ਪਾਕਿਸਤਾਨ ਦੀਆਂ ਆਮ ਚੋਣਾਂ ਨੂੰ ਇਹ 5 ਮੁੱਦੇ ਪ੍ਰਭਾਵਿਤ ਕਰਨਗੇ

ਨਵਾਜ਼ ਸ਼ਰੀਫ਼ ਅਦਾਲਤ ਵੱਲੋਂ ਆਯੋਗ ਠਹਿਰਾਉਣ ਕਾਰਨ ਚੋਣ ਨਹੀਂ ਲੜ ਸਕਣਗੇ Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ਼ ਅਦਾਲਤ ਵੱਲੋਂ ਆਯੋਗ ਠਹਿਰਾਉਣ ਕਾਰਨ ਚੋਣ ਨਹੀਂ ਲੜ ਸਕਣਗੇ

ਪਾਕਿਸਤਾਨ ਅਗਲੀਆਂ ਆਮ ਚੋਣਾਂ ਲਈ ਤਿਆਰ ਹੈ। ਹੌਲੀ-ਹੌਲੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਸਰਗਰਮ ਹੋ ਰਹੀਆਂ ਹਨ।

ਭਾਵੇਂ ਸਭ ਕੁਝ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਹੋ ਰਿਹਾ ਹੈ ਪਰ ਫਿਰ ਵੀ ਇੱਕ ਲੁਕਿਆ ਹੋਇਆ ਡਰ ਤੇ ਇੱਕ ਗੈਰ-ਯਕੀਨੀ ਮਾਹੌਲ ਹੈ ਕਿ ਕਿਤੇ ਚੋਣਾਂ ਮੁਲਤਵੀ ਨਾ ਹੋ ਜਾਣ ਜਾਂ ਕਿਤੇ ਕਿਸੇ ਪੱਧਰ 'ਤੇ ਕੋਈ ਰੁਕਾਵਟ ਨਾ ਆ ਜਾਵੇ।

ਕਈ ਕਿਆਸ ਲਾਏ ਜਾ ਰਹੇ ਹਨ, ਕਈ ਮਿੱਥਾਂ ਘੜੀਆਂ ਜਾ ਰਹੀਆਂ ਹਨ ਕਿ ਕੌਣ ਪਾਕਿਸਤਾਨ ਦੀਆਂ ਇਹ ਚੋਣਾਂ ਜਿੱਤੇਗਾ।

ਅਸੀਂ ਪਾਕਿਸਤਾਨੀ ਸਿਆਸਤ ਦੇ ਤਿੰਨ ਵੱਡੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਮੁੱਦੇ ਇਨ੍ਹਾਂ ਚੋਣਾਂ ਵਿੱਚ ਅਹਿਮ ਰਹਿਣਗੇ।

ਇਹ ਵੀ ਪੜ੍ਹੋ:

ਪਾਕਿਸਤਾਨ ਇੰਸਟਿਟੀਊਟ ਆਫ ਲੈਜਿਸਲੇਟਿਵ ਡੇਵਲੈਪਮੈਂਟ ਐਂਡ ਟਰਾਂਪੈਰੰਸੀ ਦੇ ਅਹਿਮਦ ਬਿਲਾਲ ਮਹਿਬੂਬ, ਮੰਨੇ-ਪਰਮੰਨੇ ਪੱਤਰਕਾਰ ਸੁਹੇਲ ਵੜੈਚ ਅਤੇ ਰਾਜਨੀਤਿਕ ਸ਼ਾਸ਼ਤਰ ਦੇ ਮਾਹਿਰ ਸਾਰਾਹ ਖ਼ਾਨ ਨਾਲ ਅਸੀਂ 5 ਮੁੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ ਜੋ ਪਾਕਿਸਤਾਨ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

1. ਨਵਾਜ਼ ਸ਼ਰੀਫ ਲਈ ਹਮਦਰਦੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਸੁਪਰੀਮ ਕੋਰਟ ਨੇ ਸਰਕਾਰੀ ਅਹੁਦੇ ਲਈ 28 ਜੁਲਾਈ 2017 ਨੂੰ ਆਯੋਗ ਕਰਾਰ ਕਰ ਦਿੱਤਾ ਗਿਆ ਸੀ।

ਨਵਾਜ਼ ਸ਼ਰੀਫ ਦਾ ਨਾਂ 2016 ਦੇ ਪਨਾਮਾ ਪੇਪਰਜ਼ ਵਿੱਚ ਆਇਆ ਸੀ ਜਿਸ ਵਿੱਚ ਉਨ੍ਹਾਂ ਦੇ ਬੱਚਿਆਂ 'ਤੇ ਆਫਸ਼ੌਰ ਕੰਪਨੀਆਂ ਵਿੱਚ ਨਿਵੇਸ਼ ਕਰਨ ਦੇ ਇਲਜ਼ਾਮ ਲੱਗੇ ਸਨ।

Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ਼ ਦੀ ਪਤਨੀ ਦਾ ਇਲਾਜ ਇਸ ਵੇਲੇ ਲੰਡਨ ਵਿੱਚ ਚੱਲ ਰਿਹਾ ਹੈ

ਨਵਾਜ਼ ਸ਼ਰੀਫ ਹੁਣ ਚੋਣਾਂ ਨਹੀਂ ਲੜ ਸਕਦੇ ਪਰ ਉਹ ਚੋਣਾਂ ਵਿੱਚ ਆਪਣੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ ਐੱਨ ਦੇ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਹਨ। ਇਸ ਪਾਰਟੀ ਦੇ ਪ੍ਰਧਾਨ ਉਨ੍ਹਾਂ ਦੇ ਹੀ ਭਰਾ ਸ਼ਾਹਬਾਜ਼ ਸ਼ਰੀਫ਼ ਹਨ।

ਸਿਆਸੀ ਮਾਹਿਰ ਸੁਹੇਲ ਵੜੈਚ ਅਨੁਸਾਰ 2018 ਦੀਆਂ ਚੋਣਾਂ ਦੇ ਨਤੀਜੇ ਨਵਾਜ਼ ਸ਼ਰੀਫ ਦੇ ਨਾਅਰੇ, 'ਮੁਝੇ ਕਿਉਂ ਨਿਕਾਲਾ' ਦੇ ਭਵਿੱਖ ਦਾ ਫੈਸਲਾ ਕਰਨਗੇ।

"ਜੇ ਜਨਤਾ ਮੰਨਦੀ ਹੈ ਕਿ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਟਾਇਆ ਗਿਆ ਤਾਂ ਉਨ੍ਹਾਂ ਦੀ ਪਾਰਟੀ ਪਹਿਲਾਂ ਨਾਲੋਂ ਵੀ ਹੋਰ ਮਜ਼ਬੂਤੀ ਨਾਲ ਸੱਤਾ ਵਿੱਚ ਆ ਸਕਦੀ ਹੈ।''

ਵੜੈਚ ਅਨੁਸਾਰ, "ਉਨ੍ਹਾਂ ਨੇ ਆਪਣੀ ਕਹਾਣੀ ਇਸੇ ਮੁੱਦੇ ਦੇ ਆਲੇ-ਦੁਆਲੇ ਉਸਾਰੀ ਹੈ ਕਿ ਉਨ੍ਹਾਂ ਨੂੰ ਦਬਾਇਆ ਤੇ ਪਾਸੇ ਕੀਤਾ ਜਾ ਰਿਹਾ ਹੈ।''

ਕੀ ਮਿਲੇਗੀ ਨਵਾਜ਼ ਸ਼ਰੀਫ ਨੂੰ ਹਮਦਰਦੀ?

ਬੀਤੇ ਇੱਕ ਸਾਲ ਵਿੱਚ ਨਵਾਜ਼ ਸ਼ਰੀਫ਼ 7 ਵਾਰ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਵੱਲੋਂ ਅਦਾਲਤ ਵਿੱਚ ਚੱਲ ਰਹੇ ਮਾਮਲੇ ਨੂੰ ਅਦਾਲਤ ਦੀ ਬਦਲਾਕੁਨ ਕਾਰਵਾਈ ਕਰਾਰ ਦਿੱਤਾ ਗਿਆ ਹੈ।

ਅਹਿਮਦ ਬਿਲਾਲ ਮਹਿਬੂਬ ਮੰਨਦੇ ਹਨ, "ਨਵਾਜ਼ ਸ਼ਰੀਫ ਖੁਦ ਨੂੰ ਪੀੜਤ ਵਜੋਂ ਦਰਸ਼ਾਉਣ ਵਿੱਚ ਕਾਮਯਾਬ ਰਹੇ ਹਨ। ਲੋਕ ਉਨ੍ਹਾਂ ਨੂੰ ਸੁਣ ਰਹੇ ਹਨ ਅਤੇ ਕਾਫੀ ਲੋਕ ਇਹ ਮੰਨਦੇ ਹਨ ਕਿ ਦੇਸ ਦੀਆਂ ਤਾਕਤਵਰ ਸੰਸਥਾਵਾਂ ਨੇ ਉਨ੍ਹਾਂ ਦੇ ਨਾਲ ਧੱਕਾ ਕੀਤਾ ਹੈ।''

ਨਵਾਜ਼ ਸ਼ਰੀਫ਼ ਦੀ ਪਤਨੀ ਗੰਭੀਰ ਰੂਪ ਨਾਲ ਬਿਮਾਰ ਹਨ। ਪਿਛਲੇ ਸਾਲ ਅਗਸਤ ਵਿੱਚ ਉਨ੍ਹਾਂ ਦਾ ਕੈਂਸਰ ਦਾ ਇਲਾਜ ਹੋਇਆ ਸੀ। ਉਨ੍ਹਾਂ ਦਾ ਇਸ ਵੇਲੇ ਲੰਡਨ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਵੈਂਟੀਲੇਟਰ ''ਤੇ ਹਨ।

ਮਾਹਿਰ ਮੰਨਦੇ ਹਨ ਕਿ ਨਵਾਜ਼ ਸ਼ਰੀਫ ਦੀ ਪਤਨੀ ਦੀ ਬਿਮਾਰੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਵੋਟਰਾਂ ਦੀ ਹਮਦਰਦੀ ਦੁਆਈ ਹੈ।

2008 ਵਿੱਚ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ ਬੇਨਜ਼ਰੀ ਭੁੱਟੇ ਦੇ ਕਤਲ ਨੇ ਉਨ੍ਹਾਂ ਦੀ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆ ਦਿੱਤਾ ਸੀ।

ਸਿਆਸੀ ਮਾਹਿਰ ਸਾਰਾਹ ਖ਼ਾਨ ਅਨੁਸਾਰ, "ਹਮਦਰਦੀ ਦੀ ਲਹਿਰ ਕੁਝ ਵਕਤ ਲਈ ਹੁੰਦੀ ਹੈ। ਉਹ ਕਿਸੇ ਵੀ ਪਾਰਟੀ ਦੇ ਮੁੱਢਲੀ ਹਮਾਇਤ 'ਤੇ ਕੋਈ ਅਸਰ ਨਹੀਂ ਪਾ ਸਕਦੀ ਹੈ ਪਰ ਕੁਝ ਹਲਕਿਆਂ ਵਿੱਚ ਜਿੱਥੇ ਮੁਕਾਬਲਾ ਸਖ਼ਤ ਹੋਏ ਅਤੇ ਜਿੱਤ ਦਾ ਫਰਕ ਵੀ ਘੱਟ ਰਹਿਣ ਦੀ ਉਮੀਦ ਹੋਵੇ ਤਾਂ ਉੱਥੇ ਨਵਾਜ਼ ਸ਼ਰੀਫ ਦਾ ਖੁਦ ਨੂੰ ਪੀੜਤ ਵਜੋਂ ਪੇਸ਼ ਕਰਨਾ ਕੰਮ ਆ ਸਕਦਾ ਹੈ।''

2. ਫੌਜ ਦੀ ਭੂਮਿਕਾ

ਭਾਵੇਂ ਹਾਲ ਵਿੱਚ ਹੀ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਇਹ ਦਆਵਾ ਕੀਤਾ ਹੈ ਕਿ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ ਪਰ ਮਾਹਿਰ ਮੰਨਦੇ ਹਨ ਕਿ ਫੌਜ ਅਜੇ ਵੀ ਪਾਕਿਸਤਾਨ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਅਹਿਮਦ ਬਿਲਾਲ ਮਹਿਬੂਬ ਅਨੁਸਾਰ, "ਬੀਤੇ ਵਕਤ ਵਿੱਚ ਇਹ ਦੇਖਿਆ ਗਿਆ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਜਾਂ ਹਾਰ ਵਿੱਚ ਫੌਜ ਦੀ ਦਿਲਸਚਸਪੀ ਫੈਸਲਾਕੁਨ ਭੂਮਿਕਾ ਅਦਾ ਕਰਦੀ ਹੈ।''

Image copyright Getty Images
ਫੋਟੋ ਕੈਪਸ਼ਨ ਫੌਜ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਵਿੱਚ ਉਨ੍ਹਾਂ ਵੱਲੋਂ ਕੋਈ ਦਖਲ ਨਹੀਂ ਦਿੱਤਾ ਜਾ ਰਿਹਾ ਹੈ

ਉਨ੍ਹਾਂ ਕਿਹਾ, "ਪਾਕਿਸਤਾਨ ਦੇ ਸੰਦਰਭ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਪ੍ਰਤੀ ਫੌਜ ਦਾ ਰੁਖ ਵੀ ਬੇਹੱਦ ਅਹਿਮ ਹੈ।''

ਸੁਹੇਲ ਵੜੈਚ ਫੌਜ ਦੀ ਭੂਮਿਕਾ ਨੂੰ ਵੱਖ ਨਜ਼ਰੀਏ ਨਾਲ ਵੇਖਦੇ ਹਨ। ਉਨ੍ਹਾਂ ਅਨੁਸਾਰ, "ਫੌਜ ਦੀ ਤਾਕਤ ਤੇ ਰਸੂਖ ਇੱਕ ਹਕੀਕਤ ਹੈ ਪਰ ਉਨ੍ਹਾਂ ਕੋਲ ਇੱਕ ਵੱਡਾ ਵੋਟ ਬੈਂਕ ਹੈ।''

"ਫੌਜ ਦੀ ਗਿਣਤੀ ਤਕਰੀਬਨ 8 ਲੱਖ ਹੈ ਅਤੇ ਜੇ ਤੁਸੀਂ ਇਨ੍ਹਾਂ ਦੇ ਪਰਿਵਾਰ ਜਾਂ ਹੋਰ ਲੋਕ ਜੋੜ ਦਿਓ ਜਿਨ੍ਹਾਂ ਦਾ ਮਾਲੀ ਫਾਇਦਾ ਫੌਜ ਨਾਲ ਜੁੜਦਾ ਹੈ ਤਾਂ ਇਹ ਗਿਣਤੀ ਇੱਕ ਕਰੋੜ ਤੱਕ ਪਹੁੰਚ ਜਾਂਦੀ ਹੈ।''

ਸਾਰਾਹ ਖਾਨ ਮੰਨਦੇ ਹਨ ਕਿ ਪ੍ਰੈੱਸ ਦੀ ਆਜ਼ਾਦੀ 'ਤੇ ਪਾਬੰਦੀ ਲਾਉਣ ਵਰਗੇ ਤਰੀਕਿਆਂ ਨਾਲ ਫੌਜ ਕਦੇ ਵੀ ਅਜਿਹਾ ਸਿਆਸੀ ਮਾਹੌਲ ਨਹੀਂ ਪੈਦਾ ਕਰ ਸਕਦੀ ਹੈ ਜਿੱਥੇ ਨਿਰਪੱਖ ਚੋਣਾਂ ਕਰਵਾਈਆਂ ਜਾਣ।

3. ਧਰਮ ਦੀ ਭੂਮਿਕਾ

ਪਾਕਿਸਤਾਨ ਦੇ ਲੋਕਾਂ ਵਿੱਚ ਧਰਮ ਦੀ ਖਾਸ ਅਹਿਮੀਅਤ ਹੈ ਤੇ ਚੋਣਾਂ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੀਆਂ।

ਪਾਕਿਸਤਾਨ ਵਿੱਚ ਹਾਲ ਵਿੱਚ ਹੀ ਕਈ ਧਾਰਮਿਕ ਤੇ ਸਿਆਸੀ ਗਠਜੋੜ ਦੇਖੇ ਗਏ ਹਨ ਜਿਸ ਨਾਲ ਧਰਮ ਤੇ ਸਿਆਸਤ ਦਾ ਰਿਸ਼ਤਾ ਹੋਰ ਉਭਰ ਕੇ ਸਾਹਮਣੇ ਆਇਆ ਹੈ।

Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ ਦੀ ਪਾਰਟੀ ਵੱਲੋਂ ਤਾਕਤਵਰ ਸੰਸਥਾਵਾਂ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਗਏ ਹਨ

ਅਹਿਮਦ ਬਿਲਾਲ ਮਹਿਬੂਬ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀਐੱਮਐੱਲ-ਐੱਨ ਅਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ ਵਿਚਾਲੇ ਸਖ਼ਤ ਮੁਕਾਬਲਾ ਹੈ, ਉਨ੍ਹਾਂ ਹਾਲਾਤ ਵਿੱਚ ਧਾਰਮਿਕ ਗਠਜੋੜ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

"ਜਿੱਥੇ ਜਿੱਤ ਦਾ ਫਰਕ ਘੱਟ ਹੋਵੇਗਾ ਉੱਥੇ ਧਾਰਮਿਕ ਪਾਰਟੀਆਂ ਕਿਸੇ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਕਾਰਨ ਬਣ ਸਕਦੀਆਂ ਹਨ।''

ਸੁਹੇਲ ਵੜੈਚ ਕਹਿੰਦੇ ਹਨ ਬੀਤੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਧਾਰਮਿਕ ਪਾਰਟੀਆਂ ਨੇ ਨਵਾਜ਼ ਸ਼ਰੀਫ ਦੀ ਪਾਰਟੀ ਦੇ ਵੋਟ ਬੈਂਕ ਨੂੰ ਢਾਹ ਲਾਈ ਹੈ।

ਸਾਰਾਹ ਅਨੁਸਾਰ, "ਭਾਵੇਂ ਈਸ਼ ਨਿੰਦਾ ਕਾਨੂੰਨ ਖਿਲਾਫ਼ ਕਈ ਗਰੁੱਪਾਂ ਵੱਲੋਂ ਵੱਡੀਆਂ ਮੁਹਿੰਮਾਂ ਚਲਾਈਆਂ ਗਈਆਂ ਹੋਣ ਪਰ ਫਿਰ ਵੀ ਧਰਮ ਅਜੇ ਵੀ ਪਾਕਿਸਤਾਨ ਦੀ ਸਿਆਸਤ ਵਿੱਚ ਲੋਕਾਂ ਨੂੰ ਜਥੇਬੰਦ ਕਰਨ ਦੀ ਤਾਕਤ ਰੱਖਦਾ ਹੈ।''

"ਪਰ ਇਹ ਤਾਂ ਵਕਤ ਦੱਸੇਗਾ ਕਿ ਅਜਿਹੇ ਧਾਰਮਿਕ ਗਰੁੱਪ ਇਸ ਵਾਰ ਚੋਣਾਂ ਤੇ ਕੋਈ ਸਾਰਥਕ ਅਸਰ ਪਾਉਂਦੇ ਹਨ ਜਾਂ ਪਹਿਲਾਂ ਵਾਂਗ ਹੀ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਹਨ।''

ਇਹ ਦੇਖਿਆ ਗਿਆ ਹੈ ਕਿ ਧਾਰਮਿਕ ਗਰੁੱਪ ਪ੍ਰਦਰਸ਼ਨਾਂ ਤੇ ਚੋਣਾਂ ਤੋਂ ਪਰੇ ਦੀਆਂ ਗਤੀਵਿਧੀਆਂ ਵਿੱਚ ਤਾਂ ਸਰਗਰਮ ਨਜ਼ਰ ਆਉਂਦੇ ਹਨ ਪਰ ਚੋਣਾਂ ਵਿੱਚ ਜਿੱਤ ਕੇ ਸੱਤਾ ਤੱਕ ਪਹੁੰਚਣ ਵਿੱਚ ਨਾਕਾਮ ਰਹਿੰਦੇ ਹਨ।

4. ਆਰਥਿਕ ਵਿਕਾਸ

ਪਾਕਿਸਤਾਨ ਵਿੱਚ ਲੋਕ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵੱਲ ਖਾਸ ਧਿਆਨ ਨਹੀਂ ਦਿੰਦੇ ਹਨ ਖਾਸਕਰ ਆਰਥਿਕ ਏਜੰਡੇ ਨੂੰ ਤਾਂ ਨਜ਼ਰ ਅੰਦਾਜ਼ ਹੀ ਕੀਤਾ ਜਾਂਦਾ ਹੈ।

ਪਰ ਬੀਤੇ ਵਕਤ ਵਿੱਚ ਦੇਖਿਆ ਗਿਆ ਹੈ ਕਿ ਨੌਕਰੀਆਂ, ਬਿਜਲੀ ਅਤੇ ਢਾਂਚਾਗਤ ਵਿਕਾਸ ਦੇ ਮੁੱਦਿਆਂ ਨਾਲ ਲੋਕ ਦਿਲ ਨਾਲ ਜੁੜੇ ਹਨ ਅਤੇ ਉਹ ਵੋਟ ਪਾਉਣ ਵੇਲੇ ਉਨ੍ਹਾਂ ਦੇ ਫੈਸਲੇ 'ਤੇ ਕਾਫੀ ਅਸਰ ਛੱਡਦੇ ਹਨ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਦੇ ਲੋਕਾਂ ਲਈ ਚੋਣ ਮਨੋਰਥ ਪੱਤਰ ਕਦੇ ਮਾਅਨੇ ਨਹੀਂ ਰੱਖ ਸਕੇ ਹਨ

ਸਾਰਾ ਖ਼ਾਨ ਮੰਨਦੇ ਹਨ, "ਵੋਟਰ ਭਾਵੇਂ ਵੱਡੇ ਆਰਥਿਕ ਮੁੱਦਿਆਂ 'ਤੇ ਵੋਟ ਨਾ ਪਾਉਣ ਪਰ ਸਥਾਨਕ ਪੱਧਰ ਦੇ ਆਰਥਿਕ ਮੁੱਦਿਆਂ ਅਤੇ ਆਪਣੇ ਹਲਕੇ ਦੇ ਵਿਕਾਸ ਨੂੰ ਵੋਟ ਪਾਉਣ ਵੇਲੇ ਉਹ ਧਿਆਨ ਵਿੱਚ ਜ਼ਰੂਰ ਰੱਖਣਗੇ।''

ਅਹਿਮਲ ਬਿਲਾਲ ਮਹਿਬੂਬ ਅਨੁਸਾਰ ਉਨ੍ਹਾਂ ਵੱਲੋਂ 2013 ਵਿੱਚ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਬੀਤੀ ਆਮ ਚੋਣਾਂ ਵਿੱਚ ਲੋਕਾਂ ਨੇ ਫੈਸਲੇ ਨੂੰ ਕਿਸ ਮੁੱਦੇ ਨੇ ਪ੍ਰਭਾਵਿਤ ਕੀਤਾ ਤੇ ਉਸ ਸਰਵੇਖਣ ਵਿੱਚ ਵਿਕਾਸ ਦਾ ਮੁੱਦਾ ਸਭ ਤੋਂ ਅਹਿਮ ਬਣ ਕੇ ਆਇਆ।

ਸੁਹੇਲ ਵੜੈਚ ਅਨੁਸਾਰ, "ਲੋਕ ਜਾਣਨਾ ਚਾਹੁੰਦੇ ਹਨ ਕਿ, ਕੀ ਇਮਰਾਨ ਖ਼ਾਨ ਸੱਚ ਵਿੱਚ ਹੀ ਦੇਸ ਦਾ ਵਿਕਾਸ ਕਰ ਸਕਣਗੇ ਅਤੇ ਦੇਸ ਦੇ ਆਰਥਿਕ ਹਾਲਾਤ ਵਿੱਚ ਵੱਡਾ ਬਦਲਾਅ ਲਿਆ ਸਕਣਗੇ।''

5. ਮੀਡੀਆ/ਫੇਕ ਨਿਊਜ਼

ਮਾਹਿਰ ਮੰਨਦੇ ਹਨ ਮੀਡੀਆ (ਸੋਸ਼ਲ ਅਤੇ ਮੁੱਖ ਮੀਡੀਆ) ਅਤੇ ਫੇਕ ਨਿਊਜ਼ ਪਾਕਿਸਤਾਨ ਦੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਫੇਕ ਨਿਊਜ਼ ਪੂਰੀ ਦੁਨੀਆਂ ਵਿੱਚ ਇੱਕ ਨਵਾਂ ਮੁੱਦਾ ਹੈ ਅਤੇ 2016 ਵਿੱਚ ਹੋਈਆਂ ਅਮਰੀਕਾ ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਫੇਕ ਨਿਊਜ਼ 'ਤੇ ਚਰਚਾ ਕਾਫੀ ਵਧੀ ਹੈ।

ਪਾਕਿਸਤਾਨ ਵਿੱਚ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਸੋਸ਼ਲ ਮੀਡੀਆ ਸੈੱਲ ਕਾਫੀ ਐਕਟਿਵ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਾਰੀਆਂ ਪਾਰਟੀਆਂ ਕਈ ਜਾਅਲੀ ਫੇਸਬੁੱਕ ਅਤੇ ਟਵਿੱਟਰ ਐਕਾਈਊਂਟ ਚਲਾ ਰਹੀਆਂ ਹਨ ਤਾਂ ਜੋ ਉਹ ਆਪਣੀਆਂ ਨੀਤੀਆਂ ਅਤੇ ਦਾਅਵਿਆਂ ਦਾ ਪ੍ਰਚਾਰ ਕਰ ਸਕਣ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਦੀ ਮੁੱਖ ਧਾਰਾ ਦੀ ਮੀਡੀਆ ਦੀ ਭੂਮਿਕਾ ਫੈਸਲਾਕੁਨ ਸਾਬਿਤ ਹੋ ਸਕਦੀ ਹੈ

ਸਾਰਾਹ ਖ਼ਾਨ ਅਨੁਸਾਰ, "ਸੋਸ਼ਲ ਮੀਡੀਆ 'ਤੇ ਜਾਣਕਾਰੀ ਗਲਤ ਹੋ ਸਕਦੀ ਹੈ ਇਸ ਲਈ ਮੁੱਖ ਧਾਰਾ ਦੀ ਮੀਡੀਆ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਫੇਕ ਨਿਊਜ਼ ਬਾਰੇ ਵੋਟਰਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਨ।''

ਸੁਹੇਲ ਵੜੈਚ ਨੂੰ ਇੱਕ ਮੁਸ਼ਕਲ ਚੁਣੌਤੀ ਮੰਨਿਆ ਅਤੇ ਸਵਾਲ ਖੜ੍ਹਾ ਕੀਤਾ ਕਿ ਮੀਡੀਆ ਦੀ ਮੌਜੂਦਾ ਹਾਲਾਤ ਵਿੱਚ ਕੀ ਇਹ ਸੰਭਵ ਵੀ ਹੈ?

ਉਨ੍ਹਾਂ ਕਿਹਾ, ਮੁੱਖ ਧਾਰਾ ਦੇ ਮੀਡੀਆ ਅਦਾਰੇ ਵੰਡੇ ਹੋਏ ਹਨ। ਉਹ ਕਿਸੇ ਇੱਕ ਪੱਖ ਨੂੰ ਪੂਰਦੇ ਹਨ ਇਸ ਲਈ ਉਨ੍ਹਾਂ ਦਾ ਫੇਕ ਨਿਊਜ਼ ਨਾਲ ਸਹੀ ਤਰੀਕੇ ਨਾਲ ਨਜਿੱਠਣਾ ਮੁਮਕਿਨ ਨਹੀਂ।

ਅਹਿਮਦ ਬਿਲਾਲ ਅਨੁਸਾਰ ਸੋਸ਼ਲ ਮੀਡੀਆ ਦੀ ਪਹੁੰਚ ਸਿਰਫ਼ 10 ਤੋਂ 15 ਫੀਸਦ ਆਬਾਦੀ ਤੱਕ ਹੀ ਹੈ ਇਸ ਲਈ ਮੁੱਖ ਧਾਰੀ ਦੀ ਭੂਮਿਕਾ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਰਹੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)