ਨਵਾਜ਼ ਸ਼ਰੀਫ਼ ਅਤੇ ਮਰੀਅਮ ਨੂੰ ਜੇਲ੍ਹ ਵਿੱਚ ਕੀ-ਕੀ ਸਹੂਲਤਾਂ ਮਿਲਣਗੀਆਂ

ਨਵਾਜ਼ ਸ਼ਰੀਫ਼ ਅਤੇ ਮਰੀਅਮ ਨਵਾਜ਼ Image copyright @MARYAMNSHARIF
ਫੋਟੋ ਕੈਪਸ਼ਨ ਜੇਲ੍ਹ ਕਾਨੂੰਨ ਮੁਤਾਬਕ ਨਵਾਜ਼ ਸ਼ਰੀਫ਼ ਨੂੰ ਸਾਬਕਾ ਪ੍ਰਧਾਨ ਮੰਤਰੀ ਹੋਣ ਕਾਰਨ 'ਏ' ਕਲਾਸ ਜਦਕਿ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ 'ਬੀ' ਕੈਟੇਗਰੀ ਦਿੱਤੀ ਜਾਵੇਗੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਕੁੜੀ ਮਰੀਅਮ ਨਵਾਜ਼ ਨੂੰ ਲੰਡਨ ਤੋਂ ਵਤਨ ਵਾਪਸੀ 'ਤੇ ਗਿਰਫ਼ਤਾਰ ਕਰਕੇ ਰਾਵਲਪਿੰਡੀ ਦੀ ਅਡੀਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ।

ਨਵਾਜ਼ ਸ਼ਰੀਫ਼ ਨੂੰ 10 ਸਾਲ ਅਤੇ ਮਰੀਅਮ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਕੀ ਹੋਇਆ?

ਜੇਲ੍ਹ ਅਧਿਕਾਰੀਆਂ ਮੁਤਾਬਕ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਕੁੜੀ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕੀਤਾ ਗਿਆ ਜਿਸ ਤੋਂ ਬਾਅਦ ਦੋਵਾਂ ਨੂੰ ਵੱਖ-ਵੱਖ ਬੈਰਕਾਂ ਵਿੱਚ ਭੇਜਿਆ ਗਿਆ।

ਇਹ ਵੀ ਪੜ੍ਹੋ:

ਅਡੀਆਲਾ ਜੇਲ੍ਹ ਦੇ ਇੱਕ ਅਧਿਕਾਰੀ ਨੇ ਨਾਮ ਨਾ ਲਿਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਨਵਾਜ਼ ਸ਼ਰੀਫ਼ ਅਤੇ ਮਰੀਅਮ ਨਵਾਜ਼ ਨੂੰ ਅਡੀਆਲਾ ਜੇਲ੍ਹ ਵਿੱਚ ਕੈਦੀਆਂ ਵਾਲੇ ਕੱਪੜੇ ਪਾਉਣੇ ਹੋਣਗੇ।

ਉਨ੍ਹਾਂ ਮੁਤਾਬਕ ਅਡੀਆਲਾ ਜੇਲ੍ਹ ਵਿੱਚ ਅਧਿਕਾਰੀਆਂ ਤੋਂ ਇਲਾਵਾ ਸੁਰੱਖਿਆ ਏਜੰਸੀਆ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ।

Image copyright AFP
ਫੋਟੋ ਕੈਪਸ਼ਨ 'ਏ' ਕਲਾਸ ਵਿੱਚ ਰਹਿਣ ਵਾਲੇ ਕੈਦੀ ਨੂੰ ਕੰਮ ਕਰਨ ਵਾਲੇ ਦੋ ਕੈਦੀ ਵੀ ਦਿੱਤੇ ਜਾਂਦੇ ਹਨ

ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਨਵਾਜ਼ ਅਤੇ ਮਰੀਅਮ ਲਈ ਕੈਦੀਆਂ ਵਾਲਾ ਲਿਬਾਸ ਪਾਉਣਾ ਜ਼ਰੂਰੀ ਹੋਵੇਗਾ।

ਜੇਲ੍ਹ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਨਵਾਜ਼ ਅਤੇ ਮਰੀਅਮ ਨਵਾਜ਼ ਚਾਹੁਣ ਤਾਂ ਉਹ ਕੈਦੀ ਦਾ ਲਿਬਾਸ ਖ਼ੁਦ ਵੀ ਤਿਆਰ ਕਰ ਸਕਦੇ ਹਨ।

ਕੈਦ-ਏ-ਬਾਮੁਸ਼ੱਕਤ ਕੀ ਹੁੰਦੀ ਹੈ?

ਜੇਲ੍ਹ ਕਾਨੂੰਨ ਮੁਤਾਬਕ ਜੇਕਰ ਕਿਸੇ ਨੂੰ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਹ ਰੋਜ਼ਾਨਾ ਉਸ ਤੋਂ ਕੋਈ ਕੰਮ ਕਰਵਾਉਣ। ਇਨ੍ਹਾਂ ਕੰਮਾਂ ਵਿੱਚ ਬਾਗ਼ਵਾਨੀ, ਦੂਜੇ ਕੈਦੀਆਂ ਨੂੰ ਪੜ੍ਹਾਉਣਾ, ਰਸੋਈ ਦੀ ਸਫ਼ਾਈ ਤੋਂ ਇਲਾਵਾ ਕੈਦੀਆਂ ਦੀ ਹਜਾਮਤ ਵਰਗੇ ਕੰਮ ਹੁੰਦੇ ਹਨ। ਇਸ ਸਜ਼ਾ ਦੌਰਾਨ ਛੁੱਟੀ ਦਾ ਕੋਈ ਵਿਚਾਰ ਨਹੀਂ ਹੁੰਦਾ।

ਇਨ੍ਹਾਂ ਕੈਦੀਆਂ ਤੋਂ ਕੰਮ ਲੈਣ ਦੀ ਜ਼ਿੰਮੇਵਾਰੀ ਜੇਲ੍ਹ ਦੇ ਡਿਪਟੀ ਸੁਪਰੀਡੈਂਟ ਦੀ ਹੁੰਦੀ ਹੈ।

Image copyright GETTY IMAGES
ਫੋਟੋ ਕੈਪਸ਼ਨ ਨਵਾਜ਼ ਸ਼ਰੀਫ਼ ਨੂੰ ਰਹਿਣ ਦੇ ਲਈ ਦੋ ਕਮਰਿਆਂ ਵਾਲਾ ਵੱਖਰਾ ਬੈਰਕ ਦਿੱਤਾ ਜਾਵੇਗਾ

ਅਧਿਕਾਰੀਆਂ ਮੁਤਾਬਕ ਜੇਲ੍ਹ ਮੈਨੁਅਲ ਵਿੱਚ ਇਹ ਲਿਖਿਆ ਗਿਆ ਹੈ ਕਿ ਜੇਕਰ ਕੋਈ ਕੈਦੀ ਹਫ਼ਤੇ ਵਿੱਚ ਸੱਤ ਦਿਨ ਕੰਮ ਕਰਦਾ ਹੈ ਅਤੇ ਜੇਲ੍ਹ ਅਧਿਕਾਰੀ ਉਸਦੇ ਕੰਮ ਤੋਂ ਸੰਤੁਸ਼ਟ ਹਨ, ਤਾਂ ਇੱਕ ਮਹੀਨੇ ਬਾਅਦ ਉਸਦੀ ਸਜ਼ਾ ਪੰਜ ਦਿਨ ਤੋਂ ਲੈ ਕੇ ਅੱਠ ਦਿਨ ਤੱਕ ਘੱਟ ਹੋ ਜਾਂਦੀ ਹੈ।

ਕੈਦੀਆਂ ਦੀ ਸ਼੍ਰੇਣੀ ਕਿਵੇਂ ਤੈਅ ਹੁੰਦੀ ਹੈ ?

ਜੇਲ੍ਹ ਕਾਨੂੰਨ ਮੁਤਾਬਕ ਨਵਾਜ਼ ਸ਼ਰੀਫ਼ ਨੂੰ ਸਾਬਕਾ ਪ੍ਰਧਾਨ ਮੰਤਰੀ ਹੋਣ ਕਾਰਨ 'ਏ' ਕਲਾਸ ਜਦਕਿ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ 'ਬੀ' ਕੈਟੇਗਰੀ ਦਿੱਤੀ ਜਾਵੇਗੀ।

ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀਆਂ 42 ਜੇਲ੍ਹਾਂ ਵਿੱਚ ਸਿਰਫ਼ ਦੋ ਜੇਲ੍ਹਾਂ ਅਜਿਹੀਆਂ ਹਨ, ਜਿੱਥੇ ਕੈਦੀਆਂ ਲਈ 'ਏ' ਕਲਾਸ ਦੀ ਸਹੂਲਤ ਮੁਹੱਈਆ ਹੈ। ਇਨ੍ਹਾਂ ਦੋ ਜੇਲ੍ਹਾਂ ਵਿੱਚ ਬਹਾਵਲਪੁਰ ਅਤੇ ਰਾਵਲਪਿੰਡੀ ਦੀ ਅਡੀਆਲਾ ਜੇਲ੍ਹ ਸ਼ਾਮਲ ਹੈ।

ਜੇਲ੍ਹ ਵਿੱਚ ਕੈਦੀਆਂ ਨੂੰ ਤਿੰਨ ਕੈਟੇਗਿਰੀਆਂ 'ਚ ਰੱਖਿਆ ਜਾਂਦਾ ਹੈ। 'ਸੀ' ਕੈਟੇਗਰੀ ਵਿੱਚ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿਹੜੇ ਕਤਲ, ਚੋਰੀ, ਡਕੈਤੀ, ਲੜਾਈ-ਝਗੜੇ ਅਤੇ ਮਾਮੂਲੀ ਮਕੂੱਦਮਿਆਂ ਵਿੱਚ ਦੋਸ਼ੀ ਹੋਣ।

ਫੋਟੋ ਕੈਪਸ਼ਨ ਜੇਲ੍ਹ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਨਵਾਜ਼ ਅਤੇ ਮਰੀਅਮ ਨਵਾਜ਼ ਚਾਹੁਣ ਤਾਂ ਉਹ ਕੈਦੀ ਦਾ ਲਿਬਾਸ ਖ਼ੁਦ ਵੀ ਤਿਆਰ ਕਰ ਸਕਦੇ ਹਨ

'ਬੀ' ਕੈਟੇਗਰੀ ਵਿੱਚ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿਹੜੇ ਕਤਲ ਅਤੇ ਲੜਾਈ-ਝਗੜੇ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਪਰ ਚੰਗੇ ਖ਼ਾਨਦਾਨ ਨਾਲ ਸਬੰਧ ਰੱਖਦੇ ਹੋਣ।

ਗ੍ਰੇਜੂਏਸ਼ਨ ਪਾਸ ਕੈਦੀ ਵੀ 'ਬੀ' ਕੈਟੇਗਰੀ ਦੀ ਯੋਗਤਾ ਰੱਖਦਾ ਹੈ।

ਜੇਲ੍ਹ ਅਧਿਕਾਰੀਆਂ ਮੁਤਾਬਕ 'ਏ' ਕਲਾਸ ਕੈਟੇਗਰੀ ਉੱਚ-ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਮੰਤਰੀਆਂ ਅਤੇ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਵੱਧ ਟੈਕਸ ਅਦਾ ਕਰਦੇ ਹੋਣ।

'ਏ' ਕਲਾਸ ਦੇ ਕੈਦੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ

ਜੇਲ੍ਹ ਮੈਨੂਅਲ ਮੁਤਾਬਕ ਜਿਨ੍ਹਾਂ ਕੈਦੀਆਂ ਨੂੰ 'ਏ' ਕਲਾਸ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਰਹਿਣ ਦੇ ਲਈ ਦੋ ਕਮਰਿਆਂ ਵਾਲਾ ਵੱਖਰਾ ਬੈਰਕ ਦਿੱਤਾ ਜਾਂਦਾ ਹੈ ਜਿਸਦੇ ਇੱਕ ਕਮਰੇ ਦਾ ਸਾਈਜ਼ 9x12 ਹੁੰਦਾ ਹੈ।

ਕੈਦੀ ਲਈ ਬੈੱਡ, ਏਅਰ ਕੰਡੀਸ਼ਨਰ, ਫਰਿੱਜ ਅਤੇ ਟੀਵੀ ਤੋਂ ਇਲਾਵਾ ਵੱਖਰਾ ਰਸੋਈ ਘਰ ਵੀ ਸ਼ਾਮਲ ਹੁੰਦਾ ਹੈ। 'ਏ' ਕਲਾਸ ਦੇ ਕੈਦੀ ਨੂੰ ਜੇਲ੍ਹ ਦਾ ਖਾਣਾ ਖਾਣ ਦੀ ਥਾਂ ਆਪਣੀ ਪਸੰਦ ਦਾ ਖਾਣਾ ਬਣਾਉਣ ਦੀ ਵੀ ਇਜਾਜ਼ਤ ਹੁੰਦੀ ਹੈ। ਇਸ ਤੋਂ ਇਲਾਵਾ 'ਏ' ਕਲਾਸ ਵਿੱਚ ਰਹਿਣ ਵਾਲੇ ਕੈਦੀ ਨੂੰ ਉਸ ਦਾ ਕੰਮ ਕਰਨ ਵਾਲੇ ਦੋ ਕੈਦੀ ਵੀ ਦਿੱਤੇ ਜਾਂਦੇ ਹਨ।

Image copyright EPA
ਫੋਟੋ ਕੈਪਸ਼ਨ ਮਰੀਅਮ ਨਵਾਜ਼ ਨੂੰ 'ਬੀ' ਕੈਟੇਗਰੀ ਦਿੱਤੀ ਗਈ ਹੈ

ਜੇਲ੍ਹ ਅਧਿਕਾਰੀਆਂ ਮੁਤਾਬਕ ਜੇਕਰ ਕੈਦੀ ਚਾਹੇ ਤਾਂ ਦੋਵੇਂ ਕੰਮ ਕਰਨ ਵਾਲੇ ਕੈਦੀ ਇਨ੍ਹਾਂ ਦੇ ਨਾਲ ਰਹਿ ਸਕਦੇ ਹਨ ਅਤੇ ਜੇਕਰ ਕੈਦੀ ਚਾਹੇ ਤਾਂ ਦੋਵੇਂ ਕੈਦੀ ਕੰਮ ਪੂਰਾ ਕਰਨ ਤੋਂ ਬਾਅਦ ਵਾਪਿਸ ਆਪਣੇ ਬੈਰਕ ਵਿੱਚ ਵੀ ਜਾ ਸਕਦੇ ਹਨ।

ਜੇਲ੍ਹ ਕਾਨੂੰਨ ਮੁਤਾਬਕ ਜਿਨ੍ਹਾਂ ਕੈਦੀਆ ਨੂੰ 'ਬੀ' ਕੈਟੇਗਰੀ ਦਿੱਤੀ ਜਾਂਦੀ ਹੈ ਉਨ੍ਹਾਂ ਨੂੰ ਇੱਕ ਵੱਖਰਾ ਕਮਰਾ ਤੇ ਕੰਮ ਕਰਨ ਵਾਲਾ ਕੈਦੀ ਦਿੱਤਾ ਜਾਂਦਾ ਹੈ। ਜੇਕਰ ਜੇਲ੍ਹ ਸੁਪਰੀਡੈਂਟ ਚਾਹੇ ਤਾਂ ਕੰਮ ਕਰਨ ਵਾਲੇ ਕੈਦੀ ਦੀ ਗਿਣਤੀ ਵਧਾ ਕੇ ਦੋ ਵੀ ਕਰ ਸਕਦਾ ਹੈ।

ਮਰੀਅਮ ਨੂੰ 'ਬੀ' ਕੈਟੇਗਰੀ ਦੀ ਮਹਿਲਾ ਬੈਰਕ

ਮਰੀਅਮ ਨਵਾਜ਼ ਨੂੰ 'ਬੀ' ਕੈਟੇਗਰੀ ਦਿੱਤੀ ਗਈ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਮਰੀਅਮ ਨਵਾਜ਼ ਨੂੰ ਔਰਤਾਂ ਦੇ ਬੈਰਕ ਵਿੱਚ ਰੱਖਿਆ ਜਾਵੇਗਾ ਅਤੇ ਇੱਕ ਮਹਿਲਾ ਕੈਦੀ ਦੇ ਤੌਰ 'ਤੇ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਅਧਿਕਾਰੀਆਂ ਦੇ ਮੁਤਾਬਕ ਜਿਨ੍ਹਾਂ ਕੈਦੀਆਂ ਨੂੰ 'ਏ' ਕਲਾਸ ਅਤੇ 'ਬੀ' ਕੈਟੇਗਰੀ ਦੇ ਕੈਦੀਆਂ ਲਈ ਬਤੌਰ ਸੇਵਾਦਾਰ ਦਿੱਤਾ ਜਾਂਦਾ ਹੈ ਜਿਹੜੇ ਮਾਮੂਲੀ ਮੁਕੱਦਮਿਆਂ 'ਚ ਸ਼ਾਮਲ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)