ਰਾਕਟ ਹਮਲੇ 'ਚ ਘਰ ਦੇ 8 ਜੀਅ ਗੁਆਉਣ ਵਾਲੇ ਅਫ਼ਗਾਨ ਸਿੱਖ ਦੀ ਬੀਬੀਸੀ ਨਾਲ ਆਖਰੀ ਮੁਲਾਕਾਤ

ਅਵਤਾਰ ਸਿੰਘ ਖਾਲਸਾ
ਫੋਟੋ ਕੈਪਸ਼ਨ ਅਵਤਾਰ ਸਿੰਘ ਖਾਲਸਾ 20 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇੱਕੋ-ਇੱਕ ਸਿੱਖ ਉਮੀਦਵਾਰ ਸਨ।

ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਬੰਬ ਧਮਾਕੇ ਵਿੱਚ 19 ਲੋਕ ਮਾਰੇ ਗਏ ਹਨ। ਆਤਮਘਾਤੀ ਬੰਬ ਧਮਾਕੇ 'ਚ ਮਰਨ ਵਾਲਿਆਂ ਵਿੱਚ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸਨ, ਜੋ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦ ਦੀਆਂ ਆਮ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਸਨ।

ਨਾਨਗਰਹਾਰ ਸੂਬੇ ਦੇ ਬੁਲਾਰੇ ਅਤਾਉੱਲਾਹ ਖੋਗਿਆਨੀ ਮੁਤਾਬਕ ਜਲਾਲਾਬਾਦ ਸ਼ਹਿਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ :

ਬੀਬੀਸੀ ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।

ਇਸ ਗੱਲਬਾਤ ਦੇ ਨਸ਼ਰ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਇਸ ਬੰਬ ਧਮਾਕੇ ਵਿੱਚ ਮੌਤ ਹੋ ਗਈ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼-

'ਸੰਗਤ ਦੀ ਸੇਵਾ ਚੋਣ ਸਿਆਸਤ'

ਉਨ੍ਹਾਂ ਅਫ਼ਗਾਨ ਸੰਸਦ ਲਈ ਆਪਣੀ ਉਮੀਦਵਾਰੀ ਬਾਰੇ ਆਪਣੇ ਵਿਚਾਰ ਬੀਬੀਸੀ ਨਾਲ ਸਾਂਝੇ ਕੀਤੇ।

ਉਨ੍ਹਾਂ ਕਿਹਾ, "ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਆਪਣੇ ਅਫ਼ਗਾਨਿਸਤਾਨ ਦੀਆਂ ਸੰਗਤਾਂ, ਜੋ ਭਾਵੇਂ ਬਾਹਰ ਹਨ ਜਾਂ ਦੇਸ ਵਿੱਚ ਹਨ ਅਤੇ ਸਾਡੇ ਮੁਸਲਮਾਨ ਵੀਰ ਜੋ ਕਿ ਬੜੀ ਪ੍ਰੇਸ਼ਾਨੀ ਵਿੱਚ ਹਨ ਅਤੇ ਸਮੂਹ ਸੰਗਤਾਂ ਦੀ ਸੇਵਾ ਕਰ ਸਕਾਂ।"

Image copyright Facebook
ਫੋਟੋ ਕੈਪਸ਼ਨ ਉਹ ਅਫ਼ਗਾਨਿਸਤਾਨ ਵਿਚਲੀ ਹਿੰਦੂ ਸਿੱਖਾਂ ਦੀ ਕਾਊਂਸਲ ਦੇ ਪ੍ਰਧਾਨ ਸਨ।

"ਸਾਡੇ ਮੁਸਲਮਾਨ ਵੀਰ ਜੋ ਕਾਬਲ ਜਾਂ ਦੇਸ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਹਨ ਉਹ ਪ੍ਰੇਸ਼ਾਨੀ ਵਿੱਚ ਹਨ। ਸਾਡੇ ਮੁਸਲਮਾਨਾਂ ਦੀਆਂ ਔਰਤਾਂ ਅਤੇ ਬੱਚੇ ਭੀਖ ਮੰਗਦੇ ਹਨ।

ਕੋਈ ਦਿੰਦਾ ਹੈ ਕੋਈ ਨਹੀਂ ਦਿੰਦਾ। ਉਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਜੋ ਸਾਡੇ ਭਤੀਜੇ ਹਨ ਜਾਂ ਭਾਈ ਹਨ, ਉਨ੍ਹਾਂ ਦੇ ਪੈਰ ਨੰਗੇ ਹਨ। ਇਹ ਸਭ ਦੇਖ ਕੇ ਮੈਨੂੰ ਦਰਦ ਹੁੰਦਾ ਹੈ ਕਿਉਂਕਿ ਅਸੀਂ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ।"

'ਅਫ਼ਗਾਨਿਸਤਾਨ ਦਾ ਬੇਟਾ ਹਾਂ'

ਅਵਤਾਰ ਸਿੰਘ ਨੇ ਬੀਬੀਸੀ ਨੂੰ ਕਿਹਾ, "ਜੇ ਮੈਂ ਪਾਰਲੀਮੈਂਟ ਵਿੱਚ ਪਹੁੰਚ ਗਿਆ ਤਾਂ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਗਰੀਬ-ਗੁਰਬੇ ਦੀ ਸੇਵਾ ਕਰਾਂਗਾ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਸਿੱਖ ਤੇ ਭਾਵੇਂ ਹਿੰਦੂ ਵੀਰ, ਅਸੀਂ ਸਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ।

ਪਾਰਲੀਮੈਂਟ ਵਿੱਚ ਜਾਣ ਵਾਲਿਆਂ ਲਈ ਇਹ ਫਰਕ ਨਹੀਂ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ। ਅਫਗਾਨਿਸਤਾਨ ਵਿੱਚ ਜੋ ਵੀ ਰਹਿ ਰਹੇ ਹਨ ਉਹ ਸਭ ਅਫ਼ਗਾਨ ਹਨ।"

"ਮੈਂ ਅਫ਼ਗਾਨ ਹਾਂ, ਅਫ਼ਗਾਨਿਸਤਾਨ ਦਾ ਬੇਟਾ ਹਾਂ। ਇਹ ਧਰਤੀ, ਜਿੱਥੇ ਮੈਂ ਖੜ੍ਹਾ ਹਾਂ, ਇਹ ਮੇਰੀ ਮਾਤਾ ਹੈ। ਬੱਚੇ ਦਾ ਫਰਜ਼ ਹੁੰਦਾ ਹੈ ਕਿ ਆਪਣੀ ਮਾਤਾ ਦੀ ਸੇਵਾ ਕਰੇ।

ਮੈਂ ਰੱਬ ਤੇ ਭਰੋਸਾ ਰੱਖ ਕੇ ਇਹ ਕਹਿੰਦਾ ਹਾਂ ਕਿ ਜੇ ਮੈਂ ਕਾਮਯਾਬ ਹੋਇਆ ਅਤੇ ਹੋਵਾਂਗਾ, ਤਾਂ ਮੈਂ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਜਨਤਾ ਅਤੇ ਮਿੱਟੀ ਵਾਸਤੇ ਕੁਰਬਾਨੀ ਦੇਵਾਂਗਾ।"

ਫੋਟੋ ਕੈਪਸ਼ਨ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਿਨਾਂ ਕਿਸੇ ਵਿਤਕਰੇ ਦੇ ਅਫ਼ਗਾਨਿਸਤਾਨ ਦੀ ਜਨਤਾ ਦੀ ਸੇਵਾ ਕਰਨੀ ਚਾਹੁੰਦੇ ਹਨ।

ਪਹਿਲਾਂ ਵੀ ਹੋਇਆ ਸੀ ਰਾਕਟ ਹਮਲਾ

"ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।"

"ਉਸ ਮਗਰੋਂ ਮੈਂ ਗਜ਼ਨੀ ਵਿੱਚ ਪੰਜ ਸਾਲ ਬੱਚਿਆਂ ਨੂੰ ਪੜ੍ਹਾਇਆ। ਅਫ਼ਗਾਨਿਸਤਾਨ ਦੀ ਸੰਗਤ ਨੇ ਮੈਨੂੰ ਗੁਰਦੁਆਰਿਆਂ ਦਾ ਪ੍ਰਧਾਨ ਬਣਾਇਆ ਜੋ ਮੈਂ ਹੁਣ ਤੱਕ ਹਾਂ। ਹੁਣ ਮੈਂ ਸੰਗਤਾਂ ਦੇ ਫੈਸਲੇ ਮੁਤਾਬਕ ਪਾਰਲੀਮੈਂਟ ਲਈ ਜਾ ਰਿਹਾ ਹਾਂ, ਮੈਂ ਆਪ ਨਹੀਂ ਗਿਆ।"

"ਗੁਰਦੁਆਰੇ ਵਿੱਚ ਇੱਕ ਪਾਸੇ ਭਾਈ ਬੈਠੇ ਸਨ ਇੱਕ ਪਾਸੇ ਮਾਈਆਂ। ਮੈਂ ਪੁੱਛਿਆ ਜੇ ਮੇਰਾ ਸਾਥ ਦੇਵੋਗੇ ਤਾਂ ਖੜ੍ਹਾ ਹੋਵਾਂਗਾ ਜੇ ਸੰਗਤ ਮੈਨੂੰ ਕਹੇ ਬੈਠ ਤਾਂ ਬੈਠਾਂਗਾ। ਫੇਰ ਸਾਰੀ ਸੰਗਤ ਨੇ ਇੱਕ ਆਵਾਜ਼ ਵਿੱਚ ਸਾਥ ਦਾ ਭਰੋਸਾ ਦਿੱਤਾ।"

ਫੋਟੋ ਕੈਪਸ਼ਨ ਉਨ੍ਹਾਂ ਦਾ ਕਹਿਣਾ ਸੀ ਕਿ ਦੇਸ ਲਈ ਜਾਨ ਦੇਣਾ ਉਨ੍ਹਾਂ ਦੀ ਖੁਸ਼ਕਿਸਮਤੀ ਹੋਵੇਗੀ ਅਤੇ ਉਹ ਉਨ੍ਹਾਂ ਲਈ ਬਹੁਤ ਵੱਡਾ ਦਿਨ ਹੋਵੇਗਾ।

"ਫੇਰ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਰੱਖਿਆ ਕਿ ਮੈਂ ਬਿਨਾਂ ਵਿਤਕਰੇ ਦੇ ਸਭ ਦੀ ਸੇਵਾ ਕਰਾਂਗਾ ਕਿਉਂਕਿ ਅਸੀਂ ਸਾਰੇ ਅਫਗਾਨ ਹਾਂ ਅਤੇ ਕੌਮਾਂ ਕਰਕੇ ਅੰਤਰ ਨਹੀਂ ਕਰਾਂਗਾ।"

"ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫ਼ਗਾਨਿਸਤਾਨ ਦੀਆਂ ਸੰਗਤਾਂ ਖਾਤਰ, ਮੁਸਲਮਾਨ ਵੀਰਾਂ ਖ਼ਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ। ਮੈਨੂੰ ਬੜੀ ਖੁਸ਼ੀ ਹੋਵੇਗੀ।"

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)