ਡਾਅਨ ਦੇ ਸੀਈਓ ਵੱਲੋਂ ਬੀਬੀਸੀ ਕੋਲ ਕੀਤੇ ਖੁਲਾਸਿਆਂ ਨਾਲ ਪਾਕ ਸਿਆਸਤ 'ਚ ਮੱਚੀ ਤਰਥੱਲੀ

ਬੀਬੀਸੀ ਹਾਰਟੌਕ ਦੌਰਾਨ ਹਾਮਿਦ ਹਾਰੂਨ ਨੇ ਫੌਜ ਤੇ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮ ਲਾਏ
ਫੋਟੋ ਕੈਪਸ਼ਨ ਬੀਬੀਸੀ ਹਾਰਟੌਕ ਦੌਰਾਨ ਹਾਮਿਦ ਹਾਰੂਨ ਨੇ ਫੌਜ ਤੇ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮ ਲਾਏ

ਪਾਕਿਸਤਾਨ ਵਿੱਚ ਚੋਣਾਂ ਲਈ ਮਾਹੌਲ ਭਖਿਆ ਹੋਇਆ ਹੈ। ਇਸੇ ਮਾਹੌਲ ਵਿੱਚ ਬੀਬੀਸੀ ਵੱਲੋਂ ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦੇ ਮਾਲਕ ਦੇ ਲਏ ਗਏ ਇੱਕ ਇੰਟਰਵਿਊ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਡਾਅਨ ਮੀਡੀਆ ਗਰੁੱਪ ਦੇ ਸੀਈਓ ਹਮੀਦ ਹਰੂਨ ਨੇ ਫੌਜ 'ਤੇ ਸਿਆਸਤ ਵਿੱਚ ਦਖਲ ਦੇਣ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਦਾ ਹਮਾਇਤੀ ਹੋਣ ਦਾ ਇਲਜ਼ਾਮ ਲਾਇਆ ਹੈ।

ਹਾਲਾਂਕਿ ਇੰਟਰਵਿਊ ਤੋਂ ਬਾਅਦ ਕਈ ਲੋਕਾਂ ਨੇ ਹਾਮਿਦ ਹਾਰੂਨ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਹੈ ਅਤੇ ਇਲਜ਼ਾਮ ਲਾਇਆ ਹੈ ਕਿ ਉਹ ਅਤੇ ਉਨ੍ਹਾਂ ਦਾ ਅਖ਼ਬਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲ ਨਰਮ ਰੁਖ ਅਪਣਾ ਰਿਹਾ ਹੈ।

ਇਹ ਵੀ ਪੜ੍ਹੋ:

ਡਾਅਨ ਉਨ੍ਹਾਂ ਅਖ਼ਬਾਰਾਂ ਵਿੱਚ ਸ਼ਾਮਲ ਹੈ ਜਿਸ ਨੂੰ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੈਂਸਰਸ਼ਿਪ ਦਾ ਸਾਹਮਣਾ ਕਰਨਾ ਪਿਆ ਹੈ।

ਚੋਣਾਂ ਤੋਂ ਪਹਿਲਾਂ ਹਿੰਸਾ ਅਤੇ ਸਿਆਸੀ ਵਿਵਾਦਾਂ ਨੇ ਇਨ੍ਹਾਂ ਨੂੰ ਹੋਰ ਅਹਿਮ ਬਣਾ ਦਿੱਤਾ ਹੈ।

ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ

ਸੋਮਵਾਰ ਨੂੰ ਪ੍ਰਸਾਰਿਤ ਹੋਏ ਇੰਟਰਵਿਊ ਵਿੱਚ ਡਾਅਨ ਅਖ਼ਬਾਰ ਦੇ ਸੀਈਓ ਹਾਮਿਦ ਹਾਰੂਨ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਾਕਿਸਤਾਨ ਦੀ ਫੌਜ ਨੇ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕੀਤਾ ਹੈ ਅਤੇ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ।

ਉਨ੍ਹਾਂ ਨੇ ਹਾਰਡ-ਟਾਕ ਦੇ ਹੋਸਟ ਸਟੀਫਨ ਸਕਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਫੌਜ ਆਪਣੇ ਪਸੰਦੀਦਾ ਉਮੀਦਵਾਰਾਂ ਦੇ ਪੱਖ ਵਿੱਚ ਕੰਮ ਕਰ ਰਹੀ ਹੈ।

ਫੋਟੋ ਕੈਪਸ਼ਨ ਡਾਅਨ ਅਖ਼ਬਾਰ ਤੇ ਨਵਾਜ਼ ਸ਼ਰੀਫ਼ ਦਾ ਹਮਾਇਤੀ ਹੋਣ ਦਾ ਇਲਜ਼ਾਮ ਲਾਇਆ ਜਾਂਦਾ ਹੈ

ਇਹੀ ਇਲਜ਼ਾਮ ਉੱਥੋਂ ਦੀਆਂ ਹੋਰ ਸਿਆਸੀ ਪਾਰਟੀ ਦੇ ਆਗੂ ਵੀ ਲਗਾਉਂਦੇ ਰਹੇ ਹਨ।

1947 ਵਿੱਚ ਮਿਲੀ ਆਜ਼ਾਦੀ ਤੋਂ ਬਾਅਦ ਤੋਂ ਹੀ ਪਾਕਿਸਤਾਨ ਦੀ ਸਿਆਸਤ ਵਿੱਚ ਫੌਜ ਦਾ ਬੋਲਬਾਲਾ ਰਿਹਾ ਹੈ ਅਤੇ ਦੇਸ ਨੇ ਸਮੇਂ-ਸਮੇਂ 'ਤੇ ਫੌਜ ਦਾ ਸ਼ਾਸਨ ਦੇਖਿਆ ਹੈ। ਭਾਵੇਂ ਫੌਜ ਨੇ 'ਡਾਅਨ' ਅਖ਼ਬਾਰ ਦੇ ਸੀਈਓ ਹਾਮਿਦ ਹਾਰੂਨ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਫੌਜ ਦਾ ਇਨਕਾਰ

ਫੌਜ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਕਿ ਪਾਕਿਸਤਾਨ ਵਿੱਚ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਵਿੱਚ ਉਸ ਵੱਲੋਂ ਕੋਈ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ।

ਪਰ ਇੰਟਰਵਿਊ ਦੌਰਾਨ ਹਾਮਿਦ ਹਾਰੂਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇੱਕ ਆਗੂ ਨੂੰ ਪਾਕਿਸਤਾਨ ਦੀ ਫੌਜ ਹਮਾਇਤ ਦੇ ਰਹੀ ਹੈ, ਜੋ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਹਿਸਾਬ ਨਾਲ ਕੰਮ ਕਰੇਗਾ।''

ਇਹ ਵੀ ਪੜ੍ਹੋ:

ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਮਤਲਬ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਤੋਂ ਤਾਂ ਨਹੀਂ, ਤਾਂ ਉਨ੍ਹਾਂ ਨੇ ਕਿਹਾ, "ਸਮੇਂ-ਸਮੇਂ 'ਤੇ ਇਮਰਾਨ ਖ਼ਾਨ ਦੀਆਂ ਫੌਜ ਨਾਲ ਨਜ਼ਦੀਕੀਆਂ ਦਿਖਾਈ ਦਿੱਤੀਆਂ ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂਆਂ ਦੇ ਨਾਂ ਵੀ ਇਸ ਵਿੱਚ ਆਉਂਦੇ ਰਹੇ ਹਨ।''

Image copyright EPA
ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਫੌਜ 'ਤੇ ਮੀਡੀਆ ਸੈਂਸਰਸ਼ਿਪ ਦੇ ਇਲਜ਼ਾਮ ਲਾਏ ਜਾਂਦੇ ਹਨ

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਆਧਾਰ 'ਤੇ ਅਜਿਹਾ ਕਹਿ ਰਹੇ ਹਨ ਤਾਂ ਹਾਰੂਨ ਨੇ ਕਿਹਾ, "ਅਜਿਹਾ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨ ਤੇ ਸਿਆਸੀ ਮਾਹਿਰ ਵੀ ਕਹਿ ਰਹੇ ਹਨ।''

ਇਸਲਮਾਬਾਦ ਤੋਂ ਐੱਮ ਇਲਿਆਸ ਖ਼ਾਨ ਦਾ ਵਿਸ਼ਲੇਸ਼ਣ

ਪਾਕਿਸਤਾਨ ਵਿੱਚ ਲੋਕਾਂ ਦਾ ਫੌਜ ਦੇ ਖਿਲਾਫ ਖੜ੍ਹੇ ਹੋਣਾ ਮੁਸ਼ਕਿਲ ਹੈ। ਹਾਲ ਦੇ ਸਾਲਾਂ ਵਿੱਚ ਫੌਜ ਦਾ ਅਸਰ ਦੇਸ ਦੇ ਤਕਰੀਬਨ ਸਾਰੀਆਂ ਸੰਸਥਾਵਾਂ 'ਤੇ ਦੇਖਣ ਨੂੰ ਮਿਲਿਆ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਫੌਜ ਮੀਡੀਆ ਅਤੇ ਦੂਜੇ ਵਪਾਰ ਨੂੰ ਆਪਣੇ ਹਿਸਾਬ ਨਾਲ ਚਲਾ ਰਹੀ ਹੈ।

Image copyright AFP
ਫੋਟੋ ਕੈਪਸ਼ਨ ਪਾਕਿਸਤਾਨੀ ਫੌਜ ਮੀਡੀਆ ਨੂੰ ਸੈਂਸਰ ਕਰਨ ਦੇ ਇਲਜ਼ਾਮਾਂ ਨੂੰ ਖਾਰਿਜ਼ ਕੀਤਾ ਹੈ

ਉਹ ਕਹਿੰਦੇ ਹਨ ਕਿ ਅਜਿਹਾ ਹੋ ਰਿਹਾ ਹੈ ਅਤੇ ਇਸਦਾ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸਦਾ ਕੋਈ ਅਧਿਕਾਰਤ ਰਿਕਾਰਡ ਦਰਜ ਹੈ।ਇਸ ਲਈ ਜੇ ਕੋਈ ਸਬੂਤ ਲੱਭਣਾ ਚਾਹੇ ਤਾਂ ਉਸ ਨੂੰ ਨਹੀਂ ਮਿਲ ਸਕਦਾ।

ਚੈਨਲ ਨੂੰ ਦਰਸ਼ਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾਂਦਾ

ਜਦੋਂ ਕੋਈ ਅਣਜਾਣ ਕਿਸੇ ਕੇਬਲ ਸਰਵਿਸ ਆਪਰੇਟਰ ਕੋਲ ਕਾਲ ਕਰਦਾ ਹੈ ਅਤੇ ਖੁਦ ਨੂੰ ਆਈਐੱਸਆਈ ਦਾ ਕਰਨਲ ਅਤੇ ਬ੍ਰਿਗੇਡੀਅਰ ਦੱਸ ਕੇ ਕਿਸੇ ਖ਼ਾਸ ਨਿਊਜ਼ ਚੈਨਲ ਨੂੰ ਸੂਚੀ ਵਿੱਚ ਅੱਗੇ-ਪਿੱਛੇ ਕਰਨ ਨੂੰ ਕਹੇ ਤਾਂ ਤੁਸੀਂ ਕੀ ਕਹੋਗੇ?

ਹਾਲ ਵਿੱਚ ਹੀ ਡਾਅਨ ਨਿਊਜ਼ ਚੈਨਲ ਨੂੰ ਪਾਕਿਸਤਾਨ ਦੇ ਵੱਡੇ ਕੇਬਲ ਆਪਰੇਟਰ ਨਯਾਟੇਲ ਨੇ ਆਪਣੀ ਸੂਚੀ ਵਿੱਚ ਨੰਬਰ 09 ਤੋਂ ਹਟਾ ਕੇ 28 ਨੰਬਰ 'ਤੇ ਕਰ ਦਿੱਤਾ ਸੀ।

ਇੱਕ ਆਮ ਦਰਸ਼ਕ ਚੈਨਲ ਨਾ ਮਿਲਣ 'ਤੇ ਕੋਈ ਖ਼ਾਸ ਤਵੱਜੋ ਨਹੀਂ ਦਿੰਦਾ।

ਚੈਨਲ ਨੰਬਰ ਬਦਲੇ ਜਾਣ ਦਾ ਮਤਲਬ ਹੈ ਕਿ ਦਰਸ਼ਕਾਂ ਦੀ ਗਿਣਤੀ ਪ੍ਰਭਾਵਿਤ ਕਰਨਾ ਅਤੇ ਜੇ ਦਰਸ਼ਕਾਂ ਦੀ ਗਿਣਤੀ ਘਟਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਵਿਗਿਆਪਨ ਤੋਂ ਵੀ ਆਮਦਨ ਘੱਟ ਹੋਵੇਗੀ।

Image copyright Getty Images

ਡਾਅਨ ਸਮੇਂ-ਸਮੇਂ 'ਤੇ ਫੌਜ ਦੀ ਆਲੋਚਨਾ ਕਰਦਾ ਰਿਹਾ ਹੈ ਅਤੇ ਉਸ ਨੇ ਕਿਸੇ ਵੀ ਤਰ੍ਹਾਂ ਆਪਣੀਆਂ ਪੱਤਰਕਾਰਤਾ ਦੀਆਂ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ।

ਇਮਰਾਨ ਖ਼ਾਨ ਨੇ ਬੀਬੀਸੀ ਦੇ ਇੰਟਰਵਿਊ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ, ਡਾਅਨ ਪੀਟੀਆਈ ਦੇ ਖਿਲਾਫ਼ ਹੈ। ਉਸਦਾ ਝੁਕਾਅ ਹੁਣ ਸਾਰਿਆਂ ਦੇ ਸਾਹਮਣੇ ਹੈ। ਇਹ ਡਾਅਨ ਦੀ ਨਿਰਪੱਖਤਾ ਅਤੇ ਉਦਾਰ ਹੋਣ ਦੇ ਦਾਅਵੇ ਦੀ ਪੋਲ ਖੋਲ੍ਹਦਾ ਹੈ।

ਭਾਵੇਂ ਕਈ ਲੋਕਾਂ ਦਾ ਕਹਿਣਾ ਹੈ ਕਿ ਹਾਮਿਦ ਹਾਰੂਨ ਕੋਲ ਫੌਜ 'ਤੇ ਇਲਜ਼ਾਮ ਲਾਉਣ ਲਈ ਹੋਰ ਮਜ਼ਬੂਤ ਸਬੂਤ ਹੋਣੇ ਚਾਹੀਦੇ ਸਨ।

ਦੂਜੀਆਂ ਥਾਂਵਾਂ 'ਤੇ ਦਿੱਤੇ ਆਪਣੇ ਇੰਟਰਵਿਊ ਵਿੱਚ ਹਾਮਿਦ ਹਾਰੂਨ ਨੇ ਕਿਹਾ ਸੀ ਕਿ ਦੇਸ ਦੀਆਂ ਕਈ ਥਾਂਵਾਂ 'ਤੇ ਡਾਅਨ ਨੂੰ ਬਲੌਕ ਕਰ ਦਿੱਤਾ ਗਿਆ ਸੀ ਅਤੇ ਪੱਤਰਕਾਰਾਂ 'ਤੇ ਜ਼ਾਬਤੇ ਵਿੱਚ ਰਹਿ ਕੇ ਲਿਖਣ ਦਾ ਦਬਾਅ ਪਾਇਆ ਜਾ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)