸ਼ਰਾਬ ਦੀ ਮਾਰਕਟਿੰਗ ਕਰਨ ਅਤੇ ਮਰਦਾਂ ਅਤੇ ਔਰਤਾਂ ਦੀ ਭੂਮੀਕਾ ਵਿੱਚ ਬਦਲਾਅ ਆਉਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਔਰਤਾਂ ਵੀ ਸ਼ਰਾਬ ਵਧੇਰੇ ਪੀਣ ਲੱਗ ਗਈਆਂ ਹਨ। ਇਹ ਦਾਅਵਾ ਹੈ ਮੈਡੀਕਲ ਮਾਹਿਰਾਂ ਦਾ।

ਪਰ ਸ਼ਰਾਬ ਪੀਣ ਵਾਲੇ ਮਰਦਾਂ ਦੀ ਗਿਣਤੀ ਹਾਲੇ ਵੀ ਔਰਤਾਂ ਨਾਲੋਂ ਦੁਗੁਣੀ ਹੈ ਪਰ ਇਹ ਨੌਜਵਾਨਾਂ ਲਈ ਸੱਚ ਨਹੀਂ ਹੈ। 1991 ਤੋਂ 2000 ਵਿਚਾਲੇ ਪੈਦਾ ਹੋਈਆਂ ਔਰਤਾਂ ਮਰਦਾਂ ਦੇ ਬਰਾਬਰ ਦੀ ਸ਼ਰਾਬ ਪੀਂਦੀਆਂ ਹਨ।

ਸ਼ਰਾਬ ਪੀਣ ਕਾਰਨ ਔਰਤਾਂ 'ਤੇ ਇਸ ਦਾ ਮਾੜਾ ਅਸਰ ਵੀ ਪੈ ਰਿਹਾ ਹੈ। ਅਮਰੀਕਾ ਦੇ 2000-2015 ਦੇ ਅੰਕੜਿਆਂ ਮੁਤਾਬਕ ਕਲੇਜੇ ਦੀ ਬਿਮਾਰੀ ਕਾਰਨ 45-64 ਸਾਲ ਦੀਆਂ ਔਰਤਾਂ ਦੀ ਮੌਤ ਦਰ ਵਿੱਚ 57 ਫੀਸਦੀ ਦਾ ਵਾਧਾ ਹੋਇਆ ਹੈ ਜਦੋਂਕਿ ਮਰਦਾਂ ਦੀ ਮੌਤ ਦਰ 21 ਫੀਸਦੀ ਸੀ।

25-44 ਸਾਲ ਦੀਆਂ ਔਰਤਾਂ ਦੀ ਮੌਤ ਦਰ ਵਿੱਚ 18 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ ਜਦੋਂਕਿ ਮਰਦਾਂ ਵਿੱਚ 10 ਫੀਸਦੀ ਦੀ ਕਮੀ ਆਈ ਹੈ।

ਸ਼ਰਾਬ ਵੱਧ ਪੀਣ ਕਾਰਨ ਔਰਤਾਂ ਨੂੰ ਐਮਰਜੈਂਸੀ ਵਿੱਚ ਭਰਤੀ ਕਰਾਉਣ ਦੇ ਮਾਮਲੇ ਵੀ ਵਧੇ ਹਨ। ਸ਼ਰਾਬ ਪੀਣ ਦੇ ਖਤਰੇ ਦੇ ਪੈਟਰਨ ਵਿੱਚ ਵੀ ਇਜ਼ਾਫ਼ਾ ਹੋਇਆ ਹੈ ਖਾਸ ਕਰਕੇ ਔਰਤਾਂ ਦੇ।

ਸ਼ਰਾਬ ਦਾ ਔਰਤਾਂ 'ਤੇ ਅਸਰ

ਮੁਸ਼ਕਿਲ ਇਹ ਨਹੀਂ ਹੈ ਕਿ ਔਰਤਾਂ ਵਧੇਰੇ ਪੀ ਰਹੀਆਂ ਹਨ। ਸਰਵੇਖਣਕਰਤਾਵਾਂ ਦਾ ਮੰਨਣਾ ਹੈ ਕਿ ਸ਼ਰਾਬ ਦਾ ਅਸਰ ਔਰਤਾਂ ਦੇ ਸਰੀਰ 'ਤੇ ਮਰਦਾਂ ਨਾਲੋਂ ਵੱਖਰਾ ਹੁੰਦਾ ਹੈ।

Image copyright Getty Images

ਵਿਗਿਆਨੀਆਂ ਦਾ ਮੰਨਣਾ ਹੈ ਕਿ ਔਰਤਾਂ ਦੇ ਸਰੀਰ ਵਿੱਚ 'ਐਂਜਾਈਮ' ਘੱਟ ਗਿਣਤੀ ਵਿੱਚ ਪੈਦਾ ਹੁੰਦੇ ਹਨ ਜਿਸ ਨੂੰ 'ਐਲਕੋਹਲ ਡੀਹਾਈਡ੍ਰੋਜਨਾਈਜ਼' ਕਿਹਾ ਜਾਂਦਾ ਹੈ। ਇਹ ਕਲੇਜੇ ਵਿੱਚ ਪੈਦਾ ਹੁੰਦੇ ਹਨ ਅਤੇ ਸ਼ਰੀਰ ਵਿੱਚ ਸ਼ਰਾਬ ਦੇ ਅਸਰ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ।

ਚਰਬੀ ਸ਼ਰਾਬ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਜਦੋਂਕਿ ਪਾਣੀ ਇਸ ਨੂੰ ਦੂਰ ਭਜਾ ਦਿੰਦਾ ਹੈ। ਔਰਤਾਂ ਵਿੱਚ ਵਧੇਰੇ ਚਰਬੀ ਅਤੇ ਸ਼ਰੀਰ ਵਿੱਚ ਪਾਣੀ ਦਾ ਪੱਧਰ ਘੱਟ ਹੁੰਦਾ ਹੈ ਇਸ ਲਈ ਔਰਤਾਂ 'ਤੇ ਸ਼ਰਾਬ ਦਾ ਮਾਨਸਿਕ ਅਸਰ ਕਾਫ਼ੀ ਨਾਟਕੀ ਹੁੰਦਾ ਹੈ।

ਹਾਰਵਰਡ ਮੈਡੀਕਲ ਸਕੂਲ ਦੇ ਮਨੋਵਿਗਿਆਨੀ ਪ੍ਰੋ. ਡੌਨ ਸ਼ੂਗਰਮੈਨ ਦਾ ਕਹਿਣਾ ਹੈ, "ਇਹੀ ਕਾਰਨ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ 'ਤੇ ਸ਼ਰਾਬ ਦਾ ਮਾੜਾ ਅਸਰ ਵਧੇਰੇ ਹੁੰਦਾ ਹੈ।"

ਜੋ ਔਰਤਾਂ ਕਾਫ਼ੀ ਜ਼ਿਆਦਾ ਸ਼ਰਾਬ ਪੀਂਦੀਆਂ ਹਨ ਉਹ ਜਲਦੀ ਹੀ ਇਸ ਦੀਆਂ ਆਦਿ ਵੀ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਵਧੇਰੀਆਂ ਬਿਮਾਰੀਆਂ ਵੀ ਲਗਦੀਆਂ ਹਨ। ਇਸ ਨੂੰ ਟੈਲੀਸਕੋਪਿੰਗ ਕਿਹਾ ਜਾਂਦਾ ਹੈ। ਔਰਤਾਂ ਮਰਦਾਂ ਨਾਲੋਂ ਵੱਧ ਉਮਰ ਵਿੱਚ ਸ਼ਰਾਬ ਪੀਣਾ ਸ਼ੁਰੂ ਕਰਦੀਆਂ ਹਨ ਪਰ ਉਨ੍ਹਾਂ ਨੂੰ ਸ਼ਰਾਬ ਦੀ ਆਦਤ ਲੱਗਣ ਵਿੱਚ ਘੱਟ ਸਮਾਂ ਲਗਦਾ ਹੈ।

ਔਰਤਾਂ ਨੂੰ ਕਲੇਜੇ, ਦਿਲ ਅਤੇ ਦਿਮਾਗੀ ਰੋਗ ਵੀ ਵਧੇਰੇ ਹੁੰਦੇ ਹਨ।

ਸ਼ਰਾਬ ਸਬੰਧੀ ਔਰਤਾਂ 'ਤੇ ਸਰਵੇਖਣ

ਪਹਿਲਾਂ ਔਰਤਾਂ 'ਤੇ ਸਰਵੇਖਣ ਹੀ ਘੱਟ ਹੁੰਦੇ ਸੀ। ਸ਼ਰਾਬ ਦੇ ਅਸਰ ਸਬੰਧੀ ਸਰਵੇਖਣਾਂ ਵਿੱਚ ਔਰਤਾਂ ਨੂੰ ਅਕਸਰ ਮਹਿਰੂਮ ਹੀ ਰੱਖਿਆ ਜਾਂਦਾ ਸੀ। 1990 ਵਿੱਚ ਹੀ ਤਕਰੀਬਨ ਪਹਿਲਾ ਸਰਵੇਖਣ ਔਰਤਾਂ 'ਤੇ ਹੋਇਆ।

1990 ਤੱਕ ਸ਼ਰਾਬ ਨਾਲ ਜੁੜੇ ਸਾਰੇ ਸਰਵੇਖਣ ਹੀ ਤਕਰੀਬਨ ਮਰਦਾਂ 'ਤੇ ਹੋਏ। ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਮਰਦ ਹੀ ਵਧੇਰੇ ਸ਼ਰਾਬ ਪੀਂਦੇ ਹਨ ਇਸੇ ਕਾਰਨ ਔਰਤਾਂ ਨੂੰ ਸਰਵੇਖਣ ਵਿੱਚੋਂ ਬਾਹਰ ਰੱਖਿਆ ਜਾਂਦਾ ਸੀ।

Image copyright Getty Images

ਇਹ ਬਦਲਾਅ ਆਉਣਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਇਹ ਲਾਜ਼ਮੀ ਕਰ ਦਿੱਤਾ ਕਿ ਔਰਤਾਂ ਅਤੇ ਘੱਟ ਗਿਣਤੀਆਂ ਨੂੰ ਵੀ ਕਲੀਨੀਕਲ ਅਤੇ ਮੈਡੀਕਲ ਰਿਸਰਚ ਵਿੱਚ ਸ਼ਾਮਿਲ ਕੀਤਾ ਜਾਵੇ।

ਹਾਰਵਰਡ ਯੂਨੀਵਰਸਿਟੀ ਵਿੱਚ 1970 ਵਿੱਚ ਵਿਲਸਨੈਕ ਨੇ ਪੀਐੱਚਡੀ ਕਰਦੇ ਹੋਏ ਔਰਤਾਂ ਅਤੇ ਸ਼ਰਾਬ ਵਿਸ਼ੇ 'ਤੇ ਲਿਖਿਆ। ਆਪਣੇ ਸਮਾਜ-ਸ਼ਾਸਤਰੀ ਪਤੀ ਦੇ ਨਾਲ ਵਿਲਸਨੈਕ ਨੇ ਔਰਤਾਂ ਦੇ ਸ਼ਰਾਬ ਪੀਣ ਸਬੰਧੀ ਪਹਿਲਾ ਲੰਬਾ ਕੌਮੀ ਸਰਵੇਖਣ ਕੀਤਾ।

ਇਸ ਦੌਰਾਨ ਸਾਹਮਣੇ ਆਇਆ ਕਿ ਜੋ ਔਰਤਾਂ ਵਧੇਰੇ ਸ਼ਰਾਬ ਪੀਂਦੀਆਂ ਹਨ ਉਹ ਬਚਪਨ ਵਿੱਚ ਸਰੀਰਕ ਸ਼ੋਸ਼ਨ ਦਾ ਸ਼ਿਕਾਰ ਹੋਈਆਂ ਹਨ।

ਸਾਲ 2000 ਤੱਕ ਇਹ ਸਾਹਮਣੇ ਆਇਆ ਕਿ ਔਰਤਾਂ ਦੇ ਦਿਮਾਗ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।

ਮਰਦਾਂ ਤੇ ਔਰਤਾਂ ਦੇ ਦਿਮਾਗ ਵਿੱਚ ਫਰਕ

ਬੋਸਟਨ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਪ੍ਰੋਫੈੱਸਰ ਅਤੇ ਮਨੋਵਿਗਿਆਨੀ ਮੈਰਲੇਨ-ਬਰਮਨ ਨੇ ਇੱਕ ਨਵਾਂ ਤੱਥ ਪੇਸ਼ ਕੀਤਾ ਹੈ।

Image copyright Getty Images
  • ਜਦੋਂ ਉਨ੍ਹਾਂ ਦੀ ਟੀਮ ਨੇ ਲੰਮੇਂ-ਸਮੇਂ ਤੱਕ ਸ਼ਰਾਬ ਪੀਣ ਵਾਲੇ ਲੋਕਾਂ ਦੇ ਦਿਮਾਗ ਦਾ ਸਰਵਾਖਣ ਕੀਤਾ ਤਾਂ ਸਾਹਮਣੇ ਆਇਆ ਕਿ ਸ਼ਰਾਬ ਪੀਣ ਵਾਲੇ ਮਰਦਾਂ ਦੇ ਛੋਟੇ 'ਰਿਵਰਡ ਸੈਂਟਰ' ਸਨ। ਦਿਮਾਗ ਦਾ ਇਹ ਹਿੱਸਾ ਪ੍ਰੇਰਣਾ ਦੇਣ ਲਈ ਹੁੰਦਾ ਹੈ। ਇਹ ਹਿੱਸਾ ਹੀ ਫੈਸਲੇ ਲੈਂਦਾ ਹੈ ਅਤੇ ਬੁਨਿਆਦੀ ਬਚਾਅ ਦੀ ਵਜ੍ਹਾ ਵੀ ਹੈ।
  • ਪਰ ਸ਼ਰਾਬ ਪੀਣ ਵਾਲੀਆਂ ਔਰਤਾਂ ਦੇ 'ਰਿਵਾਰਡ ਸੈਂਟਰ' ਸੂਫ਼ੀ ਔਰਤਾਂ ਨਾਲੋਂ ਵੱਡੇ ਸਨ। ਇਸ ਦਾ ਮਤਲਬ ਸੀ ਕਿ ਉਨ੍ਹਾਂ ਦੇ ਦਿਮਾਗ ਤੇ ਮਰਦਾਂ ਨਾਲੋ ਘੱਟ ਨੁਕਸਾਨ ਹੁੰਦਾ ਹੈ।
  • ਔਸਕਰ ਬਰਮਨ ਦਾ ਕਹਿਣਾ ਹੈ, "ਸਾਡੀ ਖੋਜ ਆਮ ਧਾਰਨਾ ਦੇ ਉਲਟ ਸੀ ਕਿ ਔਰਤਾਂ ਦੇ ਦਿਮਾਗ 'ਤੇ ਸ਼ਰਾਬ ਦਾ ਅਸਰ ਮਰਦਾਂ ਨਾਲੋਂ ਵਧੇਰੇ ਹੁੰਦਾ ਹੈ।"ਹਾਲਾਂਕਿ ਅਜੇ ਤੱਕ ਇਸ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ।
  • ਸ਼ੂਗਰਮੈਨ ਮੁਤਾਬਕ ਸ਼ਰਾਬ ਦੀਆਂ ਆਦੀ ਔਰਤਾਂ ਨੂੰ ਜਦੋਂ ਇਲਾਜ ਲਈ ਔਰਤਾਂ ਦੇ ਹੀ ਗਰੁੱਪ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਦੇ ਨਤੀਜੇ ਵਧੇਰੇ ਚੰਗੇ ਹੁੰਦੇ ਹਨ।
  • ਸਰਵੇਖਣ ਮੁਤਾਬਕ ਔਰਤਾਂ ਦੇ ਸ਼ਰਾਬ ਪੀਣ ਦਾ ਕਾਰਨ ਭਾਵੁਕਤਾ ਹੈ ਜਦੋਂ ਕਿ ਮਰਦਾਂ 'ਤੇ ਸਮਾਜਿਕ ਦਬਾਅ ਕਾਰਨ ਹੈ।

ਸ਼ੂਗਰਮੈਨ ਮੁਤਾਬਕ, "ਕੁਝ ਔਰਤਾਂ ਸ਼ਰਾਬ ਛੁਡਾਉਣ ਦਾ ਇਲਾਜ ਪਿਛਲੇ 6-10 ਵਾਰੀ ਕਰਵਾ ਚੁੱਕੀਆਂ ਹਨ ਪਰ ਉਨ੍ਹਾਂ ਨੇ ਕਿਹਾ ਕਿ ਅਜਿਹੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਕਿਸੇ ਨੇ ਨਹੀਂ ਦਿੱਤੀ। ਨਾਂ ਹੀ ਕਿਸੇ ਨੇ ਦੱਸਿਆ ਕਿ ਮੈਨੂੰ ਮਰਦਾਂ ਦੇ ਮੁਕਾਬਲੇ ਸ਼ਰਾਬ ਦੀ ਆਦਤ ਜ਼ਿਆਦਾ ਲੱਗ ਸਕਦੀ ਹੈ ਜਾਂ ਫਿਰ ਇਸ ਦਾ ਅਸਰ ਮੇਰੇ ਤੇ ਵੱਖਰਾ ਪੈ ਸਕਦਾ ਹੈ।"

Image copyright Getty Images

ਇਹੀ ਸਭ ਕਾਰਨਾਂ ਕਰਕੇ ਸ਼ਰਾਬ ਦੀ ਆਦਤ ਛੁੱਡਵਾਉਣ ਲਈ ਮਰਦਾਂ ਅਤੇ ਔਰਤਾਂ ਦਾ ਇਲਾਜ ਵੱਖਰੇ ਤਰੀਕੇ ਨਾਲ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਉਦਾਹਰਨ ਦੇ ਤੌਰ 'ਤੇ ਜੋ ਔਰਤ ਸਰੀਰਕ ਸ਼ੋਸਣ ਦਾ ਸ਼ਿਕਾਰ ਹੋਣ ਕਾਰਨ ਸ਼ਰੀਬ ਪੀ ਰਹੀ ਹੈ ਉਙ ਸਾਇਦ ਉਸ ਕੇਂਦਰ ਵਿੱਚ ਜਾਣ ਤੋਂ ਗੁਰੇਜ਼ ਕਰੇ ਜਿੱਥੇ 70 ਫੀਸਦੀ ਮਰਦ ਇਲਾਜ ਕਰਵਾ ਰਹੇ ਹਨ।

ਅਜਿਹੀਆਂ ਔਰਤਾਂ ਨੂੰ ਜਦੋਂ ਦੂਜੀਆੰ ਔਰਤਾਂ ਆਪਣੀ ਕਹਾਣੀ ਦੱਸਦੀਆਂ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਕੱਲੀਆਂ ਨਹੀਂ ਹਨ ਅਤੇ ਇਸ ਦਾ ਉਨ੍ਹਾਂ ਨੂੰ ਫਾਇਦਾ ਵੀ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)