ਥਾਈਲੈਂਡ: ਬੱਚਿਆਂ ਦੀ ਇਹ ਫੁੱਟਬਾਲ ਟੀਮ ਗੁਫ਼ਾ 'ਚ ਗਈ ਕਿਉਂ ਸੀ?

ਟੀਮ ਆਪਣੇ ਕੋਚ ਇਕਾਟੋਲ ਨਾਲ Image copyright FACEBOOK/EKATOL
ਫੋਟੋ ਕੈਪਸ਼ਨ ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ।

ਉੱਤਰੀ ਥਾਈਲੈਂਡ ਦੀ ਗੁਫ਼ਾ ਵਿੱਚ ਦੋ ਹਫਤਿਆਂ ਤੋਂ ਫਸੇ ਬੱਚਿਆਂ ਵਿੱਚੋਂ ਚਾਰ ਨੂੰ ਸਫ਼ਲਤਾ ਸਹਿਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਗੋਤਾਖੋਰਾਂ ਨੇ ਬਚਾਇਆ ਹੈ।

ਗੋਤਾ ਖੋਰ ਪਾਣੀ ਨਾਲ ਭਰੀਆਂ, ਹਨੇਰੀਆਂ ਗੁਫਾਵਾਂ ਵਿੱਚੋਂ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਲਿਆ ਰਹੇ ਸਨ।

ਬੱਚਿਆਂ ਨੂੰ ਸਮੂਹਾਂ ਵਿੱਚ ਕੱਢਿਆ ਜਾ ਰਿਹਾ ਹੈ ਅਤੇ ਅਜੇ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਇਹ ਬਚਾਅ ਕਾਰਜ ਹੋਰ ਕਿੰਨਾ ਸਮਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ꞉

ਅਜਿਹੇ ਵਿੱਚ ਦੋ ਸਵਾਲ ਸਭ ਦੇ ਸਾਹਮਣੇ ਹਨ ਕਿ ਬੱਚੇ ਗੁਫ਼ਾ ਵਿੱਚ ਗਏ ਕਿਉਂ ਸਨ ਅਤੇ ਫੇਰ ਉਹ ਉੱਥੇ ਫ਼ਸ ਕਿਵੇਂ ਗਏ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਥਾਈਲੈਂਡ ਦੀ ਗੁਫਾ ਵਿੱਚ ਲਾਪਤਾ ਬੱਚਿਆਂ ਨੂੰ ਕਿਵੇਂ ਖੋਜਿਆ ਗਿਆ?

ਬੱਚਿਆਂ ਦੀ ਫੁੱਟਬਾਲ ਟੀਮ ਗੁਫ਼ਾ ਵਿੱਚ ਗਈ ਕਿਉਂ?

ਇਸ ਸਵਾਲ ਦਾ ਹਾਲੇ ਤੱਕ ਕੋਈ ਸੰਤੋਖਜਨਕ ਉੱਤਰ ਨਹੀਂ ਹੈ ਕਿ ਬੱਚੇ ਆਪਣੇ ਕੋਚ ਨਾਲ ਆਖ਼ਰ ਗੁਫ਼ਾ ਵਿੱਚ ਗਏ ਹੀ ਕਿਉਂ ਸਨ।

ਬੀਬੀਸੀ ਥਾਈ ਮੁਤਾਬਕ ਟੀਮ ਆਪਣੀ ਫੁੱਟਬਾਲ ਪ੍ਰੈਕਟਿਸ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਦਸ ਵਜੇ ਕੋਚ ਇਕਾਟੋਲ ਨਾਲ ਪਹੁੰਚੀ। ਟੀਮ ਦੇ ਸਹਾਇਕ ਕੋਚ ਨੇ 10:42 'ਤੇ ਪ੍ਰੈਕਟਿਸ ਦੀ ਲਾਈਵ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਸੀ।

ਬਾਅਦ ਦੁਪਹਿਰ ਲਗਪਗ 3 ਵਜੇ ਥਾਮ ਲੁਆਂਗ-ਖੁਨਾਮ ਨੰਗਨੌਨ ਨੈਸ਼ਨਲ ਪਾਰਕ ਦੇ ਸਟਾਫ ਨੇ ਗੁਫ਼ਾ ਦੇ ਮੁਹਾਣੇ ਉੱਤੇ ਗਿਆਰਾਂ ਸਾਈਕਲਾਂ ਖੜ੍ਹੀਆਂ ਦੇਖੀਆਂ ਜਿਸ ਮਗਰੋਂ ਉਨ੍ਹਾਂ ਨੇ ਤਹਿਕੀਕਾਤ ਸ਼ੁਰੂ ਕੀਤੀ।

ਬਾਅਦ ਵਿੱਚ ਇੱਕ ਲੜਕੇ ਦੇ ਪਿਤਾ ਨੇ ਸਟਾਫ਼ ਨੂੰ ਦੱਸਿਆ ਕਿ ਉਨ੍ਹਾਂ ਦਾ ਆਪਣੇ ਬੱਚੇ ਨਾਲ ਸੰਪਰਕ ਨਹੀਂ ਹੋ ਰਿਹਾ।

ਮੁੱਢਲੀ ਖੋਜ 24 ਜੂਨ ਨੂੰ ਸ਼ੁਰੂ ਹੋਈ ਜਦੋਂ ਮਸਾਈ ਪੁਲਿਸ ਨੂੰ ਗੁੰਮਸ਼ੁਦਾ ਫੁੱਟਬਾਲ ਟੀਮ ਦੀ ਇਤਲਾਹ ਮਿਲੀ।

Image copyright Getty Images

ਹਾਲਾਂਕਿ ਕੁਝ ਸਥਾਨਕ ਰਿਪੋਰਟਾਂ ਮੁਤਾਬਕ ਬੱਚੇ ਅਭਿਆਸ ਤੋਂ ਬਾਅਦ ਆਪਣੇ ਇੱਕ ਟੀਮ ਮੈਂਬਰ ਲਈ ਸਰਪਰਾਈਜ਼ ਪਾਰਟੀ ਦਾ ਪ੍ਰਬੰਧ ਕਰਨ ਉੱਤਰੇ ਸਨ। ਇੱਕ ਲੜਕਾ ਗੇਮ, ਸ਼ਨਿੱਚਰਵਾਰ ਨੂੰ ਗੁਫ਼ਾ ਵਿੱਚ ਨਹੀਂ ਗਿਆ।

ਉਸਨੇ ਕਾਓਸੋਡ ਨੂੰ ਦੱਸਿਆ ਕਿ ਉਹ ਤਿੰਨ ਵਾਰ ਗੁਫ਼ਾ ਵਿੱਚ ਗਏ ਸਨ ਪਰ ਬਰਸਾਤ ਦੇ ਦਿਨਾਂ ਵਿੱਚ ਨਹੀਂ।

"ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰਦੇ ਸੀ। ਸਾਡੇ ਕੋਲ ਟਾਰਚਾਂ ਸਨ। ਅਸੀਂ ਗੁਫ਼ਾ ਵਿੱਚ ਜਾਣ ਤੋਂ ਪਹਿਲਾਂ ਹਮੇਸ਼ਾ ਖਾਂਦੇ ਸੀ ਅਤੇ ਯਕੀਨੀ ਬਣਾਉਂਦੇ ਸੀ ਕਿ ਗੁਫ਼ਾ ਵਿੱਚ ਜਾਣ ਵਾਲਾ ਹਰ ਕੋਈ ਤੰਦਰੁਸਤ ਹੋਵੇ।"

ਗੇਮ ਮੁਤਾਬਕ ਉਹ ਸਿਹਤ ਠੀਕ ਨਾ ਹੋਣ ਕਾਰਨ ਉਸ ਦਿਨ ਗੁਫ਼ਾ ਵਿੱਚ ਨਹੀਂ ਗਿਆ ਸੀ।

"ਅਸੀਂ ਗੁਫ਼ਾ ਵਿੱਚ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਜਾਂਦੇ ਸੀ ਅਤੇ ਸਾਡੇ ਇੱਕ ਟੀਮ ਮੈਂਬਰ ਦਾ ਜਨਮ ਦਿਨ ਆ ਰਿਹਾ ਸੀ। ਅਜਿਹਾ ਲਗਦਾ ਹੈ ਕਿ ਉਹ ਗੁਫ਼ਾ ਵਿੱਚ ਕੋਈ ਸਰਪਰਾਈਜ਼ ਪਾਰਟੀ ਰੱਖ ਰਹੇ ਸਨ।"

ਉਹ ਡੂੰਘੀ ਗੁਫ਼ਾ ਵਿੱਚ ਫ਼ਸ ਕਿਵੇਂ ਗਏ?

ਜਿਵੇਂ ਹੀ ਟੀਮ ਗੁਫ਼ਾ ਵਿੱਚ ਉੱਤਰੀ ਮਾਨਸੂਨ ਦਾ ਮੀਂਹ ਪੈਣ ਲੱਗ ਪਿਆ। ਜੰਗਲ ਵਿੱਚੋਂ ਮੀਂਹ ਦਾ ਪਾਣੀ ਗੁਫ਼ਾ ਦੇ ਅੰਦਰ ਉਤਰਨ ਲੱਗਿਆ ਅਤੇ ਰਾਹ ਬੰਦ ਹੋ ਗਿਆ।

ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਜਿਸ ਕਰਕੇ ਬੱਚੇ ਅਤੇ ਉਨ੍ਹਾਂ ਦਾ ਕੋਚ ਗੁਫਾ ਦੀ ਡੂੰਘ ਵਿੱਚ ਫਸ ਗਏ। ਬੱਚੇ ਉੱਚੀ ਜ਼ਮੀਨ ਜੀ ਭਾਲ ਵਿੱਚ ਗੁਫ਼ਾ ਦੇ ਹੋਰ ਅੰਦਰ ਉੱਤਰਦੇ ਗਏ। ਇਹ ਗੁਫ਼ਾ 10,316 ਮੀਟਰ ਲੰਬੀ ਅਤੇ ਥਾਈਲੈਂਡ ਦੀ ਤੀਜੀ ਸਭ ਤੋਂ ਵੱਡੀ ਹੈ।

ਬ੍ਰਿਟਿਸ਼ ਕੇਵ ਰੈਸਕਿਊ ਕਾਊਂਸਲ ਦੇ ਬਿੱਲ ਵ੍ਹਾਈਟਹਾਊਸ ਨੇ ਬੀਬੀਸੀ ਨਿਊਜ਼ ਨਾਲ ਇੱਕ ਗੱਲਬਾਤ ਵਿੱਚ ਕਿਹਾ ਕਿ ਗੋਤਾਖੋਰਾਂ ਨੂੰ "ਲਗਪਗ 1500 ਮੀਟਰ ਦੇ ਅੱਧ-ਖੁੱਲ੍ਹੇ ਅਤੇ ਅੱਧ-ਭਰੇ ਰਾਹਾਂ ਵਿੱਚ ਬੱਚਿਆ ਦੀ ਭਾਲ ਕਰਨੀ ਪਈ।"

ਫੋਟੋ ਕੈਪਸ਼ਨ ਗੁਫ਼ਾ ਅੰਦਰ ਗਾਰਾ ਹੈ ਅਤੇ ਰੌਸ਼ਨੀ ਦੀ ਘਾਟ ਹੈ।

7 ਜੁਲਾਈ ਨੂੰ ਇੱਕ ਅਖ਼ਬਾਰ ਦੀ ਵੈੱਬਸਾਈਟ ਨੇ ਲਿਖਿਆ ਕਿ ਬਚਾਅ ਕਰਮੀਆਂ ਨੂੰ ਗੁਫ਼ਾ ਦਾ ਇੱਕ ਮੂੰਹ ਮਿਲਿਆ ਹੈ ਜੋ ਸ਼ਾਇਦ ਉਸ ਥਾਂ ਤੱਕ ਜਾਂਦਾ ਹੋਵੇ ਜਿੱਥੇ ਬੱਚੇ ਫ਼ਸੇ ਹੋਏ ਹਨ।

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਦੇ ਬਚਣ ਦੀ ਇੱਕ ਨਵੀਂ ਉਮੀਦ ਪੈਦਾ ਹੋ ਗਈ।

ਗੁਫ਼ਾ 'ਚ ਗੁੰਮੇ ਅਤੇ ਮੁੜ ਲੱਭੇ ਲੋਕ

ਸਥਾਨਕ ਖ਼ਬਰਾਂ ਮੁਤਾਬਕ (ਥਾਈ ਟੀਵੀ-3 ਅਤੇ ਪੋਸਟ ਟੂਡੇ ) ਇਨਸੋਰਨ ਕੇਇਸਫੌਂਗ ਜੋ ਕਿ ਮਸਾਈ ਦੇ ਬੈਨ ਜੌਂਗ ਪਿੰਡ ਦੇ ਇੱਕ ਸਾਬਕਾ ਕਮਿਊਨਿਟੀ ਲੀਡਰ ਹਨ ਨੇ ਦੱਸਿਆ ਕਿ ਇੱਕ ਵਿਦੇਸ਼ੀ ਯਾਤਰੀ ਸਾਲ 1986 ਵਿੱਚ ਗੁਫ਼ਾ ਵਿੱਚ ਗੁੰਮ ਹੋਇਆ ਸੀ।

ਉਸ ਨੂੰ ਸੱਤ ਦਿਨ ਗੁੰਮ ਰਹਿਣ ਮਗਰੋਂ ਬਚਾ ਲਿਆ ਗਿਆ ਸੀ ਹਾਲਾਂਕਿ ਉਸ ਸਮੇਂ ਹੜ੍ਹ ਨਹੀਂ ਸਨ ਆਏ ਹੋਏ।

ਸਾਲ 2016 ਦੇ ਅਗਸਤ ਮਹੀਨੇ ਵਿੱਚ ਸੁਥੀਰੋਜ ਪੋਲੀਓਤਾਸਤਾ ਜੋ ਕਿ ਮੈਫਲਾਂਗ ਯੂਨੀਵਰਸਿਟੀ ਵਿੱਚ ਚੀਨੀ ਭਾਸ਼ਾ ਦੇ ਸਾਬਕਾ ਪ੍ਰੋਫੈਸਰ ਸਨ, ਉਹ ਇਨ੍ਹਾਂ ਗੁਫ਼ਾਵਾਂ ਵਿੱਚ ਤਿੰਨ ਮਹੀਨਿਆਂ ਤੱਕ ਗੁੰਮੇ ਰਹੇ ਸਨ।

ਕਾਓਸੋਡ ਮੁਤਾਬਕ ਪ੍ਰੋਫੈਸਰ ਨੇ ਨੈਸ਼ਨਲ ਪਾਰਕ ਦੇ ਬਾਹਰ ਇੱਕ ਦੁਕਾਨ ਤੇ ਆਪਣਾ ਸਾਈਕਲ ਖੜ੍ਹਾ ਕਰਦਿਆਂ ਦੁਕਾਨਦਾਰ ਨੂੰ ਕਿਹਾ ਸੀ ਕਿ ਉਹ ਗੁਫ਼ਾ ਦੇ ਅੰਦਰ ਧਿਆਨ ਸਾਧਨਾ ਕਰਨ ਜਾ ਰਹੇ ਹਨ।

ਉਨ੍ਹਾਂ ਦੀ ਖੋਜ ਲਈ ਅਭਿਆਨ ਚਲਾਏ ਗਏ ਪਰ ਲੱਭੇ ਨਹੀਂ ਜਾ ਸਕੇ। ਫੇਰ ਤਿੰਨ ਮਹੀਨੇ ਬਾਅਦ ਉਹ ਇੱਕ ਨਜ਼ਦੀਕੀ ਰਿਜ਼ੋਰਟ ਵਿੱਚ ਭਟਕਦੇ ਹੋਏ ਪਹੁੰਚ ਗਏ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)