ਮਰੀਅਮ ਨਵਾਜ਼, ਪਾਕਿਸਤਾਨ ਦਾ ਉਹ ਸਿਆਸੀ ਚਿਹਰਾ ਜੋ ਚਮਕਣ ਤੋਂ ਪਹਿਲਾਂ ਹੀ ਪਿਆ ਫਿੱਕਾ

ਮਰਿਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਰੀਅਮ ਨਵਾਜ਼ ਪਾਕਿਸਤਾਨ ਦੀਆਂ ਉੱਘੀਆਂ ਮਹਿਲਾ ਸਿਆਸਤਦਾਨਾਂ ਵਿੱਚੋਂ ਹਨ।

ਪਾਕਿਸਤਾਨ ਦੀ ਸਿਆਸਤ ਦਾ ਇੱਕ ਚਮਕਦਾ ਸਿਤਾਰਾ ਸ਼ੁੱਕਰਵਾਰ ਬਰਤਾਨੀਆ ਤੋਂ ਵਾਪਸ ਲਾਹੌਰ ਆ ਗਿਆ ਅਤੇ ਉਨ੍ਹਾਂ ਨੂੰ ਪਹੁੰਚਦਿਆਂ ਹੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ।

ਮਰੀਅਮ ਨਵਾਜ਼ ਆਪਣੇ ਪਿਤਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਲੰਡਨ ਤੋਂ ਲਾਹੌਰ ਆਏ।

ਪਾਕਿਸਤਾਨ ਦੀ ਅਦਾਲਤ ਨੇ ਮਰੀਅਮ ਅਤੇ ਉਨ੍ਹਾਂ ਦੇ ਪਤੀ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ।

ਉਨ੍ਹਾਂ 'ਤੇ ਗੈਰ-ਕਾਨੂੰਨੀ ਢੰਗਾਂ ਨਾਲ ਬਰਤਾਨੀਆ ਵਿੱਚ ਕੰਪਨੀਆਂ ਅਤੇ ਰੀਅਲ ਇਸਟੇਟ ਦਾ ਵਪਾਰ ਖੜ੍ਹਾ ਕਰਨ ਦੇ ਇਲਜ਼ਾਮ ਲੱਗੇ ਹਨ। ਜਿਨ੍ਹਾਂ ਦਾ ਉਨ੍ਹਾਂ ਨੇ ਖੰਡਨ ਕੀਤਾ ਹੈ।

ਅਦਾਲਤ ਨੇ ਮਰੀਅਮ ਨੂੰ 7 ਸਾਲ, ਉਨ੍ਹਾਂ ਦੇ ਪਤੀ ਕੈਪਟਨ( ਰਿਟਾ਼) ਮੁਹੰਮਦ ਸਫ਼ਦਰ ਅਵਾਨ ਨੂੰ ਇੱਕ ਸਾਲ ਅਤੇ ਮਰੀਅਮ ਦੇ ਪਿਤਾ ਨਵਾਜ਼ ਸ਼ਰੀਫ਼ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੇਬਾਕ ਆਗੂ ਵਜੋਂ ਉਹ ਅਕਸਰ ਆਪਣੀ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਲੀਡਰ ਇਮਰਾਨ ਖ਼ਾਨ ਉੱਪਰ ਤਿੱਖੇ ਹਮਲੇ ਕਰਦੇ ਰਹੇ ਹਨ

ਸ਼ਰੀਫ ਪਰਿਵਾਰ ਪਾਕਿਸਤਾਨ ਦੇ ਸਭ ਤੋਂ ਤਾਕਤਵਰ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਫ਼ੈਸਲੇ ਦਾ ਪ੍ਰਸੰਗ ਇਹ ਹੈ ਕਿ 25 ਜੁਲਾਈ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਹੋ ਜਾ ਰਹੀਆਂ ਹਨ ਅਤੇ ਇਸ ਫ਼ੈਸਲੇ ਨਾਲ ਦੇਸ ਦੇ ਸਿਆਸੀ ਮਾਹੌਲ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ।

ਪਾਕਿਸਤਾਨ ਦੀਆਂ ਉੱਘੀਆਂ ਮਹਿਲਾ ਸਿਆਸਤਦਾਨਾਂ ਵਿੱਚੋਂ ਇੱਕ

ਮਰੀਅਮ ਨਵਾਜ਼ ਪਾਕਿਸਤਾਨ ਦੀਆਂ ਉੱਘੀਆਂ ਮਹਿਲਾ ਸਿਆਸਤਦਾਨਾਂ ਵਿੱਚੋਂ ਹਨ। ਉਨ੍ਹਾਂ ਨੂੰ ਅਕਸਰ ਪਾਕਿਸਤਾਨ ਵਿੱਚ ਆਪਣੇ ਪਿਤਾ ਦੀ ਸਿਆਸੀ ਵਾਰਸ ਵਜੋਂ ਦੇਖਿਆ ਜਾਂਦਾ ਹੈ।

ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਰਕੇ ਸਾਲ 2017 ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਰਕਾਰੀ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਸੀ।

ਮਰੀਅਮ ਨੇ ਸਾਲ 2011 ਵਿੱਚ ਪਾਕਿਸਤਾਨ ਦੀ ਸਿਆਸਤ ਵਿੱਚ ਪੈਰ ਧਰਿਆ। ਉਨ੍ਹਾਂ ਨੂੰ ਸਾਲ 2013 ਵਿੱਚ ਪ੍ਰਧਾਨ ਮੰਤਰੀ ਦੇ ਨੌਜਵਾਨਾਂ ਲਈ ਪ੍ਰੋਗਰਾਮ ਦੀ ਇੰਚਾਰਜ ਲਾਇਆ ਗਿਆ।

ਇਸ ਅਹੁਦੇ ਤੋਂ ਉਨ੍ਹਾਂ ਨੇ ਅਗਲੇ ਸਾਲ ਹੀ ਅਸਤੀਫ਼ਾ ਦੇ ਦਿੱਤਾ ਪਰ ਆਪਣੇ ਪਿਤਾ ਵਾਲੀ ਮੁਸਲਿਮ ਲੀਗ ਦੀ ਸਿਆਸਤ ਵਿੱਚ ਸਰਗਰਮੀ ਨਾਲ ਜੁੜੇ ਰਹੇ।

ਬੇਬਾਕ ਆਗੂ ਵਜੋਂ ਉਹ ਅਕਸਰ ਆਪਣੀ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਲੀਡਰ ਇਮਰਾਨ ਖ਼ਾਨ ਉੱਪਰ ਤਿੱਖੇ ਹਮਲੇ ਕਰਦੇ ਰਹੇ ਹਨ।

ਮਰੀਅਮ ਇਸੇ ਸਾਲ 45ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਨ ਅਤੇ ਆਗਾਮੀ ਆਮ ਚੋਣਾਂ ਲੜਨ ਦੇ ਨਾਲ ਸਿਆਸਤ ਦੇ ਮੈਦਾਨ ਵਿੱਚ ਉਤਰ ਰਹੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਰੀਅਮ ਨੂੰ ਅਕਸਰ ਪਾਕਿਸਤਾਨ ਵਿੱਚ ਆਪਣੇ ਪਿਤਾ ਦੀ ਸਿਆਸੀ ਵਾਰਸ ਵਜੋਂ ਦੇਖਿਆ ਜਾਂਦਾ ਹੈ।

ਇਸ ਦੀ ਸ਼ੁਰੂਆਤ ਉਹ ਆਪਣੇ ਪਿਤਾ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਗੜ੍ਹ ਲਾਹੌਰ ਤੋਂ ਕਰਨ ਜਾ ਰਹੇ ਹਨ ਪਰ ਇਸ ਫ਼ੈਸਲੇ ਨੇ ਉਨ੍ਹਾਂ ਦੇ ਨੂੰ ਨਿਸ਼ਚਿਤ ਤੌਰ 'ਤੇ ਡੂੰਘੀ ਸੱਟ ਮਾਰੀ ਹੈ।

ਕੀ ਹੈ ਭ੍ਰਿਸ਼ਟਾਚਾਰ ਦਾ ਮੁੱਦਾ

ਇਸ ਫ਼ੈਸਲੇ ਦਾ ਸੰਬੰਧ ਸਾਲ 2016 ਦੇ ਪਨਾਮਾ ਦਸਤਾਵੇਜ਼ਾਂ ਨਾਲ ਹੈ। ਜਿਨ੍ਹਾਂ ਵਿੱਚ ਸ਼ਰੀਫ ਪਰਿਵਾਰ ਉੱਪਰ ਬਰਤਾਨੀਆ ਵਿੱਚ ਕੰਪਨੀਆਂ ਅਤੇ ਰੀਅਲ ਇਸਟੇਟ ਦਾ ਵਪਾਰ ਖੜ੍ਹਾ ਕਰਨ ਦੇ ਇਲਜ਼ਾਮ ਲਾਏ ਗਏ ਸਨ। ਇਨ੍ਹਾਂ ਇਲਜ਼ਾਮਾਂ ਦਾ ਸ਼ਰੀਫ ਪਰਿਵਾਰ ਨੇ ਹਮੇਸ਼ਾ ਹੀ ਖੰਡਨ ਕੀਤਾ ਹੈ।

ਮਰੀਅਮ ਸਾਲ 2017 ਵਿੱਚ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਜਦੋਂ ਉਨ੍ਹਾਂ ਦੇ ਪਿਤਾ ਦੀਆਂ ਇਨ੍ਹਾਂ ਵਿੱਤੀ ਬੇਨਿਯਮੀਆਂ ਦੀ ਪੜਤਾਲ ਕਰ ਰਹੀ ਸੁਪਰੀਮ ਕੋਰਟ ਦੀ ਇੱਕ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਉੱਪਰ ਨਕਲੀ ਦਸਤਾਵੇਜ਼ ਤਿਆਰ ਕਰਨ ਦਾ ਇਲਜ਼ਾਮ ਲਗਾਇਆ।

ਜਾਂਚ ਟੀਮ ਦਾ ਕਹਿਣਾ ਸੀ ਕਿ ਮਰੀਅਮ ਨੇ ਜਿਹੜੇ ਦਸਤਾਵੇਜ਼ ਇਹ ਸਾਬਤ ਕਰਨ ਲਈ ਮੁਹੱਈਆ ਕਰਵਾਏ ਸਨ ਕਿ ਉਨ੍ਹਾਂ ਦੀ ਵਿਦੇਸ਼ਾਂ ਵਿੱਚ ਕੋਈ ਜਾਇਦਾਦ ਨਹੀਂ ਹੈ। ਉਹ ਦਸਤਾਵੇਜ਼ ਕੈਲੀਬਰੀ ਟਾਈਪਫੇਸ ਵਿੱਚ ਟਾਈਪ ਕੀਤੇ ਹੋਏ ਸਨ ਜੋ ਕਿ ਉਸ ਸਮੇਂ ਵਪਾਰਕ ਤੌਰ 'ਤੇ ਉਪਲਬਧ ਨਹੀਂ ਸੀ ਜਦੋਂ ਦੇ ਇਹ ਦਸਤਾਵੇਜ਼ ਦੱਸੇ ਜਾ ਰਹੇ ਸਨ।

ਤਸਵੀਰ ਸਰੋਤ, Getty Images

ਮੁਲਕ ਪਰਤਨ ਵੇਲੇ ਮਰੀਅਮ ਨੇ ਕੀ ਕਿਹਾ

ਸਜ਼ਾ ਤੋਂ ਬਾਅਦ ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਰੀਅਮ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਪਾਕਿਸਤਾਨ ਦੀਆਂ ਅਦਾਲਤਾਂ ਦਾ ਸਾਹਮਣਾ ਕਰਨ ਲਈ ਵਤਨ ਵਾਪਸ ਪਰਤਣਗੇ।

ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਮੁਤਾਬਕ ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਫੌਜ ਮੁਖੀ ਪਰਵੇਜ਼ ਮੁਸ਼ੱਰਫ਼ ਉੱਪਰ ਨਿਸ਼ਾਨਾ ਲਾਉਂਦਿਆਂ ਕਿਹਾ, "ਅਜਿਹੇ ਵੀ ਆਗੂ ਹਨ ਜੋ ਸਜ਼ਾ ਤੋਂ ਬਚਣ ਲਈ ਵਿਦੇਸ਼ ਰਹਿੰਦੇ ਹਨ।"

ਪਿਛਲੇ ਸਾਲ ਮਈ ਵਿੱਚ ਮਰੀਅਮ ਨੇ ਪਨਾਮਾ ਦਸਤਾਵੇਜ਼ਾਂ ਵਿੱਚ ਸ਼ਰੀਫ ਖ਼ਾਨਦਾਨ ਬਾਰੇ ਹੋਏ ਖੁਲਾਸਿਆਂ ਨੂੰ ਵੀ ਨਕਾਰ ਦਿੱਤਾ ਸੀ।

ਉਨ੍ਹਾਂ ਨੇ ਟਵੀਟ ਕੀਤਾ ਸੀ, "ਪਨਾਮਾ ਰੱਦੀ ਹੈ। ਜਿਸ ਨੂੰ ਸਾਰੀ ਦੁਨੀਆਂ ਵਿੱਚ ਰੱਦ ਕਰ ਦਿੱਤਾ ਗਿਆ ਹੈ। ਜੋ ਨਵਾਜ਼ ਸ਼ਰੀਫ ਨੂੰ ਹੇਠਾਂ ਲਾਹੁਣ ਲਈ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ ਉਹ ਇਨਸ਼ਾਅੱਲ੍ਹਾ ਹਾਰ ਦਾ ਮੂੰਹ ਦੇਖਣਗੇ।"

ਉਨ੍ਹਾਂ ਨੇ ਕਿਹਾ ਇਸੇ ਸਾਲ ਜੁਲਾਈ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਦੀ ਜਿੱਤਣ ਦੀ ਕੋਈ ਉਮੀਦ ਹੀ ਨਹੀਂ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਨਿਊਜ਼' ਮੁਤਾਬਕ ਉਨ੍ਹਾਂ ਕਿਹਾ, " ਮੇਰਾ ਯਕੀਨ ਮੰਨੋ ਇਮਰਾਨ ਖ਼ਾਨ ਸਾਡੇ ਮੁਕਾਬਲੇ ਵਿੱਚ ਹੀ ਨਹੀਂ ਹਨ। ਉਹ ਤਾਂ ਕਠਪੁਤਲੀ ਹਨ। ਉਨ੍ਹਾਂ ਦੀ ਨਾ ਤਾਂ ਆਪਣੀ ਕੋਈ ਸੋਚ ਹੈ ਅਤੇ ਨਾ ਹੀ ਕੋਈ ਏਜੰਡਾ। ਉਨ੍ਹਾਂ ਦਾ ਆਪਣੇ ਆਪ ਉੱਪਰ ਕਾਬੂ ਹੀ ਨਹੀਂ ਹੈ।"

ਵਿਰੋਧੀਆਂ ਦਾ ਕੀ ਕਹਿਣਾ ਹੈ

ਚੌਧਰੀ ਨਿਸਾਰ ਅਲੀ ਖ਼ਾਨ ਜੋ ਕਦੇ ਮਰੀਅਮ ਦੇ ਪਿਤਾ ਦੇ ਮਿੱਤਰ ਹੁੰਦੇ ਸਨ। ਮਰੀਅਮ ਦੇ ਕੱਟੜ ਵਿਰੋਧੀ ਹਨ।

ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਕਿਹਾ ਕਿ ਮਰੀਅਮ ਦੇ ਬੜਬੋਲੇਪਨ ਕਰਕੇ ਉਨ੍ਹਾਂ ਦੀ ਪਾਰਟੀ ਇੱਕ "ਬੰਦ ਸਰੁੰਗ ਵੱਲ ਧੱਕੀ ਜਾ ਰਹੀ ਹੈ।"

ਅਖ਼ਬਾਰ ਨੇ ਅੱਗੇ ਰਿਪੋਰਟ ਕੀਤਾ ਕਿ ਉਨ੍ਹਾਂ ਨੇ ਕਿਹਾ ਹੈ ਕਿ "ਉਹ (ਮਰੀਅਮ) ਪਾਰਟੀ ਦੀ ਆਗੂ ਨਹੀਂ ਹੈ ਅਤੇ ਜੇ ਉਹ ਬਣੇ ਤਾਂ ਮੈਂ (ਪਾਰਟੀ) ਛੱਡ ਦੇਵਾਂਗਾ।" ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਚੌਧਰੀ ਨਿਸਾਰ ਅਲੀ ਖ਼ਾਨ ਨੇ ਪਾਰਟੀ ਛੱਡ ਦਿੱਤੀ ਹੈ ਜਾਂ ਨਹੀਂ।

ਮਰੀਅਮ ਦੇ ਵਿਰੋਧੀ ਵੀ ਉਨ੍ਹਾਂ ਉੱਪਰ ਤਕੜੇ ਹਮਲੇ ਕਰਦੇ ਰਹਿੰਦੇ ਹਨ, ਖ਼ਾਸ ਕਰਕੇ ਇਮਰਾਨ ਖ਼ਾਨ।

ਇਸ ਸਾਲ ਦੀ ਸ਼ੁਰੂਆਤ ਵਿੱਚ ਇਮਰਾਨ ਖ਼ਾਨ ਨੇ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਜੇ ਮਰੀਅਮ ਨਵਾਜ਼ ਐਨੀ ਘਮੰਡੀ ਨਾ ਹੁੰਦੀ ਤਾਂ ਸ਼ਾਇਦ ਨਵਾਜ਼ ਸ਼ਰੀਫ ਐਨੀ ਮਾੜੀ ਹਾਲਤ ਵਿੱਚ ਨਾ ਹੁੰਦੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)