ਪਾਕਿਸਤਾਨ ਵਿੱਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈ? - ਪਾਕਿਸਤਾਨ ਚੋਣਾਂ

ਪਾਕਿਸਤਾਨ ਵਿੱਚ ਵਧੇਰੇ ਕੁੜੀਆਂ ਪ੍ਰਾਇਮਰੀ ਸਕੂਲ ਤੋਂ ਵੱਧ ਨਹੀਂ ਪੜ੍ਹਦੀਆਂ ਹਨ Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਵਧੇਰੇ ਕੁੜੀਆਂ ਪ੍ਰਾਇਮਰੀ ਸਕੂਲ ਤੋਂ ਵੱਧ ਨਹੀਂ ਪੜ੍ਹਦੀਆਂ ਹਨ

ਪਾਕਿਸਤਾਨ ਵਿੱਚ ਚੋਣਾਂ ਲਈ ਮਾਹੌਲ ਸ਼ਿਖਰ 'ਤੇ ਹੈ ਅਤੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਕੁੜੀਆਂ ਦੀ ਸਿੱਖਿਆ ਵੱਲ ਸੁਧਾਰ ਕਰਨ ਦਾ ਵਾਅਦਾ ਕਰ ਰਹੀਆਂ ਹਨ।

ਪਾਕਿਸਤਾਨ ਦੀ ਮੁੱਖ ਸਿਆਸੀ ਧਿਰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਤਾਂ ਵਾਅਦਾ ਕੀਤਾ ਹੈ ਕਿ ਔਰਤਾਂ ਨੂੰ ਸਿੱਖਿਆ ਦੇ ਨਾਲ-ਨਾਲ ਸਿਹਤ ਅਤੇ ਰੁਜ਼ਗਾਰ ਲਈ ਬਰਾਬਰ ਮੌਕੇ ਦਿੱਤੇ ਜਾਣਗੇ।

ਨੋਬਲ ਪ੍ਰਾਈਜ਼ ਜੇਤੂ ਅਤੇ ਕੁੜੀਆਂ ਦੀ ਸਿੱਖਿਆ ਲਈ ਸਰਗਰਮ ਰਹੀ ਮਲਾਲਾ ਯੂਸਫ਼ਜ਼ਾਈ ਕਈ ਸਾਲਾਂ ਬਾਅਦ ਆਪਣੇ ਵਤਨ ਪਰਤੀ।

2012 ਵਿੱਚ ਪਾਕਿਸਤਾਨ ਦੇ ਤਾਲਿਬਾਨ ਵੱਲੋਂ ਮਲਾਲਾ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਤਾਲਿਬਾਨ ਵੱਲੋਂ ਜ਼ਬਰਨ ਵੱਡੀ ਗਿਣਤੀ ਵਿੱਚ ਸਕੂਲ ਬੰਦ ਕਰਵਾਏ ਜਾ ਰਹੇ ਸਨ।

ਮਲਾਲਾ ਦੀ ਸੰਸਥਾ 'ਮਲਾਲਾ ਫੰਡ' ਨੇ ਕੁੜੀਆਂ ਦੀ ਸਿੱਖਿਆ ਤੱਕ ਪਹੁੰਚ ਕਰਨ ਲਈ ਵੱਡੀ ਗਿਣਤੀ ਵਿੱਚ ਸਕੂਲ ਖੋਲ੍ਹੇ ਹਨ ਤਾਂ ਜੋ ਹਰ ਕੁੜੀ ਅੱਗੇ ਵਧ ਸਕੇ।

ਪਰ ਕੀ ਪਾਕਿਸਤਾਨ ਦੇ ਸਿੱਖਿਆ ਤੰਤਰ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੈ?

ਮੋਟੇ ਤੌਰ 'ਤੇ ਹਰ ਪਾਸੇ ਕੁੜੀਆਂ ਦੇ ਮੁਕਾਬਲੇ ਸਕੂਲਾਂ ਵਿੱਚ ਮੁੰਡੇ ਵੱਧ ਹਨ ਪਰ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਹਾਲਾਤ ਸੁਧਰ ਰਹੇ ਹਨ।

ਕੋਈ ਖ਼ਾਸ ਬਦਲਾਅ ਨਹੀਂ ਹੋਇਆ

2017 ਵਿੱਚ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਕੁੜੀਆਂ ਅਤੇ ਮੁੰਡਿਆਂ ਵਿਚਾਲੇ 10 ਫੀਸਦ ਦਾ ਖੱਪਾ ਹੈ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਕੁੜੀਆਂ ਲਈ ਸਕੂਲਾਂ ਦੀ ਵੱਡੀ ਘਾਟ ਹੈ

ਇਹ ਅੰਕੜੇ 2013 ਵਿੱਚ ਹੋਈਆਂ ਆਮ ਚੋਣਾਂ ਵੇਲੇ ਜਾਰੀ ਅੰਕੜਿਆਂ ਵਰਗੇ ਹੀ ਹਨ। ਇੱਕ ਖ਼ਾਸ ਗੱਲ ਧਿਆਨ ਦੇਣ ਵਾਲੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਇਮਰੀ ਪੱਧਰ 'ਤੇ ਹੀ ਸਕੂਲ ਛੱਡ ਦਿੰਦੇ ਹਨ।

ਪਾਕਿਸਤਾਨ ਵਿੱਚ ਅਲੀਨਾ ਖ਼ਾਨ ਸਿੱਖਿਆ ਲਈ ਇੱਕ ਗੈਰ-ਲਾਭਕਾਰੀ ਸੰਸਥਾ ਆਲਿਫ ਐਲਾਨ ਚਲਾਉਂਦੇ ਹਨ।

ਉਨ੍ਹਾਂ ਅਨੁਸਾਰ, "ਪ੍ਰਾਇਮਰੀ ਪੱਧਰ 'ਤੇ ਵੱਡੀ ਗਿਣਤੀ ਵਿੱਚ ਸਕੂਲ ਛੱਡਣ ਦਾ ਕਾਰਨ ਹੈ ਸੈਕੰਡਰੀ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੀ ਵੱਡੀ ਘਾਟ। ਪਾਕਿਸਤਾਨ ਦੇ 80 ਫੀਸਦ ਸਰਕਾਰੀ ਸਕੂਲ ਪ੍ਰਾਇਮਰੀ ਪੱਧਰ ਤੱਕ ਹੀ ਹਨ।''

ਉਨ੍ਹਾਂ ਕਿਹਾ ਕਿ ਕੁੜੀਆਂ ਦੀ ਘੱਟ ਗਿਣਤੀ ਪਿੱਛੇ ਲੋਕਾਂ ਦੀ ਸੋਚ ਜ਼ਿੰਮੇਵਾਰ ਨਹੀਂ ਸਗੋਂ ਕੁੜੀਆਂ ਵਾਸਤੇ ਸਕੂਲਾਂ ਦੀ ਘਾਟ ਕਾਰਨ ਹੈ।

ਇਸ ਖੱਪੇ ਨੂੰ ਨਿੱਜੀ ਸਕੂਲਾਂ ਨੇ ਕੁਝ ਹੱਦ ਤੱਕ ਘੱਟ ਕੀਤਾ ਹੈ ਪਰ ਉਨ੍ਹਾਂ ਦੀ ਗਿਣਤੀ ਸਰਕਾਰੀ ਸਕੂਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਪਰ ਨਿੱਜੀ ਸਕੂਲਾਂ ਵਿੱਚ ਵੀ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦੀ ਗਿਣਤੀ ਵਿੱਚ ਵੱਡਾ ਫਰਕ ਹੈ ਕਿਉਂਕਿ ਨਿੱਜੀ ਸਕੂਲਾਂ ਵਿੱਚ ਮੁੰਡੇ ਵੱਧ ਦਾਖਲਾ ਲੈ ਰਹੇ ਹਨ ਅਤੇ ਬੀਤੇ ਸਾਲਾਂ ਵਿੱਚ ਇਸ ਵਿੱਚ ਕੋਈ ਫਰਕ ਨਹੀਂ ਆਇਆ ਹੈ।

ਖਿੱਤਿਆਂ ਵਿੱਚ ਫਰਕ

ਪਾਕਿਸਤਾਨ ਦੇ ਕੌਮੀ ਹਾਲਾਤ ਸਹੀ ਤਸਵੀਰ ਪੇਸ਼ ਨਹੀਂ ਕਰਦੇ ਹਨ। ਸੂਬਾ ਪੱਧਰ 'ਤੇ ਵੀ ਕਾਫੀ ਫਰਕ ਹੈ। ਕੁਝ ਇਲਾਕਿਆਂ ਵਿੱਚ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਸਕੂਲਾਂ ਵਿੱਚ ਵੱਧ ਦਾਖਲੇ ਲੈ ਰਹੀਆਂ ਹਨ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਮਲਾਲਾ ਕੁੜੀਆਂ ਦੀ ਸਿੱਖਿਆ ਲਈ ਕਾਫੀ ਸਰਗਰਮ ਹਨ

ਉਦਾਹਰਣ ਵਜੋਂ ਪਾਕਿਸਤਾਨ ਦੇ ਦੂਜੇ ਵੱਡੇ ਸ਼ਹਿਰ ਲਾਹੌਰ ਵਿੱਚ ਪ੍ਰਾਈਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਹੈ। ਪੰਜਾਬ ਦੇ ਸਿਆਲਕੋਟ ਵਿੱਚ ਵੀ ਇਹੀ ਰੁਝਾਨ ਦੇਖਣ ਨੂੰ ਮਿਲਦਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਮਸੂਦ ਨੇ ਇਸ ਸਾਲ ਦਾਅਵਾ ਕੀਤਾ ਸੀ ਕਿ ਬੀਤੇ ਦੋ ਸਾਲਾਂ ਵਿੱਚ ਕੁੜੀਆਂ ਦੀ ਸਿੱਖਿਆ ਦੇ ਹਾਲਾਤ ਬਿਹਤਰ ਹੋਏ ਹਨ।

2013 ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਖ਼ੈਬਰ ਪਖ਼ਤੂਨਵਾ ਸੂਬੇ ਵਿੱਚ ਹੀ ਸੁਧਾਰ ਦੇਖਣ ਨੂੰ ਮਿਲਿਆ ਹੈ।

2013 ਤੋਂ 2017 ਦੇ ਵਿਚਾਲੇ ਸਿੰਧ ਅਤੇ ਬਲੂਚਿਸਤਾਨ ਵਿੱਚ ਸਕੂਲਾਂ ਵਿੱਚ ਕੁੜੀਆਂ ਦੀ ਗਿਣਤੀ ਘਟੀ ਹੈ।

Image copyright Getty Images
ਫੋਟੋ ਕੈਪਸ਼ਨ ਲਾਹੌਰ ਦੇ ਸਕੂਲਾਂ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਵੱਧ ਹੈ

ਬਾਅਲਾ ਰਜ਼ਾ ਜਮੀਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ ਇੱਕ ਅਦਾਰੇ, 'ਇਦਾਰਾ-ਏ- ਤਾਲੀਮ ਓ-ਆਗਾਹੀ' ਨਾਂ ਦੀ ਇੱਕ ਜਥੇਬੰਦੀ ਚਲਾਉਂਦੇ ਹਨ।

ਉਨ੍ਹਾਂ ਅਨੁਸਾਰ ਜੇ ਪੰਜਾਬ ਨੂੰ ਛੱਡ ਦੇਈਏ ਤਾਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਅਜਿਹੇ ਕੋਈ ਪ੍ਰੋਗਰਾਮ ਨਹੀਂ ਬਣਾਏ ਹਨ ਜੋ ਕੁੜੀਆਂ ਤੇ ਮੁੰਡਿਆਂ ਦੇ ਇਸ ਖੱਪੇ ਨੂੰ ਘੱਟ ਕਰ ਸਕਣ।

ਵੁੱਡਰੋਅ ਵਿਲਸਨ ਇੰਟਰਨੈਸ਼ਨਲ ਸੈਂਟਰ ਵਿੱਚ ਫੈਲੋ ਨਾਦੀਆ ਨਵੀਵਾਲਾ ਅਨੁਸਾਰ ਪਾਕਿਸਤਾਨ ਵਿੱਚ ਕੁੜੀਆਂ ਦੀ ਸਿੱਖਿਆ ਲਈ ਕਾਫੀ ਮੰਗ ਹੈ।

ਉਨ੍ਹਾਂ ਕਿਹਾ, "ਪਾਕਿਸਤਾਨ ਵਿੱਚ ਕੁੜੀਆਂ ਅਤੇ ਮੁੰਡਿਆਂ ਦੀ ਸਿੱਖਿਆ ਲਈ ਚੰਗੇ ਪ੍ਰਬੰਧ ਨਹੀਂ ਹਨ। ਜੇ ਅਸੀਂ ਸਿਰਫ ਕੁੜੀਆਂ ਵੱਲ ਧਿਆਨ ਦੇਵਾਂਗੇ ਤਾਂ ਅਸੀਂ ਉਨ੍ਹਾਂ ਮੁੰਡਿਆਂ ਤੋਂ ਆਪਣਾ ਧਿਆਨ ਪਾਸੇ ਕਰ ਲਵਾਂਗੇ ਜੋ ਕੁੜੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।''

Image copyright AFP

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)