'ਮੈਂ ਆਪਣੇ ਬੁਆਏ ਫਰੈਂਡ ਤੋਂ ਆਪਣੀ ਤਨਖ਼ਾਹ ਇਸ ਲਈ ਲੁਕਾਈ'

ਔਰਤ Image copyright Zeb McGann
ਫੋਟੋ ਕੈਪਸ਼ਨ ਮੈਂ ਉਸ ਨੂੰ ਲਗਾਤਾਰ ਝੂਠ ਬੋਲਿਆ, ਜਿਸ ਨਾਲ ਮੈਂ ਸਭ ਕੁਝ ਸਾਂਝਾ ਕਰਦੀ ਸੀ

ਜੇਕਰ ਅਸੀਂ ਆਪਣੇ ਸਾਥੀ ਦੇ ਆਤਮ-ਸਨਮਾਨ ਨੂੰ ਸੱਟ ਮਾਰੇ ਬਿਨਾਂ ਵੱਧ ਨਹੀਂ ਕਮਾ ਸਕਦੇ ਤਾਂ ਅਸੀਂ ਤਨਖ਼ਾਹ ਵਿੱਚ ਲਿੰਗ ਭੇਦ ਨੂੰ ਕਿਵੇਂ ਖ਼ਤਮ ਕਰਾਂਗੇ?

ਮੇਰੇ ਕੋਲ ਇੱਕ ਭੇਤ ਹੈ, ਜੋ ਅਸਲ ਵਿੱਚ ਭੇਤ ਵੀ ਨਹੀਂ ਹੈ। ਦਰਅਸਲ ਮੈਂ ਉਸ ਨੂੰ ਲਗਾਤਾਰ ਝੂਠ ਬੋਲਿਆ, ਜਿਸ ਨਾਲ ਮੈਂ ਸਭ ਕੁਝ ਸਾਂਝਾ ਕਰਦੀ ਸੀ ਅਤੇ ਉਹ ਸੀ ਮੇਰਾ ਬੁਆਏ ਫਰੈਂਡ। ਅਸੀਂ ਇਕੱਠੇ ਰਹਿੰਦੇ ਸੀ।

ਅਸੀਂ ਘਰ, ਬੈੱਡ, ਰਾਸ਼ਨ, ਆਪਣੀਆਂ ਉਮੀਦਾਂ, ਡਰ ਅਤੇ ਸਾਡਾ ਸਾਂਝਾ ਬੈਂਕ ਖਾਤਾ ਸਭ ਸ਼ੇਅਰ ਕਰਦੇ ਸੀ। ਮੈਨੂੰ ਉਸ ਬਾਰੇ ਸਭ ਪਤਾ ਹੈ, ਉਹ ਵੀ ਜਿਹੜਾ ਕਾਸ਼ ਮੈਨੂੰ ਨਾ ਹੀ ਪਤਾ ਹੁੰਦਾ ਤਾਂ ਚੰਗਾ ਸੀ।

ਉਸ ਨੂੰ ਮੇਰੀਆਂ ਸਾਰੀਆਂ ਬੇਵਕੂਫ਼ੀਆਂ ਪਤਾ ਹਨ, ਜੋ ਮੈਂ ਸ਼ਰਾਬ ਪੀ ਕੇ ਕੀਤੀਆਂ ਸੀ। ਉਹ ਗੱਲਾਂ ਵੀ ਜਿਨ੍ਹਾਂ ਨੂੰ ਮੈਂ ਭੁੱਲਣ ਦੀ ਕੋਸ਼ਿਸ਼ ਕਰਦੀ ਹਾਂ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਮੈਨੂੰ ਇਹ ਸੋਚ ਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੈਂ ਉਸ ਨੂੰ ਧੋਖਾ ਦੇ ਰਹੀ ਹਾਂ ਜਿਸ ਨਾਲ ਮੈਂ ਹਰ ਗੱਲ ਸਕਦੀ ਹਾਂ

ਸ਼ਾਇਦ ਇਹੀ ਪਿਆਰ ਹੈ, ਇੱਕ-ਦੂਜੇ ਬਾਰੇ ਸਭ ਕੁਝ ਪਤਾ ਹੋਣਾ।

ਪਰ ਮੈਂ ਆਪਣੇ ਬੁਆਏ ਫਰੈਂਡ ਕੋਲੋਂ ਇੱਕ ਚੀਜ਼ ਲੁਕਾਈ, ਉਹ ਹੈ ਮੇਰੀ ਤਨਖਾਹ ਜੋ ਉਸ ਨਾਲੋਂ ਵੱਧ ਹੈ। ਪਰ ਮੈਨੂੰ ਨਹੀਂ ਸਮਝ ਆਉਂਦਾ ਕਿ ਮੈਂ ਜ਼ਿੰਦਗੀ ਦੇ ਇਸ ਮੁੱਖ ਹਿੱਸੇ ਨੂੰ ਉਸ ਕੋਲੋਂ ਕਿਉਂ ਲੁਕਾ ਰਹੀ ਹਾਂ?

ਵੱਧ ਤਨਖ਼ਾਹ ਪ੍ਰੇਸ਼ਾਨੀ ਦਾ ਸਬੱਬ

2017 ਵਿੱਚ ਇਸ ਮੁੱਦੇ 'ਤੇ ਹੋਇਆ ਸਰਵੇਖਣ ਹਾਲ ਹੀ ਵਿੱਚ ਵਾਇਰਲ ਹੋ ਗਿਆ। ਇਸ ਸਰਵੇਖਣ ਵਿੱਚ ਇਹ ਮੁੱਖ ਸਿੱਟਾ ਨਿਕਲ ਕੇ ਆਇਆ ਕਿ ਨੌਜਵਾਨ ਔਰਤਾਂ ਅਜੇ ਵੀ ਆਪਣੇ ਪੁਰਸ਼ ਸਾਥੀਆਂ ਨਾਲੋਂ ਵੱਧ ਤਨਖ਼ਾਹ ਲੈਣ ਕਰਕੇ ਪ੍ਰੇਸ਼ਾਨ ਜਾਂ "ਚਿੰਤਤ" ਮਹਿਸੂਸ ਕਰਦੀਆਂ ਹਨ।

ਇੱਕ ਅਣਜਾਨ ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਤਨਖ਼ਾਹ ਉਸ ਦੇ ਪਤੀ ਨਾਲੋਂ ਜ਼ਿਆਦਾ ਹੈ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਹੈਰਾਨੀ ਅਤੇ ਸ਼ਰਮਿੰਦਗੀ ਵਾਲੀ ਸੀ।

ਖ਼ੈਰ, ਕਾਫੀ ਹੱਦ ਤੱਕ ਇਸ ਉੱਤੇ ਅਣਗਣਿਤ ਟਵੀਟਸ ਅਤੇ ਨਿਰਪੱਖ ਲੇਖ ਸਾਹਮਣੇ ਆਏ ਕਿ ਔਰਤਾਂ ਆਪਣੇ ਪੁਰਸ਼ ਸਾਥੀਆਂ ਨਾਲੋਂ ਵੱਧ ਕਮਾ ਕੇ "ਠੀਕ-ਠਾਕ" ਹੀ ਮਹਿਸੂਸ ਕਰਦੀਆਂ ਹਨ।

Image copyright Zeb McGann
ਫੋਟੋ ਕੈਪਸ਼ਨ ਮੈਂ ਉਸ ਕੋਲੋਂ ਲੁਕਾਇਆ ਕਿਉਂਕਿ ਮੈਨੂੰ ਫਿਕਰ ਸੀ ਕਿ ਕਿਤੇ ਉਸ ਨੂੰ ਬੁਰਾ ਨਾ ਲੱਗੇ।

2018 ਵਿੱਚ ਤਨਖ਼ਾਹ 'ਚ ਲਿੰਗ ਭੇਦ ਨੂੰ ਖ਼ਤਮ ਕਰਨ ਲਈ ਅਸੀਂ ਸਖ਼ਤ ਕੋਸ਼ਿਸ਼ ਕੀਤੀ ਅਤੇ ਸੱਚਮੁੱਚ ਉਨ੍ਹਾਂ ਔਰਤਾਂ ਲਈ ਖੁਸ਼ੀ ਮਨਾਈ ਜੋ ਸਫ਼ਲ ਰਹੀਆਂ ਤੇ ਉਨ੍ਹਾਂ ਨੇ ਬਿਨਾਂ ਭੇਦ-ਭਾਵ ਦੇ ਤਨਖ਼ਾਹ ਹਾਸਿਲ ਕੀਤੀ।

ਇਹ ਠੀਕ ਉਹੀ ਹੈ ਜੋ ਮੈਂ ਆਪਣੀ ਦੋਸਤ ਨੂੰ ਅਤੇ ਸੋਸ਼ਲ ਮੀਡੀਆ 'ਤੇ ਵੀ ਕਿਹਾ ਸੀ। ਮੈਂ ਸਪੱਸ਼ਟ ਕੀਤਾ ਕਿ ਅਸੀਂ ਕੇਵਲ ਕੰਮ ਕਰਨ ਵਾਲੀ ਥਾਂ 'ਤੇ ਹੀ ਔਰਤ ਅਤੇ ਮਰਦ ਵਿਚਾਲੇ ਅਧਿਕਾਰਾਂ ਨੂੰ ਸੰਤੁਲਿਤ ਕਰਾਂਗੇ।

ਇਥੇ ਬੇਹੱਦ ਭੇਦ-ਭਾਵ ਹੁੰਦਾ ਹੈ, ਖ਼ਾਸ ਕਰਕੇ ਜਦੋਂ ਔਰਤਾਂ ਪੁਰਸ਼ਾਂ ਨਾਲੋਂ ਵੱਧ ਨਾ ਸਹੀ ਪਰ ਬਰਾਬਰ ਦਾ ਕਮਾਉਂਦੀਆਂ ਹਨ ਤਾਂ ਇਸ ਨਾਲ ਦੁਨੀਆਂ ਭਰ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ ਵਿੱਚ ਵਾਧਾ ਹੁੰਦਾ ਹੈ।

ਮੈਂ ਇਸ ਤੱਥ ਦਾ ਹਵਾਲਾ ਵੀ ਦਿੱਤਾ ਸੀ ਕਿ 2017 ਵਿੱਚ ਵਿਸ਼ਵ ਆਰਥਿਕ ਫੋਰਮ ਨੇ ਚਿਤਾਵਨੀ ਦਿੱਤੀ ਸੀ ਕਿ ਤਨਖ਼ਾਹ ਦੇ ਅੰਤਰ ਨੂੰ ਖ਼ਤਮ ਕਰਨ ਲਈ 217 ਸਾਲ ਲੱਗਣਗੇ। ਇਸ ਨਾਲ ਇਹ ਭੇਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨਗੀਆਂ ਹੋਰ ਵੀ ਲਾਜ਼ਮੀ ਹੋ ਸਕਦੀਆਂ ਹਨ।

ਫੇਰ ਵੀ ਮੈਂ ਨਿੱਜੀ ਤੌਰ 'ਤੇ ਆਪਣਾ ਭੇਤ ਰੱਖਿਆ। ਘਰ ਵਿੱਚ ਮੈਂ ਇਨ੍ਹਾਂ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੀ।

ਫਿਲਹਾਲ ਮੈਂ ਤੇ ਮੇਰਾ ਬੌਏ ਫਰੈਂਡ ਘੁੰਮਣ ਜਾਣ ਲਈ ਬੇਹੱਦ ਬੇਸਬਰ ਹਾਂ। ਜਦੋਂ ਦੇ ਅਸੀਂ ਮਿਲੇ ਹਾਂ ਅਸੀਂ ਕਿਤੇ ਨਹੀਂ ਗਏ ਕਿਉਂਕਿ ਸਾਡੀ ਮਾਲੀ ਹਾਲਤ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ ਸੀ ਅਤੇ ਘੁੰਮਣ-ਫਿਰਨ ਜਾਣ ਦੀ ਬਜਾਇ ਸਿਰਫ਼ ਕੰਮ, ਕੰਮ ਅਤੇ ਕੰਮ ਕਰਦੇ ਰਹੇ ਹਾਂ।

ਫੋਟੋ ਕੈਪਸ਼ਨ ਮੈਂ ਸਾਲਾਨਾ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀ

ਮੈਂ ਸਾਲਾਨਾ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀ

ਹਾਲਾਂਕਿ, ਇਸ ਤੋਂ ਕੁਝ ਵੱਖਰਾ ਵੀ ਹੋ ਸਕਦਾ ਸੀ। ਮੇਰੇ ਵੱਖਰੇ ਸੇਵਿੰਗ ਅਕਾਊਂਟ ਵਿੱਚ ਇੰਨੇ ਪੈਸੇ ਹਨ ਕਿ ਮੈਂ ਦੋਵਾਂ ਦਾ ਖਰਚਾ ਚੁੱਕ ਸਕਦੀ ਹਾਂ ਪਰ ਇਸ ਦੀ ਬਜਾਇ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ ਕਿਉਂਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਸੀ।

ਮੈਂ ਉਸ ਕੋਲੋਂ ਇਸ ਲਈ ਛੁਪਾਇਆ ਕਿਉਂਕਿ ਮੈਨੂੰ ਫਿਕਰ ਸੀ ਕਿ ਕਿਤੇ ਉਸ ਨੂੰ ਬੁਰਾ ਨਾ ਲੱਗੇ।

ਜਦੋਂ ਮੈਂ ਆਪਣੇ ਬੁਆਏ ਫਰੈਂਡ ਨੂੰ ਮਿਲੀ ਤਾਂ ਮੈਂ ਸਾਲਾਨਾ ਉਸ ਨਾਲੋਂ 20 ਹਜ਼ਾਰ ਪੌਂਡ ਵੱਧ ਕਮਾਉਂਦੀ ਸੀ। ਉਹ ਇੱਕ ਮਾਲੀ ਸੀ ਅਤੇ ਮੈਂ ਪ੍ਰਕਾਸ਼ਨ ਹਾਊਸ ਵਿੱਚ ਕੰਮ ਕਰਦੀ ਸੀ। ਪਰ 2016-17 ਵਿੱਚ ਮੇਰੀ ਤਨਖ਼ਾਹ ਵਿੱਚ ਕਟੌਤੀ ਹੋਈ ਸੀ, ਫੇਰ ਵੀ ਮੈਂ ਆਪਣੇ 6 ਸਾਲ ਦੇ ਰਿਸ਼ਤੇ ਦੌਰਾਨ ਲਗਾਤਾਰ ਵੱਧ ਕਮਾਈ ਕੀਤੀ।

ਹੁਣ ਅਸੀਂ ਇਕੱਠੇ ਹਾਂ ਅਤੇ ਆਸ ਹੈ ਕਿ ਅਸੀਂ ਆਖ਼ਰੀ ਸਾਹ ਤੱਕ ਇਕੱਠੇ ਰਹਾਂਗੇ ਪਰ ਅਜੇ ਤੱਕ ਵੀ ਉਸ ਨੂੰ ਮੇਰੀ ਤਨਖ਼ਾਹ ਬਾਰੇ ਪਤਾ ਨਹੀਂ ਹੈ।

ਉਸ ਨੇ ਛੁੱਟੀਆਂ ਵਿੱਚ ਘੁੰਮਣ ਜਾਣ ਲਈ ਲੋਨ ਲਿਆ ਹੈ। ਅਸੀਂ ਬਾਹਰ ਖਾਣਾ ਖਾਈਏ ਤਾਂ ਉਹ ਬਿੱਲ ਦਿੰਦਾ ਅਤੇ ਕਈ ਵਾਰ ਉਸ ਨੇ ਮੇਰੇ ਲਈ ਕੱਪੜੇ ਵੀ ਖਰੀਦੇ ਹਨ।

ਮੈਨੂੰ ਇਸ ਨਾਲ ਨਫ਼ਰਤ ਹੁੰਦੀ ਹੈ, ਪਰ ਫੇਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਮਾਜਿਕ ਦਬਾਅ ਹੇਠ "ਘਰ ਦੇ ਪਾਲਣਹਾਰ" ਵਾਂਗ ਜੀਅ ਰਿਹਾ ਹੈ।

Image copyright Zeb McGann
ਫੋਟੋ ਕੈਪਸ਼ਨ ਮੈਨੂੰ ਇਸ ਤਰ੍ਹਾ ਧੋਖਾ ਦੇਣ ਨਾਲ ਨਫ਼ਰਤ ਹੁੰਦੀ ਸੀ

ਇੱਕ ਵਾਰ ਜਦੋਂ ਮੈਂ ਵੱਧ ਪੈਸੇ ਨਹੀਂ ਕਮਾ ਨਹੀਂ ਰਹੀ ਸੀ ਤਾਂ ਉਦੋਂ ਮੈਂ ਆਪਣੇ ਕੰਮ ਬਦਲੇ ਇੱਕ ਇਨਾਮ ਜਿੱਤਿਆ ਸੀ। ਉਦੋਂ ਉਹ ਮੇਰੇ ਲਈ ਕਾਫੀ ਖੁਸ਼ ਹੋਇਆ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਉਸ ਨੇ ਵੀ ਇਸ ਵਿੱਚ ਥੋੜ੍ਹਾ ਜਿਹਾ ਰੋਲ ਨਿਭਾਇਆ ਹੈ। ਜਿਵੇਂ ਕਿ ਉਸ ਨੇ ਮਾਲੀ ਤੌਰ 'ਤੇ ਹਰ ਸੰਭਵ ਮਦਦ ਕੀਤੀ ਸੀ।

ਮੈਨੂੰ ਯਾਦ ਹੈ ਕਿ ਉਸ ਸਾਲ ਜਦੋਂ ਮੇਰੇ ਜਨਮ ਦਿਨ 'ਤੇ ਅਸੀਂ ਰਾਤ ਦਾ ਖਾਣਾ ਖਾਣ ਗਏ ਸੀ ਤਾਂ ਬਿੱਲ ਉਸ ਨੇ ਭਰਿਆ ਸੀ ਅਤੇ ਕੈਬ ਕਰਕੇ ਘਰ ਆਏ ਸੀ।

ਮੇਰਾ ਬੁਆਏ ਫਰੈਂਡ ਬਹੁਤ ਚੰਗਾ ਹੈ, ਮੈਨੂੰ ਪਤਾ ਉਹ ਮੇਰੀ ਸਫ਼ਲਤਾ 'ਤੇ ਮਾਣ ਮਹਿਸੂਸ ਕਰੇਗਾ, ਮੈਨੂੰ ਇਹ ਵੀ ਪਤਾ ਹੈ ਕਿ ਉਸ ਨੂੰ ਚੰਗਾ ਲਗਦਾ ਹੈ ਕਿ ਮੈਨੂੰ ਉਸ ਦੀ "ਲੋੜ" ਹੈ। ਸ਼ਾਇਦ ਇਸ ਲਈ ਮੈਂ ਇਸ ਸੱਚ ਨੂੰ ਲੁਕਾ ਰਹੀ ਹਾਂ? ਮੈਂ ਆਪਣੇ ਆਪ ਨੂੰ ਰੋਜ਼ ਇਹੀ ਸਵਾਲ ਪੁੱਛਦੀ ਹਾਂ।

ਇਹ ਵੀ ਪੜ੍ਹੋ:

ਅਜਿਹਾ ਕਰਨ ਦਾ ਕਾਰਨ

ਮੈਂ ਅਜਿਹਾ ਕਿਉਂ ਕਰ ਰਹੀ ਹਾਂ? ਜਿਵੇਂ ਕਿ ਮੇਰਾ ਇਹ ਪਾਖੰਡ ਬਹੁਤਾ ਬੁਰਾ ਨਹੀਂ ਹੈ। ਇਸ ਬਾਰੇ ਸਭ ਤੋਂ ਬੁਰੀ ਚੀਜ਼ ਹੈ ਕਿ ਔਰਤਾਂ ਜੋ ਆਪਣੇ ਰਿਸ਼ਤੇ ਵਿੱਚ ਮੁਖੀ ਵਜੋਂ ਘਰ ਚਲਾਉਂਦੀਆਂ ਹਨ, ਉਨ੍ਹਾਂ ਕੋਲ ਅਜਿਹਾ ਕਰਨ ਦਾ ਕਾਰਨ ਹੁੰਦਾ ਹੈ।

2016 ਦੇ ਹਾਰਵਰਡ ਅਧਿਐਨ ਮੁਤਾਬਕ ਜੇਕਰ ਕੋਈ ਪਾਰਟ ਟਾਈਮ ਕੰਮ ਕਰਦਾ ਹੋਵੇ ਜਾਂ ਨਾ ਕਮਾਉਂਦਾ ਹੋਵੇ ਤਾਂ ਤਲਾਕ ਵਧੇਰੇ ਹੁੰਦੇ ਹਨ। ਅਧਿਅਨ ਦੇ ਲੇਖਕ ਅਲੈਗਜ਼ੈਂਡਰ ਕਿਲੇਵਾਲਡ ਮੁਤਾਬਕ ਇਸ ਦਾ ਕਾਰਨ "ਪਤੀ ਵੱਲੋਂ ਘਰ ਚਲਾਉਣ ਦੀ ਮਿਥ ਦਾ ਕਾਇਮ ਰਹਿਣਾ ਹੈ।"

Image copyright Thinkstock
ਫੋਟੋ ਕੈਪਸ਼ਨ ਅਧਿਅਨ ਜੇਕਰ ਕੋਈ ਪਾਰਟ ਟਾਈਮ ਕੰਮ ਕਰਦਾ ਹੋਵੇ ਜਾਂ ਨਾ ਕਮਾਉਂਦਾ ਹੋਵੇ ਤਾਂ ਤਲਾਕ ਵਧੇਰੇ ਹੁੰਦੇ ਹਨ

ਮੇਰੇ ਕੋਲ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਹੈ। ਮੇਰੇ ਮਾਤਾ-ਪਿਤਾ ਮੱਧਵਰਗੀ ਪਰਿਵਾਰ ਨਾਲ ਸੰਬੰਧਤ ਹਨ। ਮੇਰੇ ਪਿਤਾ 80ਵਿਆਂ ਦੇ ਅਖ਼ੀਰ ਵਿੱਚ ਬੈਂਕ 'ਚ ਉੱਚ ਅਹੁਦੇ 'ਤੇ ਆ ਗਏ ਸਨ।

ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਮਾਈ ਕਰ ਸਕਦੇ ਹਨ ਪਰ 19ਵਿਆਂ ਦੇ ਸ਼ੁਰੂ ਵਿੱਚ ਇਹ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਦੀ ਨੌਕਰੀ ਚਲੀ ਗਈ ਅਤੇ ਉਸ ਤੋਂ ਬਾਅਦ ਛੇਤੀ ਹੀ ਅਸੀਂ ਆਪਣਾ ਘਰ ਵੀ ਗੁਆ ਦਿੱਤਾ।

ਫੇਰ ਕੁਝ ਸਮੇਂ ਬਾਅਦ ਮੇਰੀ ਮਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਘਰ ਚਲਾਉਣ ਲੱਗੀ। ਹੌਲੀ-ਹੌਲੀ ਇਸੇ ਕਰਕੇ ਹੀ ਮੇਰੇ ਮਾਤਾ-ਪਿਤਾ ਵੱਖ ਹੋ ਗਏ ਕਿਉਂਕਿ ਮੇਰੇ ਪਿਤਾ ਦੇ ਆਤਮ-ਸਨਮਾਨ ਨੂੰ ਠੇਸ ਲੱਗੀ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ।

ਮੈਂ ਆਪਣੇ ਪਿਤਾ ਨੂੰ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਮੇਰੀ ਮੰਮੀ ਦੀ ਕੰਪਨੀ "ਦਰਅਸਲ ਉਨ੍ਹਾਂ ਦੀ ਹੀ ਹੈ।" ਮੈਂ ਉਨ੍ਹਾਂ ਨੂੰ ਇੱਕ ਦਿਨ ਇਸ ਗੱਲ 'ਤੇ ਲੜਦਿਆਂ ਦੇਖਿਆ ਕਿ ਮਾਂ ਨੇ ਪਿਤਾ ਨੂੰ ਪੂਰੇ ਹਫ਼ਤੇ ਲਈ ਪੈਸੇ ਦਿੱਤੇ ਸਨ ਅਤੇ ਉਹ ਇੱਕ ਦਿਨ ਵਿੱਚ ਖ਼ਤਮ ਕਰ ਆਏ ਸਨ।

ਉਸ ਵੇਲੇ ਮੈਂ ਜਵਾਨ ਸੀ ਅਤੇ ਮੈਂ ਇਸ ਬਾਰੇ ਆਪਣੇ ਦਾਦਾ ਜੀ ਨੂੰ ਦੱਸਿਆ।

ਹਾਲ ਹੀ ਵਿੱਚ ਮੈਂ ਆਪਣੀ ਇੱਕ ਸਹੇਲੀ ਨੂੰ ਵੀ ਆਪਣੇ ਘਰ ਦੀ ਮੁਖੀ ਵਜੋਂ ਕੰਮ ਕਰਦਿਆਂ ਦੇਖਿਆ, ਉਹ ਇੱਕ ਵਧੀਆ ਫਰੀਲਾਂਸਰ ਫੋਟੋਗ੍ਰਾਫਰ ਹੈ।

ਕੁਝ ਸਾਲਾਂ 'ਚ ਉਸ ਨੇ ਆਪਣੇ ਅਤੇ ਆਪਣੇ ਬੁਆਏ ਫਰੈਂਡ ਲਈ ਘਰ ਖਰੀਦਿਆ ਅਤੇ ਜਦੋਂ ਉਸ ਦਾ ਬੌਏ ਫਰੈਂਡ ਕੰਮ ਨਹੀਂ ਕਰਦਾ ਸੀ ਤਾਂ ਉਹ ਉਸ ਦੀ ਮਦਦ ਕਰਦੀ ਸੀ, ਉਹ ਛੁੱਟੀਆਂ ਦਾ ਖਰਚਾ ਚੁੱਕਦੀ, ਬਿੱਲ ਭਰਦੀ, ਰਾਸ਼ਨ ਖਰੀਦਦੀ ਆਦਿ।

ਉਸ ਦਾ ਬੁਆਏ ਫਰੈਂਡ ਅਕਸਰ ਸਾਰਿਆਂ ਨੂੰ ਕਹਿੰਦਾ ਕਿ ਉਸ ਨੂੰ "ਇੱਕ ਹਿੰਮਤੀ ਕੁੜੀ" ਨਾਲ ਰਹਿਣਾ ਚੰਗਾ ਲਗਦਾ ਹੈ ਪਰ ਨਿੱਜੀ ਤੌਰ 'ਤੇ ਮੈਂ ਉਨ੍ਹਾਂ ਨੂੰ ਅਕਸਰ ਲੜਦਿਆਂ ਦੇਖਿਆ ਹੈ।

ਕਈ ਵਾਰ ਜਦੋਂ ਉਹ ਆਪਣੇ ਕੰਮ ਕਰਕੇ ਬਾਹਰ ਹੁੰਦੀ ਤਾਂ ਉਹ ਉਸ ਨੂੰ ਪ੍ਰੇਸ਼ਾਨ ਅਤੇ ਬੇਇੱਜ਼ਤ ਕਰਨ ਵਾਲੇ ਸੰਦੇਸ਼ ਵੀ ਭੇਜਦੇ ਵੇਖਿਆ ਕਿ ਉਹ ਕਿਵੇਂ ਉਸ ਨੂੰ ਛੱਡ ਕੇ ਬਾਹਰ ਕੰਮ ਕਰ ਰਹੀ ਹੈ।

ਧੋਖਾ ਦੇਣ ਬਾਰੇ ਸੋਚ ਕੇ ਸ਼ਰਮਿੰਦਰਗੀ ਮਹਿਸੂਸ ਹੁੰਦੀ ਹੈ

ਇਹ ਸਭ ਦੇਖ ਕੇ ਮੈਨੂੰ ਵੀ ਲਗਦਾ ਹੈ ਕਿ ਜਦੋਂ ਮੇਰੇ ਬੁਆਏ ਫਰੈਂਡ ਨੂੰ ਪਤਾ ਲੱਗੇਗਾ ਕਿ ਮੇਰੀ ਤਨਖ਼ਾਹ ਉਸ ਨਾਲੋਂ ਵੱਧ ਹੈ ਤਾਂ ਉਹ ਕੀ ਕਰੇਗਾ, ਕੀ ਉਹ ਮੇਰੇ ਨਾਲ ਰਹੇਗਾ ਜਾਂ ਛੱਡ ਕੇ ਚਲਾ ਜਾਵੇਗਾ। ਮੈਨੂੰ ਇਸ ਬਾਰੇ ਸੋਚ ਕੇ ਡਰ ਲਗਦਾ ਹੈ।

ਮੈਨੂੰ ਇਹ ਸੋਚ ਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੈਂ ਉਸ ਨੂੰ ਧੋਖਾ ਦੇ ਰਹੀ ਹਾਂ ਜਿਸ ਨਾਲ ਮੈਂ ਹਰ ਗੱਲ ਸਕਦੀ ਹਾਂ।

ਫੋਟੋ ਕੈਪਸ਼ਨ ਹੁਣ ਅਸੀਂ ਇਕੱਠੇ ਹਾਂ ਅਤੇ ਆਸ ਹੈ ਕਿ ਅਸੀਂ ਆਖ਼ਰੀ ਸਾਹ ਤੱਕ ਇਕੱਠੇ ਰਹਾਂਗੇ

ਇਸ ਤੋਂ ਇਲਾਵਾ ਹੋਰ ਸ਼ਰਮਨਾਕ ਗੱਲ ਇਹ ਲਗਦੀ ਹੈ ਕਿ ਅਸੀਂ ਅਜੇ ਵੀ ਉਸ ਦੁਨੀਆਂ ਵਿੱਚ ਰਹਿ ਰਹੇ ਹਾਂ ਜਿੱਥੇ ਤੁਸੀਂ ਇੱਕ ਕਾਮਯਾਬ ਔਰਤ ਤਾਂ ਹੋ ਪਰ ਇਸ ਦਾ ਆਨੰਦ ਨਹੀਂ ਮਾਣ ਸਕਦੇ।

ਇਸ ਤਰ੍ਹਾਂ ਅਸੀਂ ਤਨਖ਼ਾਹ ਵਿਚਲੇ ਲਿੰਗ ਭੇਦ ਨੂੰ ਕਿਵੇਂ ਮਿਟਾ ਸਕਾਂਗੇ? ਨਿੱਜੀ ਤੌਰ 'ਤੇ ਮੈਨੂੰ ਆਸ ਹੈ ਕਿ ਮੇਰੇ ਅਤੇ ਮੇਰੇ ਬੁਆਏ ਫਰੈਂਡ ਦੀ ਜ਼ਿੰਦਗੀ 'ਚ ਅਜਿਹਾ ਮੌਕਾ ਆਵੇਗਾ ਜਦੋਂ ਅਸੀਂ ਬਰਾਬਰ ਮਹਿਸੂਸ ਕਰਾਂਗੇ।

ਮੈਂ ਬਿਨਾਂ ਡਰੇ ਆਪਣੀ ਤਨਖ਼ਾਹ ਬਾਰੇ ਆਪਣੇ ਬੁਆਏ ਫਰੈਂਡ ਨੂੰ ਦੱਸ ਸਕਾਂਗੀ ਤੇ ਉਹ ਮੇਰੇ ਨਾਲ ਨਾਰਾਜ਼ ਨਹੀਂ ਹੋਵੇਗਾ।

ਮੈਂ ਆਪਣੇ 'ਤੇ ਵਧੇਰੇ ਯੋਗਦਾਨ ਪਾਉਣ ਦਾ ਕੋਈ ਦਬਾਅ ਮਹਿਸੂਸ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਉਸ ਨੂੰ ਹਮਾਇਤ ਦੇਣਾ ਚਾਹੁੰਦੀ ਹਾਂ। ਬਸ ਮੈਂ ਤਾਂ ਆਪਣੇ ਬੈਂਕ ਖਾਤਿਆਂ ਵਿੱਚ ਧਿਆਨ ਦਿੱਤੇ ਬਿਨਾਂ ਬਰਾਬਰ ਹੋਣਾ ਚਾਹੁੰਦੀ ਹਾਂ।

(ਲੇਖਿਕਾ ਨੇ ਆਪਣੀ ਪਛਾਣ ਨਾ ਦੱਸਦਿਆ ਬੀਬੀਸੀ ਨਾਲ ਆਪਣੀ ਜ਼ਿੰਦਗੀ ਦਾ ਇੱਕ ਪਹਿਲੂ ਸਾਂਝਾ ਕੀਤਾ ਹੈ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)