ਦੁਨੀਆਂ ਦਾ ਵਿਕਸਤ ਮੁਲਕ ਜਿੱਥੇ ਏਸੀ ਨਾ ਹੋਣ ਕਾਰਨ ਹੋਈਆਂ 70 ਮੌਤਾਂ

ਕੈਨੇਡਾ ਦੇ ਸ਼ਹਿਰ ਮੌਂਟੇਰੀਅਲ ਵਿੱਚ ਲੋਕ ਗਰਮੀ ਤੋਂ ਬਚਣ ਲਈ ਫੁਹਾਰਿਆਂ ਕੋਲ ਘੁੰਮਦੇ ਹੋਏ। Image copyright AFP/GETTY IMAGES
ਫੋਟੋ ਕੈਪਸ਼ਨ ਕੈਨੇਡਾ ਦੇ ਸ਼ਹਿਰ ਮੌਂਟੇਰੀਅਲ ਵਿੱਚ ਲੋਕ ਗਰਮੀ ਤੋਂ ਬਚਣ ਲਈ ਫੁਹਾਰਿਆਂ ਦੇ ਪਨਾਹ ਵੱਲ ਭੱਜੇ

ਦੁਨੀਆਂ ਦੇ ਕਈ ਹਿੱਸੇ ਗਰਮੀ ਵਿੱਚ ਝੁਲਸ ਰਹੇ ਹਨ ਅਤੇ ਗਰਮੀ ਹੁਣ ਸਿਰਫ ਗਰਮੀਆਂ ਵਿੱਚ ਹੀ ਨਹੀਂ ਹੁੰਦੀ।

ਪਹਿਲਾਂ ਭੂ-ਮੱਧ ਰੇਖਾ ਦੇ ਉੱਪਰਲੇ ਹਿੱਸੇ ਭਾਵ ਉਤਰੀ ਅਰਧ ਗੋਲੇ ਵਿੱਚ ਤਾਪਮਾਨ ਵਧੇਰੇ ਰਹਿੰਦਾ ਸੀ ਪਰ ਹੁਣ ਸਮੁੱਚੀ ਧਰਤੀ ਹੀ ਗਰਮ ਰਹਿਣ ਲੱਗੀ ਹੈ।

ਗਰਮੀ ਦੇ ਰਿਕਾਰਡ ਹਰ ਦਿਨ ਟੁੱਟ ਰਹੇ ਹਨ, ਅਜਿਹੇ ਵਿੱਚ ਆਓ ਦੇਖੀਏ ਕਿ ਸੰਸਾਰ ਵਿੱਚ ਕਿੱਥੇ-ਕਿੱਥੇ ਹਾਲਾਤ ਸਭ ਤੋਂ ਮਾੜੇ ਰਹੇ-

ਪਹਿਲੇਨੰਬਰ ਉੱਤੇ ਰਿਹਾ ਪੂਰਬੀ ਕੈਨੇਡਾ

ਕੈਨੇਡਾ ਦੇ ਇਸ ਖਿੱਤੇ ਵਿੱਚ ਪਿਛਲੇ ਹਫ਼ਤੇ ਗਰਮੀ ਦਾ ਕਹਿਰ ਰਿਹਾ ਅਤੇ 70 ਇਨਸਾਨੀ ਜਾਨਾਂ ਇਕੱਲੇ ਕਿਊਬਕ ਸੂਬੇ ਵਿੱਚ ਗਈਆਂ।

ਇਹ ਵੀ ਪੜ੍ਹੋ꞉

ਰਾਜਧਾਨੀ ਓਟਾਵਾ ਜੋ ਕਿ ਓਨਟਾਰੀਓ ਸੂਬੇ ਵਿੱਚ ਹੈ। ਉੱਥੇ 2 ਜੁਲਾਈ ਨੂੰ ਹਿਊਮਿਡਿਟੀ ਇੰਡੈਕਸ 47C (116.6F) ਰਿਹਾ।

ਹਿਊਮਿਡੀਟੀ ਇੰਡੈਕਸ ਕੈਨੇਡਾ ਦੀ ਹੁੰਮਸ ਅਤੇ ਤਾਪਮਾਨ ਨੂੰ ਮਾਪਣ ਦੀ ਵਿਧੀ ਹੈ।

70 ਵਿੱਚੋਂ ਜ਼ਿਆਦਾਤਰ ਮੌਤਾਂ ਓਨਟਾਰੀਓ ਦੇ ਗੁਆਂਢੀ ਸੂਬੇ ਕਿਊਬਿਕ ਦੇ ਮੌਂਟੇਰੀਅਲ ਵਿੱਚ ਹੋਈਆਂ। ਮਰਨ ਵਾਲੇ ਜ਼ਿਆਦਾਤਰ ਬਜ਼ੁਰਗ ਸਨ, ਜੋ ਕਿ ਹੋਰ ਵੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਡਾਕਟਰਾਂ ਮੁਤਾਬਕ ਮੌਤਾਂ ਦਾ ਵੱਡਾ ਕਾਰਨ ਇਮਾਰਤਾਂ ਵਿੱਚ ਏਅਰ ਕੰਡਿਸ਼ਨਿੰਗ ਦੀ ਘਾਟ ਸੀ।

ਬੀਬੀਸੀ ਵੈਦਰ ਦੇ ਬੈਨ ਰਿੱਚ ਮੁਤਾਬਕ ਇਸ ਦਾ ਕਾਰਨ ਇਸ ਵਾਰ ਉੱਥੇ ਬਾਰਿਸ਼ ਵੀ ਘੱਟ ਹੋਈ ਹੈ ਅਤੇ ਸੁੱਕੀ ਧਰਤੀ ਜਲਦੀ ਗਰਮ ਹੁੰਦੀ ਹੈ, ਜਿਸ ਕਰਕੇ ਤਾਪਮਾਨ ਔਸਤ ਨਾਲੋਂ ਕਈ ਦਰਜੇ ਵਧ ਗਏ।

ਦੂਸਰਾ ਨੰਬਰ ਰਿਹਾ ਕੌਕਸਸ ਖਿੱਤੇ ਦਾ

ਕੌਕਸਸ ਖਿੱਤਾ ਯੂਰਪ ਅਤੇ ਏਸ਼ੀਆ ਦੇ ਵਿਚਕਾਰ (ਯੂਰੇਸ਼ੀਆ) ਇੱਕ ਪਹਾੜੀ ਖਿੱਤਾ ਹੈ। ਇੱਥੇ ਵੀ ਇਸ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ।

Image copyright Reuters
ਫੋਟੋ ਕੈਪਸ਼ਨ ਜੌਰਜੀਆ ਦੀ ਰਾਜਧਾਨੀ ਤਿਬਲਿਸ ਵਿੱਚ ਧੁੱਪ ਸੇਕ ਰਹੀ ਇਸ ਬੀਬੀ ਨੂੰ ਸ਼ਾਇਦ ਵਧੀਆ ਸਨਸਕਰੀਮ ਲਾਉਣੀ ਯਾਦ ਰਹੀ ਹੋਵੇਗੀ।

ਯੂਰੇਸ਼ੀਅਨ ਦੇਸ ਜੌਰਜੀਆ ਦੀ ਰਾਜਧਾਨੀ ਤਬਿਲੀਸ ਵਿੱਚ 4 ਜੁਲਾਈ ਦਾ ਦਿਨ ਪਿਛਲੇ ਸਮੇਂ ਨਾਲੋਂ ਸਭ ਤੋਂ ਵੱਧ ਗਰਮ ਦਿਨ ਰਿਹਾ। ਇਸ ਗਰਮੀ ਨੇ ਇਸ ਖਿੱਤੇ ਦੇ ਜ਼ਿਆਦਾਤਰ ਪੁਰਾਣੇ ਬਿਜਲੀ ਘਰਾਂ ਉੱਪਰ ਹੋਰ ਦਬਾਅ ਪਾ ਦਿੱਤਾ, ਜਿਸ ਕਰਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨੇ ਲੋਕਾਂ ਨੂੰ ਬਿਜਲੀ ਬਚਾਉਣ ਦੀ ਅਪੀਲ ਵੀ ਕੀਤੀ।

ਬੈੱਨ ਰਿੱਚ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਦੱਖਣ ਪੂਰਬੀ ਯੂਰਪ ਵਿੱਚ ਮੌਸਮੀ ਦਬਾਅ ਬਣਿਆ ਹੋਇਆ ਸੀ। ਅਫਰੀਕਾ ਅਤੇ ਮੱਧ ਪੂਰਬ ਤੋਂ ਅਰਮਾਨੀਆ ਵਿੱਚ ਦਾਖਲ ਹੋਣ ਵਾਲੀਆਂ ਪੌਣਾਂ ਨੇ ਗਰਮੀ ਹੋਰ ਵਧਾ ਦਿੱਤੀ।

ਤੀਜਾ ਦਰਜਾ ਰਿਹਾ ਦੱਖਣੀ ਕੈਲੀਫੋਰਨੀਆ ਦਾ

ਪਿਛਲੇ ਹਫਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗਰਮੀ ਦੇ ਰਿਕਾਰਡ ਮਗਰੋਂ ਰਿਕਾਰਡ ਟੁੱਟੇ।

ਲਾਸ ਏਂਜਲਸ ਵਿੱਚ 7 ਜੁਲਾਈ ਦਾ ਦਿਨ 26.1C (79F) ਤਾਪਮਾਨ ਨਾਲ ਇਸ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਗਰਮ ਰਿਹਾ।

Image copyright AFP/GETTY IMAGES
ਫੋਟੋ ਕੈਪਸ਼ਨ ਰਿਕਾਰਡ ਤੋੜ ਗਰਮੀ ਕਰਕੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਅੱਗਾਂ ਵੀ ਲਗਦੀਆਂ ਰਹੀਆਂ।

ਲਾਸ ਏਂਜਲਸ ਦੇ ਗੁਆਂਢੀ ਸ਼ਹਿਰ ਚੀਨੋ ਵਿੱਚ ਵੀ ਪਿਛਲੇ 79 ਸਾਲਾਂ ਦਾ ਰਿਕਾਰਡ 43.9C (111F) ਤਾਪਮਾਨ ਨਾਲ ਟੁੱਟਿਆ।

ਸੂਬੇ ਦੇ ਜ਼ਿਆਦਾਤਰ ਹਿੱਸੇ ਵਿੱਚ ਗਰਮੀ ਕਰਕੇ ਫੈਲਣ ਵਾਲੀ ਅੱਗ ਦੀਆਂ ਰੈਡ ਫਲੈਗ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।

ਪਿਛਲੇ ਹਫਤੇ ਇੱਕ 63 ਸਾਲ ਡਾਕ ਕਰਮਚਾਰੀ ਲਾਸ ਏਂਜਲਸ ਦੇ ਅਰਧ ਸ਼ਹਿਰੀ ਇਲਾਕੇ ਵਿੱਚ ਉਸਦੇ ਟਰੱਕ ਵਿੱਚ ਮਰਿਆ ਮਿਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਲੂ ਲੱਗ ਗਈ ਸੀ ਅਤੇ ਟਰੱਕ ਵਿੱਚ ਏਅਰ ਕੰਡਿਸ਼ਨਿੰਗ ਨਹੀਂ ਸੀ।

ਇਸ ਸਥਿਤੀ ਦਾ ਕਾਰਨ ਵੀ ਪੂਰਬੀ ਕੈਨੇਡਾ ਵਾਲਾ ਹੀ ਸੀ। ਵਿਸ਼ਵ ਮੌਸਮ ਸੰਗਠਨ ਮੁਤਾਬਕ, ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਗੋਲਬਲ ਵਾਰਮਿੰਗ ਕਰਕੇ ਸੀ। ਹਾਲਾਂ ਸੰਗਠਨ ਮੁਤਾਬਕ ਇਸ ਪਿੱਛੇ ਲੰਮੇ ਸਮੇਂ ਤੋਂ ਇਕਠੀਆਂ ਹੋਰ ਰਹੀਆਂ ਹਰੀਆਂ ਗ੍ਰਹਿ ਗੈਸਾਂ ਇੱਕ ਕਾਰਨ ਹੋ ਸਕਦੀਆਂ ਹਨ।

ਚੌਥੇ ਨੰਬਰ ਉੱਪਰ ਰਹੀ ਆਸਟਰੇਲੀਆ ਦੀ ਰਾਜਧਾਨੀ ਸਿਡਨੀ

ਧਿਆਨ ਵਿੱਚ ਰੱਖੋ ਕਿ ਦੱਖਣੀ ਅਰਧ ਗੋਲੇ ਵਿੱਚ ਇਹ ਸਰਦੀਆਂ ਦੇ ਦਿਨ ਹਨ ਪਰ ਫੇਰ ਵੀ ਕੁਝ ਇਲਾਕਿਆਂ ਝੁਲਸਾਉਣ ਵਾਲੀ ਗਰਮੀ ਪਈ।

ਪਿਛਲੇ ਹਫ਼ਤੇ ਸਿਡਨੀ ਦੋ ਦਿਨ, ਜਦੋਂ ਤੋਂ ਤਾਪਮਾਨ ਦੇ ਰਿਕਾਰਡ ਰੱਖੇ ਜਾ ਰਹੇ ਹਨ ਉਸ ਸਮੇਂ ਤੋਂ ਸਭ ਤੋਂ ਗਰਮ 24.7C (76.5F) ਸ਼ਹਿਰ ਰਿਹਾ। ਇਸ ਸਾਲ ਦੇ ਔਸਤ ਤਾਪਮਾਨ ਮੁਤਾਬਕ ਇਹ 8 ਦਰਜੇ ਵਧੇਰੇ ਸੀ। ਸਿਡਨੀ ਦੇ ਕਈ ਇਲਾਕਿਆਂ ਵਿੱਚ ਇਹ ਸਭ ਤੋਂ ਵੱਧ ਗਰਮ ਪੱਤਝੜ ਸੀ।

ਇਹ ਵੀ ਪੜ੍ਹੋ꞉

ਬੈਨ ਰਿੱਚ ਮੁਤਾਬਕ ਤਾਪਮਾਨ ਵਧਣ ਦੀ ਵਜ੍ਹਾ ਪੂਰਬੀ ਆਸਟਰੇਲੀਆ ਉੱਪਰ ਛਾਇਆ ਹੋਇਆ ਉੱਚ-ਦਬਾਅ ਸੀ ਜਿਸ ਕਰਕੇ ਭੂਮੱਧ ਰੇਖਾ ਵੱਲੋਂ ਆਉਣ ਵਾਲੀਆਂ ਗਰਮ ਪੌਣਾਂ ਪੂਰਬੀ ਆਸਟਰੇਲੀਆ ਵੱਲੇ ਪਾਸੇ ਨੀਵੀਆਂ ਹੋ ਕੇ ਵਹੀਆਂ। ਇਸ ਤੋਂ ਇਲਾਵਾ ਪੱਛਮੀ ਸ਼ਾਂਤ ਮਹਾਂਸਾਗਰ ਦਾ ਤਾਪਮਾਨ ਵੀ ਔਸਤ ਨਾਲੋਂ ਵਧੇਰੇ ਸੀ।

ਪੰਜਵੇਂ ਨੰਬਰ ਉੱਤੇ (ਸ਼ਾਇਦ) ਰਿਹਾ ਅਫਰੀਕੀ ਦੇਸ ਅਲਜੀਰੀਆ

ਹਾਲਾਂ ਕਿ ਸਾਰੇ ਅਫਰੀਕਾ ਵਿੱਚ ਹੀ ਤਾਪਮਾਨ ਦੀਆਂ ਚੇਤਾਵਨੀਆਂ ਰਹਿੰਦੀਆਂ ਹਨ ਪਰ ਅਫਰੀਕਾ ਦਾ ਸਭ ਤੋਂ ਵਧੇਰੇ ਤਾਪਮਾਨ ਪਿਛਲੇ ਹਫਤੇ ਦਰਜ ਕੀਤਾ ਗਿਆ।

Image copyright Getty Images
ਫੋਟੋ ਕੈਪਸ਼ਨ ਦੱਖਣੀ ਅਲਜੀਰੀਆ ਦਾ ਉਰਗਲਾ ਸੂਬਾ ਬਹੁਤ ਗਰਮ ਰਿਹਾ

ਅਫਰੀਕਾ ਮਹਾਂਦੀਪ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਟੂਨੇਸ਼ੀਆ ਦੇ ਕੇਬੀਲੀ ਵਿੱਚ 55C (131F) ਸਾਲ 1931 ਵਿੱਚ ਦਰਜ ਕੀਤਾ ਗਿਆ ਸੀ। ਹਾਲਾਂਕਿ ਮੌਸਮ ਵਿਗਿਆਨੀ ਜਾਣਕਾਰੀ ਇਕੱਠੀ ਕਰਨ ਦੀ ਵਿਧੀ ਬਾਰੇ ਸੂਬੇ ਹੋਣ ਕਰਕੇ ਇਸ ਨੂੰ ਬਹੁਤਾ ਪ੍ਰਮਾਣਿਕ ਨਹੀਂ ਮੰਨਦੇ।

ਇਸ ਤਾਪਮਾਨ ਦੀ ਪੁਸ਼ਟੀ ਵਿਸ਼ਵ ਮੌਸਮ ਸੰਗਠਨ ਵੀ ਨਹੀਂ ਕਰਦਾ ਫੇਰ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਰਿਕਾਰਡ ਟੁੱਟਿਆ ਹੋਣ ਦੀ ਸੰਭਾਵਨਾ ਹੈ।

ਸਾਡੇ ਮੌਸਮ ਪੱਤਰਕਾਰ ਮੈੱਟ ਮੈਕਗ੍ਰਾਥ ਮੁਤਾਬਕ, "ਪਿਛਲੇ 30 ਸਾਲਾਂ ਦੌਰਾਨ ਵਿਸ਼ਵ ਦੇ ਦੂਸਰੇ ਇਲਾਕਿਆਂ ਵਾਂਗ ਅਲਜੀਰੀਆ ਵਿੱਚ ਵੀ ਲੂ ਵਧੀ ਹੈ। ਜੋ ਕਿ ਵਧ ਰਹੇ ਵਿਸ਼ਵੀ ਤਾਪਮਾਨਾਂ ਕਰਕੇ ਹੈ।"

ਇੱਕ ਅਧਿਐਨ ਮੁਤਾਬਕ "ਸਾਲ 2088 ਤੋਂ 2015 ਦੌਰਾਨ ਦੁਨੀਆਂ ਭਰ ਵਿੱਚ ਹੀ ਤਿੰਨ ਜਾਂ ਵਧੇਰੇ ਦਿਨਾਂ ਤੱਕ ਲੂ ਚੱਲਣ ਦੇ ਮਾਮਲੇ ਦੁੱਗਣੇ ਹੋਏ ਹਨ।"

ਇਸ ਦੇ ਇਲਾਵਾ ਖੋਜੀਆਂ ਦਾ ਮੰਨਣਾ ਹੈ ਕਿ "ਅਲਜੀਰੀਆ ਗਲੋਬਲ ਵਾਰਮਿੰਗ ਦਾ ਕੇਂਦਰ ਹੋਵੇਗਾ। ਵਿਸ਼ਵ ਬੈਂਕ ਮੁਤਾਬਕ ਜੇ ਦੁਨੀਆਂ ਵਿੱਚ ਕਾਰਬਨ ਅਮਿਸ਼ਨ ਵਿੱਚ ਕਮੀ ਕਰਨ ਵਿੱਚ ਨਾਕਾਮ ਰਹੀ ਤੇ ਧਰਤੀ ਔਸਤ 4 ਡਿਗਰੀ ਸੈਲਸੀਅਸ ਦੀ ਦਰ ਨਾਲ ਗਰਮ ਹੁੰਦੀ ਰਹੀ ਤਾਂ ਅਲਜੀਰੀਆ ਇਸ ਸਦੀ ਦੇ ਮੁੱਕਣ ਤੱਕ ਤਾਪਮਾਨ 8 ਡਿਗਰੀ ਤੱਕ ਵਧ ਸਕਦਾ ਹੈ।"

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)