ਮੇਵਿਆਂ ਨਾਲ ਸ਼ੁਕਰਾਣੂਆਂ ਦੀ ਸਿਹਤ ਬਣਦੀ ਹੈ - ਇੱਕ ਅਧਿਐਨ

ਅਖ਼ਰੋਟ Image copyright Getty Images
ਫੋਟੋ ਕੈਪਸ਼ਨ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ 14 ਹਫ਼ਤਿਆਂ ਤੱਕ ਰੋਜ਼ਾਨਾ ਮੁੱਠੀ ਭਰ ਸੁੱਕੇ ਮੇਵੇ ਖਾਣ ਲਈ ਦਿੱਤੇ ਗਏ।

ਇੱਕ ਅਧਿਐਨ ਵਿੱਚ ਸੁਝਾਇਆ ਗਿਆ ਹੈ ਕਿ ਨਿਯਮਤ ਰੂਪ ਵਿੱਚ ਮੇਵੇ ਖਾਣ ਨਾਲ ਸ਼ੁਕਰਾਣੂਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਵਿਗਿਆਨੀਆਂ ਨੇ ਦੇਖਿਆ ਹੈ ਕਿ 14 ਹਫ਼ਤਿਆਂ ਤੱਕ ਰੋਜ਼ਾਨਾ ਮੁੱਠੀ ਭਰ ਸੁੱਕੇ ਮੇਵੇ ਜਿਵੇਂ ਅਖ਼ਰੋਟ, ਬਾਦਾਮ ਅਤੇ ਹੇਜ਼ਲ ਨਟ ਖਾ ਕੇ ਉਨ੍ਹਾਂ ਦੇ ਸ਼ੁਕਰਾਣੂਆਂ ਦੀ ਸਿਹਤ ਵਿੱਚ ਅਤੇ ਉਨ੍ਹਾਂ ਦੀ ਤੈਰਨ ਦੀ ਸਮਰੱਥਾ ਵਿੱਚ ਸੁਧਾਰ ਆਇਆ।

ਇਸ ਅਧਿਐਨ ਦਾ ਮਹੱਤਵ ਉਸ ਸਮੇਂ ਖ਼ਾਸ ਵੱਧ ਜਾਂਦਾ ਹੈ ਜਦੋਂ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਸਿਹਤ ਵਿੱਚ ਪਰਦੂਸ਼ਣ, ਸਿਗਰਟਨੋਸ਼ੀ ਅਤੇ ਖੁਰਾਕੀ ਵਿਕਾਰਾਂ ਕਰਕੇ ਲਗਾਤਾਰ ਨਿਘਾਰ ਆ ਰਿਹਾ ਹੈ।

ਇਹ ਵੀ ਪੜ੍ਹੋ꞉

ਖੋਜਕਾਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਖੁਰਾਕ ਨਾਲ ਗਰਭਧਾਰਨ ਦੀ ਸੰਭਾਵਨਾ ਵਧਾਈ ਜਾ ਸਕਦੀ ਹੈ।

ਸੱਤ ਵਿੱਚ ਇੱਕ ਜੋੜੇ ਨੂੰ ਗਰਭ ਸੰਬੰਧੀ ਦਿੱਕਤਾਂ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ 40 ਤੋਂ 50 ਫੀਸਦੀ ਕੇਸਾਂ ਵਿੱਚ ਜਿੰਮੇਵਾਰ ਪੁਰਸ਼ ਹੁੰਦੇ ਹਨ।

ਵਿਗਿਆਨੀਆਂ ਨੇ 18 ਤੋਂ 35 ਸਾਲ ਦੇ 119 ਤੰਦਰੁਸਤ ਪੁਰਸ਼ਾਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਉਨ੍ਹਾਂ ਦਾ ਅਧਿਐਨ ਕੀਤਾ। ਪਹਿਲੇ ਸਮੂਹ ਦੇ ਪੁਰਸ਼ਾਂ ਦੀ ਖੁਰਾਕ ਵਿੱਚ 60 ਗ੍ਰਾਮ ਮੇਵੇ ਸ਼ਾਮਲ ਕੀਤੇ ਗਏ ਜਦ ਕਿ ਦੂਸਰੇ ਸਮੂਹ ਦੀ ਖੁਰਾਕ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਪਹਿਲੇ ਸਮੂਹ ਦੇ ਸ਼ੁਕਰਾਣੂਆਂ ਵਿੱਚ ਹੇਠ ਲਿਖੇ ਸੁਧਾਰ ਦੇਖੇ ਗਏ-

  • ਸ਼ੁਕਰਾਣੂਆਂ ਦੀ ਸੰਖਿਆ ਵਿੱਚ 14 ਫੀਸਦੀ ਵਾਧਾ ਹੋਇਆ।
  • ਸ਼ੁਕਰਾਣੂਆਂ ਦੀ ਸਿਹਤ ਵਿੱਚ 4 ਫੀਸਦੀ ਸੁਧਾਰ ਹੋਇਆ।
  • ਉਨ੍ਹਾਂ ਦੀ ਗਤੀਸ਼ੀਲਤਾ ਵਿੱਚ 6 ਫੀਸਦੀ ਤੱਕ ਸੁਧਾਰ ਹੋਇਆ।
  • ਉਨ੍ਹਾਂ ਦੇ ਆਕਾਰ ਵਿੱਚ 1 ਫੀਸਦੀ ਸੁਧਾਰ ਦੇਖਿਆ ਗਿਆ।

ਇਹ ਬਿੰਦੂ ਉਹ ਕਸੌਟੀਆਂ ਹਨ ਜਿਨ੍ਹਾਂ ਉੱਪਰ ਵਿਸ਼ਵ ਸਿਹਤ ਸੰਗਠਨ ਸ਼ੁਕਰਾਣੂਆਂ ਦੀ ਗੁਣਵੱਤਾ ਦੀ ਪਰਖ ਕਰਦਾ ਹੈ।

Image copyright Getty Images
ਫੋਟੋ ਕੈਪਸ਼ਨ ਸ਼ੁਕਰਾਣੂਆਂ ਦੀ ਸਿਹਤ ਨੂੰ ਮੇਵਿਆਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ।

ਮਾਹਿਰਾਂ ਨੇ ਕਿਹਾ ਅਧਿਆਨ ਦੇ ਨਤੀਜੇ ਉਨ੍ਹਾਂ ਹੋਰ ਅਧਿਆਨਾਂ ਨਾਲ ਸਹਿਮਤੀ ਵਿੱਚ ਹਨ ਜੋ ਕਿ ਓਮੇਗਾ-3, ਫੈਟੀ ਐਸਿਡ, ਐਂਟੀਆਕਸੀਡੈਂਟ ਅਤੇ ਵਿਟਾਮਿਨ-ਬੀ ਵਾਲੀ ਖੁਰਾਕ ਸ਼ੁਕਰਾਣੂਆਂ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ।

ਮੇਵਿਆਂ ਵਿੱਚ ਇਨ੍ਹਾਂ ਦੇ ਨਾਲ-ਨਾਲ ਹੋਰ ਵੀ ਕਈ ਪੋਸ਼ਕ ਤੱਤ ਹੁੰਦੇ ਹਨ।

ਅਧਿਐਨ ਦੀ ਅਗਵਾਈ ਕਰਨ ਵਾਲੇ ਸਪੇਨ ਵਿਚਲੀ ਰੋਵੀਰੀਆ ਆਈ ਵਰਜੀਲੀ ਯੂਨੀਵਰਸਿਟੀ ਦੇ ਡਾ਼ ਅਲਬਰਟ ਸਾਲੇਸ-ਹੁਏਟਸ ਨੇ ਕਿਹਾ, "ਸਾਹਿਤ ਵਿੱਚ ਅਜਿਹੇ ਸਬੂਤ ਵਧ ਰਹੇ ਹਨ ਜਿਨ੍ਹਾਂ ਮੁਤਾਬਕ ਸਿਹਤਮੰਦ ਖੁਰਾਕ ਖਾਣ ਨਾਲ ਗਰਭਧਾਰਨ ਕਰਨ ਵਿੱਚ ਮਦਦ ਮਿਲਦੀ ਹੈ।"

'ਅਕਾਦਮਿਕ ਪੱਖੋਂ ਰੌਚਕ'

ਵਿਗਿਆਨੀਆਂ ਨੇ ਇਸ ਪੱਖੋਂ ਵੀ ਸੁਚੇਤ ਕੀਤਾ ਕਿ ਕਿਉਂਕਿ ਅਧਿਐਨ ਵਿੱਚ ਵਿਅਕਤੀ ਸਿਹਤਮੰਦ ਸਨ ਇਸ ਲਈ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਸ਼ੁਕਰਾਣੂਆਂ ਵਿੱਚ ਦੇਖਿਆ ਗਿਆ ਸੁਧਾਰ ਸਿਰਫ ਮੇਵਿਆਂ ਕਰਕੇ ਹੀ ਸੀ।

ਐਲਨ ਪੈਸੀ ਜੋ ਕਿ ਯੂਨੀਵਰਸਿਟੀ ਆਫ ਸ਼ੈਫੀਲਡ ਵਿੱਚ ਐਂਡਰੋਲੋਜੀ ਦੇ ਪ੍ਰੋਫੈਸਰ ਹਨ ਅਤੇ ਇਸ ਅਧਿਐਨ ਵਿੱਚ ਸ਼ਾਮਲ ਨਹੀਂ ਸਨ, ਨੇ ਕਿਹਾ ਕਿ ਹੋ ਸਕਦਾ ਹੈ ਕਿ ਮੇਵਿਆਂ ਵਾਲੇ ਸਮੂਹ ਵਾਲਿਆਂ ਨੇ ਆਪਣੀ ਜੀਵਨ ਸ਼ੈਲੀ ਵਿੱਚ ਹੋਰ ਵੀ ਸੁਧਾਰ ਕੀਤੇ ਹੋਣ ਜਿਨ੍ਹਾਂ ਕਰਕੇ ਉਨ੍ਹਾਂ ਵਿੱਚ ਇਹ ਬਦਲਾਅ ਦੇਖਣ ਨੂੰ ਮਿਲੇ ਹੋਣ।

ਲੰਡਨ ਦੇ ਗਾਈਜ਼ ਹਸਪਤਾਲ ਦੀ ਭਰੂਣ ਵਿਗਿਆਨ ਵਿੱਚ ਕਲੀਨਿਕਲ ਸਲਾਹਕਾਰ ਡਾ਼ ਵਰਜੀਨੀਆ ਬੌਲਟਨ ਨੇ ਕਿਹਾ ਕਿ ਅਧਿਐਨ ਦੇ ਨਤੀਜੇ 'ਅਕਾਦਮਿਕ ਪੱਖੋਂ ਰੌਚਕ' ਹਨ। ਪਰ ਹੋਰ ਤੱਥ ਸਾਹਮਣੇ ਆਉਣ ਤੱਕ ਅਸੀਂ ਆਪਣੇ ਮਰੀਜ਼ਾਂ ਨੂੰ ਸ਼ਰਾਬ, ਸਿਗਰਟਨੋਸ਼ੀ ਛੱਡ ਕੇ ਸਾਰੀਆਂ ਸਿਹਤਮੰਦ ਵਸਤਾਂ ਖਾਣ ਦੀ ਸਲਾਹ ਦੇਵਾਂਗੇ।

ਇਸ ਅਧਿਐਨ ਦੇ ਨਤੀਜੇ ਯੂਰਪੀਅਨ ਸੋਸਾਈਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਮਬ੍ਰੋਲੋਜੀ ਦੀ ਬਾਰਸਿਲੋਨਾ ਵਿੱਚ ਹੋਣ ਵਾਲੀ ਸਾਲਾਨਾ ਬੈਠਕ ਵਿੱਚ ਰੱਖੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)