ਤੇਜ਼ਾਬ ਹਮਲੇ ਦਾ ਪੀੜ੍ਹਤ ਕਿੰਨਰ ਪਾਕਿਸਤਾਨ ਚੋਣ ਮੈਦਾਨ 'ਚ ਡਟਿਆ

ਤੇਜ਼ਾਬੀ ਹਮਲੇ ਤੋਂ ਬਚੇ ਨਾਇਆਬ ਅਲੀ (ਖੱਬੇ) ਅਤੇ ਨਦੀਮ ਕਸ਼ਿਸ਼ Image copyright AFP
ਫੋਟੋ ਕੈਪਸ਼ਨ ਤੇਜ਼ਾਬੀ ਹਮਲੇ ਤੋਂ ਬਚੀ ਨਾਇਆਬ ਅਲੀ (ਖੱਬੇ) ਅਤੇ ਨਦੀਮ ਕਸ਼ਿਸ਼ ਦੋਵੇਂ ਹੀ ਪਾਕਿਸਤਾਨੀ ਲੋਕ ਸਭਾ ਲਈ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਹਨ।

ਤੇਰਾਂ ਸਾਲ ਦੀ ਉਮਰ ਵਿੱਚ ਘਰ ਛੱਡਣ ਲਈ ਮਜਬੂਰ ਕੀਤੇ ਜਾਣ ਮਗਰੋਂ ਨਾਇਆਬ ਅਲੀ ਦੀ ਇੱਕ ਕਿੰਨਰ ਔਰਤ ਵਜੋਂ ਪਾਕਿਸਤਾਨ ਵਿੱਚ ਜ਼ਿੰਦਗੀ ਤਕਲੀਫਾਂ ਅਤੇ ਦੁਸ਼ਵਾਰੀਆਂ ਨਾਲ ਭਰੀ ਰਹੀ ਹੈ।

ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰਾਂ ਨੇ ਸਰੀਰਕ ਸ਼ੋਸ਼ਣ ਕੀਤਾ ਅਤੇ ਜਵਾਨੀ ਵਿੱਚ ਉਨ੍ਹਾਂ ਦੇ ਪੁਰਾਣੇ ਦੋਸਤ ਵੱਲੋਂ ਤੇਜ਼ਾਬੀ ਹਮਲਾ ਕੀਤਾ ਗਿਆ।

ਇਸ ਦੇ ਬਾਵਜੂਦ ਉਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਕੀਤੀ ਅਤੇ ਹੁਣ ਅਗਲੇ ਹਫਤੇ ਹੋਣ ਵਾਲੀਆਂ ਚੋਣਾਂ ਲੜ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਮਝੀ ਕਿ ਬਿਨਾਂ ਸਿਆਸੀ ਤਾਕਤ ਦੇ ਅਤੇ ਦੇਸ ਦੀਆਂ ਸੰਸਥਾਵਾਂ ਦਾ ਹਿੱਸਾ ਬਣੇ ਬਿਨਾਂ ਤੁਸੀਂ ਆਪਣੇ ਹੱਕ ਹਾਸਲ ਨਹੀਂ ਕਰ ਸਕਦੇ।"

ਚੋਣਾਂ ਵਿੱਚ ਇਸ ਵਾਰ ਪਹਿਲਾਂ ਦੇ ਮੁਕਾਬਲੇ ਵਧੇਰੇ ਕਿੰਨਰ ਉਮੀਦਵਾਰ ਹਨ।

ਖੇਤਰ ਦੀ ਨੁਮਾਇੰਦਗੀ

ਪਾਕਿਸਤਾਨ ਦੇ ਰੂੜੀਵਾਦੀ ਸਮਾਜ ਵਿੱਚ ਕਿੰਨਰਾਂ ਜਾਂ ਖ਼ਵਾਜਾ ਸਿਰਾ ਭਾਈਚਾਰੇ ਦੀਆਂ ਦਿੱਕਤਾਂ ਅਣਦੇਖੀਆਂ ਰਹਿ ਜਾਂਦੀਆਂ ਹਨ। ਉਹ ਵਿਤਕਰੇ ਦੇ ਸ਼ਿਕਾਰ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਸਿਹਤ ਸੇਵਾ ਵਰਗੇ ਬੁਨਿਆਦੀ ਹੱਕਾਂ ਲਈ ਵੀ ਸੰਘਰਸ਼ ਕਰਨਾ ਪਿਆ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਦੇ ਰੂੜੀਵਾਦੀ ਸਮਾਜ ਵਿੱਚ ਕਿੰਨਰ ਵਿਤਕਰੇ ਦੇ ਸ਼ਿਕਾਰ ਰਹੇ ਹਨ।

ਮੁਗਲ ਕਾਲ ਵਿੱਚ ਇਸ ਭਾਈਚਾਰੇ ਦੇ ਲੋਕ ਗਾਇਕ, ਨਾਚ ਕਲਾਕਾਰ ਅਤੇ ਕਈ ਵਾਰ ਸ਼ਾਹੀ ਦਰਬਾਰ ਵਿੱਚ ਸਲਾਹਕਾਰ ਵੀ ਹੁੰਦੇ ਸਨ। ਹਾਲਾਂਕਿ ਇਨ੍ਹਾਂ ਨੂੰ ਬਰਤਾਨਵੀ ਰਾਜ ਦੌਰਾਨ ਦਮਨ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰ ਉਨ੍ਹਾਂ ਨੂੰ ਘਟੀਆ ਸਮਝ ਕੇ ਬੁਨਿਆਦੀ ਹੱਕਾਂ ਤੋਂ ਵਾਂਝੇ ਰੱਖਦੀ ਸੀ।

ਕਿੰਨਰਾਂ ਦੇ ਹੱਕਾਂ ਬਾਰੇ ਕੰਮ ਕਰਨ ਵਾਲੇ ਸੰਗਠਨ 'ਦਿ ਫੋਰਮ ਫਾਰ ਡਿਗਨਿਟੀ ਇਨੀਸ਼ਿਏਟਿਵ' ਦੇ ਸੰਸਥਾਪਕ ਅਤੇ ਐਕਜ਼ਿਕਿਊਟਿਵ ਡਾਇਰੈਕਟਰ ਉਜ਼ਮਾ ਯਾਕੂਬ ਮੁਤਾਬਕ ਫਿਲਹਾਲ ਪਾਕਿਸਤਾਨ ਕਿੰਨਰਾਂ ਦੇ ਹੱਕਾਂ ਵਿੱਚ ਦੱਖਣ-ਏਸ਼ੀਆਈ ਖਿੱਤੇ ਦੀ ਅਗਵਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ꞉

ਪਾਕਿਸਤਾਨ ਕਿੰਨਰਾਂ ਨੂੰ ਤੀਜੇ ਲਿੰਗ ਵਜੋਂ ਕਾਨੂੰਨੀ ਮਾਨਤਾ ਦੇਣ ਵਾਲਾ ਖਿੱਤੇ ਦਾ ਪਹਿਲਾ ਦੇਸ ਹੈ। ਆਪਣੇ ਕੌਮੀ ਸ਼ਨਾਖਤੀ ਕਾਰਡਾਂ ਵਿੱਚ ਉਸ ਨੇ ਇਹ ਮਾਨਤਾ ਲਗਪਗ ਇੱਕ ਦਹਾਕਾ ਪਹਿਲਾਂ ਦਿੱਤੀ ਸੀ , ਜੋ ਕਿ ਪਿਛਲੇ ਸਾਲ ਪਾਸਪੋਰਟ ਤੱਕ ਵਧਾ ਦਿੱਤੀ ਗਈ। ਇਹ ਇੱਕ ਅਜਿਹਾ ਹੱਕ ਹੈ ਜੋ ਕਿ ਕਿੰਨਰਾਂ ਨੂੰ ਕਈ ਪੱਛਮੀਂ ਦੇਸਾਂ ਵਿੱਚ ਵੀ ਹਾਲੇ ਤੱਕ ਉਪਲੱਭਧ ਨਹੀਂ ਹੈ।

ਮਈ ਵਿੱਚ ਪਾਕਿਸਤਾਨ ਨੇ ਆਪਣੇ ਲਗਪਗ 50,000 ਕਿੰਨਰ ਨਾਗਰਿਕਾਂ ਨੂੰ ਬੁਨਿਆਦੀ ਹੱਕ ਦੇਣ ਵਾਲਾ ਇੱਕ ਨਵਾਂ ਕਾਨੂੰਨ ਪਾਸ ਕੀਤਾ। ਇਸ ਕਾਨੂੰਨ ਵਿੱਚ ਕਿੰਨਰਾਂ (intersex people,transvestites and eunuchs) ਨੂੰ ਸ਼ਾਮਲ ਕਰਕੇ ਉਨ੍ਹਾਂ ਖਿਲਾਫ਼ ਹਰ ਕਿਸਮ ਦੇ ਵਿਤਕਰੇ ਦਾ ਖਾਤਮਾ ਕੀਤਾ ਗਿਆ।

Image copyright ARIF ALI/AFP/GETTY
ਫੋਟੋ ਕੈਪਸ਼ਨ ਮਾਰਵੀਆ ਮਲਿਕ- ਪਾਕਿਸਤਾਨ ਦੀ ਪਹਿਲੀ ਕਿੰਨਰ ਟੀਵੀ ਪੇਸ਼ਕਾਰ ਹਨ।

ਪਾਕਿਸਤਾਨ ਵਿੱਚ ਕਿੰਨਰ ਭਾਈਚਾਰਾ ਮੁੱਖ ਧਾਰਾ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਸੇ ਸਾਲ ਮਾਰਚ ਵਿੱਚ ਇੱਕ ਨਿੱਜੀ ਨਿਊਜ਼ ਚੈਨਲ ਨੇ ਇੱਕ ਕਿੰਨਰ ਨੂੰ ਆਪਣੇ ਪੇਸ਼ਕਾਰ ਵਜੋਂ ਨੌਕਰੀ ਦਿੱਤੀ। ਪਿਛਲੇ ਮਹੀਨੇ ਇਸ ਭਾਈਚਾਰੇ ਦੀ ਇੱਕ ਅਦਾਕਾਰਾ ਨੇ ਦੀ ਪਲੇਠੀ ਫਿਲਮ ਪਾਕਿਸਤਾਨ ਵਿੱਚ ਰਿਲੀਜ਼ ਹੋਈ।

'ਹੁਣ ਤਾਂ ਉਹ ਸਾਨੂੰ ਕਤਲ ਹੀ ਕਰ ਦਿੰਦੇ ਹਨ।'

ਇਸ ਦੇ ਬਾਵਜ਼ੂਦ ਕਿੰਨਰ ਭਾਈਚਾਰੇ ਦੇ ਖਿਲਾਫ ਹਿੰਸਾ ਅਤੇ ਵਿਤਕਰਾ ਬਾਦਸਤੂਰ ਜਾਰੀ ਹੈ।

ਕਿੰਨਰ ਔਰਤਾਂ ਨੂੰ ਉਨ੍ਹਾਂ ਦੇ ਜਨਮ ਤੋਂ ਹੀ ਇੱਕ ਤੈਅ ਭੂਮਿਕਾ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਕਿੰਨਰ ਪੁਰਸ਼ ਤਾਂ ਮੁੱਖ ਧਾਰਾ ਵਿੱਚ ਬਹੁਤ ਘੱਟ ਨਜ਼ਰ ਆਉਂਦੇ ਹਨ।

ਜਦਕਿ ਕਿੰਨਰ ਔਰਤਾਂ ਨੂੰ ਜਨਮ ਤੋਂ ਹੀ ਸਾਮਜ ਵੱਲੋਂ ਹਾਸ਼ੀਏ ਉੱਪਰ ਧੱਕ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਨੱਚਣ, ਭੀਖ ਮੰਗਣ ਅਤੇ ਇੱਥੋਂ ਤੱਕ ਕਿ ਦੇਹ-ਵਪਾਰ ਵਿੱਚ ਲੱਗਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਨ੍ਹਾਂ ਥਾਵਾਂ 'ਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ।

Image copyright FORUM FOR DIGNITY INITIATIVES
ਫੋਟੋ ਕੈਪਸ਼ਨ ਮਾਰੀਆ ਖ਼ਾਨ ਨੇ ਸ਼ੋਸ਼ਣ ਦੀ ਸ਼ਿਕਾਰ ਹੋਣ ਮਗਰੋਂ 10 ਸਾਲ ਦੀ ਉਮਰ ਵਿੱਚ ਘਰ ਛੱਡ ਕੇ ਇੱਕ ਡੇਰੇ ਵਿੱਚ ਸ਼ਾਮਲ ਹੋ ਗਏ ਸਨ।

ਕਈ ਕਿੰਨਰ ਸੁਰੱਖਿਆ ਲਈ ਮਹੰਤਾਂ ਦੀ ਪਨਾਹ ਲੈਂਦੇ ਹਨ। ਇਹ ਡੇਰੇ ਉਨ੍ਹਾਂ ਨੂੰ ਸਿਰ ਦੀ ਛੱਤ ਅਤੇ ਭੋਜਨ ਦਿੰਦੇ ਹਨ ਅਤੇ ਬਦਲੇ ਵਿੱਚ ਆਪਣੇ ਡੇਰੇ ਲਈ ਉਨ੍ਹਾਂ ਦੀਆਂ ਸੇਵਾਵਾਂ ਲੈਂਦੇ ਹਨ।

ਮਾਰੀਆ ਖ਼ਾਨ ਨੇ ਆਪਣੇ ਭੈਣ ਭਰਾਵਾਂ ਅਤੇ ਗੁਆਂਢੀਆਂ ਹੱਥੋਂ ਸ਼ੋਸ਼ਣ ਦੀ ਸ਼ਿਕਾਰ ਹੋਣ ਮਗਰੋਂ 10 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ। ਉਨ੍ਹਾਂ ਨੇ ਡੇਰਿਆਂ ਦਾ ਮਹੱਤਵ ਦੱਸਿਆ, "ਘਰ ਛੱਡਣ ਤੋਂ ਬਾਅਦ ਤੁਸੀਂ ਸਿਰਫ ਡੇਰੇ ਵਿੱਚ ਹੀ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ।"

"ਉੱਥੇ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਉਂਦਾ,ਕੋਈ ਮਾਰਦਾ ਜਾਂ ਮੰਦਾ ਨਹੀਂ ਬੋਲਦਾ ਕਿਉਂਕਿ ਸਾਰੇ ਤੁਹਾਡੇ ਵਰਗੇ ਹੀ ਹਨ।"

ਸੁਧਰਦੇ ਹਾਲਾਤਾਂ ਵਿੱਚ ਵੀ ਕਈਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਦਰਪੇਸ਼ ਖਤਰੇ ਵਧ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨੋਸ਼ੀ ਉਰਫ ਪਾਕਿਸਤਾਨ ਵਿੱਚ ਮੰਗੇ ਪੈਸਿਆਂ ਨਾਲ ਆਪਣੀ ਵਿਧਵਾ ਭੈਣ ਦੀ ਮਦਦ ਕਰਦੇ ਹਨ ਅਤੇ ਗਰੀਬਾਂ ਨੂੰ ਖਾਣਾ ਖੁਆਂਦੇ ਹਨ।

"ਕਿੰਨਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਮਾਰ-ਕੁਟਾਈ ਅਤੇ ਤੇਜ਼ਾਬੀ ਹਮਲੇ ਹੁੰਦੇ ਰਹੇ ਹਨ ਪਰ ਸਾਨੂੰ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਉਹ ਸਾਨੂੰ ਕਤਲ ਹੀ ਕਰ ਦਿੰਦੇ ਹਨ।"

ਸਥਾਨਕ ਕਾਰਕੁਨਾਂ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਪਖ਼ਤੂਨ ਖਵਾ ਸੂਬੇ ਵਿੱਚ 60 ਕਿੰਨਰ ਔਰਤਾਂ ਦਾ ਕਤਲ ਕੀਤਾ ਗਿਆ। ਇੱਥੋਂ ਦਾ ਸਮਾਜ ਬਹੁਤ ਰੂੜੀਵਾਦੀ ਹੈ ਅਤੇ ਉੱਥੇ ਪਾਕਿਸਤਾਨੀ ਤਾਲਿਬਾਨਾਂ ਨੇ ਪਿਛਲੇ ਸਮੇਂ ਤੱਕ ਆਪਣੀ ਹੋਂਦ ਬਰਕਾਰ ਰੱਖੀ ਸੀ।

ਇਹ ਵੀ ਪੜ੍ਹੋ꞉

ਕਤਲ ਹੋਈਆਂ ਕਿੰਨਰਾਂ ਵਿੱਚੋਂ ਇੱਕ 23 ਸਾਲਾ ਅਲੀਸ਼ਾ ਸੀ। ਉਨ੍ਹਾਂ ਨੂੰ ਇੱਕ ਸਥਾਨਕ ਗੈਂਗ ਨੇ ਸਾਲ 2016 ਵਿੱਚ ਗੋਲੀਆਂ ਮਾਰੀਆਂ। ਹਸਪਤਾਲ ਪਹੁੰਚਣ 'ਤੇ ਸਟਾਫ ਇਹ ਫੈਸਲਾ ਨਹੀਂ ਲੈ ਸਕਿਆ ਕਿ ਉਨ੍ਹਾਂ ਨੂੰ (ਇਸਤਰੀ ਜਾਂ ਪੁਰਸ਼) ਲਿਖ ਕੇ ਦਾਖਲ ਕੀਤਾ ਜਾਵੇ। ਇਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਆਪਣੇ ਪਰਿਵਾਰ ਵੱਲੋਂ ਕਤਲ

ਮਨਸੇਹਰਾ ਦੀ ਮਾਰੀਆ ਨੂੰ ਇਨ੍ਹਾਂ ਖ਼ਤਰਿਆਂ ਦੀ ਕਿਸੇ ਵੀ ਹੋਰ ਨਾਲੋਂ ਵਧੇਰੇ ਸਮਝ ਹੈ ਅਤੇ ਉਹ ਖੈਬਰ ਪਖ਼ਤੂਨ ਖਵਾ ਤੋਂ ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਮੁਤਾਬਕ ਭਾਈਚਾਰੇ ਦੇ ਸਾਹਮਣੇ ਨਫਰਤੀ ਜੁਰਮ ਜਾਂ ਅਖੌਤੀ ਅਣਖ ਖਾਤਰ ਕਤਲ ਸਭ ਤੋਂ ਵੱਡੇ ਖ਼ਤਰੇ ਹਨ।

Image copyright MARIA KHAN
ਫੋਟੋ ਕੈਪਸ਼ਨ ਮਨਸੇਹਰਾ ਦੀ ਮਾਰੀਆ ਖੈਬਰ ਪਖ਼ਤੂਨ ਖਵਾ ਤੋਂ ਆਜ਼ਾਦ ਉਮੀਦਵਾਰ ਹਨ।

"ਸਾਡੇ ਪਰਿਵਾਰ ਸਾਨੂੰ ਕਤਲ ਕਰਵਾਉਣ ਲਈ ਲੋਕਾਂ ਨੂੰ ਸੁਪਾਰੀ ਦਿੰਦੇ ਹਨ।"

"ਮਨਸੇਹਰਾ ਵਿੱਚ ਜਦੋਂ ਮੈਨੂੰ ਮਾਰਨ ਲਈ ਮੇਰੇ ਘਰ 'ਤੇ ਗੋਲੀ ਚਲਾਈ ਗਈ ਤਾਂ ਮੈਂ ਵਾਲ- ਵਾਲ ਬਚੀ ਸੀ। ਮੇਰੇ ਘਰ ਦੇ ਗੇਟ ਵਿੱਚ ਹਾਲੇ ਵੀ ਗੋਲੀਆਂ ਹਨ।"

ਹਾਲ ਹੀ ਵਿੱਚ ਹਜ਼ਾਰਾ ਯੂਨੀਵਰਸਿਟੀ ਤੋਂ ਗਰੈਜੂਏਟ ਕਰਨ ਵਾਲੀ ਮਾਰੀਆ ਮੁਤਾਬਕ ਸਥਾਨਕ ਭਾਈਚਾਰੇ ਦਾ ਉਨ੍ਹਾਂ ਦਾ ਚੋਣ ਲੜਨ ਬਾਰੇ ਰਵਈਆ ਬਹੁਤ ਹਾਂਮੁਖੀ ਰਿਹਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਦੇ ਚੋਣ ਅਭਿਆਨ ਲਈ ਚੰਦਾ ਦਿੰਦੇ ਹਨ।

ਇਹ ਵੀ ਪੜ੍ਹੋ꞉

ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਿਆਸਤਦਾਨਾਂ ਨੇ ਜਨਤਾ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਤਣ ਮਗਰੋਂ ਉਹ ਸਭ ਤੋਂ ਪਹਿਲਾਂ ਇਲਾਕੇ ਵਿੱਚੋਂ ਪਾਣੀ ਦੀ ਕਿੱਲਤ ਦੂਰ ਕਰਨ ਲਈ ਕੰਮ ਕਰਨਗੇ।

ਅਮੀਰਾਂ ਦੀ ਖੇਡ

ਨਦੀਮ ਕਸ਼ਿਸ਼ ਮੁਤਾਬਕ, ਚੋਣਾਂ ਵਿੱਚ ਖੜ੍ਹੇ ਹੋਣਾ ਇੱਕ ਗੱਲ ਹੈ ਪਰ ਜਿੱਤਣਾ ਬਿਲਕੁਲ ਦੂਸਰੀ ਗੱਲ ਹੈ।

Image copyright AFP
ਫੋਟੋ ਕੈਪਸ਼ਨ ਨਦੀਮ ਕਿੰਨਰ ਭਾਈਚਾਰੇ ਦੇ ਮੁਸ਼ਕਿਲਾਂ ਬਾਰੇ ਨਿੱਜੀ ਰੇਡੀਓ ਬ੍ਰਾਡਕਾਸ ਕਰਦੇ ਹਨ।

ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦੋ ਵੱਡੇ ਦਾਅਵੇਦਾਰਾਂ, ਸਾਬਕਾ ਕ੍ਰਿਕਟ ਖਿਡਾਰੀ ਤੋਂ ਸਿਆਸਤ ਵਿੱਚ ਆਏ ਇਮਰਾਨ ਖ਼ਾਨ ਅਤੇ ਜਾ ਰਹੀ ਸਰਕਾਰ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਨ ਅੱਬਾਸੀ ਦੇ ਖਿਲਾਫ ਚੋਣ ਲੜ ਰਹੇ ਹਨ।

ਉਨ੍ਹਾਂ ਦਾ ਕੇਂਦਰੀ ਇਸਲਾਮਾਬਾਦ ਵਿਚਲਾ ਹਲਕਾ ਪਾਕਿਸਤਾਨ ਦੀ ਇੱਕ ਵੱਕਾਰੀ ਸੀਟ ਹੈ। ਇਸੇ ਵਿੱਚ ਹਲਕੇ ਵਿੱਚ ਦੇਸ ਦੀ ਪਾਰਲੀਮੈਂਟ, ਸੁਪਰੀਮ ਕੋਰਟ ਅਤੇ ਹੋਰ ਸੰਸਥਾਵਾਂ ਹਨ।

ਨਦੀਮ ਕਿੰਨਰਾਂ ਦੇ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਹਨ ਅਤੇ ਮੇਕਅਪ ਕਲਾਕਾਰ ਰਹੇ ਹਨ। ਫਿਲਹਾਲ ਉਹ ਭਾਈਚਾਰੇ ਦੀਆਂ ਮੁਸ਼ਕਿਲਾਂ ਬਾਰੇ ਨਿੱਜੀ ਰੇਡੀਓ ਬ੍ਰਾਡਕਾਸਟ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਬਾਵਜ਼ੂਦ, "ਕੋਈ ਵੀ ਸਿਆਸੀ ਪਾਰਟੀ ਕਿੰਨਰਾਂ ਲਈ ਕੰਮ ਨਹੀਂ ਕਰਨੀ ਚਾਹੁੰਦੀ। ਅਸੀਂ ਉਨ੍ਹਾਂ ਦੇ ਏਜੰਡੇ ਉੱਪਰ ਹਾਂ ਹੀ ਨਹੀਂ। ਇਹੀ ਕਾਰਨ ਹੈ ਕਿ ਮੈਂ ਪਾਰਲੀਮੈਂਟ ਲਈ ਚੋਣ ਲੜਨਾ ਚਾਹੁੰਦੀ ਹਾਂ।"

Image copyright AFP
ਫੋਟੋ ਕੈਪਸ਼ਨ ਨਦੀਮ ਦਾ ਮੁਕਾਬਲਾ ਪਾਕਿਸਤਾਨੀ ਸਿਆਸਤ ਦੇ ਦਿੱਗਜਾਂ ਨਾਲ ਹੈ।

"ਮੇਰੇ ਕੋਲ ਇਨ੍ਹਾਂ ਵੱਡੇ ਸਿਆਸਤਦਾਨਾਂ ਵਾਂਗ- ਬੈਨਰਾਂ, ਝੰਡਿਆਂ, ਟਰਾਂਸਪੋਰਟ ਅਤੇ ਹੋਰ ਰਵਾਇਤੀ ਪ੍ਰਚਾਰ ਸਾਧਨਾਂ ਉੱਪਰ ਲਾਉਣ ਲਈ ਕੋਈ ਪੈਸਾ ਨਹੀਂ ਹੈ। ਮੈਂ ਆਪਣਾ ਸੁਨੇਹਾ ਰੇਡੀਓ ਪ੍ਰੋਗਰਾਮ ਜ਼ਰੀਏ ਫੈਲਾਅ ਰਹੀ ਹਾਂ।"

"ਸਾਰੇ ਜਾਣਦੇ ਹਨ ਕਿ ਇਹ ਅਮੀਰਾਂ ਦੀ ਖੇਡ ਹੈ। ਮੇਰੇ ਕੋਲ ਤਾਂ ਨਾਮਜ਼ਦਗੀ ਕਾਗਜ਼ ਭਰਨ ਲਈ ਵੀ ਪੈਸਾ ਨਹੀਂ ਸੀ।"

ਪਾਕਿਸਤਾਨ ਦਾ ਚੋਣ ਕਮਿਸ਼ਨ ਲੋਕ ਸਭਾ ਦੇ ਉਮੀਦਵਾਰਾਂ ਤੋਂ 30,000 ਅਤੇ ਪ੍ਰੋਵੈਂਸ਼ੀਅਲ ਅਸੈਂਬਲੀਆਂ ਦੇ ਉਮੀਦਵਾਰਾਂ ਤੋਂ 20,000 ਪਾਕਿਸਤਾਨੀ ਰੁਪਏ ਦੀ ਫੀਸ ਲੈਂਦਾ ਹੈ।

ਰਿਪੋਰਟਾਂ ਮੁਤਾਬਕ ਅੱਠ ਕਿੰਨਰ ਉਮੀਦਵਾਰਾਂ ਨੂੰ ਫੰਡਾਂ ਦੀ ਕਮੀ ਕਰਕੇ ਆਪਣੇ ਕਾਗਜ਼ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ।

ਨਦੀਮ ਰਵਾਇਤੀ ਸਿਆਸਤ ਨੂੰ ਚੁਣੌਤੀ ਦੇਣ ਲਈ ਦ੍ਰਿੜ ਹਨ।

"ਇਹ ਸਾਡਾ ਸਮਾਂ ਹੈ। ਸਿਰਫ਼ ਕਿੰਨਰਾਂ ਦੀ ਪਾਕਿਸਤਾਨੀ ਸਿਆਸਤ ਵਿੱਚ ਸ਼ਮੂਲੀਅਤ ਨਾਲ ਇਹ ਕੰਮ ਪੂਰਾ ਹੋਵੇਗਾ।"

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)