ਟਰੰਪ-ਪੁਤਿਨ ਨੇ ਮੁਰਝਾਏ ਚਿਹਰਿਆਂ ਨਾਲ ਮਿਲਾਏ ਹੱਥ

ਡੌਨਲਡ ਟਰੰਪ ਅਤੇ ਵਲਾਦੀਮੀਰ ਪੁਤਿਨ ਦੀ ਮੁਲਾਕਾਤ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੰਭੀਰ ਚਿਹਰਿਆਂ ਦੇ ਨਾਲ ਇੱਕ ਦੂਜੇ ਨਾਲ ਹੱਥ ਮਿਲਾਏ।

ਇਸ ਵੇਲੇ ਟਰੰਪ ਤੇ ਪੁਤਿਨ ਦੀ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਮੁਲਾਕਾਤ ਖ਼ਤਮ ਹੋ ਚੁੱਕੀ ਹੈ। ਡੌਨਲਡ ਟਰੰਪ ਨੇ ਇਸ ਮੁਲਾਕਾਤ ਨੂੰ ਇੱਕ ਚੰਗੀ ਸ਼ੁਰੂਆਤ ਦੱਸਿਆ ਹੈ।

ਦੋਵੇਂ ਆਗੂਆਂ ਦੇ ਨਾਲ ਸਿਰਫ਼ ਤਰਜਮੇਕਾਰ ਮੌਜੂਦ ਸਨ ਅਤੇ ਕੋਈ ਸਲਾਹਾਕਾਰ ਮੁਲਾਕਾਤ ਦੌਰਾਨ ਹਾਜ਼ਿਰ ਨਹੀਂ ਸਨ।

ਵਲਾਦੀਮੀਰ ਪੁਤਿਨ ਨੇ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਤੇ ਕਿਹਾ ਕਿ ਕਈ ਕੌਮਾਂਤਰੀ ਮੁੱਦਿਆਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਡੌਨਲਡ ਟਰੰਪ ਨੇ ਸ਼ੁਰੂਆਤ ਵਿੱਚ ਹੀ ਵਲਾਦੀਮੀਰ ਪੁਤਿਨ ਨੂੰ ਵਿਸ਼ਵ ਕੱਪ ਵਰਗੇ ਵੱਡੇ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ।

ਮੁਲਾਕਾਤ ਤੋਂ ਕੁਝ ਘੰਟਿਆਂ ਪਹਿਲਾਂ ਡੌਨਲਡ ਟਰੰਪ ਨੇ ਟਵੀਟ ਰਾਹੀਂ ਰੂਸ ਨਾਲ ਮਾੜੇ ਰਿਸ਼ਤਿਆਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਦੋਵਾਂ ਦੇਸਾਂ ਵਿਚਾਲੇ ਕਈ ਮੁਸ਼ਕਿਲ ਮੁੱਦਿਆਂ ਬਾਰੇ ਗੱਲਬਾਤ ਹੋਵੇਗੀ।

ਟਰੰਪ ਦੇ ਇਸ ਟਵੀਟ ਨੇ ਵ੍ਹਾਈਟ ਹਾਊਸ ਦੇ ਸਲਾਹਾਕਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਉਹ ਪੁਤਿਨ ਦੀ ਜ਼ਿਆਦਾ ਤਾਰੀਫ਼ ਕਰਨਾ ਠੀਕ ਨਹੀਂ ਸਮਝਦੇ ਹਨ।

ਹੇਲਸਿੰਕੀ ਵਿੱਚ ਔਰਤਾਂ ਦੇ ਹੱਕਾਂ ਲਈ ਗਰਭਵਤੀ ਟਰੰਪ ਦੀ ਸ਼ਕਲ ਲੈ ਕੇ ਲੋਕਾਂ ਨੇ ਮੁਜ਼ਾਹਰੇ ਕੀਤੇ। ਇਸ ਲੋਕ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਜਾ ਰਹੇ ਗਲੋਬਲ ਗੈਗ ਰੂਲ ਦੇ ਖਿਲ਼ਾਫ਼ ਮੁਜ਼ਾਹਰੇ ਕਰ ਰਹੇ ਸਨ।

ਉਸ ਨਿਯਮ ਮੁਤਾਬਿਕ ਜੋ ਐੱਨਜੀਓਜ਼ ਅਮਰੀਕਾ ਦੀ ਸਰਕਾਰ ਕੋਲੋਂ ਪੈਸਾ ਲੈਂਦੇ ਹਨ ਉਹ ਅਮਰੀਕਾ ਤੋਂ ਬਾਹਰ ਗਰਭਪਾਤ ਦਾ ਫੈਮਲੀ ਪਲਾਨਿੰਗ ਕਰਨ ਲਈ ਪ੍ਰਚਾਰ ਨਹੀਂ ਕਰਨਗੇ।

ਤਸਵੀਰ ਕੈਪਸ਼ਨ,

ਪੁਤਿਨ ਅਤੇ ਟਰੰਪ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਮਿਲ ਰਹੇ ਹਨ

ਕਿਉਂ ਹੈ ਅਮਰੀਕਾ-ਰੂਸ 'ਚ ਤਣਾਅ?

ਇਨ੍ਹਾਂ ਦੋਵਾਂ ਵਿਚਾਲੇ ਤਣਾਅ ਸ਼ੀਤ ਯੁੱਧ (1945 ਤੋਂ 1989) ਤੋਂ ਸ਼ੁਰੂ ਹੋਇਆ ਅਤੇ ਜਦੋਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਾਲੇ ਵਿਰੋਧਤਾ ਸੀ।

2014 ਵਿੱਚ ਰੂਸ ਦੇ ਕ੍ਰੀਮੀਆ ਨੂੰ ਯੂਕ੍ਰੈਨ ਤੋਂ ਵੱਖ ਕਰ ਲੈਣ ਤੋਂ ਬਾਅਦ ਦੋਵਾਂ ਦੇਸਾਂ ਦੇ ਦੁਵੱਲੇ ਸੰਬੰਧਾਂ ਵਿੱਚ ਹੋਰ ਗਿਰਾਵਟ ਆ ਗਈ।

ਇਸ ਤੋਂ ਬਾਅਦ ਅਮਰੀਕਾ ਅਤੇ ਕਈ ਹੋਰ ਦੇਸਾਂ ਨੇ ਰੂਸ 'ਤੇ ਕਈ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ।

ਬੈਠਕ ਮਹੱਤਵਪੂਰਨ ਕਿਉਂ ਹੈ?

ਆਲਮੀ ਮਾਮਲਿਆਂ ਵਿੱਚ ਇਨ੍ਹਾਂ ਦੋਵਾਂ ਨੇਤਾਵਾਂ ਦੇ ਰਿਸ਼ਤਿਆਂ 'ਤੇ ਦੁਨੀਆਂ ਦੀਆਂ ਸਭ ਤੋਂ ਵੱਧ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ ਕਿਉਂਕਿ ਸਾਲ 2016 ਵਿੱਚ ਅਮਰੀਕੀ ਚੋਣਾਂ ਵਿੱਚ ਰੂਸ ਦੇ ਕਥਿਤ ਪ੍ਰਭਾਵ ਦੇ ਦਾਅਵੇ ਕੀਤਾ ਜਾਂਦੇ ਹਨ ਹਾਲਾਂਕਿ ਮਾਸਕੋ ਇਸ ਤੋਂ ਇਨਕਾਰ ਕਰਦਾ ਹੈ।

ਅਮਰੀਕੀ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਰੂਸ ਨੇ ਚੋਣਾਂ ਨੂੰ ਟਰੰਪ ਦੇ ਪੱਖ ਵਿੱਚ ਕਰਨ ਲਈ ਕੰਮ ਕੀਤਾ।

ਤਸਵੀਰ ਕੈਪਸ਼ਨ,

ਦੋਵਾਂ ਨੇਤਾਵਾਂ ਵਿਚਾਲੇ ਹੋਣ ਜਾ ਰਹੀ ਗੱਲਬਾਤ ਬਾਰੇ ਅਧਿਕਾਰਤ ਬਿਆਨਾਂ ਵਿੱਚ ਬਹੁਤ ਕੁਝ ਨਹੀਂ ਕਿਹਾ ਗਿਆ

ਅਮਰੀਕਾ ਵਿੱਚ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਦੀ ਅਗਵਾਈ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੇ ਦਖ਼ਲ ਦੀ ਜਾਂਚ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਇਸ ਨੂੰ ਸਿਆਸੀ ਸਾਜਿਸ਼ ਦੱਸ ਕੇ ਖਾਰਿਜ ਵੀ ਕਰਦੇ ਰਹੇ ਹਨ।

ਕੀ ਰਹੇਗਾ ਗੱਲਬਾਤ ਦਾ ਮੁੱਦਾ

ਦੋਵਾਂ ਨੇਤਾਵਾਂ ਵਿਚਾਲੇ ਹੋਣ ਜਾ ਰਹੀ ਗੱਲਬਾਤ ਬਾਰੇ ਅਧਿਕਾਰਤ ਬਿਆਨਾਂ ਵਿੱਚ ਬਹੁਤ ਕੁਝ ਨਹੀਂ ਕਿਹਾ ਗਿਆ ਪਰ ਉਹ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰ ਸਕਦੇ ਹਨ:

ਹਥਿਆਰਾਂ 'ਤੇ ਕਾਬੂ

ਅਮਰੀਕਾ ਅਤੇ ਰੂਸ ਵਿਚਾਲੇ 'ਨਵੀਂ ਸ਼ੁਰੂਆਤ' ਨਾਮ ਦਾ ਇੱਕ ਸਮਝੌਤਾ ਹੈ ਜਿਸ ਦਾ ਉਦੇਸ਼ ਦੋਵਾਂ ਦੇਸਾਂ ਦੇ ਪਰਮਾਣੂ ਹਥਿਆਰਾਂ ਦੀ ਸਮਰੱਥਾਂ ਅਤੇ ਗਿਣਤੀ ਨੂੰ ਸੀਮਤ ਰੱਖਣਾ ਹੈ।

ਇਹ ਸਮਝੌਤਾ 2021 ਤੱਕ ਅਸਰਦਾਰ ਰਹੇਗਾ। ਜੇਕਰ ਇਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਕੁਝ ਹੁੰਦਾ ਹੈ ਤਾਂ ਇਸ ਨੂੰ ਚੰਗਾ ਸੰਕੇਤ ਮੰਨਿਆ ਜਾਵੇਗਾ।

ਅਮਰੀਕੀ ਪਾਬੰਦੀਆਂ

ਰੂਸ ਦੇ ਕ੍ਰੀਮੀਆ 'ਤੇ ਕਬਜ਼ਾ ਕਰਨ ਅਤੇ ਪੂਰਬੀ ਯੂਕਰੇਨ ਤੋਂ ਵੱਖਵਾਦੀਆਂ ਦਾ ਸਮਰਥਨ ਕਰਨ ਤੋਂ ਬਾਅਦ ਰੂਸੀ ਕੰਪਨੀਆਂ ਅਤੇ ਵਿਅਕਤੀਆਂ 'ਤੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਸਨ।

ਸੀਰੀਆ ਦੀ ਜੰਗ ਵਿੱਚ ਰੂਸ ਦੀ ਭੂਮਿਕਾ ਅਤੇ ਅਮਰੀਕੀ ਚੋਣਾਂ ਵਿੱਚ ਦਖ਼ਲ ਨੂੰ ਲੈ ਕੇ ਵੀ ਰੂਸ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

ਤਸਵੀਰ ਕੈਪਸ਼ਨ,

ਰਾਸ਼ਟਰਪਤੀ ਟਰੰਪ ਦੀ ਯਾਤਰਾ ਤੋਂ ਪਹਿਲਾਂ ਫਿਨਲੈਂਡ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਰੰਪ ਦਾ ਮਨੁੱਖਈ ਅਧਇਕਾਰਾਂ ਵੱਲ ਕਰਨ ਦੀ ਕੋਸ਼ਿਸ਼ ਕੀਤੀ

ਜੇਕਰ ਰਾਸ਼ਟਰਪਤੀ ਟਰੰਪ ਇਨ੍ਹਾਂ ਪਾਬੰਦੀਆਂ ਵਿੱਚ ਕਿਸੇ ਛੋਟ ਦਾ ਫ਼ੈਸਲਾ ਕਰਦੇ ਹਨ ਤਾਂ ਕਾਂਗਰਸ ਦੀ ਸਹਿਮਤੀ ਜ਼ਰੂਰੀ ਹੈ। ਹਾਲਾਂਕਿ ਜੇਕਰ ਉਹ ਪਾਬੰਦੀਆਂ ਹੋਰ ਨਹੀਂ ਵਧਾਉਂਦੇ ਤਾਂ ਵੀ ਰੂਸ ਇਸ ਦਾ ਸੁਆਗਤ ਕਰੇਗਾ।

ਯੂਕਰੇਨ

ਅਮਰੀਕਾ ਨੇ ਯੂਕਰੇਨ ਨੂੰ ਫੌਜ ਦੀ ਮਦਦ ਦਿੱਤੀ ਹੈ। ਜੇਕਰ ਰਾਸ਼ਟਰਪਤੀ ਟਰੰਪ ਇਸ ਨੂੰ ਰੋਕ ਦਿੰਦੇ ਹਨ ਤਾਂ ਪੁਤਿਨ ਜ਼ਰੂਰ ਖ਼ੁਸ਼ ਹੋਣਗੇ।

ਹਾਲਾਂਕਿ ਅਜਿਹਾ ਹੋਣਾ ਅਤੇ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਨੂੰ ਅਮਰੀਕੀ ਮਾਨਤਾ ਮਿਲਣਾ ਮੁਸ਼ਕਿਲ ਹੈ।

ਸੀਰੀਆ

ਅਮਰੀਕਾ ਦਾ ਅਹਿਮ ਸਹਿਯੋਗੀ ਇਜ਼ਰਾਈਲ ਈਰਾਨੀ ਅਤੇ ਈਰਾਨ ਸਮਰਥਕ ਬਲਾਂ ਨੂੰ ਦੱਖਣੀ-ਪੱਛਮੀ ਸੀਰੀਆ ਕੋਲੋਂ ਦੂਰੀ ਚਾਹੁੰਦਾ ਹੈ। ਇਹ ਇਲਾਕਾ ਇਜ਼ਰਾਈਲ ਦੀ ਸੀਮਾ ਨਾਲ ਲਗਦਾ ਹੈ।

ਟਰੰਪ-ਪੁਤਿਨ ਦੇ ਨਾਲ ਗੱਲਬਾਤ ਵਿੱਚ ਇਹ ਮੁੱਦਾ ਚੁੱਕ ਸਕਦੇ ਹਨ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਪੁਤਿਨ ਸ਼ਾਇਦ ਹੀ ਕੋਈ ਅਜਿਹਾ ਪ੍ਰਸਤਾਵ ਦੇਣ, ਜਿਸ ਨਾਲ ਸੀਰੀਆ ਵਿੱਚ ਈਰਾਨ ਦੀ ਭੂਮਿਕਾ ਨੂੰ ਸੀਮਤ ਕਰਨ ਦੀ ਗੱਲ ਹੋਵੇ।

ਤਸਵੀਰ ਕੈਪਸ਼ਨ,

ਹੇਲਸਿੰਕੀ ਦੇ ਇਸ ਮਹਿਲ ਵਿੱਚ ਮਿਲਣਗੇ ਦੋਵੇਂ ਆਗੂ

ਟਰੰਪ ਦੇ ਸਹਿਯੋਗੀਆਂ ਦੀ ਚਿੰਤਾ

ਬੀਤੇ ਹਫ਼ਤੇ ਨੈਟੋ ਦੇ ਸੰਮੇਲਨ ਵਿੱਚ ਟਰੰਪ ਨੇ 'ਰੂਸੀ ਗੁੱਸੇ' ਦੀ ਆਲੋਚਨਾ ਕਰਦੇ ਹੋਏ ਸਾਂਝੇ ਬਿਆਨ 'ਤੇ ਹਸਤਾਖ਼ਰ ਕੀਤੇ ਸੀ।

ਹੁਣ ਬਹੁਤ ਸਾਰੇ ਲੋਕ ਸਵਾਲ ਚੁੱਕ ਰਹੇ ਹਨ ਕਿ ਕੀ ਟਰੰਪ ਆਪਣੇ ਪੱਛਮੀ ਸਹਿਯੋਗੀ ਦੇਸਾਂ ਦੀਆਂ ਚਿੰਤਾਵਾਂ ਨੂੰ ਸਿੱਧੇ ਤੌਰ 'ਤੇ ਪੁਤਿਨ ਸਾਹਮਣੇ ਚੁੱਕਣਗੇ?

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਹੇਲਸਿੰਕੀ ਵਿੱਚ ਪੁਤਿਨ ਨਾਲ ਕਿਹੜੇ ਮੁੱਦਿਆਂ 'ਤੇ ਗੱਲਬਾਤ ਕਰਨਗੇ, ਇਸ ਬਾਰੇ ਯੂਰਪੀ ਸਹਿਯੋਗੀ ਦੇਸਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਯੂਰਪ ਦੀ ਉਤਾਰ-ਚੜ੍ਹਾਅ ਭਰੀ ਯਾਤਰਾ ਤੋਂ ਬਾਅਦ ਟਰੰਪ ਪੁਤਿਨ ਨਾਲ ਗਰਮਜੋਸ਼ੀ ਦਿਖਾ ਸਕਦੇ ਹਨ।

ਮੁਲਾਕਾਤ ਤੋਂ ਉਮੀਦਾਂ

ਇਹ ਕਹਿਣਾ ਮੁਸ਼ਕਲ ਹੈ, ਅਜਿਹੀਆਂ ਮੁਲਾਕਾਤਾਂ ਪ੍ਰਤੀ ਟਰੰਪ ਦੇ ਗ਼ੈਰ-ਰਵਾਇਤੀ ਰਵੱਈਏ ਕਾਰਨ ਕੋਈ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹਾਲਾਂਕਿ ਅਮਰੀਕੀ ਸਲਾਹਕਾਰਾਂ ਨੇ ਸੰਕੇਤ ਦਿੱਤੇ ਹਨ ਕਿ ਇਸ ਦੌਰਾਨ ਕੋਈ ਵੱਡਾ ਐਲਾਨ ਨਹੀਂ ਕੀਤਾ ਜਾਵੇਗਾ।

ਤਸਵੀਰ ਕੈਪਸ਼ਨ,

ਅਮਰੀਕਾ ਅਤੇ ਰੂਸ ਲੰਬੇ ਸਮੇਂ ਤੋਂ ਵਿਰੋਧੀ ਰਹੇ ਹਨ

ਦੋਵੇਂ ਨੇਤਾ ਇਕੱਲਿਆਂ ਗੱਲ ਕਰਨਗੇ। ਮੁਲਾਕਾਤ ਦੌਰਾਨ ਪੁਤਿਨ ਅਤੇ ਟਰੰਪ ਦੇ ਨਾਲ ਸਿਰਫ਼ ਦੁਭਾਸ਼ੀਏ ਹੀ ਮੌਜੂਦ ਹੋਣਗੇ। ਇਸ ਨਾਲ ਭੇਤ ਹੋਰ ਡੂੰਘਾ ਹੋ ਗਿਆ ਹੈ।

ਦੁਨੀਆਂ ਲਈ ਇਸ ਦੇ ਮਾਅਨੇ

ਆਲਮੀ ਪ੍ਰਭਾਵ ਵਾਲੇ ਕਈ ਮੁੱਦਿਆਂ 'ਤੇ ਰੂਸ ਅਤੇ ਅਮਰੀਕਾ ਵੱਖ-ਵੱਖ ਅਤੇ ਕਈ ਵਾਰ ਵਿਰੋਧੀ ਵੀ ਰਹੇ ਹਨ। ਮਿਸਾਲ ਵਜੋਂ ਸੀਰੀਆ, ਯੂਕਰੇਨ, ਕ੍ਰੀਮੀਆ ਸੰਘਰਸ਼ ਬਾਰੇ।

ਰਾਸ਼ਟਰਪਤੀ ਪੁਤਿਨ ਕਹਿੰਦੇ ਹਨ ਕਿ ਰੂਸ 'ਤੇ ਪੱਛਮੀ ਦੇਸਾਂ ਦੀਆਂ ਪਾਬੰਦੀਆਂ 'ਸਾਰਿਆਂ ਲਈ ਨੁਕਸਾਨਦਾਇਕ' ਹਨ।

ਹਾਲਾਂਕਿ ਬਾਕੀ ਦੇਸਾਂ ਦੇ ਮੁਕਾਬਲੇ ਪੱਛਮੀ ਯੂਰਪ ਦੇਸ ਇਸ ਗੱਲਬਾਤ 'ਤੇ ਵਧੇਰੇ ਨਜ਼ਰ ਰੱਖਣਗੇ।

ਉਹ ਇੱਕ ਅਸਹਿਜ ਸਥਿਤੀ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਰੂਸ ਦੇ ਖ਼ਤਰੇ ਦਾ ਡਰ ਵੀ ਹੈ ਅਤੇ ਕੁਝ ਹੱਦ ਤੱਕ ਰੂਸ ਦੀ ਊਰਜਾ ਸਪਲਾਈ 'ਤੇ ਨਿਰਭਰ ਵੀ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)