ਸੋਸ਼ਲ: ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗਰਾਬਰ ਨੇ 'ਦਿਲ ਜਿੱਤ ਲਿਆ'

ਫੀਫਾ ਵਿਸ਼ਵ ਕੱਪ Image copyright Reuters
ਫੋਟੋ ਕੈਪਸ਼ਨ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ।

ਫੀਫਾ ਵਿਸ਼ਵ ਕੱਪ-2018 'ਚ ਆਖ਼ਿਰਕਾਰ ਫਰਾਂਸ ਨੇ ਇੱਕ ਦਿਲਚਸਪ ਮੁਕਾਬਲੇ ਵਿੱਚ ਕ੍ਰੋਏਸ਼ੀਆ ਨੂੰ ਹਰਾ ਕੇ ਆਪਣੇ ਨਾਂ ਕਰ ਲਿਆ। ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਕ੍ਰੋਏਸ਼ੀਆ ਦੀ ਟੀਮ ਵੀ ਕਮਾਲ ਦਾ ਖੇਡੀ।

ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਦਿੱਤਾ। ਪੂਰੀ ਦੁਨੀਆਂ ਵਿੱਚ ਇਸ ਮੈਚ ਨੂੰ ਮੈਦਾਨ ਤੋਂ ਲੈ ਕੇ ਟੀਵੀ ਅਤੇ ਇੰਟਰਨੈੱਟ ਉੱਤੇ ਕਰੋੜਾਂ ਲੋਕਾਂ ਨੇ ਦੇਖਿਆ।

ਇਸ ਵਿੱਚ ਜੋਸ਼, ਜਨੂੰਨ, ਐਕਸ਼ਨ ਤੇ ਇਮੋਸ਼ਨ ਸਭ ਕੁਝ ਸੀ। ਮੈਦਾਨ ਵਿੱਚ ਦਿੱਗਜ ਖਿਡਾਰੀ ਫੁੱਟਬਾਲ ਮਗਰ ਭੱਜਦੇ ਹੋਏ ਪਸੀਨਾ ਵਹਾ ਰਹੇ ਸਨ ਤਾਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਫੈਨਸ ਵਿੱਚ ਦੁਨੀਆਂ ਦੇ ਦਿੱਗਜ ਲੀਡਰ ਵੀ ਸਨ।

Image copyright AFP
ਫੋਟੋ ਕੈਪਸ਼ਨ ਮੈਚ ਦੌਰਾਨ ਕ੍ਰੋਏਸ਼ੀਆ ਦੀ ਇੱਕ ਮਹਿਲਾ ਸਮਰਥਕ

ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਮੇਜ਼ਬਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਟੇਡਿਅਮ ਵਿੱਚ ਸਨ। ਉਨ੍ਹਾਂ ਦੇ ਨਾਲ ਹੀ ਦਿਖਾਈ ਦੇ ਰਹੇ ਸਨ ਮੈਦਾਨ ਅੰਦਰ ਭਿੜ ਰਹੀਆਂ ਦੋਹਾਂ ਟੀਮਾਂ ਦੇ ਮੁਲਕਾਂ ਦੇ ਮੁਖੀ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਆਲ ਮੈਕਰੋਂ ਅਤੇ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗਰਾਬਰ ਨੇ ਆਪਣੀਆਂ ਟੀਮਾਂ ਨੂੰ ਹੱਲਾਸ਼ੇਰੀ ਦਿੱਤੀ।

ਮੈਚ ਖ਼ਤਮ ਹੋਣ ਮਗਰੋਂ ਮੀਂਹ ਪਿਆ, ਲੋਕ ਭਿੱਜ ਰਹੇ ਸਨ ਪਰ ਲੋਕਾਂ ਦੀਆਂ ਨਜ਼ਰਾਂ ਵਲਾਦੀਮੀਰ ਪੁਤਿਨ 'ਤੇ ਵੀ ਟਿਕੀਆਂ ਰਹੀਆਂ ਕਿਉਂਕਿ ਉਹ ਇਕੱਲੇ ਅਹਿਜੇ ਹਾਈ ਪ੍ਰੋਫਾਈਲ ਲੀਡਰ ਸਨ ਜਿਨ੍ਹਾਂ ਨੇ ਆਪਣੇ ਸਿਰ 'ਤੇ ਛਤਰੀ ਲੈ ਕੇ ਰੱਖੀ ਬਾਕੀ ਭਿੱਜਦੇ ਰਹੇ।

@NdeuxT ਹੈਂਡਲ ਤੋਂ ਤਸਵੀਰ ਪੋਸਟ ਕਰਕੇ ਲਿਖਿਆ ਗਿਆ, ''ਜੇਂਟਲਮੈਨ ਪੁਤਿਨ ਛਤਰੀ ਥੱਲੇ ਸਨ, ਕੋਲਿੰਡਾ ਤੇ ਮੌਕਰੋਂ ਭਿੱਜਦੇ ਰਹੇ।''

ਇਸ ਸਭ ਦੇ ਵਿਚਾਲੇ ਮੈਦਾਨ ਤੋਂ ਲੈ ਕੇ ਇੰਟਰਨੈੱਟ ਤੱਕ ਇੱਕ ਹੋਰ ਸ਼ਖਸਿਅਤ ਦਾ ਨਾਂ ਲੋਕਾਂ ਦੀ ਜ਼ੁਬਾਨ ਉੱਤੇ ਹੈ। ਉਹ ਹੈ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗਰਾਬਰ।

ਕੋਲਿੰਡਾ ਦੇ ਚਿਹਰੇ ਦੀ ਮੁਸਕਾਨ ਮੈਚ ਸ਼ੁਰੂ ਹੋਣ ਅਤੇ ਖ਼ਤਮ ਹੋਣ ਤੱਕ ਬਰਕਰਾਰ ਰਹੀ। ਟੀਮ ਹਾਰ ਗਈ ਸੀ ਪਰ ਫਿਰ ਵੀ ਕ੍ਰੋਏਸ਼ੀਆ ਫੁੱਟਬਾਲ ਟੀਮ ਦੀ ਜਰਸੀ ਪਾਈ ਕੋਲਿੰਡਾ ਨੇ ਸਪੋਰਟਸਮੈਨ ਸਪਿਰਿਟ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ।

ਟਵਿੱਟਰ ਉੱਤੇ ਕਈ ਲੋਕਾਂ ਨੇ ਕੋਲਿੰਡਾ ਦੀ ਸਾਦਗੀ ਦੀ ਤਾਰੀਫ਼ ਤਾਂ ਕੀਤੀ ਹੀ ਹੈ ਅਤੇ ਉਨ੍ਹਾਂ ਦੀ ਆਪਣੀ ਟੀਮ ਦੇ ਕੋਚ ਨੂੰ ਜੱਫੀ ਪਾ ਕੇ ਹੱਲਾਸ਼ੇਰੀ ਦੇਣ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ।

ਵਿਕਟਰ ਮੋਸ਼ੇਰੇ ਲਿਖਦੇ ਹਨ, ''ਜ਼ਰਾ ਰੁਕੋ ਅਤੇ ਇਸ ਔਰਤ ਨੂੰ ਸਨਮਾਣ ਦਿਓ। ਇਨ੍ਹਾਂ ਨੇ ਵਰਲਡ ਕੱਪ ਵਿੱਚ ਕਈਆਂ ਦੇ ਦਿਲ ਜਿੱਤੇ।''

ਪਾਕਿਸਤਾਨੀ ਲੇਖਿਕਾ ਮੇਹਰ ਤਰਾਰ ਨੇ ਕੋਲਿੰਡਾ ਦੀਆਂ ਕਈ ਤਸਵੀਰਾਂ ਟਵੀਟ ਕੀਤੀਆਂ। ਉਨ੍ਹਾਂ ਲਿਖਿਆ, ''ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਆਪਣੀ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਇਕੋਨੋਮੀ ਕਲਾਸ ਵਿੱਚ ਸਫ਼ਰ ਕੀਤਾ, ਆਮ ਲੋਕਾਂ ਨਾਲ ਨੌਨ ਵੀਆਈਪੀ ਸਟੈਂਡ ਵਿੱਚੋਂ ਮੈਚ ਦੇਖਿਆ ਅਤੇ ਉਨ੍ਹਾਂ ਫਰਾਂਸ ਨੂੰ ਵਧਾਈ ਦੇ ਕੇ ਚੰਗਾ ਸੁਨੇਹਾ ਦਿੱਤਾ।''

ਇਸ ਮੈਚ ਤੋਂ ਬਾਅਦ ਕਈ ਦਿਲਚਪਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕ੍ਰੋਏਸ਼ੀਆ ਅਤੇ ਫਰਾਂਸ ਦੇ ਰਾਸ਼ਟਰਪਤੀ ਆਪੋ-ਆਪਣੇ ਅਹੁਦਿਆਂ ਨੂੰ ਇੰਕ ਮਿੰਟ ਲਈ ਭੁੱਲ ਕੇ ਮੈਦਾਨ ਵਿੱਚ ਇੱਕ ਫੁੱਟਬਾਲ ਫੈਨ ਵਾਂਗ ਜੋਸ਼ ਅਤੇ ਜਨੂੰਨ ਵਿੱਚ ਨਜ਼ਰ ਆਏ।

ਨਾਈਟਹਿਵੇਨ ਨਾਮੀ ਹੈਂਡਲ ਨੇ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਕੋਲਿੰਡਾ ਟੂਰਨਾਮੈਂਟ ਮਗਰੋਂ ਫਰਾਂਸ ਦੇ ਖਿਡਾਰੀ ਨੂੰ ਜੱਫੀ ਪਾ ਕੇ ਵਧਾਈ ਦੇ ਰਹੇ ਹਨ ਅਤੇ ਲਿਖਿਆ ਕਿ ਦੁਨੀਆਂ ਵਿੱਚ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ।

ਟਵਿੱਟਰ ਉੱਤੇ ਮੈਟ ਮੈਕਗਲੋਨ ਨੇ ਇੱਕ ਤਸਵੀਰ ਟਵੀਟ ਕੀਤੀ ਜਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੋਕਰੋਂ ਕ੍ਰੋਏਸ਼ੀਆ ਦੇ ਖਿਡਾਰੀ ਮੋਡਰਿਕ ਨੂੰ ਜੱਫੀ ਪਾ ਕੇ ਹੌਂਸਲਾ ਦੇ ਰਹੇ ਹਨ ਅਤੇ ਕੋਲਿੰਡਾ ਨੇ ਵੀ ਉਸੇ ਅੰਦਾਜ਼ ਵਿੱਚ ਆਪਣੇ ਖਿਡਾਰੀ ਨੂੰ ਗਲ ਲਾ ਲਿਆ।

ਮੈਰੀ ਨੋਵਾਕੋਵਿਚ ਨੇ ਵੀ ਮੈਕਰੋਂ ਅਤੇ ਕੋਲਿੰਡਾ ਦੀ ਵਰ੍ਹਦੇ ਮੀਂਹ ਵਿੱਚ ਇੱਕ ਦਿਲਚਸਪ ਤਸਵੀਰ ਪੋਸਟ ਕੀਤੀ।

@WaaleBlaze ਟਵਿੱਟਰ ਹੈਂਡਲ ਤੋਂ ਦੋਹਾਂ ਮੁਲਕਾਂ ਦੇ ਰਾਸ਼ਟਰਪਤੀਆਂ ਦੀ ਆਪੋ-ਆਪਣੀਆਂ ਟੀਮਾਂ ਨੂੰ ਸਪੋਰਟ ਕਰਦੇ ਹੋਏ ਇਹ ਦਿਲਚਸਪ ਤਸਵੀਰ ਸ਼ੇਅਰ ਕੀਤੀ ਗਈ।

ਇਸੇ ਵਿਚਾਲੇ @lasri_habibou ਹੈਂਡਲ ਨੇ ਬੜੀ ਹੀ ਦਿਲਚਸਪ ਤਸਵੀਰ ਪੋਸਟ ਕੀਤੀ। ਫਰਾਂਸ ਵਿੱਚ ਮੂਲ ਰੂਪ ਵਿੱਚ ਦੂਜੇ ਮੁਲਕਾਂ ਤੋਂ ਸਬੰਧ ਰੱਖਣ ਵਾਲੇ ਖਿਡਾਰੀਆ ਦੀ ਬਹੁਤਾਤ ਹੈ।

ਜਾਣੋ ਕੋਲਿੰਡਾ ਗਰਾਬਰ ਬਾਰੇ

  • 50 ਸਾਲਾ ਕੋਲਿੰਡਾ ਗਰਾਬਰ ਕ੍ਰੋਏਸ਼ੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹਨ। ਉਨ੍ਹਾਂ ਦੀ ਚੋਣ ਸਾਲ 2015 ਵਿੱਚ ਹੋਈ।
  • ਉਹ 1990 ਤੋਂ ਬਾਅਦ ਕ੍ਰੋਏਸ਼ੀਅਨ ਡੈਮੋਕ੍ਰੇਟਿਕ ਯੂਨੀਅਨ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਕਈ ਅਹੁਦਿਆਂ ਉੱਤੇ ਰਹੇ।
  • ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕੋਲਿੰਡਾ NATO ਦੇ ਸਹਾਇਕ ਸਕੱਤਰ ਜਨਰਲ ਰਹਿ ਚੁੱਕੇ ਹਨ।
  • ਕੋਲਿੰਡਾ ਨੇ ਆਪਣੀ ਪੜ੍ਹਾਈ ਵਾਸ਼ਿੰਗਟਨ ਡੀਸੀ ਵਿੱਚ ਪੂਰੀ ਕੀਤੀ। ਉਨ੍ਹਾਂ ਦਾ ਵਿਆਹ ਜਾਕੋਵ ਕਿਟਾਰੋਵਿਕ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)