7 ਮਹਾਨ ਫੁੱਟਬਾਲ ਖਿਡਾਰੀ ਜੋ ਵਿਸ਼ਵ ਕੱਪ ਨਾ ਜਿੱਤ ਸਕੇ

ਮੈਸੀ ਅਤੇ ਰੋਨਾਲਡੋ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਮੈਸੀ ਅਤੇ ਰੋਨਾਲਡੋ ਚੰਗੇ ਫੁੱਟਬਾਲ ਖਿਡਾਰੀ ਹੁੰਦੇ ਹੋਏ ਵੀ ਕਦੇ ਵਿਸ਼ਵ ਕੱਪ ਨਾ ਜਿੱਤ ਸਕੇ

ਰੂਸ ਵਿੱਚ ਚੱਲ ਰਹੇ ਫੁੱਟਬਾਲ ਵਿਸ਼ਵ-ਕੱਪ 2018 ਨੂੰ ਹੈਰਾਨਕੁਨ ਨਤੀਜਿਆਂ ਵਾਲਾ ਵਿਸ਼ਵ ਕੱਪ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ।

ਵਿਸ਼ਵ ਕੱਪ ਦੇ ਪਹਿਲੇ ਦੌਰ ਵਿੱਚ ਜਿੱਥੇ ਮੌਜੂਦਾ ਚੈਂਪੀਅਨ ਜਰਮਨੀ ਬਾਹਰ ਹੋਇਆ ਤਾਂ ਨਾਕਆਊਟ ਗੇੜ ਸ਼ੁਰੂ ਹੁੰਦਿਆਂ ਹੀ ਅਰਜਨਟੀਨਾ, ਪੁਰਤਗਾਲ, ਸਪੇਨ ਵਰਗੀਆਂ ਟੀਮਾਂ ਦੀ ਘਰ ਵਾਪਸੀ ਹੋ ਗਈ।

ਕੁਆਟਰ ਫਾਇਨਲ ਵਿੱਚ ਬ੍ਰਾਜ਼ੀਲ ਵਰਗੀ ਟੀਮ ਵੀ ਹਾਰ ਦਾ ਮੂੰਹ ਵੇਖ ਕੇ ਘਰ ਪਰਤ ਗਈ।

ਇਸ ਦੇ ਨਾਲ ਹੀ ਇਨ੍ਹਾਂ ਟੀਮਾਂ ਨਾਲ ਜੁੜੇ ਕਈ ਵੱਡੇ ਸਿਤਾਰਿਆਂ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਵੀ ਅਧੂਰਾ ਹੀ ਰਹਿ ਗਿਆ।

ਅੱਜ ਤੱਕ ਲਿਓਨਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਆਪਣੇ ਹੱਥਾਂ ਵਿੱਚ ਵਿਸ਼ਵ ਕੱਪ ਟਰਾਫੀ ਨਹੀਂ ਲੈ ਸਕੇ ਹਨ।

ਚਾਰ ਵਿਸ਼ਵ ਕੱਪ ਫਿਰ ਰਹੇ ਮਹਿਰੂਮ

ਇਨ੍ਹਾਂ ਦੋਵਾਂ ਖਿਡਾਰੀਆਂ ਨੇ ਚਾਰ ਵਿਸ਼ਵ ਕੱਪ ਖੇਡੇ ਹਨ ਪਰ ਦੋਵੇਂ ਖਿਡਾਰੀ ਪਿਛਲੇ 16 ਰਾਊਂਡ ਵਿੱਚ ਗੋਲ ਕਰਨ ਵਿੱਚ ਨਾਕਾਮਯਾਬ ਰਹੇ ਹਨ।

ਜੇ ਇਹ ਦੋਵੇਂ ਖਿਡਾਰੀ ਚਾਰ ਸਾਲ ਬਾਅਦ 2022 ਵਿੱਚ ਕਤਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੱਕ ਖੇਡਦੇ ਰਹੇ ਤਾਂ 31 ਸਾਲਾ ਮੇਸੀ ਅਤੇ 33 ਸਾਲਾ ਰੋਨਾਲਡੋ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਕਰੂਫ਼ ਹਾਲੈਂਡ ਦੀ ਟੀਮ ਦੇ ਸ਼ਾਨਦਾਰ ਕਪਤਾਨ ਸਨ

ਹਾਲਾਂਕਿ ਜਿਸ ਤਰ੍ਹਾਂ ਫੁੱਟਬਾਲ ਦਾ ਖੇਡ ਤੇਜ਼ੀ ਨਾਲ ਬਦਲ ਰਿਹਾ ਹੈ ਉਸ ਤੋਂ ਲਗਦਾ ਨਹੀਂ ਕਿ ਇਹਨਾਂ ਦੋਵਾਂ ਖਿਡਾਰੀਆਂ ਦੀ ਇੱਛਾ ਪੂਰੀ ਹੋ ਸਕੇਗੀ।

ਇਹ ਦੋਵੇਂ ਖਿਡਾਰੀ ਫੁੱਟਬਾਲ ਵਰਲਡ ਕੱਪ ਵਿੱਚ ਬੈਸਟ ਫੁੱਟਬਾਲਰ ਦਾ ਖਿਤਾਬ ਜਿੱਤ ਚੁੱਕੇ ਹਨ ਪਰ ਆਪਣੇ ਦੇਸ ਨੂੰ ਵਿਸ਼ਵ ਕੱਪ ਨਹੀਂ ਦੇ ਸਕੇ।

ਪਰ ਅਜਿਹਾ ਨਹੀਂ ਹੈ ਕਿ ਇਹ ਬਦਕਿਸਮਤੀ ਸਿਰਫ਼ ਇਨ੍ਹਾਂ ਦੋਹਾਂ ਖਿਡਾਰੀਆਂ ਨਾਲ ਹੈ। ਉਨ੍ਹਾਂ ਤੋਂ ਪਹਿਲਾਂ ਵੀ ਅਜਿਹੇ ਕਈ ਚੰਗੇ ਖਿਡਾਰੀ ਰਹੇ ਹਨ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਆਪਣੀ ਖੇਡ ਦਾ ਲੋਹਾ ਤਾਂ ਮਨਵਾਇਆ ਪਰ ਵਿਸ਼ਵ ਕੱਪ ਨੂੰ ਆਪਣੀ ਝੋਲੀ ਵਿੱਚ ਨਹੀਂ ਪਾ ਸਕੇ।

ਜੋਹਾਨ ਕ੍ਰੂਫ਼ (ਹਾਲੈਂਡ)

ਸੰਤਰੀ ਰੰਗ ਦੀ ਜਰਸੀ ਪਾਏ ਹੋਏ ਹਾਲੈਂਡ ਦੇ ਜੋਹਾਨ ਕ੍ਰੂਫ਼ ਨੂੰ ਯੂਰਪ ਦੇ ਇਤਿਹਾਸ ਦਾ ਸਭ ਤੋਂ ਚੰਗਾ ਫੁੱਟਬਾਲ ਖਿਡਾਰੀ ਮੰਨਿਆ ਜਾਂਦਾ ਹੈ। ਸਾਲ 1974 ਵਿੱਚ ਪੱਛਮੀ ਜਰਮਨੀ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਆਪਣੀ ਟੀਮ ਦੀ ਅਗੁਵਾਈ ਕੀਤੀ ਅਤੇ 'ਟੋਟਲ ਫੁੱਟਬਾਲ' ਦੀ ਆਪਣੀ ਟੀਮ ਦੀ ਰਣਨੀਤੀ ਰਾਹੀਂ ਉਨ੍ਹਾਂ ਨੇ ਹਾਲੈਂਡ ਨੂੰ ਫਾਈਨਲ ਤੱਕ ਪਹੁੰਚਾਇਆ।

ਪਰ ਇਸ ਇਤਿਹਾਸਕ ਮੈਚ ਵਿੱਚ ਉਨ੍ਹਾਂ ਦੀ ਟੀਮ ਜਰਮਨੀ ਹੱਥੋਂ 1-2 ਨਾਲ ਹਾਰ ਗਈ। ਕਰੂਫ਼ ਨੇ ਤਿੰਨ ਵਾਰੀ ਗੋਲਡਨ ਬਾਲ ਦਾ ਖਿਤਾਬ ਜਿੱਤਿਆ ਪਰ ਉਹ ਕਦੇ ਵਿਸ਼ਵ ਕੱਪ ਨਹੀਂ ਜਿੱਤ ਸਕੇ।

ਫੇਰੇਂਸ ਪੁਸਕਾਸ (ਹੰਗਰੀ-ਸਪੇਨ)

ਪੁਸਕਾਸ ਨੂੰ ਹਮੇਸ਼ਾਂ ਲਗਾਤਾਰ ਚੰਗੇ ਫਾਰਵਰਡ ਖਿਡਾਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸਾਲ 1952 ਦੀਆਂ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੇ ਆਪਣੀ ਟੀਮ ਨੂੰ ਸੋਨ ਤਗਮਾ ਦਿਵਾਇਆ ਅਤੇ ਉਸ ਤੋਂ ਦੋ ਸਾਲ ਬਾਅਦ 1954 ਵਿੱਚ ਸਵਿਜ਼ਰਲੈਂਡ ਵਿੱਚ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਟੀਮ ਫਾਈਨਲ ਤੱਕ ਪਹੁੰਚੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੁਸਕਾਸ ਨੇ ਹੰਗਰੀ ਤੇ ਸਪੇਨ ਲਈ ਫੁੱਟਬਾਲ ਖੇਡਿਆ

ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਜਿੱਤ ਦੀ ਮਜ਼ਬੂਤ ਦਾਅਵੇਦਾਰ ਸੀ ਪਰ ਇੱਥੇ ਉਨ੍ਹਾਂ ਨੂੰ ਪੱਛਮ ਜਰਮਨੀ ਦੇ ਹੱਥੋਂ ਹਾਰਨਾ ਪਿਆ।

ਸਾਲ 1962 ਵਿੱਚ ਪੁਸਕਾਸ ਨੇ ਸਪੇਨ ਦੀ ਨਾਗਰਿਕਤਾ ਹਾਸਿਲ ਕੀਤੀ ਅਤੇ ਇਸੇ ਸਾਲ ਚਿਲੀ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਹਿੱਸਾ ਵੀ ਲਿਆ ਪਰ ਇੱਥੇ ਵੀ ਉਹ ਵਿਸ਼ਵ ਕੱਪ ਨਹੀਂ ਜਿੱਤ ਸਕੇ।

ਅਲਫਰੇਡੋ ਡਿ-ਸਟੇਫਿਨੋ (ਅਰਜਨਟੀਨਾ-ਸਪੇਨ)

ਫੀਫਾ ਨੇ ਡਿ ਸਟੇਫੀਨੋ ਨੂੰ 20ਵੀਂ ਸਦੀ ਦੇ ਪੰਜ ਸਭ ਤੋਂ ਚੰਗੇ ਫੁੱਟਬਾਲ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਸੀ। ਇਸ ਸੂਚੀ ਵਿੱਚ ਪੇਲੇ, ਮੈਰਾਡੋਨਾ, ਕਰੂਫ ਅਤੇ ਬੈਕੇਨਬੋਰ ਸ਼ਾਮਿਲ ਸਨ।

ਇੰਨਾ ਚੰਗਾ ਫੁੱਟਬਾਲ ਖਿਡਾਰੀ ਹੋਣ ਦੇ ਬਾਵਜੂਦ ਡੀ ਸਟੈਫਨੋ ਕਦੇ ਵਿਸ਼ਵ ਕੱਪ ਨਹੀਂ ਖੇਡ ਸਕੇ। ਪਹਿਲਾਂ ਉਹ ਅਰਜਨਟੀਨਾ ਲਈ ਖੇਡਦੇ ਰਹੇ ਪਰ ਇਸ ਦੌਰਾਨ ਸਾਲ 1950 ਅਤੇ 1954 ਦੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੇ ਹਿੱਸਾ ਹੀ ਨਹੀਂ ਲਿਆ।

ਅਲਫਰੇਡੋ ਡਿ ਸਟੇਫਨੋ ਨੇ ਦੋ ਦੇਸਾਂ ਲਈ ਫੁੱਟਬਾਲ ਖੇਡੀ ਪਰ ਕਦੇ ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣ ਸਕੇ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਅਲਫਰੇਡੋ ਡਿ ਸਟੇਫਨੋ ਨੇ ਦੋ ਦੇਸਾਂ ਲਈ ਫੁੱਟਬਾਲ ਖੇਡੀ ਪਰ ਕਦੇ ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣ ਸਕੇ

ਇਸ ਤੋਂ ਬਾਅਦ ਵੀ ਸਟੇਫਨੋ ਨੇ ਅਰਜਨਟੀਨਾ ਛੱਡ ਕੇ ਸਪੇਨ ਦੀ ਨਾਗਰਿਕਤਾ ਲਈ ਪਰ ਬਦਕਿਸਮਤੀ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਅਤੇ ਸਾਲ 1958 ਦੇ ਵਿਸ਼ਵਕੱਪ ਲਈ ਸਪੇਨ ਕੁਆਲੀਫਾਈ ਹੀ ਨਹੀਂ ਕਰ ਸਕਿਆ।

ਉਸ ਦੇ ਚਾਰ ਬਾਅਦ ਚਿਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਡੀ ਸਟੇਫਨੋ ਸੱਟ ਲੱਗਣ ਕਾਰਨ ਨਹੀਂ ਖੇਡ ਸਕੇ।

ਯੂਸੇਪਬਿਓ (ਪੁਰਤਗਾਲ)

ਯੂਸੇਬਿਓ ਦਾ ਜਨਮ ਮੋਜ਼ਾਂਬਿਕ ਵਿੱਚ ਹੋਇਆ। ਉਸ ਵੇਲੇ ਉੱਥੇ ਪੁਰਤਗਾਲ ਦਾ ਸ਼ਾਸਨ ਸੀ। ਯੂਸੇਬਿਓ ਨੂੰ ਪੁਰਤਗਾਲੀ ਫੁੱਟਬਾਲ ਦਾ ਪਹਿਲਾ ਮਹਾਨ ਫੁੱਟਬਾਲਰ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਯੂਸੇਬਿਓ ਪੁਰਤਗਾਲੀ ਫੁੱਟਬਾਲ ਦੇ ਚਮਕਦੇ ਸਿਤਾਰੇ ਸਨ।

1965 ਵਿੱਚ ਉਨ੍ਹਾਂ ਨੂੰ ਯੂਰਪ ਦੇ ਸਭ ਤੋਂ ਵੱਡੇ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ। ਉਸ ਤੋਂ ਇੱਕ ਸਾਲ ਬਾਅਦ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਯੂਸੇਬਿਓ ਦੇ ਚੰਗੇ ਖੇਡ ਦੀ ਮਦਦ ਨਾਲ ਪੁਰਤਗਾਲ ਦੀ ਟੀਮ ਸੈਮੀਫਾਈਨਲ ਤੱਕ ਪਹੁੰਚੀ ਪਰ ਇੱਥੇ ਉਨ੍ਹਾਂ ਨੂੰ ਇੰਗਲੈਂਡ ਨੇ 1-2 ਨਾਲ ਹਰਾ ਦਿੱਤਾ

ਜੋਰਜ ਬੈਸਟ (ਉੱਤਰੀ ਆਇਰਲੈਂਡ)

ਉੱਤਰੀ ਆਇਰਲੈਂਡ ਦੇ ਮਹਾਨ ਫੁੱਟਬਾਲ ਖਿਡਾਰੀ ਜੋਰਜ ਬੈਸਟ ਕਦੇ ਵਿਸ਼ਵ ਕੱਪ ਵਿੱਚ ਹਿੱਸਾ ਨਾ ਲੈ ਸਕੇ। ਹਾਲਾਂਕਿ ਉਨ੍ਹਾਂ ਨੇ ਡੇਨਿਸ ਲਾਵੀ ਬੌਬੀ ਚਾਲਰਟਨ ਨਾਲ ਮਿਲ ਕੇ ਸਾਲ 1968 ਦੇ ਯੂਰਪੀ ਕੱਪ ਵਿੱਚ ਆਪਣੀ ਟੀਮ ਮੈਨਚੈਸਟਰ ਯੂਨਾਈਟੇਡ ਨੂੰ ਚੈਂਪੀਅਨ ਜ਼ਰੂਰ ਬਣਾਇਆ।

ਤਸਵੀਰ ਕੈਪਸ਼ਨ,

ਉੱਤਰੀ ਆਇਰਲੈਂਡ ਦੇ ਖਿਡਾਰੀ ਜੋਰਜ ਬੈਸਟ ਕਦੇ ਵਿਸ਼ਵ ਕੱਪ ਨਹੀਂ ਖੇਡ ਸਕੇ।

ਇਸੇ ਸਾਲ ਉਨ੍ਹਾਂ ਨੂੰ ਯੂਰਪ ਦਾ ਸਭ ਤੋਂ ਚੰਗਾ ਖਿਡਾਰੀ ਵੀ ਚੁਣਿਆ ਗਿਆ ਸੀ।

ਮੈਕਰੋ ਵੈਨ ਬੈਸਟਨ (ਹਾਲੈਂਡ)

ਮੈਕਰੋ ਨੇ ਸਿਰਫ਼ ਇੱਕ ਵਿਸ਼ਵ ਕੱਪ ਵਿੱਚ ਹਿੱਸਾ ਲਿਆ। ਇਹ ਵਿਸ਼ਵ ਕੱਪ ਸਾਲ 1990 ਵਿੱਚ ਇਟਲੀ ਵਿੱਚ ਖੇਡਿਆ ਗਿਆ ਸੀ। ਇਸ ਤੋਂ ਪਹਿਲਾਂ 1988 ਵਿੱਚ ਵੈਨ ਬੈਸਟਨ ਆਪਣੀ ਟੀਮ ਨੂੰ ਯੂਰਪੀ ਚੈਂਪੀਅਨਸ਼ਿਪ ਦਾ ਖਿਤਾਬ ਜਿਤਾ ਚੁੱਕੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਵੈਨ ਬੈਸਟਨ ਸੇਵਾਮੁਕਤ ਹੋਣ ਤੋਂ ਬਾਅਦ ਆਪਣੀ ਟੀਮ ਲਈ ਫੀਫ਼ਾ ਮੈਨੇਜਰ ਬਣੇ।

1992 ਵਿੱਚ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਖਿਡਾਰੀ ਵਜੋਂ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੇ ਗੋਲਡਨ ਬਾਲ ਤਿੰਨ ਵਾਰੀ ਜਿੱਤੀ ਸੀ ਪਰ ਸਾਲ 1993 ਵਿੱਚ ਜਦੋਂ ਉਹ ਸਿਰਫ਼ 28 ਸਾਲ ਦੇ ਸਨ ਤਾਂ ਗਿੱਟੇ 'ਤੇ ਗੰਭੀਰ ਸੱਟਾਂ ਨੇ ਉਨ੍ਹਾਂ ਦਾ ਕਰੀਅਰ ਖ਼ਤਮ ਕਰ ਦਿੱਤਾ।

ਇਨ੍ਹਾਂ ਸਾਰੇ ਖਿਡਾਰੀਆਂ ਤੋਂ ਇਲਾਵਾ ਹੋਰ ਵੀ ਕਈ ਚੰਗੇ ਖਿਡਾਰੀ ਰਹੇ ਜੋ ਕਦੇ ਵਿਸ਼ਵ ਕੱਪ ਨਾਂ ਜਿੱਤ ਸਕੇ। ਪਾਉਲੋਲ ਮੇਲਡੀਨੀ (ਇਟਲੀ), ਲੁਈਸ ਫੀਗੋ (ਪੁਰਤਗਾਲ), ਜ਼ੀਕੋ (ਬਰਾਜ਼ੀਲ), ਰੋਬਰਟੋ ਬੈਗਿਓ (ਇਟਲੀ) ਅਤੇ ਮਾਈਕਲ ਪਲੈਟਿਨੀ (ਫਰਾਂਸ) ਇਸ ਸੂਚੀ ਵਿੱਚ ਸ਼ਾਮਿਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)