ਸੈਕਸ ਐਂਡ ਦਿ ਸਿਟੀ꞉ ਸੀਰੀਅਲ ਜਿਸ ਨੇ ਔਰਤਾਂ ਦੀ ਸੋਚ ਬਦਲੀ

ਸੈਕਸ ਐਂਡ ਦਿ ਸਿਟੀ Image copyright Getty Images
ਫੋਟੋ ਕੈਪਸ਼ਨ 'ਸੈਕਸ ਐਂਡ ਦਿ ਸਿਟੀ' ਨੂੰ ਆਏ 20 ਸਾਲ ਹੋ ਗਏ ਹਨ।

ਥਿਏਟਰ, ਸਿਨੇਮਾ ਜਾਂ ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਨ੍ਹਾਂ ਦੀਆਂ ਕਹਾਣੀਆਂ ਸਮਾਜ ਵਿੱਚੋਂ ਹੀ ਨਿਕਲਦੀਆਂ ਹਨ ਅਤੇ ਇਸੇ ਦੇ ਇਰਦ-ਗਿਰਦ ਘੁੰਮਦੀਆਂ ਹਨ।

ਇਸ ਦੇ ਇਲਾਵਾ ਕਦੇ ਕਦੇ ਸਿਨੇਮਾ ਸਮਾਜਿਕ ਤਬਦੀਲੀ ਦਾ ਸਾਧਨ ਵੀ ਬਣ ਜਾਂਦਾ ਹੈ ਅਤੇ ਬੇਜ਼ੁਬਾਨਾਂ ਨੂੰ ਜ਼ਬਾਨ ਵੀ ਦੇ ਦਿੰਦਾ ਹੈ।

ਇਸੇ ਦੀ ਇੱਕ ਮਿਸਾਲ ਹੈ ਅਮਰੀਕੀ ਲੜੀਵਾਰ 'ਸੈਕਸ ਐਂਡ ਦਿ ਸਿਟੀ'।

ਹਾਲਾਂਕਿ ਦੁਨੀਆਂ ਭਰ ਦੇ ਸਮਾਜ ਹੀ ਜ਼ਿਆਦਾਤਰ ਪੁਰਸ਼ ਪ੍ਰਧਾਨ ਹਨ ਪਰ ਏਸ਼ੀਆਈ ਖਿੱਤੇ ਵਿੱਚ ਔਰਤਾਂ ਉੱਪਰ ਪਾਬੰਦੀਆਂ ਕੁਝ ਜ਼ਿਆਦਾ ਹੀ ਹਨ।

ਇਹ ਵੀ ਪੜੋ:

ਸਰੀਰਕ ਸੰਬੰਧ ਜਿਹੜੇ ਕਿ ਜੀਵਨ ਦੀ ਬੁਨਿਆਦ ਹਨ, ਉਨ੍ਹਾਂ ਬਾਰੇ ਕੁਝ ਬੋਲਣ ਵਾਲੀ ਔਰਤ ਨੂੰ ਬੇਸ਼ਰਮ ਕਿਹਾ ਜਾਂਦਾ ਹੈ।

'ਸੈਕਸ ਐਂਡ ਦਿ ਸਿਟੀ' ਲੜੀਵਾਰ ਨੇ ਅਜਿਹੀਆਂ ਹੀ ਔਰਤਾਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਦੀਆਂ ਇੱਛਾਵਾਂ ਅਤੇ ਲੋੜਾਂ ਨੂੰ ਸਮਾਜ ਦੇ ਸਾਹਮਣੇ ਰੱਖਿਆ।

'ਸੈਕਸ ਐਂਡ ਦਿ ਸਿਟੀ' ਸਾਲ 1998 ਤੋਂ 2004 ਦਰਮਿਆਨ ਅਮਰੀਕਾ ਵਿੱਚ ਦਿਖਾਇਆ ਗਿਆ ਸਭ ਤੋਂ ਹਰਮਨਪਿਆਰਾ ਸੀਰੀਅਲ ਰਿਹਾ ਹੈ।

ਅਮਰੀਕਾ ਵਿੱਚ ਇਸ ਦੀ ਪ੍ਰਸਿੱਧੀ ਕਰਕੇ ਸਾਲ 1999 ਵਿੱਚ ਇਸ ਦਾ ਦੂਸਰਾ ਸੀਜ਼ਨ ਐਚ ਬੀ ਓ 'ਤੇ ਸ਼ੁਰੂ ਕੀਤਾ ਗਿਆ ਤਾਂ ਇਹ ਆਸਟਰੇਲੀਆ, ਬਰਤਾਨੀਆ, ਫਰਾਂਸ, ਜਰਮਨੀ ਅਤੇ ਹੋਰ ਵੀ ਕਈ ਦੇਸਾਂ ਵਿੱਚ ਵੀ ਸਥਾਨਕ ਭਾਸ਼ਾ ਵਿੱਚ ਇਹ ਦਿਖਾਇਆ ਗਿਆ।

Image copyright Getty Images
ਫੋਟੋ ਕੈਪਸ਼ਨ ਇਸ ਦੀਆਂ ਚਾਰੇ ਕਿਰਦਾਰਾਂ- ਸਮੈਂਥਾ, ਕੈਰੀ, ਸ਼ਾਰਲੈਟ ਅਤੇ ਅਮਾਂਡਾ ਨੂੰ ਦੁਨੀਆਂ ਭਰ ਦੇ ਲੋਕ ਪਹਿਚਾਨਣ ਲੱਗੇ ਸਨ।

ਚਾਰ ਸਹੇਲੀਆਂ ਦੀ ਕਹਾਣੀ

'ਸੈਕਸ ਐਂਡ ਦਿ ਸਿਟੀ' ਦੀ ਕਹਾਣੀ ਚਾਰ ਸਹੇਲੀਆਂ ਦੀ ਹੈ। ਜੋ ਆਪਣੀਆਂ ਸ਼ਰਤਾਂ ਉੱਪਰ ਜ਼ਿੰਦਗੀ ਜਿਉਂਦੀਆਂ ਹਨ।

ਆਪਣੇ-ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਦੀਆਂ। ਖੁੱਲ੍ਹ ਕੇ ਆਪਣੀਆਂ ਹਸਰਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਦਿਲ ਦੀ ਗੱਲ ਬਿਨਾਂ ਕਿਸੇ ਪ੍ਰਵਾਹ ਦੇ ਕਹਿ ਦਿੰਦੀਆਂ ਹਨ।

ਇਹ ਚਾਰੇ ਸਹੇਲੀਆਂ ਸਰੀਰਕ ਸੰਬੰਧਾਂ ਬਾਰੇ ਵੀ ਬੇਬਾਕੀ ਨਾਲ ਗੱਲ ਕਰਦੀਆਂ ਹਨ।

ਜਪਾਨ ਦੀ ਵਾਇਸ ਓਵਰ ਕਲਾਕਾਰ ਯੂਕੋ ਨਾਗਾਸ਼ਿਮਾ ਨੂੰ ਜਦੋਂ ਇਸ ਸ਼ੋਅ ਦੀ ਪਾਤਰ ਕੈਰੀ ਨੂੰ ਆਪਣੀ ਆਵਾਜ਼ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਹਿਚਕਿਚਾਹਟ ਮਹਿਸੂਸ ਹੋ ਰਹੀ ਸੀ।

ਅਸਲ ਵਿੱਚ ਜਪਾਨ ਵਿੱਚ ਔਰਤਾਂ ਸੈਕਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ। ਇਸ ਦੇ ਉਲਟ ਕੈਰੀ ਬੇਬਾਕ ਹੈ। ਉਹ ਸੈਕਸ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ।

Image copyright Getty Images

ਇਜਿਹੇ ਵਿੱਚ ਕੈਰੀ ਨੂੰ ਆਪਣੀ ਆਵਾਜ਼ ਦੇਣਾ ਯੂਕੋ ਲਈ ਸੌਖਾ ਨਹੀਂ ਸੀ। ਯੂਕੋ ਨੇ 'ਦਿ ਵਾਲ ਸਟਰੀਟ ਜਰਨਲ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸ਼ੁਰੂ ਵਿੱਚ ਉਹ ਕੈਰੀ ਦੇ ਡਾਇਲਾਗ ਬੋਲਣ ਵਿੱਚ ਝਿਜਕ ਰਹੇ ਸਨ।

ਇਹ ਵੀ ਪੜੋ:

ਜਦੋਂ ਉਨ੍ਹਾਂ ਨੂੰ ਸਮਝ ਆਇਆ ਕਿ ਲੜੀਵਾਰ ਵਿੱਚ ਔਰਤਾਂ ਦੇ ਉਨ੍ਹਾਂ ਮਸਲਿਆਂ ਨੂੰ ਚੁੱਕਿਆ ਗਿਆ ਹੈ ਜੋ ਕੌਮਾਂਤਰੀ ਪੱਧਰ ਤੇ ਇੱਕੋ-ਜਿਹੇ ਹਨ ਤਾਂ ਉਨ੍ਹਾਂ ਦੀ ਝਿਜਕ ਦੂਰ ਹੋ ਗਈ।

ਇਸ ਸ਼ੋਅ ਵਿੱਚ ਆਵਾਜ਼ ਦੇਣ ਮਗਰੋਂ ਨਾਗਾਸ਼ਿਮਾ ਨੇ ਕੈਰੀ ਦੇ ਪਾਤਰ ਨੂੰ 'ਸੈਕਸ ਐਂਡ ਸਿਟੀ' ਦੀਆਂ ਅਗਲੀਆਂ ਦੋ ਫਿਲਮਾਂ ਵਿੱਚ ਵੀ ਆਵਾਜ ਦਿੱਤੀ।

ਸੈਕਸ ਸ਼ਬਦ ਦਾ ਹਊਆ

'ਸੈਕਸ ਐਂਡ ਦਿ ਸਿਟੀ' ਨਾ ਸਿਰਫ ਜਪਾਨ ਸਗੋਂ ਦੁਨੀਆਂ ਦੇ ਦੂਸਰੇ ਦੇਸਾਂ ਵਿੱਚ ਵੀ ਬਹੁਤ ਪਸੰਦ ਕੀਤਾ ਗਿਆ।

ਭਾਰਤ ਵਿੱਚ ਵੀ ਇਹ ਲੜੀਵਾਰ ਦਿਖਾਇਆ ਗਿਆ ਸੀ। ਇਸ ਦੀਆਂ ਚਾਰੇ ਕਿਰਦਾਰਾਂ- ਸਮਾਂਥਾ, ਕੈਰੀ, ਸ਼ਾਰਲੈਟ ਅਤੇ ਅਮਾਂਡਾ ਨੂੰ ਦੁਨੀਆਂ ਭਰ ਦੇ ਲੋਕ ਪਹਿਚਾਨਣ ਲੱਗੇ ਸਨ।

ਇਸ ਸਾਲ ਇਹ ਲੜੀਵਾਰ ਵੀਹਵੀਂ ਸਾਲ ਗਿਰ੍ਹਾ ਮਨਾ ਰਿਹਾ ਹੈ।

ਟੈਲੀਵੀਜ਼ਨ ਦੀ ਦੁਨੀਆਂ ਦਾ ਇਹ ਇੱਕੋ-ਇੱਕ ਲੜੀਵਾਰ ਹੈ ਜਿਸ ਨੇ ਦੁਨੀਆਂ ਭਰ ਵਿੱਚ ਆਪਣਾ ਸਿੱਕਾ ਚਲਾਇਆ ਹੈ। ਇਸ ਸੀਰੀਅਲ ਨੇ ਕਈ ਬਰਾਂਡਜ਼ ਨੂੰ ਵੀ ਵਿਸ਼ਵ ਪ੍ਰਸਿੱਧ ਕਰ ਦਿੱਤਾ ਸੀ।

Image copyright Alamy
ਫੋਟੋ ਕੈਪਸ਼ਨ ਸਹੇਲੀਆਂ ਖੁੱਲ੍ਹ ਕੇ ਆਪਣੀਆਂ ਹਸਰਤਾਂ ਦਾ ਪ੍ਰਗਟਾਵਾ ਕਰਦੀਆਂ ਹਨ।

ਜਿਵੇਂ ਮਨੋਲੋ ਬਲੈਨਿਕ ਸ਼ੂਜ਼ ਅਤੇ ਮੈਨਗੋਲੀਆ ਬੇਕਰੀ ਦੇ ਕੱਪ ਕੇਕ।

ਦਿ ਜਪਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਸੈਕਸ ਐਂਡ ਦਿ ਸਿਟੀ ਵਿੱਚ ਔਰਤਾਂ ਦਾ ਆਜ਼ਾਦੀ ਦਾ ਖਿਆਲ ਪੇਸ਼ ਕੀਤਾ ਗਿਆ ਸੀ। ਇਸ ਨੇ ਜਪਾਨ ਵਿੱਚ ਔਰਤਾਂ ਦੀ ਸੋਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ।

ਉੱਥੋਂ ਦੀਆਂ ਔਰਤਾਂ ਆਪਸੀ ਗੱਲਬਾਤ ਸਮੇਂ ਵੀ ਸੈਕਸ ਸ਼ਬਦ ਦੀ ਵਰਤੋਂ ਕਰਨ ਤੋਂ ਝਿਜਕਦੀਆਂ ਸਨ। ਜਦੋਂ ਸਾਲ 1999 ਵਿੱਚ ਇਹ ਸੀਰੀਅਲ ਉੱਥੇ ਸ਼ੁਰੂ ਹੋਇਆ ਤਾਂ ਜਪਾਨਣਾਂ ਲਈ ਇਹ ਸ਼ਬਦ ਹਊਆ ਨਹੀਂ ਰਿਹਾ।

ਜਪਾਨ ਦੀ ਫੈਸ਼ਨ ਸਨਅਤ ਉੱਪਰ ਅਸਰ

'ਹਾਓ ਮਾਡਰਨ ਜੈਪਨੀਜ਼ ਵੁਮਨ ਆਰ ਚੇਂਜਿੰਗ' ਕਿਤਾਬ ਦੀ ਲੇਖਕ ਵੈਰੋਨਿਕਾ ਚੈਂਬਰਸ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਜਪਨਣਾਂ ਦੀਆਂ ਭਾਵਨਾਵਾਂ ਹੋਰ ਮੁਲਕਾਂ ਦੀਆਂ ਔਰਤਾਂ ਨਾਲੋਂ ਵੱਖਰੀਆਂ ਹਨ।

'ਸੈਕਸ ਐਂਡ ਦਿ ਸਿਟੀ' ਦੇ ਪਾਤਰਾਂ ਵਾਂਗ ਹੀ ਉਹ ਵੀ ਆਪਣੇ ਰਿਸ਼ਤੇ ਵਿੱਚ ਆਪਣੀ ਮਰਜ਼ੀ ਸ਼ਾਮਿਲ ਕਰਨਾ ਚਾਹੁੰਦੀਆਂ ਹਨ। ਆਪਣੀ ਪਸੰਦ ਦਾ ਜੋੜੀਦਾਰ ਚਾਹੁੰਦੀਆਂ ਹਨ।

Image copyright Alamy
ਫੋਟੋ ਕੈਪਸ਼ਨ 'ਸੈਕਸ ਐਂਡ ਸਿਟੀ' ਵਿੱਚ ਪੇਸ਼ ਕੀਤੇ ਫੈਸ਼ਨ ਨਾਲ ਜਪਾਨੀ ਫੈਸ਼ਨ ਇੰਡਸਟਰੀ ਨੂੰ ਵੀ ਤਾਕਤ ਦਿੱਤੀ।

ਜਦਕਿ ਸਮਾਜਿਕ ਪਾਬੰਦੀਆਂ ਉਨ੍ਹਾਂ ਨੂੰ ਮੂੰਹ ਨਹੀਂ ਖੋਲ੍ਹਣ ਦਿੰਦੀਆਂ। ਅਜਿਹੇ ਵਿੱਚ ਇਸ ਸੀਰੀਅਲ ਨੇ ਜਪਾਨ ਦੀਆਂ ਔਰਤਾਂ ਨੂੰ ਆਵਾਜ਼ ਦਿੱਤੀ। ਉੱਥੇ ਇਸ ਸੀਰੀਅਲ ਨੇ ਹਰਾਜੁਕਾ ਲਹਿਰ ਨੂੰ ਵੀ ਗਤੀ ਦਿੱਤੀ।

ਦਰਅਸਲ ਜਪਾਨੀ ਦਿਲੋਂ ਰਵਾਇਤੀ ਅਤੇ ਦੇਸੀ ਹਨ। ਜਦੋਂ ਜਪਾਨ ਵਿੱਚ ਅਮਰੀਕੀ ਸਿਪਾਹੀਆਂ ਅਤੇ ਸੈਲਾਨੀਆਂ ਨੇ ਆਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਫੈਸ਼ਨ ਅਤੇ ਰਵਾਇਤੀ ਕੱਪੜਿਆਂ ਨੇ ਜਪਾਨੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ।

ਜਪਾਨ ਦੇ ਫੈਸ਼ਨ ਡਿਜ਼ਾਈਨਰ ਵੀ ਇਸ ਤੋਂ ਪ੍ਰਭਾਵਿਤ ਹੋਏ। ਇਸ ਕਰਕੇ ਉਨ੍ਹਾਂ ਨੇ ਵਿਦੇਸ਼ੀ ਫੈਸ਼ਨ ਲਈ ਬਾਕਾਇਦਾ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਆਪਣੇ ਆਪ ਨੂੰ ਹਾਰਾਜੁਕਾ ਕਬੀਲਾ ਕਹਾਉਣ ਲੱਗੇ।

'ਸੈਕਸ ਐਂਡ ਦਿ ਸਿਟੀ' ਵਿੱਚ ਜਿਸ ਤਰ੍ਹਾਂ ਦਾ ਫੈਸ਼ਨ ਪੇਸ਼ ਕੀਤਾ ਗਿਆ ਸੀ ਉਸ ਨਾਲ ਜਪਾਨੀ ਫੈਸ਼ਨ ਇੰਡਸਟਰੀ ਨੂੰ ਵੀ ਤਾਕਤ ਮਿਲੀ।

ਸੈਕਸ ਸੰਬੰਧੀ ਦ੍ਰਿਸ਼

'ਸੈਕਸ ਐਂਡ ਦਿ ਸਿਟੀ' ਨੇ ਏਸ਼ੀਆਈ ਬਾਜ਼ਾਰ ਉੱਪਰ ਵੀ ਆਪਣਾ ਅਸਰ ਪਾਇਆ।

ਨਿਊਯਾਰਕ ਦੀ ਮੈਗਨੋਲਿਅਨ ਬੇਕਰੀ ਦੇ ਕੱਪ ਕੇਕ ਦੱਖਣੀ ਕੋਰਈਆ ਅਤੇ ਜਪਾਨ ਵਿੱਚ ਵੀ ਮੰਗੇ ਜਾਣ ਲੱਗੇ।

ਦੇਖਦੇ ਹੀ ਦੇਖਦੇ ਇਹ ਕੇਕ ਜਪਾਨੀ ਖਾਣੇ ਦਾ ਅੰਗ ਬਣਨੇ ਸ਼ੁਰੂ ਹੋ ਗਏ। ਪਿਛਲੇ ਸਾਲ ਹੀ ਕੋਰੀਆ ਨੇ ਆਪਣੇ ਘਰੇਲੂ ਬਾਜ਼ਾਰ ਵਿੱਚ ਕੱਪ ਕੇਕਾਂ ਦੇ ਵਿਕਣ ਦਾ ਸਿਹਰਾ ਇਸ ਸੀਰੀਅਲ ਨੂੰ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ ਹਾਲ ਹੀ ਵਿੱਚ ਚੀਨ ਨੇ ਆਪਣੇ ਦਰਸ਼ਕਾਂ ਲਈ 'ਸੈਕਸ ਐਂਡ ਦਿ ਸਿਟੀ' ਦੀ ਤਰਜ਼ 'ਤੇ ਹੀ ਇੱਕ ਸੀਰੀਅਲ 'ਏ ਡਰਾਮਾ ਕਾਲਡ ਓਡੋ ਟੂ ਜੁਆਏ' ਬਣਾਇਆ ਹੈ।

ਸਾਲ 2000 ਵਿੱਚ ਜਦੋਂ ਇਸੇ ਸੀਰੀਅਲ ਉੱਪਰ ਆਧਾਰਿਤ ਦੋ ਫਿਲਮਾਂ ਬਣੀਆਂ ਤਾਂ ਉਨ੍ਹਾਂ ਦਾ ਜਾਦੂ ਵੀ ਜਪਾਨੀ ਔਰਤਾਂ ਦੇ ਸਿਰ ਚੜ੍ਹ ਕੇ ਬੋਲਿਆ।

ਜਪਾਨ ਵਿੱਚ ਇਹ ਸੀਰੀਅਲ ਬਿਨਾਂ ਕਿਸੇ ਸੈਂਸਰ ਦੇ ਦਿਖਾਇਆ ਗਿਆ ਜਦਕਿ ਸਿੰਗਾਪੁਰ ਅਤੇ ਕੁਝ ਹੋਰ ਦੇਸਾਂ ਨੇ ਤਾਂ ਇਸਦੇ ਪ੍ਰਸਾਰਣ ਦੀ ਆਗਿਆ ਹੀ ਨਹੀਂ ਦਿੱਤੀ ਗਈ।

ਇਹ ਵੀ ਪੜੋ:

ਹਾਲਾਂਕਿ ਬਾਅਦ ਵਿੱਚ ਸਾਲ 2004 ਵਿੱਚ ਇਸਦੀ ਵਧਦੀ ਮੰਗ ਅਤੇ ਪ੍ਰਸਿੱਧੀ ਕਰਕੇ ਇਸ ਦੇ ਕੁਝ ਸੀਨ ਕੱਟ ਕੇ ਅਤੇ ਕੁਝ ਸ਼ਰਤਾਂ ਲਾ ਕੇ ਇਹ ਸੀਰੀਅਲ ਦਿਖਾ ਦਿੱਤਾ ਗਿਆ।

ਕੱਟੇ ਗਏ ਵਧੇਰੇ ਦ੍ਰਿਸ਼ ਸੈਕਸ ਨਾਲ ਜੁੜੇ ਹੋਏ ਸਨ।

ਸਿੰਗਾਪੁਰ ਵਾਂਗ ਕਈ ਹੋਰ ਏਸ਼ਈਆਈ ਦੇਸਾਂ ਵਿੱਚ ਲੰਬੇ ਸਮੇਂ ਤੱਕ ਇਸ ਸੀਰੀਅਲ ਉੱਪਰ ਪਾਬੰਦੀ ਲੱਗੀ ਰਹੀ।

ਪ੍ਰੇਮ ਸੰਬੰਧਾਂ ਅਤੇ ਸੈਕਸ ਬਾਰੇ ਖੁੱਲ੍ਹੀ ਗੱਲਬਾਤ

ਮਿਸਾਲ ਵਜੋਂ 'ਸੈਕਸ ਐਂਡ ਦਿ ਸਿਟੀ -2' ਦੇ ਨਿਰਮਾਤਾ ਕੁਝ ਦ੍ਰਿਸ਼ ਆਬੂਧਾਬੀ ਵਿੱਚ ਫਿਲਮਾਉਣਾ ਚਾਹੁੰਦੇ ਸਨ।

ਫਿਲਮਾਏ ਜਾਣ ਵਾਲੇ ਦ੍ਰਿਸ਼ਾਂ ਵਿੱਚ ਸਮੈਂਥਾ (ਪਾਤਰ) ਨੇ ਭਰੇ ਬਾਜ਼ਾਰ ਵਿੱਚ ਇੱਕ ਵਿਅਕਤੀ ਉੱਪਰ ਕੌਂਡੋਮ ਸਿੱਟਣਾ ਸੀ।

ਫਿਲਮ ਦੀ ਸਕਰਿਪਟ ਪੜ੍ਹਨ ਮਗਰੋਂ ਸਥਾਨਕ ਅਧਿਕਾਰੀਆਂ ਨੇ ਇਸ ਫਿਲਮਾਂਕਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਇਹ ਦ੍ਰਿਸ਼ ਬਾਅਦ ਵਿੱਚ ਮਰੱਕੋ ਵਿੱਚ ਫਿਲਮਾਇਆ ਗਿਆ।

Image copyright Getty Images
ਫੋਟੋ ਕੈਪਸ਼ਨ ਇਸ ਲੜੀਵਾਰ ਨੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਆਪਣੇ ਬਾਰੇ ਸੋਚਣ ਦੀ ਤਾਕਤ ਦਿੱਤੀ ਹੈ।

ਇੰਨਾ ਹੀ ਨਹੀਂ ਆਬੂ ਧਾਬੀ ਵਿੱਚ ਇਹ ਫਿਲਮ ਦਿਖਾਈ ਵੀ ਨਹੀਂ ਗਈ। ਹਾਲਾਂਕਿ ਸੰਯੁਕਤ ਅਰਬ ਅਮੀਰਾਤ ਦੇ ਅਫਸਰਾਂ ਦਾ ਕਹਿਣਾ ਸੀ ਕੀ ਫਿਲਮ ਦੇ ਡਿਸਟਰੀਬਿਊਟਰਾਂ ਨੇ ਉਨ੍ਹਾਂ ਨਾਲ ਇਸ ਬਾਰੇ ਰਾਬਤਾ ਹੀ ਨਹੀਂ ਕੀਤਾ।

ਉਨ੍ਹਾਂ ਨੂੰ ਡਰ ਸੀ ਕਿ ਦੁਬਈ ਦਾ ਫਿਲਮ ਸੈਂਸਰ ਬੋਰਡ ਬਹੁਤ ਜ਼ਿਆਦਾ ਕੱਟ-ਵੱਢ ਕਰਨ ਨੂੰ ਕਹੇਗਾ ਜੋ ਉਨ੍ਹਾਂ ਨੂੰ ਗਵਾਰਾ ਨਹੀਂ ਹੋਵੇਗੀ।

ਹਾਲ ਹੀ ਵਿੱਚ ਚੀਨ ਨੇ ਆਪਣੇ ਦਰਸ਼ਕਾਂ ਲਈ 'ਸੈਕਸ ਐਂਡ ਦਿ ਸਿਟੀ' ਦੀ ਤਰਜ਼ 'ਤੇ ਹੀ ਇੱਕ ਸੀਰੀਅਲ 'ਏ ਡਰਾਮਾ ਕਾਲਡ ਓਡ ਟੂ ਜੁਆਏ' ਬਣਾਇਆ ਹੈ।

ਇਹ ਸ਼ੋਅ ਪੰਜ ਸ਼ਹਿਰੀ ਲੜਕੀਆਂ ਬਾਰੇ ਹੈ, ਜੋ ਆਪਣੇ ਪਿਆਰ ਸੰਬੰਧਾਂ ਅਤੇ ਸੈਕਸ ਬਾਰੇ ਖੁੱਲ੍ਹੀ ਗੱਲਬਾਤ ਕਰਦੀਆਂ ਹਨ। ਸ਼ੋਅ ਦੀ ਇੱਕ ਪਾਤਰ ਤਾਂ ਆਪਣੇ ਬੁਆਏ ਫਰੈਂਡ ਨੂੰ ਇਹ ਕਹਿ ਕੇ ਹੈਰਾਨ ਕਰ ਦਿੰਦੀ ਹੈ ਕਿ ਉਹ 'ਵਰਜਨ' ਨਹੀਂ ਹੈ।

ਬਹਰਹਾਲ 'ਸੈਕਸ ਐਂਡ ਦਿ ਸਿਟੀ' ਨੂੰ ਆਏ 20 ਸਾਲ ਹੋ ਗਏ ਹਨ ਅਤੇ ਇਨ੍ਹਾਂ ਲੰਘੇ ਸਾਲਾਂ ਵਿੱਚ ਇਸ ਲੜੀਵਾਰ ਨੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਆਪਣੇ ਬਾਰੇ ਸੋਚਣ ਦੀ ਤਾਕਤ ਦਿੱਤੀ ਹੈ।

ਔਰਤਾਂ ਦੀਆਂ ਜ਼ਰੂਰਤਾਂ ਅਤੇ ਜਿਨਸੀ ਸੰਬੰਧਾਂ ਦੀਆਂ ਇੱਛਾਵਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ। ਇਹ ਲੜੀਵਾਰ ਇੱਕੀਵੀਂ ਸਦੀ ਦੀਆਂ ਔਰਤਾਂ ਦੀ ਆਵਾਜ਼ ਬਣਿਆ ਹੈ।

ਇਹ ਵੀ ਪੜੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)