ਨਵਾਜ਼ ਸ਼ਰੀਫ਼ ਦੇ ਟੱਬਰ ਦਾ ਹੁਣ ਕੀ ਬਣੇਗਾ

Maryam Nawaz arrives to appear before an anti-corruption commission at the Federal Judicial Academy in Islamabad on July 5, 2017.

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰੀ ਉਨ੍ਹਾਂ ਦੀ ਪਾਰਟੀ ਲਈ ਕਾਫ਼ੀ ਅਹਿਮ ਹੈ ਕਿਉਂਕਿ ਇਹ 25 ਜੁਲਾਈ ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋਈ ਹੈ।

ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ 13 ਜੁਲਾਈ ਨੂੰ ਲੰਡਨ ਤੋਂ ਵਾਪਸ ਪਰਤਦਿਆਂ ਹੀ ਲਾਹੌਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਦੋਵੇਂ ਅਦਾਇਲਾ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਸਜ਼ਾ ਦੇ ਖਿਲਾਫ਼ ਅਪੀਲ ਕੀਤੀ ਹੈ।

6 ਜੁਲਾਈ ਨੂੰ ਅਕਾਊਂਟੀਬਿਲਿਟੀ ਅਦਾਲਤ ਨੇ ਲੰਡਨ ਵਿੱਚ ਲਗਜ਼ਰੀ ਫਲੈਟ ਖਰੀਦਣ ਕਾਰਨ ਪਿਉ-ਧੀ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ ਅਤੇ ਅਦਾਲਤ ਨੇ ਨਵਾਜ਼ ਨੂੰ 10 ਸਾਲ ਅਤੇ ਮਰੀਅਮ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ:

ਗ੍ਰਿਫ਼ਤਾਰੀ ਦੇ ਬਾਵਜੂਦ ਭਰੋਸਾ

ਪਿਛਲੇ ਇੱਕ ਸਾਲ ਤੋਂ ਸਿਆਸੀ ਡਾਂਵਾਡੋਲ ਹਾਲਾਤ ਵਿਚਾਲੇ ਇਹ ਸ਼ਰੀਫ਼ ਲਈ ਵੱਡਾ ਝਟਕਾ ਹੈ।

  • ਜੁਲਾਈ, 2017 ਨੂੰ ਨਵਾਜ਼ ਸ਼ਰੀਫ਼ ਨੂੰ ਪਨਾਮਾ ਪੇਪਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ।
  • ਅਪ੍ਰੈਲ 2018 ਨੂੰ ਅਦਾਲਤ ਨੇ ਨਵਾਜ਼ ਸ਼ਰੀਫ਼ ਦੇ ਚੋਣਾਂ ਲੜਨ 'ਤੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ।
  • ਇਸ ਤੋਂ ਬਾਅਦ ਨਵਾਜ਼ ਨੇ ਨਿਆਂਪਾਲਿਕਾ ਅਤੇ ਫੌਜ ਖਿਲਾਫ਼ ਕਈ ਵਿਵਾਦਤ ਬਿਆਨ ਦਿੱਤੇ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਕਈ ਵਿਵਾਦਾਂ ਵਿੱਚ ਰਹੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਅੰਦਰ ਫੁੱਟ ਪੈ ਗਈ।
  • ਸਜ਼ਾ ਅਤੇ ਗ੍ਰਿਫ਼ਤਾਰੀ ਦੇ ਬਾਵਜੂਦ ਨਵਾਜ਼ ਸ਼ਰੀਫ਼ ਵਿੱਚ ਵਿਸ਼ਵਾਸ ਬਰਕਾਰ ਹੈ ਅਤੇ ਪਾਕਿਸਤਾਨੀ ਲੋਕਾਂ ਨੂੰ ਆਪਣੀ ਪਾਰਟੀ ਲਈ ਵੋਟ ਪਾਉਣ ਦੀ ਅਪੀਲ ਕੀਤੀ ਹੈ।
  • ਇੱਕ ਆਡੀਓ ਮੈਸੇਜ ਰਾਹੀਂ ਨਵਾਜ਼ ਸ਼ਰੀਫ਼ ਨੇ ਕਿਹਾ, "ਮੇਰਾ ਸੁਨੇਹਾ ਹਰ ਪਾਸੇ ਫੈਲਾ ਦਿਉ ਅਤੇ ਉਨ੍ਹਾਂ ਲੋਕਾਂ ਨੂੰ ਬੁਰੇ ਤਰੀਕੇ ਨਾਲ ਹਰਾ ਦਿਉ ਜੋ ਕਿ ਤੁਹਾਡੇ ਵੋਟ ਦੀ ਬੇਇਜ਼ਤੀ ਕਰਦੇ ਹਨ। ਚੋਣਾਂ ਵਿੱਚ ਜਿੱਤ ਲਈ 25 ਜੁਲਾਈ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੋ। ਉਨ੍ਹਾਂ ਨੂੰ ਇਸ ਤਰ੍ਹਾਂ ਹਰਾਓ ਕਿ ਉਹ ਮੁੜ ਆਪਣਾ ਸਿਰ ਨਾ ਚੁੱਕ ਸਕਣ।"
  • ਇਹ ਆਡੀਓ ਮੈਸੇਜ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਆਡੀਓ ਮੈਸੈਜ ਸ਼ਾਇਦ ਗ੍ਰਿਫ਼ਤਾਰੀ ਤੋਂ ਪਹਿਲਾਂ ਲੰਡਨ ਵਿੱਚ ਰਿਕਾਰਡ ਕੀਤਾ ਗਿਆ ਸੀ।

ਚੋਣਾਂ 'ਤੇ ਅਸਰ?

ਪਾਕਿਸਤਾਨੀ ਮੀਡੀਆ ਨੇ ਪੰਜਾਬ ਦੇ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ ਕਿਉਂਕਿ ਲਾਹੌਰ ਵਿੱਚ ਸ਼ਰੀਫ਼ ਦੀ ਵਾਪਸੀ 'ਤੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਪੀਐੱਮਐੱਲ-ਐੱਨ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਹ ਕਾਰਵਾਈ ਆਉਣ ਵਾਲੀਆਂ ਚੋਣਾਂ ਦੌਰਾਨ ਨਿਰਪੱਖਤਾ 'ਤੇ ਸਵਾਲ ਚੁੱਕਦੀ ਹੈ।

ਤਸਵੀਰ ਕੈਪਸ਼ਨ,

15 ਨਵੰਬਰ, 2017ਛ ਅਦਾਲਤ ਵਿੱਚ ਪੇਸ਼ ਹੋਣ ਵੇਲੇ ਨਵਾਜ਼ ਸ਼ਰੀਫ਼ ਦੇ ਸਮਰਥਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ।

"ਪੀਐੱਮਐੱਲ-ਐੱਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਵਾਲਾ ਪੰਜਾਬ ਦਾ ਨਿਗਰਾਨ ਰਵੱਈਆ ਧਮਕੀ ਦੇਣ ਵਾਲਾ ਅਤੇ ਚੋਣਾਂ ਦੌਰਾਨ ਪਾਰਟੀ ਲਈ ਔਕੜਾਂ ਖੜ੍ਹੀਆਂ ਕਰਨ ਵਾਲਾ ਹੈ।

'ਦਿ ਨੇਸ਼ਨ' ਅਖ਼ਬਾਰ ਨੇ 16 ਜੁਲਾਈ ਨੂੰ ਲਿਖਿਆ, "ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਦਿਆਂ ਰੈਲੀਆਂ ਕਰਨ 'ਤੇ ਪੀਐੱਮਐੱਲ-ਐੱਨ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਕਰਕੇ ਪਹਿਲਾਂ ਹੀ ਪੀਐੱਮਐੱਲ-ਐੱਨ ਤੋਂ ਚੋਣ ਵਾਲੇ ਦਿਨ ਬਰਾਬਰੀ ਦਾ ਹੱਕ ਖੋਹ ਲਿਆ ਹੈ।"

ਅੰਗਰੇਜ਼ੀ ਦੇ ਸਭ ਤੋਂ ਵੱਧ ਵਿਕਣ ਵਾਲੇ ਅਖ਼ਬਾਰ ਡੌਨ ਮੁਤਾਬਕ ਪੀਐੱਮਐੱਲ-ਐੱਨ ਨੂੰ ਹੁਣ ਸਵੈ ਚਿੰਤਨ ਕਰਨਾ ਚਾਹੀਦਾ ਹੈ।

ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਅਖਬਾਰ ਨੇ ਲਿਖਿਆ, "ਕਿਸੇ ਵੀ ਪਬਲਿਕ ਦਫ਼ਤਰ ਦੇ ਅਯੋਗ ਕਰਾਰ ਦੇਣ ਤੋਂ ਬਾਅਦ, ਕਿਸੇ ਵੀ ਪਾਰਟੀ ਦਫ਼ਤਰ ਦੀ ਅਹੁਦੇਦਾਰੀ ਦੇ ਅਯੋਗ ਕਰਾਰ ਦੇਣ ਤੋਂ ਬਾਅਦ ਹੁਣ 10 ਸਾਲ ਦੀ ਜੇਲ੍ਹ ਦੀ ਸਜ਼ਾ-ਨਵਾਜ਼ ਲਈ ਇਹ ਸਾਲ ਨਿੱਜੀ ਅਤੇ ਸਿਆਸੀ ਤੌਰ 'ਤੇ ਝਟਕੇ ਭਰਿਆ ਰਿਹਾ ਹੈ। ਪੀਐੱਮਐੱਲ-ਐੱਨ ਕੋਲ ਕਈ ਸਵਾਲ ਹਨ ਪਰ ਉਨ੍ਹਾਂ ਦੇ ਜਵਾਬ ਲੱਭਣ ਲਈ 25 ਜੁਲਾਈ ਚੋਣਾਂ ਦੀ ਉਡੀਕ ਕਰਨੀ ਪਏਗੀ।"

ਤਸਵੀਰ ਕੈਪਸ਼ਨ,

ਨਵਾਜ਼ ਸ਼ਰੀਫ਼ ਨੂੰ 10 ਸਾਲ ਜਦੋਂਕਿ ਉਨ੍ਹਾਂ ਦੀ ਧੀ ਮਰੀਅਮ ਨਵਾਜ਼ 7 ਸਾਲ ਦੀ ਸਜ਼ਾ ਹੋਈ ਹੈ।

ਫੌਜ-ਪੱਖੀ ਅਖ਼ਬਾਰ ਪਾਕਿਸਤਾਨ ਅਬਜ਼ਰਵਰ ਨੇ ਵੀ ਇਹੋ ਜਿਹੀ ਭਾਵਨਾ ਹੀ ਬਿਆਨ ਕੀਤੀ।

ਇਹ ਵੀ ਪੜ੍ਹੋ:

15 ਜੁਲਾਈ ਨੂੰ ਇੱਕ ਸੰਪਾਦਕੀ ਵਿੱਚ ਉਨ੍ਹਾਂ ਲਿਖਿਆ, "ਪੀਐੱਮਐੱਲ-ਐੱਨ ਦੇ ਮੋਢੀ ਆਗੂ ਅਤੇ ਉਮੀਦਵਾਰ ਵੀ ਆਪਣੇ ਨੇਤਾ ਦੀ ਵਾਪਸੀ ਚਾਹੁੰਦੇ ਸਨ ਅਤੇ ਉਹ ਹਾਲਾਤ ਨੂੰ ਮਜ਼ਬੂਤੀ ਨਾਲ ਦੇਖਣਾ ਚਾਹੁੰਦੇ ਸਨ। ਕਿਉਂਕਿ ਇਸ ਤਰ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਦੇ ਮੌਕੇ ਵੱਧ ਜਾਣਗੇ।

ਲੰਡਨ ਵਿੱਚ ਰਹਿ ਕੇ ਕਈ ਅਫ਼ਵਾਹਾਂ ਹੀ ਫੈਲਣਗੀਆਂ ਕਿ ਸ਼ਾਇਦ ਉਨ੍ਹਾਂ ਨੇ ਉੱਥੇ ਕੋਈ ਡੀਲ ਕਰ ਲਈ ਹੈ। ਇਸ ਦਾ ਮਤਲਬ ਹੋਣਾ ਸੀ ਪੀਐੱਮਐੱਲ-ਐੱਨ ਨੂੰ ਚੋਣਾਂ ਦੌਰਾਨ ਸਿਆਸੀ ਘਾਟਾ। ਇਹ 25 ਜੁਲਾਈ ਨੂੰ ਤੈਅ ਹੋਵੇਗਾ ਕਿ ਸ਼ਰੀਫ਼ ਦੀ ਵਾਪਸੀ ਦਾ ਪੀਐੱਮਐੱਲ-ਐੱਨ ਲਈ ਵਧੇਰੇ ਹਮਦਰਦੀ ਵਿੱਚ ਬਦਲਦਾ ਹੈ ਜਾਂ ਨਹੀਂ। "

ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਨੂੰ ਕਿਸੇ ਦੀ ਦਫ਼ਤਰ ਦੀ ਪ੍ਰਧਾਨਗੀ ਕਰਨ ਦੇ ਅਯੋਗ ਕਰਾਰ ਦੇਣ ਤੋਂ ਬਾਅਦ ਜ਼ਿੰਮੇਵਾਰੀ ਸ਼ਾਹਬਾਜ਼ ਸ਼ਰੀਫ਼ 'ਤੇ ਆ ਜਾਂਦੀ ਹੈ ਕਿ ਉਹ ਪਾਰਟੀ ਦੇ ਭਵਿੱਖ ਲਈ ਯੋਜਨਾ ਬਣਾਉਣ।

ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਉਮਰ ਭਰ ਦੇ ਲਈ ਪੀਐੱਮਐੱਲ-ਐੱਨ ਦਾ ਆਗੂ ਕਰਾਰ ਦਿੱਤਾ ਗਿਆ ਸੀ।

"ਨਵਾਜ਼ ਅਤੇ ਮਰੀਅਮ ਦੇ ਜੇਲ੍ਹ ਜਾਣ ਮਰਗੋਂ ਹੁਣ ਪਾਰਟੀ ਮੁਖੀ ਮਿਆਂ ਸ਼ਾਹਬਾਜ਼ ਅਤੇ ਹਮਜਾ ਸ਼ਾਹਬਾਜ਼ ਦੀ ਜ਼ਿੰਮੇਵਾਰੀ ਹੈ ਕਿ ਉਹ ਚੋਣ ਮੁਹਿੰਮ ਦੀ ਅਗਵਾਈ ਕਰਨ।

ਆਪਣੇ ਭਰਾ ਨੂੰ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਅੱਗੇ ਵੱਡੀ ਚੁਣੌਤੀ ਹੈ, ਚਾਹੇ ਉਹ ਨਵਾਜ਼ ਸ਼ਰੀਫ਼ ਦੇ ਵਿਚਾਰਾਂ ਨੂੰ ਉਸੇ ਜਜ਼ਬੇ ਦੇ ਨਾਲ ਅੱਗੇ ਤੋਰਦੇ ਹਨ ਜਾਂ ਨਹੀਂ। ਦੋਹਾਂ ਹੀ ਹਾਲਾਤਾਂ ਵਿੱਚ ਉਨ੍ਹਾਂ ਵਿੱਚ ਕਮੀਆਂ ਹਨ ਅਤੇ ਇਹ ਉਨ੍ਹਾਂ ਦੀ ਸਮਝਦਾਰੀ ਹੈ ਕਿ ਉਹ ਧਿਆਨ ਨਾਲ ਅੱਗੇ ਵਧਣ।"

ਕੀ ਨਵਾਜ਼ ਵਾਪਸੀ ਕਰਨਗੇ?

ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿੰਨ ਵਾਰੀ ਦੇਸ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਵਾਪਸੀ ਕਰਨਗੇ ਕਿਉਂਕਿ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਕਈ ਉਤਰਾਅ-ਚੜ੍ਹਾਅ ਦੇਖੇ ਹਨ।

'ਦਿ ਨਿਊਜ਼' ਅਖਬਾਰ ਦੇ ਇੱਕ ਲੇਖ ਮੁਤਾਬਕ, "ਨਵਾਜ਼ ਸ਼ਰੀਫ਼ ਉਸ ਦੇਸ ਵਿੱਚ ਤੀਜੀ ਜ਼ਿੰਦਗੀ ਚਾਹੁੰਦੇ ਹਨ, ਜਿੱਥੇ ਪ੍ਰਧਾਨ ਮੰਤਰੀ ਲਈ ਇੱਕ ਜ਼ਿੰਦਗੀ ਵੀ ਕਾਫ਼ੀ ਲੰਬੀ ਹੁੰਦੀ ਹੈ।

ਤੀਜੀ ਜ਼ਿੰਦਗੀ ਵਿੱਚ ਉਹ ਨਿਯਮਾਂ ਵਿੱਚ ਬਦਲਾਅ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿੱਚ ਇਹ ਆਤਮਵਿਸ਼ਵਾਸ਼ 2007 ਵਿੱਚ ਉਨ੍ਹਾਂ ਦੀ ਕਾਮਯਾਬੀ ਦੇ ਆਧਾਰ 'ਤੇ ਹੈ ਜਦੋਂ ਉਹ 1999 ਦੀ ਦੇਸ ਨਿਕਾਲੇ ਦੀ ਫੌਜੀ ਕਾਰਵਾਈ (ਮਿਲੀਟਰੀ ਕੂਪ) ਤੋਂ ਬਾਅਦ ਮੁੜ ਆਏ ਸਨ।

ਉਨ੍ਹਾਂ ਆਪਣੇ ਤਾਜ 'ਤੇ ਮੁੜ ਦਾਅਵਾ ਕੀਤਾ ਅਤੇ ਉਨ੍ਹਾਂ ਨੂੰ ਤੰਗ ਕਰਨ ਵਾਲੇ ਸ਼ਖਸ (ਸਾਬਕਾ ਪ੍ਰਧਾਨ ਮੰਤਰੀ ਜਨਰਲ ਪਰਵੇਜ਼ ਮੁਸ਼ੱਰਫ਼) ਨੂੰ ਹਰਾ ਕੇ ਦੇਸ 'ਚੋਂ ਬਾਹਰ ਕੀਤਾ ਸੀ।"

'ਦਿ ਐਕਸਪ੍ਰੈਸ ਟ੍ਰਿਬਿਊਨ' ਨੇ 5 ਜੁਲਾਈ ਨੂੰ ਲਿਖਿਆ ਸੀ ਕਿ ਸ਼ਰੀਫ਼ ਦੀ ਵਾਪਸੀ ਸ਼ਲਾਘਾਯੋਗ ਹੈ।

"ਸਿਆਸੀ ਟੀਚਿਆਂ ਨੂੰ ਲਾਂਭੇ ਕਰ ਦਿੱਤਾ ਜਾਵੇ ਤਾਂ ਦੋ ਸਿਆਸਤਦਾਨਾਂ ਦਾ (ਸ਼ਰੀਫ਼ ਅਤੇ ਉਨ੍ਹਾਂ ਦੀ ਧੀ) ਕਾਨੂੰਨ ਅੱਗੇ ਆਤਮ-ਸਮਰਪਣ ਕਰਨਾ ਸ਼ਲਾਘਾਯੋਗ ਕਦਮ ਹੈ, ਹਾਲਾਂਕਿ ਅਦਾਲਤ ਦੇ ਫੈਸਲੇ 'ਤੇ ਉਨ੍ਹਾਂ ਨੇ ਸ਼ੰਕੇ ਖੜ੍ਹੇ ਕੀਤੇ ਸਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਲਾਹੌਰ ਵਿੱਚ ਕਈ ਪਾਬੰਦੀਆਂ ਦੇ ਬਾਵਜੂਦ ਪੀਐੱਮਐੱਲ-ਐੱਨ ਵਰਕਰਾਂ ਦਾ ਇਕੱਠ ਗਵਾਹ ਹੈ ਕਿ ਸ਼ਰੀਫ਼ ਦਾ ਪਾਰਟੀ ਵਿੱਚ ਕਾਫ਼ੀ ਪ੍ਰਭਾਵ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)