ਇਹ ਹਨ ਪਾਕਿਸਤਾਨ ਦੇ ਸਿਆਸੀ ਅਖਾੜੇ 'ਚ ਕੁੱਦੇ ਦਿੱਗਜ

nawaz sharif Image copyright Getty Images
ਫੋਟੋ ਕੈਪਸ਼ਨ ਨਵਾਜ਼ ਸ਼ਰੀਫ ਚੋਣਾਂ ਨਹੀਂ ਲੜ ਸਕਦੇ ਪਰ ਉਹ ਆਪਣੀ ਧੀ ਮਰੀਅਮ ਨਵਾਜ਼ ਸ਼ਰੀਫ ਦੇ ਸਮਰਥਨ ਨਾਲ ਪੀਐੱਮਐੱਲ-ਐੱਨ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ

ਪਾਕਸਿਤਾਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੱਡੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਕਈ ਧਾਰਮਿਕ ਪਾਰਟੀਆਂ ਵੀ ਚੋਣ ਮੈਦਾਨ ਵਿੱਚ ਨਿਤਰ ਆਈਆਂ ਹਨ। ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਵਿਚਕਾਰ ਹੈ ਮੁੱਖ ਮੁਕਾਬਲਾ।

ਪਾਕਿਸਤਾਨ ਮੁਸਲਿਮ ਲੀਗ (ਨਵਾਜ਼)

  • ਪੀਐੱਮਐੱਲ-ਐੱਨ ਇਸ ਤੋਂ ਪਹਿਲਾਂ ਸੱਤਾ ਵਿੱਚ ਸੀ ਜਿਸ ਦੀ ਅਗੁਵਾਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਕਰ ਰਹੇ ਹਨ, ਕਿਉਂਕਿ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਕੋਈ ਵੀ ਜਨਤਕ ਅਹੁਦਾ ਅਤੇ ਪਾਰਟੀ ਦੀ ਅਗਵਾਈ ਕਰਨ ਤੋਂ ਅਯੋਗ ਕਰਾਰ ਦਿੱਤਾ ਹੈ।
  • ਪੀਐੱਮਐਲ-ਐਨ ਪਾਕਿਸਤਾਨ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਅਤੇ ਇਹ ਆਲ ਇੰਡੀਆ ਮੁਸਲਿਮ ਲੀਗ ਦੀ ਕਾਨੂੰਨੀ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦੀ ਹੈ।ਪਾਰਟੀ ਦਾ ਗੜ੍ਹ ਪੰਜਾਬ ਹੈ, ਜੋ ਦੇਸ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਬਹੁਤੇ ਸ਼ਹਿਰੀ ਕਾਰੋਬਾਰੀ ਆਗੂ ਵੱਸਦੇ ਹਨ।
  • ਪੀਐੱਮਐੱਲ-ਐਨ ਤਿੰਨ ਵਾਰੀ ਕੇਂਦਰ ਵਿੱਚ ਅਤੇ ਪੰਜਾਬ ਵਿੱਚ ਸਰਕਾਰ ਬਣਾ ਚੁੱਕੀ ਹੈ। 1992 ਵਿੱਚ ਪਹਿਲਾਂ ਤੋਂ ਹੀ ਮੌਜੂਦ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਤੋਂ ਵੱਖ ਹੋ ਕੇ ਪੀਐੱਮਐੱਲ-ਐੱਨ ਬਣੀ ਸੀ।
  • ਸਾਬਕਾ ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਵੱਲੋਂ ਸਰਪ੍ਰਸਤੀ ਪ੍ਰਾਪਤ ਕਰਨ ਲਈ ਸ਼ਰੀਫ਼ ਦੀ ਹਮੇਸ਼ਾਂ ਆਲੋਚਨਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ 1981 ਵਿੱਚ ਨਵਾਜ਼ ਸ਼ਰੀਫ਼ ਨੂੰ ਸੰਸਦ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ। ਇਸ ਤਰ੍ਹਾਂ ਹੀ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਹੁੰਗਾਰਾ ਮਿਲਿਆ ਸੀ।
  • 1999 ਵਿੱਚ ਪੀਐੱਮਐੱਲ-ਐਨ ਦੀ ਸਰਕਾਰ ਤਖ਼ਤਾਪਲਟ ਤੋਂ ਬਾਅਦ ਬਰਖਾਸਤ ਕਰ ਦਿੱਤੀ ਗਈ ਸੀ ਅਤੇ ਨਵਾਜ਼ ਸ਼ਰੀਫ਼ ਨੂੰ ਸਾਊਦੀ ਅਰਬ ਭੇਜ ਦਿੱਤਾ ਗਿਆ ਸੀ। ਅੱਠ ਸਾਲ ਬਾਅਦ 2013 ਵਿੱਚ ਪਾਰਟੀ ਮੁੜ ਸੱਤਾ ਵਿੱਚ ਆਈ।
  • ਪਨਾਮਾ ਮਾਮਲੇ ਵਿੱਚ ਪਰਿਵਾਰ ਦੀ ਸ਼ਮੂਲੀਅਤ ਤੋਂ ਬਾਅਦ ਜੁਲਾਈ 2017 ਵਿੱਚ ਪਾਰਟੀ ਦੇ ਪ੍ਰਧਾਨ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਸੁਪਰੀਮ ਕੋਰਟ ਨੇ ਨਵਾਜ਼ ਨੂੰ ਉਮਰ ਭਰ ਲਈ ਜਨਤਕ ਅਹੁਦੇ ਤੋਂ ਅਯੋਗ ਕਰਾਰ ਦਿੱਤਾ।

ਇਹ ਵੀ ਪੜ੍ਹੋ꞉

Image copyright Getty Images
ਫੋਟੋ ਕੈਪਸ਼ਨ • ਪੀਐੱਮਐੱਲ-ਐਨ ਤਿੰਨ ਵਾਰੀ ਕੇਂਦਰ ਅਤੇ ਪੰਜਾਬ ਵਿੱਚ ਸਰਕਾਰ ਬਣਾ ਚੁੱਕੀ ਹੈ

ਨਵਾਜ਼ ਸ਼ਰੀਫ ਚੋਣਾਂ ਨਹੀਂ ਲੜ ਸਕਦੇ ਪਰ ਉਹ ਆਪਣੀ ਧੀ ਅਤੇ ਵਾਰਸ ਮਰੀਅਮ ਨਵਾਜ਼ ਸ਼ਰੀਫ ਦੇ ਸਮਰਥਨ ਨਾਲ ਪੀਐੱਮਐੱਲ-ਐੱਨ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਹੈ ਕਿ ਫੌਜ ਪੀਐੱਮਐੱਲ-ਐੱਨ ਨਾ ਸਹੀ ਪਰ ਨਵਾਜ਼ ਸ਼ਰੀਫ਼ ਨੂੰ ਸੱਤਾ ਦੇ ਗਲਿਆਰਿਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ। ਪਰ ਫੌਜ ਹਮੇਸ਼ਾ ਇਸ ਇਲਜ਼ਾਮ ਨੂੰ ਨਕਾਰਦੀ ਆਈ ਹੈ ਅਤੇ ਦਾਅਵਾ ਕਰਦੀ ਹੈ ਕਿ ਉਹ ਨਿਰਪੱਖ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ)

ਪੀਟੀਆਈ ਪਾਕਿਸਤਾਨ ਵਿੱਚ ਅਹਿਮ ਵਿਰੋਧੀ ਪਾਰਟੀ ਹੈ। ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ 1996 ਵਿੱਚ ਇਹ ਪਾਰਟੀ ਦਾ ਗਠਨ ਕੀਤਾ ਸੀ ਅਤੇ ਬਦਲਾਅ ਦਾ ਨਾਅਰਾ ਦਿੱਤਾ ਸੀ।

ਸ਼ੁਰੂਆਤ ਵਿੱਚ ਪਾਰਟੀ ਨੂੰ ਜ਼ਿਆਦਾ ਸਮਰਥਨ ਨਹੀਂ ਮਿਲਿਆ। ਇਮਰਾਨ ਖਾਨ ਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਇਕੱਲੇ ਉਮੀਦਵਾਰ ਸਨ ਜੋ ਕਿ 2002 ਦੀਆਂ ਆਮ ਚੋਣਾਂ ਵਿੱਚ ਸੰਸਦ ਪਹੁੰਚੇ।

Image copyright Getty Images
ਫੋਟੋ ਕੈਪਸ਼ਨ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ 1996 ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਬਣਾਈ ਸੀ

ਅਕਤੂਬਰ 2011 ਵਿੱਚ ਲਹੌਰ ਵਿੱਚ ਕੀਤੀ ਵੱਡੀ ਜਨਤਕ ਰੈਲੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਮਰਾਨ ਖਾਨ ਨੂੰ ਦੇਸ ਦਾ ਸਭ ਤੋਂ ਤਾਕਤਵਰ ਸਿਆਸਤਦਾਨ ਬਣਾ ਦਿੱਤਾ।

ਇੱਕ ਅੰਦਾਜ਼ੇ ਮੁਤਾਬਕ ਇੱਕ ਲੱਖ ਲੋਕਾਂ ਨੇ ਰੈਲੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੜ੍ਹੇ-ਲਿਖੇ ਸ਼ਹਿਰੀ ਨੌਜਵਾਨ ਸਨ।

ਪੀਟੀਆਈ ਪਾਕਿਸਤਾਨ ਨੂੰ ਭ੍ਰਿਸ਼ਟਾਚਾਰ ਮੁਕਤ ਦੇਸ ਬਣਾਉਣ ਦੇ ਦਾਅਵੇ ਨਾਲ ਉਭਰੀ, ਜਿੱਥੇ ਲੋਕ ਸਿਹਤ, ਸਿੱਖਿਆ ਅਤੇ ਸਮਾਜਿਕ ਨਿਆਂ ਦੀਆਂ ਸਹੂਲਤਾਂ ਹਾਸਲ ਕਰ ਸਕਣਗੇ।

2013 ਵਿੱਚ ਪੀਟੀਆਈ 7.5 ਮਿਲੀਅਨ ਵੋਟਾਂ ਦੇ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਮਰਾਨ ਖਾਨ ਕੇਂਦਰ ਵਿੱਚ ਸਰਕਾਰ ਤਾਂ ਨਾ ਬਣਾ ਸਕੇ ਪਰ ਉਨ੍ਹਾਂ ਦੀ ਪਾਰਟੀ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਜ਼ਰੂਰ ਸੱਤਾ ਵਿੱਚ ਆਈ

ਇਹ ਵੀ ਪੜ੍ਹੋ꞉

2014 ਵਿੱਚ ਇਮਰਾਨ ਖ਼ਾਨ ਨੇ ਚੋਣ ਵਿੱਚ ਗੜਬਰੀ ਦੇ ਇਲਜ਼ਾਮ ਲਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੀਟ ਤੱਕ ਲੰਮਾ ਮਾਰਚ ਕੀਤਾ ਸੀ।

ਇਸ ਮਾਰਚ ਤੋਂ ਬਾਅਦ ਇਸਲਾਮਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਲਗਭਗ ਛੇ ਮਹੀਨਿਆਂ ਤੱਕ ਜਾਰੀ ਰਿਹਾ ਅਤੇ ਨਵਾਜ਼ ਸਰਕਾਰ ਨੂੰ ਅਪਾਹਿਜ ਕਰ ਦਿੱਤਾ।

ਇਮਰਾਨ ਖਾਨ ਨਵਾਜ਼ ਸ਼ਰੀਫ਼ ਦੇ ਸਭ ਤੋਂ ਤਿੱਖੇ ਅਲੋਚਕ ਹਨ ਅਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਪਨਾਮਾ ਖੁਲਾਸੇ ਤੋਂ ਬਾਅਦ ਸ਼ਿਕਾਇਤ ਕਰਨ ਵਾਲਿਆਂ ਵਿੱਚ ਅਹਿਮ ਪਾਰਟੀ ਸੀ ਜੋ ਕਿ ਨਵਾਜ਼ ਸ਼ਰੀਫ਼ ਨੂੰ ਅਦਾਲਤ ਦੀਆਂ ਬਰੂਹਾਂ ਤੱਕ ਲੈ ਗਈ। ਇਸ ਮਾਮਲੇ ਦਾ ਨਤੀਜਾ ਇਹ ਹੋਇਆ ਕਿ ਨਵਾਜ਼ ਨੂੰ ਉਮਰ ਭਰ ਲਈ ਅਯੋਗ ਕਰਾਰ ਦਿੱਤਾ ਗਿਆ ਹੈ।

ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ)

ਪਾਕਿਸਤਾਨ ਪੀਪਲਜ਼ ਪਾਰਟੀ ਦਾ ਗਠਨ 1967 ਵਿੱਚ ਸਾਬਕਾ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੁੱਟੋ ਨੇ ਖੱਬੇ-ਪੱਖੀ ਸਮਾਜਿਕ ਪ੍ਰਗਤੀਸ਼ੀਲ ਪਾਰਟੀ ਵਜੋਂ ਕੀਤਾ ਸੀ।

ਹੁਕਮਰਾਨ ਜ਼ਿਆ-ਉਲ-ਹਕ ਵੱਲੋਂ ਫਾਂਸੀ ਦੇਣ ਤੋਂ ਬਾਅਦ ਉਨ੍ਹਾਂ ਦੀ ਧੀ ਬੇਨਜ਼ੀਰ ਭੁੱਟੋ ਨੇ ਪਾਰਟੀ ਦੀ ਅਗਵਾਈ ਕੀਤੀ ਅਤੇ ਹੁਣ ਉਨ੍ਹਾਂ ਦੇ ਪੋਤੇ ਬਿਲਾਵਲ ਭੁੱਟੋ ਜ਼ਰਦਾਰੀ ਪਾਰਟੀ ਦੀ ਕਮਾਨ ਸਾਂਭ ਰਹੇ ਸਨ।

Image copyright Getty Images
ਫੋਟੋ ਕੈਪਸ਼ਨ ਪਾਰਟੀ ਦੇ ਮੌਜੂਦਾ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਹਿਲੀ ਵਾਰ ਚੋਣ ਲੜ ਰਹੇ ਹਨ

ਜਦੋਂ ਤੋਂ ਪੀਪੀਪੀ ਸੱਤਾ ਵਿੱਚ ਆਈ ਹੈ ਇਹ ਦੇਸ ਦੀ ਸਿਆਸਤ ਵਿੱਚ ਅਹਿਮ ਥਾਂ ਰਖਦੀ ਹੈ। 1970 ਦੇ ਦਹਾਕੇ ਦੌਰਾਨ ਇਹ ਸੱਤਾ ਵਿੱਚ ਰਹੀ ਪਰ ਜ਼ਿਆ ਦੇ ਸ਼ਾਸਨ ਦੌਰਾਨ ਪਿੱਛੇ ਧੱਕ ਦਿੱਤੀ ਗਈ।

ਪਿਤਾ ਨੂੰ ਫਾਂਸੀ ਹੋਣ ਤੋਂ ਬਾਅਦ ਬੇਨਜ਼ੀਰ ਭੁੱਟੋ ਨੇ ਪੀਪੀਪੀ ਦੀ ਕਮਾਨ ਆਪਣੇ ਹੱਥ ਲਈ। ਉਨ੍ਹਾਂ ਨੇ ਲੋਕਤੰਤਰ ਨੂੰ ਮੁੜ ਸਥਾਪਿਤ ਕਰਨ ਲਈ ਕਾਫ਼ੀ ਸੰਘਰਸ਼ ਕੀਤਾ ਅਤੇ ਮੁੜ 1988 ਵਿੱਚ ਸੱਤਾ ਹਾਸਲ ਕੀਤੀ।

1988 ਅਤੇ 1993 ਵਿੱਚ ਬੇਨਜ਼ੀਰ ਭੁੱਟੋ ਸੱਤਾ 'ਚ ਆਏ ਪਰ ਉਹ ਆਪਣੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕੇ। 2008 ਵਿੱਚ ਪੀਪਲਜ਼ ਪਾਰਟੀ ਦੁਬਾਰਾ ਬੇਨਜ਼ੀਰ ਦੇ ਕਤਲ ਤੋਂ ਤੁਰੰਤ ਬਾਅਦ ਸੱਤਾ ਵਿੱਚ ਆ ਗਈ।

ਪਰ ਪਾਰਟੀ ਦੀ ਸਿਆਸੀ ਪਕੜ ਕਮਜ਼ੋਰ ਹੋਣ ਲੱਗੀ ਖਾਸ ਕਰਕੇ ਪੰਜਾਬ ਵਿੱਚ। ਹੌਲੀ-ਹੌਲੀ ਪਾਰਟੀ ਦੀ ਪ੍ਰਸਿੱਧੀ ਪੂਰੇ ਦੇਸ ਵਿੱਚ ਘੱਟ ਗਈ, ਹਾਲਾਂਕਿ ਦੱਖਣੀ ਸਿੰਧ ਵਿੱਚ ਪਾਰਟੀ ਨੂੰ ਮਜ਼ਬੂਤੀ ਹਾਸਲ ਹੈ। ਪਾਰਟੀ ਨੂੰ ਸਿੰਧ ਦੇ ਲੋਕਾਂ ਤੇ ਅਤੇ ਉੱਥੇ ਦੇ ਜਗੀਰਦਾਰਾਂ ਦਾ ਸਮਰਥਨ ਹਾਸਿਲ ਹੈ।

ਇਹ ਵੀ ਪੜ੍ਹੋ꞉

ਪਾਰਟੀ ਦੇ ਮੌਜੂਦਾ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ ਆਧੁਨਿਕ ਲੀਹਾਂ 'ਤੇ ਪਾਰਟੀ ਨੂੰ ਸੁਧਾਰਨਾ ਚਾਹੁੰਦੇ ਹਨ ਅਤੇ ਦੇਸ ਦੀ ਮੌਜੂਦਾ ਸਿਆਸਤ ਨਾਲ ਇਸ ਨੂੰ ਹੋਰ ਢੁਕਵਾਂ ਬਣਾਉਣਾ ਚਾਹੁੰਦੇ ਹਨ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੀਪੀਪੀ ਸੰਘੀ ਪੱਧਰ 'ਤੇ ਸ਼ਾਇਦ ਸਰਕਾਰ ਬਣਾਉਣ ਦੇ ਯੋਗ ਨਾ ਹੋਵੇ ਪਰ ਇਹ ਅਜੇ ਵੀ ਚੋਣਾਂ ਵਿੱਚ ਪੀਐੱਮਐੱਲ-ਐੱਨ ਅਤੇ ਪੀਟੀਆਈ ਨੂੰ ਸਖ਼ਤ ਟੱਕਰ ਦੇਵੇਗੀ।

ਧਾਰਮਿਕ ਪਾਰਟੀਆਂ

ਧਾਰਮਿਕ ਪਾਰਟੀਆਂ ਦੇ ਦੇਸ ਭਰ ਵਿੱਚ ਮਜ਼ਬੂਤ ਵੋਟ ਬੈਂਕ ਹਨ। ਧਾਰਮਿਕ ਪਾਰਟੀਆਂ ਕਦੇ ਵੀ ਸਰਕਾਰ ਬਣਾਉਣ ਵਿਚ ਸਮਰੱਥ ਨਹੀਂ ਰਹੀਆਂ ਹਨ, ਪਰ ਉਹ ਜ਼ਿਆਦਾਤਰ ਕੇਂਦਰ ਅਤੇ ਸੂਬੇ ਦੋਹਾਂ 'ਤੇ ਹੀ ਰਾਜ (ਕਿੰਗਮੇਕਰ) ਕਰਦੇ ਹਨ।

Image copyright Getty Images
ਫੋਟੋ ਕੈਪਸ਼ਨ ਭਾਰਤ ਵਿਰੋਧੀ ਧੜੇ ਜੇਯੂਡੀ ਦੇ ਸਮਰਥਕ ਜਿਸ ਵਿੱਚ ਹਾਫ਼ਿਜ਼ ਸਈਦ ਦੇ ਪੁੱਤਰ ਹਾਫ਼ਿਜ਼ ਤਲਹਾ ਸਈਦ ਵੀ ਸ਼ਾਮਿਲ ਹਨ, ਚੋਣ ਲੜ ਰਹੇ ਹਨ

ਮੁੱਤਾਹਿਦਾ ਮਜਲੀ-ਏ-ਅਮਲ ਪੰਜ ਧਾਰਮਿਕ ਪਾਰਟੀਆਂ ਦੇ ਇੱਕ ਪੁਰਾਣੇ ਸਿਆਸੀ ਗਠਜੋੜ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਐੱਮਐੱਮਏ ਪਿਛਲੇ ਸਮੇਂ ਦੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨਾਲ ਗੱਠਜੋੜ ਵਿੱਚ ਹੈ।

ਤਹਿਰੀਕ-ਏ-ਲੱਬਾਇਕ ਯਾ ਰਸੂਲ ਅੱਲ੍ਹਾ, ਕੁਫ਼ਰ ਵਿਰੋਧੀ (ਰੱਬ ਦੀ ਨਿੰਦਾ ਵਿਰੋਧੀ) ਪਾਰਟੀ, ਜਿਸ ਨੇ ਪਿਛਲੇ ਸਾਲ ਨਵੰਬਰ ਵਿੱਚ ਧਰਨਾ ਲਾ ਕੇ ਰਾਜਧਾਨੀ ਇਸਲਾਮਾਬਾਦ ਨੂੰ ਬੰਦ ਕਰ ਦਿੱਤਾ ਸੀ, ਉਹ ਵੀ ਸਰਗਰਮੀ ਨਾਲ ਚੋਣ ਲੜ ਰਹੀ ਹੈ। ਇਸ ਪਾਰਟੀ ਨੇ ਸਾਬਕਾ ਕਾਨੂੰਨ ਮੰਤਰੀ ਜ਼ਾਹਿਦ ਹਾਮਿਦ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ, ਜਿਸ ਤੇ ਸਹੁੰ ਚੁੱਕ ਵੇਲੇ ਪੈਗੰਬਰ ਮੁਹੰਮਦ ਦੇ ਹਾਵਾਲੇ ਨੂੰ ਬਾਹਰ ਰੱਖਣ ਕਾਰਨ ਕੁਫ਼ਰ ਦਾ ਇਲਜ਼ਾਮ ਲੱਗਿਆ ਸੀ।

ਦੂਜੀ ਅਹਿਮ ਧਾਰਮਿਕ ਪਾਰਟੀ ਹੈ ਪਾਕਿਸਤਾਨ ਆਵਾਮੀ ਤਹਿਰੀਕ ਜਿਸ ਦੀ ਅਗਵਾਈ ਕਨੇਡਾ ਆਧਾਰਿਤ ਧਾਰਮਿਕ ਆਗੂ ਤਾਹਿਰ ਉਲ ਕਾਦਰੀ ਕਰ ਰਹੇ ਹਨ।

ਭਾਰਤ ਵਿਰੋਧੀ ਧੜੇ ਜਮਾਤ-ਉਦ-ਦਾਵਾ ਦੇ ਸਮਰਥਕ, ਜਿਸ ਵਿੱਚ ਹਾਫ਼ਿਜ਼ ਸਈਦ ਦੇ ਪੁੱਤਰ ਹਾਫ਼ਿਜ਼ ਤਲਹਾ ਸਈਦ ਵੀ ਸ਼ਾਮਿਲ ਹਨ, ਚੋਣ ਲੜ ਰਹੇ ਹਨ।

ਉਹ ਘੱਟ ਪ੍ਰਸਿੱਧੀ ਅਤੇ ਤਕਰੀਬਨ ਨਿਰਪੱਖ ਧਾਰਮਿਕ ਪਾਰਟੀ "ਅੱਲਾਹੂ ਅਕਬਰ ਤਹਿਰੀਕ" ਦੇ ਬੈਨਰ ਹੇਠ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)