ਪਾਕਿਸਤਾਨ: ਔਰਤਾਂ ਨੇ ਵੋਟਿੰਗ ਨਹੀਂ ਕੀਤੀ, ਤਾਂ ਚੋਣ ਹੋਵੇਗੀ ਰੱਦ

ਧੁਰਨਾਲ ਦੀਆਂ ਔਰਤਾਂ
ਫੋਟੋ ਕੈਪਸ਼ਨ 1962 ਵਿੱਚ ਮਹਿਲਾਵਾਂ ਨੂੰ ਲੈ ਕੇ ਹੋਏ ਇੱਕ ਵਿਵਾਦ ਤੋਂ ਬਾਅਦ ਉਨ੍ਹਾਂ ਦਾ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ

ਪਾਕਿਸਤਾਨ ਦੇ ਕਬਾਇਲੀ ਇਲਾਕੇ ਦੀਰ ਵਿੱਚ ਹਮੀਦਾ ਸ਼ਾਹਿਦ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਉਹ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਲਈ ਇਹ ਇੱਕ ਇਤਿਹਾਸਕ ਮੌਕਾ ਹੈ।

ਇੱਕ ਸਮਾਂ ਸੀ ਜਦੋਂ ਇਸ ਇਲਾਕੇ 'ਤੇ ਤਾਲਿਬਾਨ ਦਾ ਦਬਦਬਾ ਸੀ ਅਤੇ ਇੱਥੇ ਔਰਤਾਂ ਵੋਟ ਨਹੀਂ ਪਾ ਸਕਦੀਆਂ ਸਨ।

ਹਮੀਦਾ ਸ਼ਾਹਿਦ ਕਹਿੰਦੇ ਹਨ ਕਿ ਹੁਣ ਲੋਕਾਂ ਨੂੰ ਵੋਟ ਦੀ ਕੀਮਤ ਪਤਾ ਲੱਗ ਰਹੀ ਹੈ। ਖਾਸ ਕਰਕੇ ਔਰਤਾਂ ਨੂੰ, ਇਸ ਲਈ ਮੈਂ ਸੋਚਿਆ ਕਿ ਜੇਕਰ ਔਰਤ ਵੋਟ ਪਾ ਸਕਦੀਆਂ ਹਨ ਤਾਂ ਚੋਣ ਵੀ ਲੜ ਸਕਦੀਆਂ ਹਨ।

ਇਹ ਵੀ ਪੜ੍ਹੋ:

ਪਿਛਲੇ ਸਾਲ ਚੋਣ ਕਮਿਸ਼ਨ ਨੇ ਔਰਤਾਂ ਦੀ ਗੈਰਮੌਜੂਦਗੀ ਵਿੱਚ ਹੋਈਆਂ ਸਥਾਨਕ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਹਰ ਹਲਕੇ ਵਿੱਚੋਂ ਘੱਟੋ-ਘੱਟ 10 ਫ਼ੀਸਦ ਔਰਤਾਂ ਦਾ ਵੋਟ ਹੋਣਾ ਜ਼ਰੂਰੀ ਹੈ ਨਹੀਂ ਤਾਂ ਚੋਣਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ: ਇਸ ਇਲਾਕੇ ਦੀਆਂ ਔਰਤਾਂ ਨੇ 5 ਦਹਾਕੇ ਤੱਕ ਵੋਟ ਨਹੀਂ ਪਾਈ

ਹਮੀਦਾ ਸ਼ਾਹਿਦ ਦਾ ਕਹਿਣਾ ਹੈ,''ਮੈਂ ਔਰਤਾਂ ਨੂੰ ਜਾ ਕੇ ਮਿਲ ਰਹੀ ਹਾਂ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਉਹ ਮੇਰੇ ਲਈ ਵੋਟ ਪਾਉਣ ਜਾਣਗੇ। ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਿਆ ਹੈ ਅਤੇ ਉਹ ਚਾਹੁੰਦੀਆਂ ਹਨ ਕਿ ਮੈਂ ਸੀਟ ਜਿੱਤ ਕੇ ਸੰਸਦ ਵਿੱਚ ਜਾਵਾਂ।''

ਫੋਟੋ ਕੈਪਸ਼ਨ ਹਮੀਦਾ ਸ਼ਾਹਿਦ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਦੀਰ ਤੋਂ ਚੋਣ ਲੜ ਰਹੇ ਹਨ

ਇਹ ਪਹਿਲੀ ਵਾਰ ਹੈ ਜਦੋਂ ਕੋਈ ਔਰਤ ਦੀਰ ਵਿੱਚ ਚੋਣ ਲੜ ਰਹੀ ਹੈ। ਚੋਣ ਕਮਿਸ਼ਨ ਦੇ ਇਸ ਹੁਕਮ ਤੋਂ ਬਾਅਦ ਉਹ ਉਤਸ਼ਾਹ ਨਾਲ ਪ੍ਰਚਾਰ ਕਰ ਰਹੀ ਹੈ।

5 ਦਹਾਕੇ ਤੋਂ ਵੋਟ ਪਾਉਣ 'ਤੇ ਪਾਬੰਦੀ

ਅਜਿਹਾ ਸਿਰਫ਼ ਦੀਰ ਵਰਗੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹੀ ਨਹੀਂ ਹੋਇਆ ਕਿ ਔਰਤਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਹੋਵੇ। ਪਾਕਿਸਤਾਨ ਦੇ ਸਭ ਤੋਂ ਵਿਕਸਿਤ ਸੂਬੇ ਪੰਜਾਬ ਦੇ ਪਿੰਡ ਧੁਰਨਾਲ ਵਿੱਚ ਪਿਛਲੇ 50 ਸਾਲ ਤੋਂ ਔਰਤਾਂ ਦੇ ਵੋਟ ਪਾਉਣ 'ਤੇ ਪਾਬੰਦੀ ਹੈ। ਬਾਵਜੂਦ ਇਸਦੇ ਕਿ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੂਬਾ ਬਣਨ ਦੇ ਸਮੇਂ ਤੋਂ ਹੀ ਮਿਲਿਆ ਹੋਇਆ ਹੈ।

1962 ਵਿੱਚ ਔਰਤਾਂ ਨੂੰ ਲੈ ਕੇ ਹੋਏ ਇੱਕ ਵਿਵਾਦ ਤੋਂ ਬਾਅਦ ਉਨ੍ਹਾਂ ਦਾ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ ਸੀ।

ਧੁਰਨਾਲ ਨੂੰ ਮੁੱਖ ਰੂਪ 'ਚ ਖੇਤੀ ਲਈ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ 15000 ਦੇ ਕਰੀਬ ਲੋਕ ਰਹਿੰਦੇ ਹਨ। ਇਹ ਮੂੰਗਫਲੀ ਦੀ ਖੇਤੀ ਲਈ ਮਸ਼ਹੂਰ ਹੈ। ਇੱਥੇ ਘਰ ਕਾਫ਼ੀ ਵੱਡੇ ਹਨ ਅਤੇ ਪੱਕੇ ਬਣੇ ਹੋਏ ਹਨ। ਬਾਕੀ ਖੇਤੀ ਵਾਲੇ ਪਿੰਡਾਂ ਨਾਲੋਂ ਇੱਥੇ ਵੱਧ ਪੜ੍ਹੇ-ਲਿਖੇ ਲੋਕ ਹਨ।

ਇਹ ਵੀ ਪੜ੍ਹੋ:

ਧੁਰਨਾਲ ਵਿੱਚ ਰਹਿਣ ਵਾਲੀ ਇੱਕ ਔਰਤ ਨੂੰ ਮੈਂ ਮਿਲੀ ਜਿਹੜੀ ਆਪਣੀਆਂ ਜਮੂਹਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੈ ਪਰ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦੀ।

ਮਰਦ ਵੋਟ ਪਾਉਣ ਦੀ ਨਹੀਂ ਦਿੰਦੇ ਇਜਾਜ਼ਤ

ਉਸ ਨੇ ਦੱਸਿਆ,''ਇੱਥੋਂ ਦੇ ਮਰਦ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ। ਇੱਥੇ ਕੋਈ ਵੀ ਅਜਿਹਾ ਮਰਦ ਨਹੀਂ ਹੈ ਜਿਹੜਾ ਇਸ ਗੱਲ 'ਤੇ ਸਟੈਂਡ ਲੈ ਸਕੇ। ਜੋ ਇਹ ਕਹਿ ਸਕੇ ਕਿ ਮੇਰੇ ਘਰ ਦੀ ਔਰਤ ਵੋਟ ਕਰਨ ਜਾਵੇਗੀ। ਕਿਉਂਕਿ ਉਸ ਨੇ ਬਾਅਦ ਵਿੱਚ ਇਸੇ ਪਿੰਡ ਵਿੱਚ ਹੀ ਰਹਿਣਾ ਹੈ।''

ਫੋਟੋ ਕੈਪਸ਼ਨ ਨਾਹੀਦਾ ਹੱਥ ਵਿੱਚ ਬੈਨਰ ਫੜ ਕੇ ਔਰਤਾਂ ਨੂੰ ਸੰਬੋਧਿਤ ਕਰ ਰਹੀ ਹੈ ''ਵੋਟ ਤੁਹਾਡੀ ਤਾਕਤ ਹੈ, ਤੁਹਾਡਾ ਭਵਿੱਖ ਇਸ 'ਤੇ ਨਿਰਭਰ ਕਰਦਾ ਹੈ''

ਇਹੀ ਕਾਰਨ ਹੈ ਕਿ ਇੱਥੋਂ ਦੇ 17 ਪੋਲਿੰਗ ਸਟੇਸ਼ਨਾਂ 'ਤੇ ਕਿਸੇ ਵੀ ਔਰਤ ਨੇ ਪਿਛਲੀਆਂ ਚੋਣਾਂ ਵਿੱਚ ਵੋਟ ਨਹੀਂ ਪਾਇਆ। ਇੱਕ ਗ਼ੈਰ-ਸਰਕਾਰੀ ਸੰਸਥਾ ਇਸ ਕੋਸ਼ਿਸ਼ ਵਿੱਚ ਜੁੜੀ ਹੈ ਕਿ ਇਸ ਪਾਬੰਦੀ ਨੂੰ ਨਾਕਾਰ ਕੇ ਔਰਤਾਂ ਆਪਣਾ ਹੱਕ ਮੁੜ ਹਾਸਲ ਕਰ ਸਕਣ।

ਨਾਹੀਦਾ ਅੱਬਾਸੀ ਪੋਤੋਹਰ ਸੰਸਥਾ ਦੀ ਖੇਤਰੀ ਪ੍ਰਬੰਧਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਹਨ ਕਿ ਮਰਦ ਆਪਣੀਆਂ ਔਰਤਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੈ।

ਨਾਹੀਦਾ ਹੱਥ ਵਿੱਚ ਬੈਨਰ ਫੜ ਕੇ ਔਰਤਾਂ ਨੂੰ ਸੰਬੋਧਿਤ ਕਰ ਰਹੀ ਹੈ ''ਵੋਟ ਤੁਹਾਡੀ ਤਾਕਤ ਹੈ, ਤੁਹਾਡਾ ਭਵਿੱਖ ਇਸ 'ਤੇ ਨਿਰਭਰ ਕਰਦਾ ਹੈ।''

ਚੋਣ ਕਮਿਸ਼ਨ ਦਾ ਸਖ਼ਤ ਰੁਖ਼

ਨਾਹੀਦਾ ਦਾ ਕਹਿਣਾ ਹੈ,''ਔਰਤਾਂ ਨੂੰ ਕਿਸੇ ਵੀ ਸਿਆਸੀ ਕੰਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਚੋਣਾਂ ਬਾਰੇ ਕੁਝ ਪਤਾ ਨਹੀਂ ਕਿ ਨੁਮਾਇੰਦਾ ਕੌਣ ਹੈ, ਪ੍ਰਚਾਰ ਕਿੱਥੇ ਹੋ ਰਿਹਾ ਹੈ, ਪੋਲਿੰਗ ਸਟੇਸ਼ਨ ਕਿੱਥੇ ਹੈ। ਉਨ੍ਹਾਂ ਨੂੰ ਇਸ ਸਾਰੀ ਬਹਿਸ ਤੋਂ ਵੱਖ ਰੱਖਿਆ ਜਾਂਦਾ ਹੈ।''

ਨੇੜੇ ਦੀ ਮਸਜਿਦ ਵਿੱਚ, ਕਾਜ਼ੀ ਹਫੀਜ਼ ਨਮਾਜ਼ ਦੀ ਅਗਵਾਈ ਕਰ ਰਹੇ ਸਨ। ਪਿੰਡ ਦੇ ਪੁਰਸ਼ ਉਨ੍ਹਾਂ ਨੂੰ ਕਾਫ਼ੀ ਮੰਨਦੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਬੈਨ ਤੋਂ ਇਨਕਾਰ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਔਰਤਾਂ ਦੇ ਹਾਲਤ ਕੁਝ ਹੋਰ ਹੀ ਹਨ।

ਫੋਟੋ ਕੈਪਸ਼ਨ ਅਮਰ ਯਾਸੀਰ ਕਹਿੰਦੇ ਹਨ ਕਿ ਉਹ ਔਰਤਾਂ ਦੇ ਵੋਟ ਬੈਨ ਦਾ ਸਮਰਥਨ ਨਹੀਂ ਕਰਦੇ

ਧੁਰਨਾਲ ਵਿੱਚ ਚੋਣ ਪ੍ਰਚਾਰ ਅੱਜ ਵੀ ਮਰਦਾਂ ਦੇ ਆਲੇ-ਦੁਆਲੇ ਹੀ ਘੁੰਮਦਾ ਹੈ। ਮੈਂ ਅਮਰ ਯਾਸੀਰ ਦੀ ਰੈਲੀ ਵਿੱਚ ਸ਼ਾਮਲ ਹੋਈ ਜਿਹੜੇ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਔਰਤਾਂ ਦੇ ਵੋਟ ਬੈਨ ਦਾ ਸਮਰਥਨ ਨਹੀਂ ਕਰਦੇ।

ਅਮਰ ਯਾਸੀਰ ਕਹਿੰਦੇ ਹਨ,''ਮੈਂ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਹੈ ਜਿੱਥੇ ਔਰਤਾਂ ਦੇ ਵੋਟ ਪਾਉਣ 'ਤੇ ਬੈਨ ਲੱਗਿਆ ਹੈ ਮੈਂ ਉੱਥੋਂ ਦੇ ਸਥਾਨਕ ਲੀਡਰਾਂ ਦੇ ਸੰਪਰਕ ਵਿੱਚ ਹਾਂ। ਉਹ ਸਮੀਖਿਆ ਕਰ ਰਹੇ ਹਨ।''

ਚੋਣ ਕਮਿਸ਼ਨ ਨੇ ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਹੈ ਕਿ ਔਰਤਾਂ ਦੇ ਵੋਟ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

ਫੋਟੋ ਕੈਪਸ਼ਨ ਚੋਣ ਕਮਿਸ਼ਨ ਦੇ ਫ਼ੈਸਲੇ ਤੋਂ ਬਾਅਦ ਹਮੀਦਾ ਸ਼ਾਹਿਦ ਉਤਸ਼ਾਹ ਨਾਲ ਚੋਣ ਪ੍ਰਚਾਰ ਕਰ ਰਹੀ ਹੈ

ਚੋਣ ਅਧਿਕਾਰੀ ਨਿਘਤ ਸਿੱਦੀਕੀ ਦਾ ਕਹਿਣਾ ਹੈ,''ਉਨ੍ਹਾਂ ਇਲਾਕਿਆਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਜਿੱਥੇ ਔਰਤਾਂ ਨੇ ਜਾਂ ਤਾਂ 10 ਫ਼ੀਸਦ ਤੋਂ ਘੱਟ ਵੋਟਿੰਗ ਕੀਤੀ ਜਾਂ ਕਦੇ ਵੋਟ ਨਹੀਂ ਪਾਇਆ। ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਉੱਥੇ 10 ਫ਼ੀਸਦ ਤੋਂ ਘੱਟ ਔਰਤਾਂ ਦਾ ਵੋਟ ਹੋਵੇਗਾ ਤਾਂ ਉੱਥੇ ਨਤੀਜੇ ਨਹੀਂ ਮੰਨੇ ਜਾਣਗੇ।''

ਇਹ ਵੀ ਪੜ੍ਹੋ:

ਉਮੀਦਵਾਰ ਇਹ ਦਾਅਵਾ ਕਰਦੇ ਹਨ ਕਿ ਉਹ ਔਰਤਾਂ ਦੇ ਵੋਟ ਕਰਨ ਦੇ ਬੈਨ ਦੇ ਹੱਕ ਵਿੱਚ ਨਹੀਂ ਹਨ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਔਰਤਾਂ ਦੇ ਹੱਕ ਵਿੱਚ ਸ਼ਾਇਦ ਹੀ ਕਦੇ ਆਵਾਜ਼ ਚੁੱਕੀ ਹੋਵੇ। ਪਰ ਧੁਰਨਾਲ ਅਤੇ ਦੂਜੇ ਪਿੰਡਾਂ ਦੀਆਂ ਔਰਤਾਂ ਨੂੰ ਭਰੋਸਾ ਹੈ ਕਿ ਬਦਲਾਅ ਆਵੇਗਾ ਜ਼ਰੂਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)