ਥਾਈਲੈਂਡ ਦੀ ਗੁਫ਼ਾ 'ਚ ਫਸੇ ਬੱਚੇ ਤੇ ਮਾਪੇ ਇੱਕ ਦੂਜੇ ਨੂੰ ਹੌਸਲਾ ਦਿੰਦੇ...ਬੱਚਿਆਂ ਅਤੇ ਮਾਪਿਆਂ ਦੇ ਭਾਵੁਕ ਸੰਦੇਸ਼

ਬੱਚਿਆਂ ਵੱਲੋਂ ਚਿੱਠੀ Image copyright THAI NAVY SEALS
ਫੋਟੋ ਕੈਪਸ਼ਨ ਨਾਈਟ ਅਤੇ ਨੋਟ ਵੱਲੋਂ ਆਪਣੇ ਪਰਿਵਾਰ ਵਾਲਿਆਂ ਨੂੰ ਚਿੱਠੀ

ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਮੁੰਡਿਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਪਹਿਲੀ ਵਾਰ ਚਿੱਠੀ ਰਾਹੀਂ ਸੰਦੇਸ਼ ਭੇਜੇ ਗਏ ਹਨ।

ਮੁੰਡਿਆਂ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਉਨ੍ਹਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ।

ਮੁੰਡਿਆਂ ਵੱਲੋਂ ਚਿੱਠੀਆਂ

ਮਿਗ: ਮੇਰੀ ਚਿੰਤਾ ਨਾ ਕਰੋ, ਮੈਂ ਤੁਹਾਨੂੰ ਸਭ ਨੂੰ ਜ਼ਿਆਦਾ ਯਾਦ ਕਰ ਰਿਹਾ ਹਾਂ... ਨੇਵੀ ਸੀਲਜ਼ ਵੱਲੋਂ ਮੇਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਸਾਰਿਆਂ ਨੂੰ ਮੇਰਾ ਪਿਆਰ।

ਇਹ ਵੀ ਪੜ੍ਹੋ:

Image copyright HAI NAVY SEAL
ਫੋਟੋ ਕੈਪਸ਼ਨ ਮਿਗ ਨੇ ਆਪਣੇ ਪਰਿਵਾਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਨੇਵੀ ਵੱਲੋਂ ਉਸਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ

ਮਾਰਕ: ਮੰਮੀ ਤੁਸੀਂ ਘਰ ਹੋ, ਤੁਹਾਡਾ ਕੀ ਹਾਲ ਹੈ? ਮੈਂ ਬਿਲਕੁਲ ਠੀਕ ਹਾਂ। ਕੀ ਤੁਸੀਂ ਮੇਰੇ ਅਧਿਆਪਕ ਨੂੰ ਕਹਿ ਸਕਦੇ ਹੋ।

ਨਿੱਕ: ਮੰਮੀ, ਡੈਡੀ, ਨਿੱਕ ਤੁਹਾਨੂੰ ਅਤੇ ਭੈਣ-ਭਰਾਵਾਂ ਨੂੰ ਬਹੁਤ ਯਾਦ ਕਰ ਰਿਹਾ ਹਾਂ। ਜੇ ਮੈਂ ਬਾਹਰ ਨਿਕਲ ਆਇਆ ਤਾਂ ਮੈਨੂੰ ਮੁਕਾਠਾ (BBQ) ਖਾਣ ਲਈ ਦੇਣਾ।

Image copyright THAI NAVY SEAL
ਫੋਟੋ ਕੈਪਸ਼ਨ ਨਿੱਕ ਨੇ ਆਪਣੇ ਮਾਪਿਆਂ ਨੂੰ ਚਿੱਠੀ ਲਿਖ ਕੇ ਡਿਸ਼ ਬਣਾਉਣ ਦੀ ਫਰਮਾਇਸ਼ ਕੀਤੀ ਹੈ

ਪੋਂਗ: ਮੰਮੀ, ਡੈਡੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੇਰੀ ਚਿੰਤਾ ਨਾ ਕਰਨਾ ਮੈਂ ਬਿਲਕੁਲ ਠੀਕ ਹਾਂ।

ਸਾਰਿਆਂ ਨੂੰ ਪਿਆਰ।

Image copyright THAI NAVY SEAL
ਫੋਟੋ ਕੈਪਸ਼ਨ ਬਿਊ ਨੇ ਆਪਣੇ ਛੇਤੀ ਵਾਪਿਸ ਆਉਣ ਦੀ ਗੱਲ ਆਖੀ ਹੈ

ਬਿਊ: ਮੰਮੀ, ਡੈਡੀ ਫਿਕਰ ਨਾ ਕਰੋ। ਬਿਊ ਦੋ ਹਫ਼ਤੇ ਲਈ ਹੀ ਗਾਇਬ ਹੈ। ਉਸ ਤੋਂ ਬਾਅਦ ਮੈਂ ਮੰਮੀ ਦੀ ਦੁਕਾਨ 'ਚ ਚੀਜ਼ਾਂ ਵੇਚਣ ਵਿੱਚ ਮਦਦ ਕਰਾਂਗਾ। ਮੈਂ ਉੱਥੇ ਜਲਦੀ ਜਾਵਾਂਗਾ।

ਟੀ: ਚਿੰਤਾ ਨਾ ਕਰੋ, ਮੈਂ ਬਹੁਤ ਖੁਸ਼ ਹਾਂ।

Image copyright THAI NAVY SEAL
ਫੋਟੋ ਕੈਪਸ਼ਨ ਇਸ ਚਿੱਠੀ ਲਿਖਣ ਵਾਲੇ ਦਾ ਨਾਂ ਨਹੀਂ ਦਿੱਤਾ ਗਿਆ

ਉੱਪਰ ਦਿੱਤੀ ਗਈ ਚਿੱਠੀ ਨੂੰ ਲਿਖਣ ਵਾਲੇ ਦਾ ਨਾਮ ਤਾਂ ਨਹੀਂ ਦਿੱਤਾ ਗਿਆ। ''ਪਰ ਉਹ ਇਹ ਕਹਿਣਾ ਚਾਹੁੰਦਾ ਹੈ: ਬੱਚੇ ਕਹਿ ਰਹੇ ਹਨ ਚਿੰਤਾ ਨਾ ਕਰੋ। ਅਸੀਂ ਸਾਰੇ ਬਹਾਦਰ ਹਾਂ। ਜਦੋਂ ਉਹ ਬਾਹਰ ਆਉਣਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਖਾਣਗੇ।

ਜਦੋਂ ਉਹ ਇੱਥੋਂ ਬਾਹਰ ਨਿਕਲਣਗੇ ਤਾਂ ਤੁਰੰਤ ਘਰ ਜਾਣਾ ਚਾਹੁਣਗੇ। ਟੀਚਰ, ਜ਼ਿਆਦਾ ਹੋਮਵਰਕ ਨਾ ਦੇਣਾ।''

ਮਾਪਿਆਂ ਵੱਲੋਂ ਚਿੱਠੀ

ਮਾਰਕ ਦੇ ਲਈ: ਹੁਣ ਮੰਮੀ ਆ ਗਈ ਹੈ ਤੇ ਤੇਰੀ ਗੁਫ਼ਾ ਵਿੱਚੋਂ ਬਾਹਰ ਨਿਕਲਣ ਦੀ ਉਡੀਕ ਕਰ ਰਹੀ ਹੈ। ਮੈਂ ਤੈਨੂੰ ਬਹੁਤ ਯਾਦ ਕਰਦੀ ਹਾਂ। ਅਣਗੌਲਿਆ ਮਹਿਸੂਸ ਨਾ ਕਰਨਾ। ਮੰਮੀ ਤੈਨੂੰ ਬਹੁਤ ਪਿਆਰ ਕਰਦੀ ਹੈ। ਆਪਣਾ ਧਿਆਨ ਰੱਖਣਾ।

Image copyright Thai navy seals
ਫੋਟੋ ਕੈਪਸ਼ਨ ਮਾਪੇ ਆਪਣੇ ਬੱਚਿਆਂ ਨੂੰ ਚਿੱਠੀ ਰਾਹੀ ਹੌਸਲਾ ਦੇ ਰਹੇ ਹਨ

ਨਾਈਟ ਦੇ ਲਈ: ਡੈਡ ਅਤੇ ਮੰਮੀ ਤੇਰੇ ਜਨਮ ਦਿਨ ਦੀ ਉਡੀਕ ਕਰ ਰਹੇ ਹਨ ਤਾਂ ਜੋ ਤਿਆਰੀਆਂ ਕਰ ਸਕੀਏ। ਪੁੱਤਰ, ਤੂੰ ਆਪਣੇ ਸਰੀਰ ਨੂੰ ਮਜ਼ਬੂਤ ਕਰਕੇ ਰੱਖੀਂ। ਮੰਮੀ ਜਾਣਦੀ ਹੈ ਤੂੰ ਇਹ ਕਰ ਸਕਦਾ ਹੈ। ਜ਼ਿਆਦਾ ਕੁਝ ਨਾ ਸੋਚੀ। ਸਾਡੇ ਸਮੇਤ ਪੂਰਾ ਪਰਿਵਾਰ ਅਤੇ ਸਾਰੇ ਰਿਸ਼ਤੇਦਾਰ ਤੇਰਾ ਉਤਸ਼ਾਹ ਵਧਾ ਰਹੇ ਹਨ।

ਡੈਡ ਅਤੇ ਮੰਮੀ ਤੈਨੂੰ ਬਹੁਤ ਪਿਆਰ ਕਰਦੇ ਹਨ।

ਨਿੱਕ ਦੇ ਲਈ: ਆਪਣਾ ਧਿਆਨ ਰੱਖੀ। ਮੰਮੀ, ਡੈਡੀ ਤੇਰੀ ਉਡੀਕ ਕਰ ਰਹੇ ਹਨ।

Image copyright PR.CHIANGRAI
ਫੋਟੋ ਕੈਪਸ਼ਨ ਬੱਚਿਆਂ ਦੇ ਮਾਪੇ ਕੋਚ ਵੱਲੋਂ ਬੱਚਿਆਂ ਦਾ ਧਿਆਨ ਰੱਖਣ ਲਈ ਧੰਨਵਾਦ ਕਰ ਰਹੇ ਹਨ

ਬਿਊ ਦੇ ਲਈ: ਪੁੱਤਰ ਮੰਮੀ, ਡੈਡੀ ਤੈਨੂੰ ਬਹੁਤ ਯਾਦ ਕਰ ਰਹੇ ਹਨ। ਅਸੀਂ ਹਮੇਸ਼ਾ ਤੈਨੂੰ ਪਿਆਰ ਕਰਦੇ ਹਾਂ।

ਪੋਂਗ ਦੇ ਲਈ: ਆਪਣਾ ਚੰਗੀ ਤਰ੍ਹਾਂ ਧਿਆਨ ਰੱਖੀਂ ਅਤੇ ਬਹਾਦਰ ਬਣੀ। ਡੈਡੀ, ਮੰਮੀ, ਹਰ ਕੋਈ ਤੇਰੀ ਉਡੀਕ ਕਰ ਰਿਹਾ ਹੈ। ਉਮੀਦ ਹੈ ਕਿ ਤੂੰ ਜਲਦੀ ਤੇ ਠੀਕ-ਠਾਕ ਘਰ ਵਾਪਿਸ ਆ ਜਾਵੇਗਾ। ਕੋਚ, ਤੁਹਾਡਾ ਧੰਨਵਾਦ ਸਾਰੇ ਬੱਚਿਆਂ ਦਾ ਧਿਆਨ ਰੱਖਣ ਲਈ।

ਅਸੀਂ ਕੋਚ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਬੁਰਾ ਮਹਿਸੂਸ ਕਰਨ ਦੀ ਲੋੜ ਨਹੀਂ। ਸਾਰੇ ਮਾਪੇ ਤੁਹਾਨੂੰ ਉਨ੍ਹਾਂ ਦੇ ਬੱਚਿਆਂ ਦਾ ਧਿਆਨ ਰੱਖਣ ਲਈ ਧੰਨਵਾਦ ਕਹਿ ਰਹੇ ਹਨ।

Image copyright PR.CHIANGRAI
ਫੋਟੋ ਕੈਪਸ਼ਨ ਮਾਪੇ ਬੱਚਿਆਂ ਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਨ

ਮਿਗ ਦੇ ਲਈ: ਕੋਈ ਵੀ ਆਪਣਾ ਹੌਸਲਾ ਨਾ ਛੱਡਣਾ। ਅਸੀਂ ਤੇਰੇ ਗੁਫ਼ਾ ਵਿੱਚੋਂ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਹਾਂ।

ਤੇਰੇ ਗਰੈਂਡਪਾ ਤੇਰੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਨ। ਡਰਨ ਦੀ ਲੋੜ ਨਹੀਂ। ਕੋਈ ਵੀ ਤੈਨੂੰ ਦੋਸ਼ ਨਹੀਂ ਦੇ ਰਿਹਾ।

ਮੁੰਡਿਆ ਅਤੇ ਕੋਚ ਵੱਲੋਂ ਚਿੱਠੀ

ਟੈਨ: ਮੰਮੀ, ਡੈਡੀ ਮੇਰੀ ਚਿੰਤਾ ਨਾ ਕਰਨਾ, ਮੈਂ ਠੀਕ ਹਾਂ। ਮੇਰੇ ਭਰਾ ਨੂੰ ਕਹੋ ਕਿ ਮੇਰੇ ਲਈ ਫਰਾਈਡ ਚਿਕਨ ਤਿਆਰ ਰੱਖੇ।

ਲਵ ਯੂ।

ਆਕੀ (ਕੋਚ): ਸਾਰੇ ਮਾਪਿਆਂ ਲਈ, ਹੁਣ ਸਾਰੇ ਬੱਚੇ ਠੀਕ ਹਨ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਾਰੇ ਬੱਚਿਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਾਂਗਾ। ਮਦਦ ਲਈ ਸਾਰਿਆਂ ਦਾ ਧੰਨਵਾਦ। ਮੈਂ ਸਾਰੇ ਮਾਪਿਆਂ ਤੋਂ ਮਾਫ਼ੀ ਮੰਗਦਾ ਹਾਂ।

Image copyright THAI NAVY SEAL
ਫੋਟੋ ਕੈਪਸ਼ਨ ਕੋਚ ਵੱਲੋਂ ਚਿੱਠੀ ਲਿਖ ਕੇ ਮਾਪਿਆਂ ਨੂੰ ਬੱਚਿਆਂ ਦੀ ਖ਼ੈਰ-ਖ਼ਬਰ ਦਿੱਤੀ ਗਈ ਹੈ

ਆਕੀ: ਮੇਰੀ ਦਾਦੀ ਲਈ, ਮੈਂ ਠੀਕ ਹਾਂ। ਮੇਰੀ ਜ਼ਿਆਦਾ ਫ਼ਿਕਰ ਨਾ ਕਰਨਾ। ਆਪਣਾ ਧਿਆਨ ਰੱਖਣਾ। ਮੇਰੇ ਲਈ ਨੰਪਾਕ (ਸ਼ਾਕਾਹਾਰੀ ਡਿਸ਼) ਬਣਾਉਣਾ। ਮੈਂ ਵਾਪਿਸ ਆ ਕੇ ਖਾਵਾਂਗਾ।

ਰਿਸ਼ਤੇਦਾਰਾਂ ਦੀ ਪ੍ਰਤੀਕਿਰਿਆ

ਟੀਟਾਨ ਦੇ ਲਈ: ਟੀਟਾਨ, ਮੈਂ ਤੇਰੀ ਗੁਫ਼ਾ ਦੇ ਬਾਹਰ ਉਡੀਕ ਕਰ ਰਿਹਾ ਹਾਂ। ਪੁੱਤਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੈਨੂੰ ਬਹੁਤ ਯਾਦ ਕਰ ਰਿਹਾ ਹਾਂ। ਤੂੰ ਹੌਸਲਾ ਬਣਾਈ ਰੱਖੀਂ ਅਤੇ ਬਹਾਦਰੀ ਨਾਲ ਲੜਾਈ ਲੜੀਂ। ਮੈਨੂੰ ਵਿਸ਼ਵਾਸ ਹੈ ਤੂੰ ਇਹ ਕਰ ਸਕਦਾ ਹੈਂ। ਮੇਰਾ ਸਮਰਥਨ ਤੇਰੇ ਨਾਲ ਹੈ। ਤੇਰੇ ਡੈਡ ਤੈਨੂੰ ਬਹੁਤ ਯਾਦ ਕਰ ਰਹੇ ਹਨ ਅਤੇ ਤੈਨੂੰ ਬਹੁਤ ਪਿਆਰ ਕਰਦੇ ਹਨ।

Image copyright THAI NAVY SEALS
ਫੋਟੋ ਕੈਪਸ਼ਨ ਮਾਪੇ ਚਿੱਠੀ ਵਿੱਚ ਕੋਚ ਨੂੰ ਲਿਖ ਰਹੇ ਹਨ ਕਿ ਉਹ ਖ਼ੁਦ ਨੂੰ ਦੋਸ਼ੀ ਨਾ ਮੰਨਣ

ਆਕੀ ਦੇ ਲਈ: ਮੈਂ ਗੁਫ਼ਾ ਦੇ ਬਾਹਰ ਤੇਰੀ ਉਡੀਕ ਕਰ ਰਿਹਾ ਹਾਂ। ਮੇਰੇ ਭਤੀਜੇ ਬਹੁਤਾ ਸੋਚੀ ਨਾਂ। ਆਪਣਾ ਧਿਆਨ ਰੱਖੀ। ਕੋਈ ਵੀ ਤੈਨੂੰ ਇਸ ਸਭ ਲਈ ਦੋਸ਼ ਨਹੀਂ ਦੇ ਰਿਹਾ।

ਆਕੀ, ਟੀਟਾਨ ਦੀ ਮਾਂ ਵੱਲੋਂ ਸੁਨੇਹਾ। ਬਹਾਦਰ ਬਣੇ ਰਹਿਣਾ। ਤੇਰੇ ਚਾਹੁਣ ਵਾਲਿਆਂ ਦਾ ਪਿਆਰ ਤੇਰੇ ਨਾਲ ਹੈ। ਤੇਰੀ ਇਹ ਵੱਡੀ ਭੈਣ ਗੁਫ਼ਾ ਦੇ ਬਾਹਰ ਤੇਰੀ ਉਡੀਕ ਕਰ ਰਹੀ ਹੈ। ਕ੍ਰਿਪਾ ਕਰਕੇ ਬੱਚਿਆਂ ਨੂੰ ਨਾਲ ਲੈ ਆਓ।

ਮੁੰਡਿਆਂ ਵੱਲੋਂ ਚਿੱਠੀਆਂ

ਅਡੌਲ: ਹੁਣ ਸਾਡੀ ਚਿੰਤਾ ਨਾ ਕਰੋ। ਮੈਂ ਸਭ ਨੂੰ ਯਾਦ ਕਰ ਰਿਹਾ ਹਾਂ। ਮੈਂ ਛੇਤੀ ਤੋਂ ਛੇਤੀ ਵਾਪਿਸ ਆਉਣਾ ਚਾਹੁੰਦਾ ਹਾਂ।

Image copyright THAI NAVY SEAL
ਫੋਟੋ ਕੈਪਸ਼ਨ ਅਡੌਲ ਨੇ ਚਿੱਠੀ 'ਚ ਲਿਖਿਆ ਹੈ ਕਿ ਉਹ ਜਲਦੀ ਘਰ ਆਉਣਾ ਚਾਹੁੰਦਾ ਹੈ

ਡੋਮ: ਮੈਂ ਠੀਕ ਹਾਂ ਪਰ ਮੌਸਮ ਥੋੜ੍ਹਾ ਠੰਡਾ ਹੈ। ਮੇਰੀ ਚਿੰਤਾ ਨਾ ਕਰਨਾ ਪਰ ਮੇਰੇ ਲਈ ਜਨਮ ਦਿਨ ਦੀ ਪਾਰਟੀ ਕਰਨਾ ਨਾ ਭੁੱਲਣਾ।

ਰਿਸ਼ਤੇਦਾਰਾਂ ਦੀ ਪ੍ਰਤੀਕਿਰਿਆ

ਅਡੌਲ ਦੇ ਲਈ: ਪੁੱਤਰ, ਮੰਮੀ ਤੇ ਡੈਡੀ ਤੈਨੂੰ ਦੇਖਣਾ ਚਾਹੁੰਦੇ ਹਨ। ਮੰਮੀ, ਡੈਡੀ ਤੇਰੇ ਅਤੇ ਤੇਰੇ ਦੋਸਤਾਂ ਲਈ ਪ੍ਰਾਰਥਨਾ ਕਰ ਰਹੇ ਹਨ ਤਾਂ ਜੋ ਅਸੀਂ ਹੋਰਾਂ ਨੂੰ ਵੀ ਜਲਦੀ ਦੇਖ ਸਕੀਏ। ਜਦੋਂ ਤੂੰ ਗੁਫ਼ਾ ਵਿੱਚੋਂ ਬਾਹਰ ਆਵੇਂਗਾ ਤਾਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰੀ, ਜਿਨ੍ਹਾਂ ਨੇ ਤੇਰੀ ਮਦਦ ਕੀਤੀ।

ਅਤੇ ਕੋਚ ਆਕੀ, ਬੱਚਿਆਂ ਦਾ ਧਿਆਨ ਰੱਖਣ ਲਈ ਤੁਹਾਡਾ ਬਹੁਤ ਧੰਨਵਾਦ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ