ਲਾਹੌਰ ਵਿੱਚ ਵਗਦਾ ਸ਼ਿਵ ਕੁਮਾਰ ਬਟਾਲਵੀ ਦੇ ਇੱਤਰਾਂ ਦਾ ਚੋਅ …

ਸ਼ਿਵ ਕੁਮਾਰ ਬਟਾਲਵੀ Image copyright MOnaa rana
ਫੋਟੋ ਕੈਪਸ਼ਨ ਸ਼ਿਵ ਕੁਮਾਰ ਬਟਾਲਵੀ ਦੇ ਚੋਣਵੇਂ ਕਲਾਮ ਨੂੰ 1992 ਵਿੱਚ 'ਸ਼ਰੀਂਹ ਦੇ ਫੁੱਲ' ਨਾਮ ਦੀ ਕਿਤਾਬ ਵਿੱਚ ਛਾਪਿਆ ਗਿਆ

ਸ਼ਿਵ ਕੁਮਾਰ ਬਟਾਲਵੀ ਦਾ ਜਨਮ ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਉਸ ਹਿੱਸੇ ਵਿੱਚ ਹੋਇਆ ਜੋ ਵੰਡ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣਿਆ।

ਵੰਡ ਦੇ ਜਬਰ ਹੇਠ ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਵਿੱਚੋਂ ਹਿਜਰਤ ਕਰਕੇ ਜਦੋਂ ਸ਼ਿਵ ਕੁਮਾਰ ਭਾਰਤ ਦੇ ਹਿੱਸੇ ਆਏ ਪੰਜਾਬ ਵਿੱਚ ਆਏ ਤਾਂ ਉਸ ਦੀ ਉਮਰ ਦਸ ਸਾਲ ਸੀ।

ਸ਼ਿਵ ਕੁਮਾਰ ਦਾ ਕਲਾਮ ਪਹਿਲਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਜਦ ਕਿ ਪਾਕਿਸਤਾਨੀ ਪੰਜਾਬੀ ਇਹ ਲਿਪੀ ਨਹੀਂ ਪੜ੍ਹ ਸਕਦੇ। ਪਾਕਿਸਤਾਨ ਵਿੱਚ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਪੜ੍ਹੀ ਅਤੇ ਲਿਖੀ ਜਾਂਦੀ ਹੈ।

ਇਹ ਵੀ ਪੜ੍ਹੋ:

ਲਾਹੌਰ ਦੀ ਇੱਕ ਪ੍ਰਕਾਸ਼ਨ ਕੰਪਨੀ 'ਸੁਚੇਤ ਕਿਤਾਬ ਘਰ' ਪੰਜਾਬੀ ਕਿਤਾਬਾਂ ਛਾਪਣ ਦੀ ਸ਼ੋਹਰਤ ਰੱਖਦੀ ਸੀ। ਇਸ ਪ੍ਰਕਾਸ਼ਨ ਨੇ ਸ਼ਿਵ ਕੁਮਾਰ ਬਟਾਲਵੀ ਦੇ ਚੋਣਵੇਂ ਕਲਾਮ ਨੂੰ 1992 ਵਿੱਚ 'ਸਰੀਂਹ ਦੇ ਫੁੱਲ' ਨਾਮ ਦੀ ਕਿਤਾਬ ਵਿੱਚ ਛਾਪਿਆ।

'ਸੁਚੇਤ ਕਿਤਾਬ ਘਰ' ਦੇ ਕਰਤਾ-ਧਰਤਾ ਮਕਸੂਦ ਸਾਕਿਬ ਦਾ ਕਹਿਣਾ ਹੈ ਕਿ ਉਹ 'ਮਾਂ ਬੋਲੀ' ਨਾਮ ਦਾ ਮਹੀਨਾਵਾਰ ਰਸਾਲਾ ਛਾਪਦੇ ਸਨ ਅਤੇ ਹਰ ਪਰਚੇ ਵਿੱਚ ਸ਼ਿਵ ਕੁਮਾਰ ਦੀਆਂ ਇੱਕ-ਦੋ ਨਜ਼ਮਾਂ ਛਪਦੀਆਂ ਸਨ। ਉਨ੍ਹਾਂ ਨਜ਼ਮਾਂ ਨੂੰ ਲੋਕ ਪਸੰਦ ਕਰਦੇ ਸਨ ਅਤੇ ਪਾਠਕ ਚਿੱਠੀਆਂ ਲਿਖਦੇ ਸਨ।

ਮਕਸੂਦ ਸਾਕਿਬ ਦਾ ਕਹਿਣਾ ਹੈ, "ਸ਼ਿਵ ਦੀਆਂ ਨਜ਼ਮਾਂ ਦੀ ਮਕਬੂਲੀਅਤ ਦੇਖ ਕੇ ਹੀ ਮੈਨੂੰ 'ਸ਼ਰੀਂਹ ਦੇ ਫੁੱਲ' ਛਾਪਣ ਦਾ ਖ਼ਿਆਲ ਆਇਆ।" 'ਸੁਚੇਤ ਕਿਤਾਬ ਘਰ' ਨੇ 'ਸ਼ਰੀਹ ਦੇ ਫੁੱਲ' ਦੀ ਦੂਜੀ ਜਿਲਦ 2014 ਵਿੱਚ ਛਾਪੀ।

ਲਾਹੌਰ ਦੀ ਇੱਕ ਹੋਰ ਪ੍ਰਕਾਸ਼ਨ ਕੰਪਨੀ 'ਫਿਕਸ਼ਨ ਹਾਉਸ' ਨੇ 1997 ਵਿੱਚ ਸ਼ਿਵ ਕੁਮਾਰ ਦੇ ਕੁੱਲ ਕਲਾਮ ਨੂੰ 'ਕੁਲੀਯਾਤਿ-ਸ਼ਿਵ' ਦੇ ਨਾਮ ਹੇਠ ਛਾਪਿਆ।

Image copyright MOnaa rana/bbc
ਫੋਟੋ ਕੈਪਸ਼ਨ ਜ਼ਹੂਰ ਅਹਿਮਦ ਦੱਸਦੇ ਹਨ ਕਿ ਇੱਕ ਅਦਬੀ ਘਰ ਵਿੱਚ ਕੰਧ ਉੱਤੇ ਲੱਗੀ ਸ਼ਿਵ ਕੁਮਾਰ ਦੀ ਤਸਵੀਰ ਦੇਖ ਕੇ ਪੁੱਛਿਆ ਸੀ ਕਿ ਇਹ ਇੰਨਾ ਸੋਹਣਾ ਨੌਜਵਾਨ ਕੌਣ ਹੈ?

ਇਸ ਪ੍ਰਕਾਸ਼ਨ ਦੇ ਕਰਤਾ-ਧਰਤਾ ਜ਼ਹੂਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਵ ਦਾ ਪੂਰਾ ਕਲਾਮ ਛਾਪਣ ਦੀ ਸਲਾਹ ਇਤਿਹਾਸਕਾਰ ਇਕਬਾਲ ਕੈਸਰ ਅਤੇ ਇੱਕ ਹੋਰ ਅਦਬੀ ਸ਼ਖ਼ਸੀਅਤ ਡਾ. ਆਸਿਫ ਫਾਰੂਕੀ ਨੇ ਦਿੱਤੀ ਸੀ।

ਜ਼ਹੂਰ ਅਹਿਮਦ ਦੱਸਦੇ ਹਨ ਕਿ ਇੱਕ ਵਾਰ ਡਾ. ਆਸਿਫ ਫਾਰੂਕੀ ਦਿੱਲੀ ਗਏ ਸਨ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਮਿਲੇ ਸਨ। ਉਨ੍ਹਾਂ ਨੇ ਇੱਕ ਅਦਬੀ ਘਰ ਵਿੱਚ ਕੰਧ ਉੱਤੇ ਲੱਗੀ ਸ਼ਿਵ ਕੁਮਾਰ ਦੀ ਤਸਵੀਰ ਦੇਖ ਕੇ ਪੁੱਛਿਆ ਸੀ ਕਿ ਇਹ ਇੰਨਾ ਸੋਹਣਾ ਨੌਜਵਾਨ ਕੌਣ ਹੈ?

ਅੰਮ੍ਰਿਤਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸ਼ਿਵ ਕੁਮਾਰ ਬਟਾਲਵੀ ਬਹੁਤ ਵੱਡਾ ਪੰਜਾਬੀ ਸ਼ਾਇਰ ਹੈ ਪਰ ਭਰੀ ਜਵਾਨੀ ਵਿੱਚ ਦੁਨੀਆਂ ਤੋਂ ਤੁਰ ਗਿਆ।

ਡਾ. ਆਸਿਫ ਫਾਰੂਕੀ ਉਨ੍ਹਾਂ ਦੀ ਸ਼ਾਇਰੀ ਪੜ੍ਹ ਕੇ ਬਹੁਤ ਮੁਤਾਸਿਰ ਹੋਏ ਅਤੇ ਜ਼ਹੂਰ ਅਹਿਮਦ ਨੂੰ ਸ਼ਿਵ ਦਾ ਪੂਰਾ ਕਲਾਮ ਛਾਪਣ ਦੀ ਸਲਾਹ ਦਿੱਤੀ। ਜ਼ਹੂਰ ਅਹਿਮਦ ਦੱਸਦੇ ਹਨ, "ਇਕਬਾਲ ਕੈਸਰ ਨੇ 'ਕੁਲੀਯਾਤਿ-ਸ਼ਿਵ' ਛਾਪਣ ਵਿੱਚ ਬਹੁਤ ਮਦਦ ਕੀਤੀ ਸੀ।"

'ਫਿਕਸ਼ਨ ਹਾਉਸ' ਨੇ 2017 ਵਿੱਚ 'ਕੁਲੀਯਾਤਿ-ਸ਼ਿਵ' ਦੀ ਦੂਜੀ ਜਿਲਦ ਛਾਪੀ। ਇਸੇ ਸਾਲ ਇੱਕ ਹੋਰ ਅਦਾਰੇ 'ਸਾਂਝ' ਨੇ ਵੀ 'ਕਲਾਮਿ-ਸ਼ਿਵ' ਦੇ ਨਾਮ ਹੇਠ ਸ਼ਿਵ ਕੁਮਾਰ ਦਾ ਪੂਰਾ ਕਲਾਮ ਛਾਪਿਆ। ਇਸ ਦਾ ਸ਼ਾਹਮੁਖੀ ਵਿੱਚ ਉਤਾਰਾ ਕਰਨ ਵਾਲਿਆਂ ਵਿੱਚ ਅਫ਼ਜ਼ਲ ਸਾਹਿਰ ਵੀ ਸ਼ਾਮਿਲ ਸਨ। ਅਫ਼ਜ਼ਲ ਸਾਹਿਰ ਆਪ ਪੰਜਾਬੀ ਜ਼ੁਬਾਨ ਦੇ ਜ਼ਬਰਦਸਤ ਸ਼ਾਇਰ ਹਨ।

ਬਟਾਲਵੀ ਦੇ ਗੀਤਾਂ ਨੂੰ ਨਸ਼ਰ ਕਰਨ ਵਾਲੇ ਸ਼ਾਇਰ

ਉਹ ਇੱਕ ਰੇਡੀਓ ਪ੍ਰੋਗਰਾਮ 'ਨਾਲ ਸੱਜਣ ਦੇ ਰਹੀਏ …' ਪੇਸ਼ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਅਫ਼ਜ਼ਲ ਸਾਹਿਰ ਨੇ ਕਈ ਵਾਰ ਸ਼ਿਵ ਕੁਮਾਰ ਦਾ ਕਲਾਮ ਆਪ ਪੜ੍ਹ ਕੇ ਸੁਣਾਇਆ ਅਤੇ ਕਈ ਵਾਰ ਉਨ੍ਹਾਂ ਦੇ ਗੀਤਾਂ ਨੂੰ ਨਸ਼ਰ ਕੀਤਾ।

Image copyright MOnaa rana/bbc
ਫੋਟੋ ਕੈਪਸ਼ਨ ਅਫ਼ਜ਼ਲ ਸਾਹਿਰ ਖ਼ੁਦ ਪੰਜਾਬੀ ਜ਼ੁਬਾਨ ਦੇ ਸ਼ਾਇਰ ਹਨ

ਅਫ਼ਜ਼ਲ ਸਾਹਿਰ ਦੱਸਦੇ ਹਨ ਕਿ ਉਨ੍ਹਾਂ ਨੇ ਕਈ ਵਾਰ ਸ਼ਿਵ ਕੁਮਾਰ ਉੱਤੇ ਖ਼ਸੂਸੀ ਪ੍ਰੋਗਰਾਮ ਕੀਤੇ। ਬੀਬੀਸੀ ਪੰਜਾਬੀ ਨੇ ਅਫ਼ਜ਼ਲ ਸਾਹਿਰ ਨੂੰ ਸੁਆਲ ਕੀਤਾ ਕਿ ਸ਼ਿਵ ਕੁਮਾਰ ਬਟਾਲਵੀ ਪਾਕਿਸਤਾਨ ਵਿੱਚ ਕਿੰਨਾ ਪੜ੍ਹਿਆ ਅਤੇ ਸੁਣਿਆ ਜਾਂਦਾ ਹੈ?

ਅਫ਼ਜ਼ਲ ਸਾਹਿਰ ਬਹੁਤ ਦੁੱਖ ਨਾਲ ਕਹਿੰਦੇ ਹਨ, "ਪਾਕਿਸਤਾਨ ਵਾਲੇ ਪੰਜਾਬ ਵਿੱਚ ਪਿਛਲੇ ਸੱਤਰ ਸਾਲਾਂ ਤੋਂ ਪੰਜਾਬੀ ਦਾ ਕਾਇਦਾ ਵੀ ਨਹੀਂ ਪੜ੍ਹਿਆ ਗਿਆ।''

''ਜੇ ਲੋਕ ਆਪਣੀ ਬੋਲੀ ਨੂੰ ਮਾਣ ਦਿੰਦੇ ਤਾਂ ਉਹ ਆਪਣੀ ਬੋਲੀ ਦੇ ਸ਼ਾਇਰਾਂ ਅਤੇ ਸੂਫੀਆਨਾ ਕਲਾਮ ਲਿਖਣ ਵਾਲਿਆਂ ਨੂੰ ਵੀ ਮਾਣ ਦਿੰਦੇ। ਜਦੋਂ ਉਨ੍ਹਾਂ ਦੇ ਆਪਣੇ ਪਾਸੇ ਦੇ ਸ਼ਾਇਰਾਂ ਨੂੰ ਨਹੀਂ ਪੜ੍ਹਿਆ ਤਾਂ ਉਹ ਸਰਹੱਦ ਪਾਰ ਦੇ ਸ਼ਾਇਰਾਂ ਨੂੰ ਕੀ ਪੜ੍ਹ ਸਕਦੇ ਹਨ?"

ਇਹ ਵੀ ਪੜ੍ਹੋ:

ਅਫ਼ਜ਼ਲ ਸਾਹਿਰ ਅੱਗੇ ਕਹਿੰਦੇ ਹਨ ਕਿ ਜਦੋਂ ਜ਼ੁਬਾਨ ਸਰਕਾਰ, ਦਰਬਾਰ, ਰੋਟੀ-ਰੋਜ਼ੀ, ਰੁਜ਼ਗਾਰ, ਘਰ-ਵਾਰ, ਲਿਖਤ-ਪੜ੍ਹਤ ਅਤੇ ਇਲਮ ਪ੍ਰਚਾਰ ਨਾਲ ਨਾ ਜੁੜੀ ਹੋਵੇ ਤਾਂ ਉਹ ਆਪਣੇ ਵਿਰਸੇ ਅਤੇ ਸਿਆਣਪ ਨਾਲ ਵੀ ਨਹੀਂ ਜੁੜੀ ਰਹਿੰਦੀ। ਉਹ ਕਹਿੰਦੇ ਹਨ, "ਸਾਡੀ ਬਦਕਿਸਮਤੀ ਹੈ ਕਿ ਪੰਜਾਬੀ ਜ਼ੁਬਾਨ ਦੇ ਚੰਗੇ ਸ਼ਾਇਰ ਵੀ ਆਮ ਬੰਦੇ ਤੱਕ ਨਹੀਂ ਪਹੁੰਚ ਸਕੇ।"

ਅਫ਼ਜ਼ਲ ਸਾਹਿਰ ਦੱਸਦੇ ਹਨ ਕਿ ਜਦੋਂ ਨੱਬੇ ਦੇ ਦਹਾਕੇ ਵਿੱਚ ਸ਼ਿਵ ਕੁਮਾਰ ਦਾ ਕੁਝ ਕਲਾਮ 'ਸਰੀਂਹ ਦੇ ਫੁੱਲ' ਰਾਹੀਂ ਅਤੇ ਬਾਅਦ ਵਿੱਚ 'ਕੁਲੀਯਾਤਿ-ਸ਼ਿਵ' ਛਪਣ ਨਾਲ ਪਾਕਿਸਤਾਨ ਦੇ ਪੰਜਾਬੀ ਪੜ੍ਹਣ ਵਾਲਿਆਂ ਤੱਕ ਪਹੁੰਚਿਆ ਅਤੇ ਪਾਠਕਾਂ ਨੇ ਉਸ ਨੂੰ ਪਸੰਦ ਕਰਨਾ ਸ਼ੁਰੂ ਕੀਤਾ।

Image copyright MOnaa rana/bbc

ਅਫ਼ਜ਼ਲ ਸਾਹਿਰ ਮੁਤਾਬਕ ਸ਼ਿਵ ਕੁਮਾਰ ਪਾਕਿਸਤਾਨ ਵਿੱਚ ਉਸ ਵੇਲੇ ਜ਼ਿਆਦਾ ਮਕਬੂਲ ਹੋਇਆ ਜਦੋਂ ਨੁਸਰਤ ਫਤਿਹ ਅਲੀ ਖ਼ਾਨ ਨੇ ਉਨਾਂ ਦਾ ਗੀਤ, 'ਮਾਏ ਨੀ ਮਾਏ, ਮੇਰੇ ਗੀਤਾਂ ਦੇ ਨੈਣਾਂ ਵਿੱਚ ਵਿਰਹਾ ਦੀ ਰੜਕ ਪਵੇ …' ਗਾਇਆ। ਇਸ ਗੀਤ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੂੰ ਵੀ ਸ਼ੋਹਰਤ ਮਿਲੀ।

ਸ਼ਿਵ ਕੁਮਾਰ ਦਾ ਲਿਖਿਆ ਕਾਵਿ ਨਾਟਕ 'ਲੂਣਾ' ਵੀ ਸ਼ਾਹਮੁਖੀ ਵਿੱਚ ਛਪ ਚੁੱਕਿਆ ਹੈ। ਅਫ਼ਜ਼ਲ ਸਾਹਿਰ ਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਲਾਹੌਰ ਵਿੱਚ 'ਪੰਜ ਪਾਣੀ' ਨਾਮ ਦਾ ਨਾਟਕ ਮੇਲਾ ਹੋਇਆ ਸੀ ਜਿਸ ਵਿੱਚ ਅੰਮ੍ਰਿਤਸਰ ਦੀ 'ਮੰਚ ਰੰਗਮੰਚ' ਨਾਮ ਦੀ ਟੋਲੀ ਨੇ ਕੇਵਲ ਧਾਲੀਵਾਲ ਦੀ ਹਿਦਾਇਤਕਾਰੀ ਵਿੱਚ 'ਲੂਣਾ' ਖੇਡਿਆ ਸੀ।

ਸ਼ਿਵ ਕੁਮਾਰ ਨੂੰ ਨਹੀਂ ਪੜ੍ਹਾਇਆ ਜਾਂਦਾ

ਬਕੌਲ ਅਫ਼ਜ਼ਲ ਸਾਹਿਰ ਇਸ ਨਾਟਕ ਨੂੰ ਲਾਹੌਰ ਦੇ ਲੋਕਾਂ ਨੇ ਵੱਡੀ ਤਾਦਾਦ ਵਿੱਚ ਦੇਖਿਆ ਅਤੇ ਡਾਢਾ ਪਸੰਦ ਕੀਤਾ। ਉਹ ਦੱਸਦੇ ਹਨ, "ਸ਼ਿਵ ਦੀ ਸ਼ਾਇਰੀ ਨੇ ਨਾਟਕ ਦੇਖਣ ਵਾਲੇ ਹਰ ਦਰਸ਼ਕ ਦੀ ਅੱਖ ਗਿੱਲੀ ਕਰ ਦਿੱਤੀ ਸੀ।"

ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਸਾਹਿਤ ਇੱਕ ਮਜ਼ਮੂਨ ਵਜੋਂ ਗਰੇਜੂਏਸ਼ਨ ਅਤੇ ਮਾਸਟਰਜ਼ ਵਿੱਚ ਪੜ੍ਹਾਇਆ ਜਾਂਦਾ ਹੈ। ਪੰਜਾਬੀ ਪੜ੍ਹਾਉਣ ਵਾਲੀ ਪ੍ਰੋਫੈਸਰ ਫਾਖ਼ਰਾ ਇਜਾਜ਼ ਨੂੰ ਪੁੱਛਿਆ ਕੀ ਪੰਜਾਬੀ ਬੋਲੀ ਪੜ੍ਹਾਉਣ ਵੇਲੇ ਸ਼ਿਵ ਦਾ ਕਲਾਮ ਪੜ੍ਹਾਇਆ ਜਾਂਦਾ ਹੈ?

ਉਨ੍ਹਾਂ ਦਾ ਜਵਾਬ ਸੀ, "ਦੋਵਾਂ ਮੁਲਕਾਂ ਦੇ ਸਿਆਸੀ ਹਾਲਾਤ ਕਾਰਨ ਇਸ ਪਾਸੇ ਸ਼ਿਵ ਕੁਮਾਰ ਨੂੰ ਬਿਲਕੁਲ ਨਹੀਂ ਪੜ੍ਹਾਇਆ ਜਾਂਦਾ। ਜੇ ਕਿਸੇ ਦੇ ਨਾਮ ਵਿੱਚ ਕੁਮਾਰ, ਸਿੰਘ ਜਾਂ ਕੌਰ ਆ ਜਾਵੇ ਤਾਂ ਉਸ ਦੀ ਸ਼ਾਇਰੀ ਪੜ੍ਹਾਉਣਾ ਪਾਕਿਸਤਾਨ ਵਿੱਚ ਪਾਪ ਸਮਝਿਆ ਜਾਂਦਾ ਹੈ।"

Image copyright MOnaa rana/bbc
ਫੋਟੋ ਕੈਪਸ਼ਨ ''ਪਹਿਲਾਂ ਜਨਾਨੀਆਂ 'ਮੈਨੂੰ ਹੀਰੇ-ਹੀਰੇ ਆਖੇ ਨੀ ਮੁੰਡਾ ਲੰਬੜਾਂ ਦਾ …' ਬਹੁਤ ਲਹਿਰ-ਲਹਿਰ ਕੇ ਢੋਲਕੀ ਉੱਤੇ ਗਾਉਂਦੀਆਂ ਸਨ''

ਫਾਖ਼ਰਾ ਇਜਾਜ਼ ਨੇ ਅੱਗੇ ਦੱਸਿਆ ਕਿ ਕਈ ਨੌਜਵਾਨ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦੇ ਹਨ ਜਿਸ ਕਾਰਨ ਨੁਸਰਤ ਫਤਿਹ ਅਲੀ ਖ਼ਾਨ ਦਾ ਗਾਇਆ ਗੀਤ ਹੈ।

"ਉਹ ਦੱਸਦੇ ਹਨ ਕਿ ਉਨ੍ਹਾਂ ਦੀ ਉਮਰ ਵਾਲੀ ਪੀੜ੍ਹੀ ਵਿੱਚ ਸ਼ਿਵ ਕੁਮਾਰ ਬਹੁਤ ਮਕਬੂਲ ਹਨ ਕਿਉਂਕਿ ਪਹਿਲਾਂ ਸੁਰਿੰਦਰ ਕੌਰ ਨੂੰ ਸੁਣਿਆ ਜਾਂਦਾ ਸੀ ਅਤੇ ਸ਼ਾਦੀ-ਵਿਆਹਾਂ ਉੱਤੇ ਉਸ ਦੇ ਗੀਤ ਗਾਏ ਜਾਂਦੇ ਸਨ। ਪਹਿਲਾਂ ਜਨਾਨੀਆਂ 'ਮੈਨੂੰ ਹੀਰੇ-ਹੀਰੇ ਆਖੇ ਨੀ ਮੁੰਡਾ ਲੰਬੜਾਂ ਦਾ …' ਬਹੁਤ ਲਹਿਰ-ਲਹਿਰ ਕੇ ਢੋਲਕੀ ਉੱਤੇ ਗਾਉਂਦੀਆਂ ਸਨ।"

ਸ਼ਿਵ ਕੁਮਾਰ ਦਾ ਕਲਾਮ ਸ਼ਾਹਮੁਖੀ ਲਿਪੀ ਵਿੱਚ ਮਿਲਦਾ ਹੈ ਪਰ ਉਸ ਦੇ ਗੀਤਾਂ ਦੀ ਕੋਈ ਐਲਬਮ ਇਸ ਪਾਸੇ ਨਹੀਂ ਕੱਢੀ ਗਈ। ਨੁਸਤਰ ਫਤਿਹ ਅਲੀ ਤੋਂ ਇਲਾਵਾ ਕੁਝ ਹੋਰ ਗਾਇਕਾਂ ਨੇ ਵੀ ਸ਼ਿਵ ਕੁਮਾਰ ਦੇ ਇੱਕਾ-ਦੁੱਕਾ ਗੀਤ ਗਾਏ ਹਨ ਜੋ ਯੂ-ਟਿਊਬ ਉੱਤੇ ਮਿਲ ਜਾਂਦੇ ਹਨ।

'ਸ਼ਿਵ ਦੀ ਸ਼ਾਇਰੀ 'ਚ ਝਲਕਦਾ ਦੁਖ਼ ਸਾਡਾ ਸਾਂਝਾ ਹੈ'

ਇਨ੍ਹਾਂ ਵਿੱਚੋਂ ਇੱਕ ਗਾਇਕ ਪ੍ਰੋ. ਮੁਹੰਮਦ ਜਵਾਦ ਨੇ ਸ਼ਿਵ ਦਾ ਗੀਤ 'ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ, ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ …' ਨੂੰ ਸੰਗਤੀਬੱਧ ਕੀਤਾ ਅਤੇ ਗਾਇਆ।

Image copyright MOnaa rana/bbc
ਫੋਟੋ ਕੈਪਸ਼ਨ ਮੁਹੰਮਦ ਜਵਾਦ ਦਾ ਕਹਿਣਾ ਹੈ ਕਿ ਉਹ ਸ਼ਿਵ ਦੇ ਹੋਰ ਗੀਤ ਗਾਉਣਾ ਚਾਹੁੰਦੇ ਹਨ ਅਤੇ ਉਸ ਦੇ ਗੀਤਾਂ ਦੀ ਐਲਬਮ ਕੱਢਣੀ ਚਾਹੁੰਦੇ ਹਨ

ਉਨ੍ਹਾਂ ਦਾ ਕਹਿਣਾ ਹੈ, "ਮੇਰਾ ਗੀਤ ਬਹੁਤ ਸਾਰੇ ਲੋਕਾਂ ਨੇ ਡੇਲੀ ਮੋਸ਼ਨ ਉੱਤੇ ਸੁਣਿਆ ਅਤੇ ਇਸ ਦੀ ਤਾਰੀਫ਼ ਕੀਤੀ। ਸ਼ਿਵ ਦੀ ਸ਼ਾਇਰੀ ਬਹੁਤ ਜਾਨਦਾਰ ਹੈ। ਇਸ ਸ਼ਾਇਰੀ ਵਿੱਚ ਸ਼ੁਮਾਰ ਦੁੱਖ ਦੇ ਅਨਸਰ ਨੇ ਮੈਨੂੰ ਸ਼ਿਵ ਦਾ ਆਸ਼ਿਕ ਬਣਾ ਦਿੱਤਾ।"

ਮੁਹੰਮਦ ਜਵਾਦ ਦਾ ਕਹਿਣਾ ਹੈ ਕਿ ਉਹ ਸ਼ਿਵ ਦੇ ਹੋਰ ਗੀਤ ਗਾਉਣਾ ਚਾਹੁੰਦੇ ਹਨ ਅਤੇ ਉਸ ਦੇ ਗੀਤਾਂ ਦੀ ਐਲਬਮ ਕੱਢਣੀ ਚਾਹੁੰਦੇ ਹਨ।

ਪ੍ਰੋ. ਜ਼ੂਬੈਰ ਅਹਿਮਦ ਪੰਜਾਬੀ ਜ਼ੁਬਾਨ ਦੇ ਰੂਕਨ ਹਨ ਅਤੇ ਸ਼ਿਵ ਦੀ ਸ਼ਾਇਰੀ ਦੇ ਵੱਡੇ ਮੁਦਈ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵ ਕੁਮਾਰ ਵੰਡ ਦੀਆਂ ਤਕਲੀਫ਼ਾਂ ਅਤੇ ਜੁਰਮਾਂ ਦਾ ਗਵਾਹ ਸੀ ਜਿਸ ਕਾਰਨ ਉਸ ਦੀ ਸ਼ਾਇਰੀ ਵਿੱਚ ਵੰਡ ਦਾ ਬਹੁਤ ਅਸਰ ਹੈ।

ਹੁਣ ਵੱਡੀ ਉਮਰ ਦੇ ਹੋ ਚੁੱਕੇ ਪਾਕਿਸਤਾਨੀਆਂ ਨੇ ਵੀ ਵੰਡ ਦੇ ਦੁੱਖ ਨੂੰ ਮਹਿਸੂਸ ਕੀਤਾ ਜਿਸ ਕਾਰਨ ਸ਼ਿਵ ਦੀ ਸ਼ਾਇਰੀ ਪਾਕਿਸਤਾਨ ਦੇ ਲੋਕਾਂ ਨੂੰ ਪਸੰਦ ਆਉਂਦੀ ਹੈ।

Image copyright MOnaa rana/bbc
ਫੋਟੋ ਕੈਪਸ਼ਨ ਪ੍ਰੋ. ਜ਼ੂਬੈਰ ਅਹਿਮਦ ਪੰਜਾਬੀ ਜ਼ੁਬਾਨ ਦੇ ਰੂਕਨ ਹਨ ਅਤੇ ਸ਼ਿਵ ਦੀ ਸ਼ਾਇਰੀ ਦੇ ਵੱਡੇ ਮੁਦਈ ਹਨ

ਉਹ ਕਹਿੰਦੇ ਹਨ, "ਸ਼ਿਵ ਕੁਮਾਰ ਦੀ ਸ਼ਾਇਰੀ ਵਿੱਚ ਝਲਕਦਾ ਦੁੱਖ ਸਾਡਾ ਸਾਂਝਾ ਦੁੱਖ ਹੈ। ਇਸੇ ਕਰਕੇ ਅਮ੍ਰਿਤਾ ਪ੍ਰੀਤਮ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਵੀ ਪਾਕਿਸਤਾਨ ਵਿੱਚ ਮਸ਼ਹੂਰ ਹੋਇਆ। ਇਨ੍ਹਾਂ ਦੋਵਾਂ ਦੀ ਸ਼ਾਇਰੀ ਸ਼ਾਹਮੁਖੀ ਵਿੱਚ ਛਪੀ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਅੱਗੇ ਕਿਹਾ, "ਅਦਬੀ ਲੋਕਾਂ ਵਿੱਚ ਸ਼ਿਵ ਕੁਮਾਰ ਨੂੰ ਬਹੁਤ ਪੜ੍ਹਿਆ ਜਾਂਦਾ ਹੈ ਅਤੇ ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਵਿੱਚ ਸ਼ਿਵ ਕੁਮਾਰ ਦੀ ਝਲਕ ਪੈਂਦੀ ਹੈ। ਅਫ਼ਜ਼ਲ ਸਾਹਿਰ ਦੀ ਸ਼ਾਇਰੀ ਵਿੱਚ ਸ਼ਿਵ ਕੁਮਾਰ ਦੀ ਸ਼ਾਇਰੀ ਦੀ ਛਾਪ ਸਾਫ਼ ਦਿਖਾਈ ਦਿੰਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)