VLOG: ‘ਦੁਆ ਕਰੋ ਮੀਆਂ ਨਵਾਜ਼ ਸ਼ਰੀਫ਼ ਪੈਰਾਂ ’ਤੇ ਤੁਰ ਕੇ ਜੇਲ੍ਹ ਜਾਣ’

  • ਮੁਹੰਮਦ ਹਨੀਫ਼
  • ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ
ਵੀਡੀਓ ਕੈਪਸ਼ਨ,

ਨਵਾਜ਼ ਸ਼ਰੀਫ਼ ਕਿਉਂ ਬਣਨਾ ਚਾਹੁੰਦੇ ਹਨ ਵਜ਼ੀਰ-ਏ-ਆਜ਼ਮ?

ਸੰਨ 1999 ਦੀ ਗੱਲ ਹੈ, ਮੀਆਂ ਨਵਾਜ਼ ਸ਼ਰੀਫ਼ ਵੱਡੇ ਤਗੜੇ ਵਜ਼ੀਰ-ਏ-ਆਜ਼ਮ ਸਨ। ਫਿਰ ਆਪਣੇ ਬਣਾਏ ਜਨਰਲ ਮੁਸ਼ੱਰਫ ਨੂੰ ਫਾਰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਾ ਕਿ ਐਡੇ ਤਗੜੇ ਵੀ ਕੋਈ ਨਹੀਂ।

ਜਨਰਲ ਮੁਸ਼ੱਰਫ ਨੇ ਮਾਰਸ਼ਲ ਲਾਅ ਲਗਾ ਦਿੱਤਾ ਤੇ ਆਪਣੇ ਆਪ ਨੂੰ ਚੀਫ਼ ਅਗਜ਼ੈਕਟਿਵ ਕਹਾਉਣ ਲੱਗ ਪਿਆ। ਮੁਸ਼ਰੱਫ ਤਬੀਅਤ ਦਾ ਬਾਦਸ਼ਾਹ ਸੀ। ਪਹਿਲਾਂ ਨਵਾਜ਼ ਸ਼ਰੀਫ਼ ਨੂੰ ਜੇਲ੍ਹ ਵਿੱਚ ਪਾਇਆ। ਫੇਰ ਕਈ ਸਾਊਦੀ ਤੇ ਅਮਰੀਕੀ ਯਾਰ ਵਿੱਚ ਪਏ ਤੇ ਮੀਆਂ ਸਾਹਿਬ ਨੂੰ ਮੁਆਫ਼ੀ ਦੁਆ ਦਿੱਤੀ।

ਇੱਕ ਪੱਤਰ 'ਤੇ ਦਸਤਖ਼ਤ ਕੀਤੇ, ਦੇਸ ਨਿਕਾਲਾ ਮਿਲਿਆ ਤੇ ਸਾਊਦੀ ਅਰਬ ਜਾ ਕੇ ਅੱਲ੍ਹਾ-ਅੱਲ੍ਹਾ ਕਰਨ ਲੱਗ ਪਿਆ।

ਕਹਿੰਦੇ ਹਨ ਤਾਕਤ ਅਜਿਹਾ ਨਸ਼ਾ ਹੈ। ਇੱਕ ਵਾਰ ਲੱਗ ਜਾਵੇ ਫਿਰ ਛੁੱਟਦਾ ਕਦੇ ਨਹੀਂ। ਸਾਊਦੀ ਅਰਬ ਦੇ ਬਾਦਸ਼ਾਹ ਨੇ ਮੀਆਂ ਸਾਹਿਬ ਨੂੰ ਥੋੜ੍ਹੀ ਜਿਹੀ ਢਿੱਲ ਦਿੱਤੀ ਤੇ ਸਿੱਧਾ ਲੰਡਨ ਅੱਪੜ ਗਏ। ਕੁਝ ਦਿਨ ਸੂਟ-ਬੂਟ ਪਾ ਕੇ ਲੰਡਨ ਵੇਖਿਆ ਤੇ ਫੇਰ ਆਖਿਆ ਮੈਂ ਤਾਂ ਇਸਲਾਮਾਬਾਦ ਚੱਲਿਆ।

ਤਸਵੀਰ ਸਰੋਤ, Getty images /afp

ਤਸਵੀਰ ਕੈਪਸ਼ਨ,

ਸਾਊਦੀ ਅਰਬ ਦੇ ਬਾਦਸ਼ਾਹ ਨੇ ਮੀਆਂ ਸਾਹਿਬ ਨੂੰ ਥੋੜ੍ਹੀ ਜਿਹੀ ਢਿੱਲ ਦਿੱਤੀ ਤੇ ਸਿੱਧਾ ਲੰਡਨ ਅੱਪੜ ਗਏ

ਆਪਣੇ ਹਿਮਾਇਤੀਆਂ ਨੂੰ ਹੁਕਮ ਦਿੱਤਾ ਕਿ ਮੈਂ ਆ ਰਿਹਾ ਹਾਂ ਤੇ ਤੁਸੀਂ ਵੀ ਏਅਰਪੋਰਟ ਪਹੁੰਚੋ। ਮੈਂ ਵੀ ਕਈ ਸਾਹਿਬ ਜੀਆਂ ਦੀ ਤਰ੍ਹਾਂ ਤਮਾਸ਼ਾ ਦੇਖਣ ਲਈ ਮੀਆਂ ਸਾਹਿਬ ਨਾਲ ਜਹਾਜ਼ 'ਚ ਬੈਠ ਕੇ ਇਸਲਾਮਾਬਾਦ ਗਿਆ। ਜਹਾਜ਼ ਵਿੱਚ ਦੁਆ ਕਰਵਾਈ ਗਈ, ਮੀਆਂ ਸਾਹਿਬ ਦੇ ਨਾਅਰੇ ਵੱਜੇ। ਮੀਆਂ ਸਾਹਿਬ ਨੇ ਇੱਕ ਨਿੱਕੀ ਜਿਹੀ ਤਕਰੀਰ ਵੀ ਕੀਤੀ।

ਜਦੋਂ ਫੌਜਾਂ ਨੇ ਕੀਤਾ ਮੀਆਂ ਸਾਹਿਬ ਦਾ ਸਵਾਗਤ

ਇੱਕ ਮੁੰਡੇ ਨੇ ਜ਼ਰਾ ਜਜ਼ਬਾਤੀ ਹੋ ਕੇ ਗਾਣਾ ਗਾਇਆ 'ਸਰਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁਏ ਕਾਤਲ ਮੇਂ ਹੈ'।

ਇਸਲਾਮਾਬਾਦ ਉਤਰੇ ਤਾਂ ਪਤਾ ਲੱਗਾ ਕਿ ਮੁਸ਼ਰੱਫ ਦਾ ਜ਼ੋਰੇ ਬਾਜ਼ੂ ਕੁਝ ਵੱਧ ਹੀ ਹੈ। ਉਸ ਨੇ ਅਜਿਹਾ ਡੰਡਾ ਫੇਰਿਆ ਕਿ ਇਸਲਾਮਾਬਾਦ ਏਅਰਪੋਰਟ 'ਤੇ ਨਾ ਬੰਦਾ ਸੀ ਤੇ ਨਾ ਬੰਦੇ ਦੀ ਜਾਤ। ਹਰ ਪਾਸੇ ਫੌਜਾਂ ਹੀ ਫੌਜਾਂ, ਪੁਲਿਸ ਹੀ ਪੁਲਿਸ। ਮੀਆਂ ਸਾਹਿਬ ਦੇ ਇੱਕ ਵੀ ਹਮਾਇਤੀ ਨੂੰ ਏਅਰਪੋਰਟ ਨੂੰ ਨੇੜੇ ਨਹੀਂ ਲੱਗਣ ਦਿੱਤਾ।

ਤਸਵੀਰ ਸਰੋਤ, Getty Images

ਮੀਆਂ ਸਾਹਿਬ ਨੂੰ ਜਹਾਜ਼ ਤੋਂ ਲਾਇਆ, ਫੇਰ ਕੈਮਰਾ ਵਾਲਿਆਂ ਨੂੰ ਇੱਧਰ-ਉੱਧਰ ਕੀਤਾ ਤੇ ਡੰਡਾ ਡੋਲੀ ਕਰਕੇ ਇੱਕ ਜਹਾਜ਼ ਵਿੱਚ ਸੁੱਟਿਆ ਤੇ ਜਹਾਜ਼ ਸਾਊਦੀ ਅਰਬ ਵਾਪਿਸ ਤੁਰ ਗਿਆ। ਨਵਾਜ਼ ਸ਼ਰੀਫ਼ ਦੇ ਕਰਮ ਚੰਗੇ ਸਨ ਫਿਰ ਪਰਤੇ, ਫਿਰ ਵਜ਼ੀਰ-ਏ-ਆਜ਼ਮ ਬਣੇ ਪਰ ਪੁਰਾਣੇ ਜ਼ੋਰਾਵਰਾਂ ਨੂੰ ਫੱਬੇ ਨਹੀਂ।

ਮੁਸ਼ੱਰਫ਼ ਦੀ ਤਾਕਤ ਤੇ ਸ਼ਰੀਫ਼ ਦੀ ਖੁਆਇਸ਼

ਸਾਡੇ ਬਹਾਦਰ ਜਰਨੈਲਾਂ ਤੇ ਮੂੰਹਜ਼ੋਰ ਜੱਜਾਂ ਨੇ ਕੱਢ ਕੇ ਬਾਹਰ ਮਾਰਿਆ ਤੇ ਹੁਣ ਸਜ਼ਾ ਵੀ ਸੁਣਾ ਦਿੱਤੀ ਹੈ। ਮੀਆਂ ਸਾਹਿਬ ਇੱਕ ਵਾਰ ਫਿਰ ਲੰਡਨ ਤੋਂ ਜਹਾਜ਼ ਵਿੱਚ ਬੈਠ ਕੇ ਲਾਹੌਰ ਅਪੜਨ ਲੱਗੇ ਨੇ। ਹਲਕਤ ਨੂੰ ਕਹਿ ਦਿੱਤਾ ਗਿਆ ਕਿ ਮੈਂ ਆ ਰਿਹਾ ਹਾਂ ਤੁਸੀਂ ਵੀ ਅਪੜੋ।

ਅੱਜ ਤੱਕ ਇਹ ਸਮਝ ਨਹੀਂ ਆਈ ਕਿ ਕੋਈ ਪਾਕਿਸਤਾਨ ਦਾ ਵਜ਼ੀਰ-ਏ- ਆਜ਼ਮ ਬਣਨਾ ਕਿਉਂ ਚਾਹੁੰਦਾ ਹੈ।

ਸਾਡਾ ਪਹਿਲਾ ਵਜ਼ੀਰ-ਏ-ਆਜ਼ਮ ਸੀ ਲਿਆਕਤ ਅਲੀ। ਉਸ ਨੂੰ ਗੋਲੀ ਮਾਰੀ ਗਈ ਫਿਰ ਗੋਲੀ ਮਾਰਨ ਵਾਲੇ ਨੂੰ ਵੀ ਗੋਲੀ ਮਾਰ ਦਿੱਤੀ ਗਈ।

ਫੇਰ ਇੱਕ ਭੁੱਟੋ ਆਇਆ ਜਿਸ ਨੂੰ ਸਾਰੇ ਵਾਹ-ਵਾਹ ਫਖ਼ਰੇ ਏਸ਼ੀਆ ਦੇ ਨਾਅਰੇ ਵੱਜਦੇ ਸਨ ਉਹ ਫਾਹੇ ਲੱਗਾ। ਉਸਦੀ ਧੀ ਦੋ ਵਾਰ ਵਜ਼ੀਰ-ਏ-ਆਜ਼ਮ ਬਣੀ।

ਤਸਵੀਰ ਸਰੋਤ, AFP/NA

ਤਸਵੀਰ ਕੈਪਸ਼ਨ,

ਅਦਾਲਤ ਨੇ ਮਰੀਅਮ ਨਵਾਜ਼ 'ਤੇ 20 ਲੱਖ ਪੌਂਡ (ਲਗਪਗ ਪੌਣੇ ਦੋ ਕਰੋੜ ਭਾਰਤੀ ਰੁਪਏ) ਦਾ ਜੁਰਮਾਨਾ ਵੀ ਲਗਾਇਆ

ਫਿਰ ਉਹ ਇੰਝ ਖੋਈ ਗਈ ਕਿ ਸੜਕ ਤੋਂ ਉਹਦਾ ਲਹੂ ਐਨੀ ਛੇਤੀ ਸਾਫ਼ ਕੀਤਾ ਗਿਆ ਕਿ ਅੱਜ ਤੱਕ ਉਸ ਦੇ ਕਾਤਲ ਦਾ ਹੀ ਪਤਾ ਨਹੀਂ ਲੱਗਾ।

ਜਿਸ ਜ਼ੋਰਾਵਰ ਮੁਸ਼ੱਰਫ ਨੇ ਨਵਾਜ਼ ਸ਼ਰੀਫ਼ ਨੂੰ ਡੰਡਾ-ਡੋਲੀ ਕਰਵਾਇਆ ਸੀ ਉਹਦੀਆਂ ਹੁਣ ਅਦਾਲਤਾਂ ਤਰਲੇ-ਮਿਣਤਾਂ ਕਰਦੀਆਂ ਹਨ ਤੇ ਉਹ ਦੁਬਈ ਬੈਠ ਕੇ ਹੱਸਦਾ ਹੈ। ਹੁਣ ਸੁਣਿਆ ਹੈ ਕਿ ਲੰਡਨ ਲੈਕਚਰ ਦੇਣ ਚੱਲਿਆ ਏ।

ਉਸੇ ਲੰਡਨ ਤੋਂ ਮੀਆਂ ਸਾਹਿਬ ਲਾਹੌਰ ਵੱਲ ਤੁਰਨ ਆ ਰਹੇ ਹਨ। ਜੇਲ੍ਹ ਤਾਂ ਜਾਣਾ ਹੀ ਹੈ, ਬਸ ਐਨੀ ਦੁਆ ਕਰੋ ਕਿ ਪੈਰਾਂ ਤੇ ਤੁਰ ਕੇ ਜਾਣ ਡੰਡਾ-ਡੋਲੀ ਨਾ ਕਰਨਾ ਪਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)