ਪਾਕਿਸਤਾਨ ਚੋਣਾਂ ਅਤੇ 'ਰਾਅ' ਦਾ ਪ੍ਰਾਪੇਗੰਡਾ - ਬਲਾਗ

ਪਾਕਿਸਤਾਨੀ ਔਰਤਾਂ Image copyright EPA
ਫੋਟੋ ਕੈਪਸ਼ਨ ਅੱਤਵਾਦ ਸਮੇਂ ਪੋਲਿੰਗ ਬੂਥਾਂ ਉੱਪਰ 70 ਹਜ਼ਾਰ ਫੌਜੀਆਂ ਸਨ ਜਦ ਕਿ ਹੁਣ ਜਦੋਂ ਹਾਲਾਤ ਬਿਹਤਰ ਹਨ ਤਾਂ ਪੌਣੇ ਚਾਰ ਲੱਖ ਤੋਂ ਵੱਧ ਫੌਜੀ ਪੋਲਿੰਗ ਬੂਥਾਂ ਦੀ ਰਾਖੀ ਕਰਨਗੇ।

ਦੋਸਤੋ ਅੱਜ ਮੈਂ ਪੁਰਾਣੇ ਪਾਕਿਸਤਾਨ ਤੋਂ ਆਖ਼ਰੀ ਬਲਾਗ ਲਿਖ ਰਿਹਾ ਹਾਂ ਕਿਉਂਕਿ ਨਵਾਂ ਪਾਕਿਸਤਾਨ ਮਹਿਜ਼ ਦੋ ਦਿਨ ਦੂਰ ਹੈ।

ਬੁੱਧਵਾਰ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਪੁਰਾਣੇ ਪਾਕਿਸਤਾਨ ਦੇ ਵੋਟਰ, ਪੇਟੀਆਂ ਭਰਨਗੇ ਅਤੇ ਸੱਤ ਵਜੇ ਤੋਂ ਇਨ੍ਹਾਂ ਪੇਟੀਆਂ ਵਿੱਚੋਂ ਨਵਾਂ ਪਾਕਿਸਤਾਨ ਨਿਕਲਣ ਲੱਗ ਪਵੇਗਾ।

ਕਿਸੇ ਜ਼ਾਲਿਮ ਨੇ ਸੋਸ਼ਲ ਮੀਡੀਆ ਉਪਰ ਲਿਖਿਆ ਕਿ ਨਵਾਂ ਪਾਕਿਸਤਾਨ ਕਿੱਥੇ ਰੱਖਾਂਗੇ? ਕੀ ਪੁਰਾਣਾ ਵੇਚ ਦੇਈਏ?

ਇਹ ਵੀ ਪੜ੍ਹੋ꞉

ਕੱਲ੍ਹ ਹੀ ਇਮਰਾਨ ਖ਼ਾਨ ਨੇ ਕਰਾਚੀ ਵਿੱਚ ਜ਼ਬਰਦਸਤ ਚੋਣ ਜਲਸਾ ਕੀਤਾ ਅਤੇ ਜੇਲ੍ਹ ਵਿੱਚ ਬੰਦ ਨਵਾਜ਼ ਸ਼ਰੀਫ ਦੇ ਖੁੱਲ੍ਹੇ ਘੁੰਮਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਮੁਲਤਾਨ ਵਿੱਚ ਜਲਸਾ ਕੀਤਾ।

ਸਾਰੇ ਟੀਵੀ ਚੈਨਲਾਂ ਨੇ ਤਕਰੀਰ ਇਮਰਾਨ ਖ਼ਾਨ ਦੀ ਸੁਣਵਾਈ ਅਤੇ ਮਸ਼ਹੂਰੀਆਂ ਨਵਾਜ਼ ਸ਼ਰੀਫ ਨੂੰ ਵੋਟ ਦਿਓ ਦੀਆਂ ਦਿਖਾਈਆਂ।

ਯਾਨੀ ਨਵਾਜ਼ ਸ਼ਰੀਫ ਦੇ ਇਸ਼ਤਿਹਾਰਾਂ ਤੋਂ ਪੈਸਾ ਅਤੇ ਇਮਰਾਨ ਖ਼ਾਨ ਦੀ ਤਕਰੀਰ ਤੋਂ ਸ਼ਾਬਾਸ਼ੀ ਕਮਾਈ।

Image copyright EPA
ਫੋਟੋ ਕੈਪਸ਼ਨ ਨਵਾਜ਼ ਸ਼ਰੀਫ ਜੇਲ੍ਹ ਵਿੱਚ ਹਨ ਜਦ ਕਿ ਉਨ੍ਹਾਂ ਦੇ ਭਰਾ ਬਾਹਰ ਚੋਣ ਪ੍ਰਚਾਰ ਕਰ ਰਹੇ ਹਨ।

ਮੈਂ ਗੱਲ ਕਰ ਰਿਹਾ ਸੀ ਕਿ ਨਵਾਂ ਪਾਕਿਸਤਾਨ ਬਣਾਉਣ ਦੇ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।

ਸਾਲ 2103 ਵਿੱਚ ਜਦੋਂ ਪਾਕਿਸਤਾਨ ਅੱਤਵਾਦ ਨਾਲ ਜੂਝ ਰਿਹਾ ਸੀ ਤਾਂ ਪੋਲਿੰਗ ਬੂਥਾਂ ਉੱਪਰ 70 ਹਜ਼ਾਰ ਫੌਜੀਆਂ ਅਤੇ ਅਰਧ ਸੈਨਿਕਾਂ ਨੇ ਪਹਿਰਾ ਦਿੱਤਾ ਸੀ।

ਅੱਜ ਪਹਿਲਾਂ ਨਾਲੋਂ ਕਿਤੇ ਵਧੇਰੇ ਅਮਨ ਹੈ ਤਾਂ ਪੌਣੇ ਚਾਰ ਲੱਖ ਤੋਂ ਵੱਧ ਫੌਜੀ ਪੋਲਿੰਗ ਬੂਥਾਂ ਦੀ ਰਾਖੀ ਕਰਨਗੇ।

ਹਰ ਪੋਲਿੰਗ ਬੂਥ ਦੇ ਬਾਹਰ ਦੋ ਫੌਜੀ ਵੋਟਰਾਂ ਉੱਪਰ ਨਿਗ੍ਹਾ ਰੱਖਣਗੇ। ਦੋ ਅੰਦਰ ਚੋਣ ਕਰਮਚਾਰੀਆਂ ਉੱਪਰ ਨਜ਼ਰ ਰੱਖਣਗੇ ਤਾਂ ਕਿ ਕੋਈ ਗੜਬੜੀ ਨਾ ਹੋਵੇ ਅਤੇ ਚੋਣਾਂ ਸਾਫ-ਸੁਥਰੀਆਂ ਹੋ ਜਾਣ।

ਜਿਨ੍ਹਾਂ ਆਗੂਆਂ ਨੇ ਪਾਰਟੀਆਂ ਬਦਲਣੀਆਂ ਸੀ ਪਹਿਲਾਂ ਹੀ ਬਦਲ ਚੁੱਕੇ ਹਨ। ਜਿਨ੍ਹਾਂ-ਜਿਨ੍ਹਾਂ ਆਗੂਆਂ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਅੰਦਰ ਹੋਣਾ ਸੀ ਉਹ ਹੋ ਚੁੱਕੇ ਹਨ। ਜਿਹੜੇ ਸ਼ਰਾਰਤੀ ਟੀਵੀ ਚੈਨਲਾਂ ਸਿੱਧੇ ਕਰਨ ਵਾਲੇ ਸੀ ਉਹ ਸਾਰੇ ਵੀ ਸਿੱਧੇ ਹੋ ਗਏ।

ਭ੍ਰਿਸ਼ਟਾਚਾਰੀ ਨਵਾਜ਼ ਲੀਗ ਦੇ ਵਿਰੋਧੀ ਛੋਟੇ-ਛੋਟੇ ਗੁੱਟ ਵੀ ਭਾਨੂਮਤੀ ਦੇ ਕੁਨਬੇ ਵਿੱਚ ਜੋੜੇ ਜਾ ਚੁੱਕੇ ਹਨ।

ਜਿਨ੍ਹਾਂ ਲੋਕਾਂ ਨੂੰ ਅੱਤਵਾਦੀ ਹੋਣ ਦੇ ਸ਼ੱਕ ਵਿੱਚ ਲੰਬੇ ਸਮੇਂ ਤੋਂ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਸੀ ਉਨ੍ਹਾਂ ਸਾਰਿਆਂ ਨੂੰ ਚੰਗੇ ਚਾਲ-ਚਲਣ ਦੀ ਕਸਮ ਖਾਣ ਬਦਲੇ ਚੋਣਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮਿਲ ਚੁੱਕੀ ਹੈ।

Image copyright Getty Images
ਫੋਟੋ ਕੈਪਸ਼ਨ ਇਮਰਾਨ ਖ਼ਾਨ ਮੁਤਾਬਕ ਪ੍ਰਾਪੇਗੇਂਡਾ ਕੀਤਾ ਜਾ ਰਿਹਾ ਹੈ ਕਿ ਆਰਮੀ ਉਨ੍ਹਾਂ ਨੂੰ ਚਾਹੁੰਦੀ ਹੈ।

ਭਾਵ 25 ਜੁਲਾਈ ਨੂੰ ਸਾਫ-ਸੁਥਰੀਆਂ ਚੋਣਾਂ ਕਰਾਉਣ ਵਿੱਚ ਹੁਣ ਕੋਈ ਰੁਕਾਵਟ ਨਹੀਂ ਹੈ।

ਇਮਰਾਨ ਖ਼ਾਨ ਨੇ ਕੱਲ੍ਹ ਰਾਤ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਨੂੰ ਜਿੱਤਣ ਤੋਂ ਰੋਕਣ ਲਈ ਕੌਮਾਂਤਰੀ ਪੱਧਰ ਉੱਤੇ ਪੱਛਮੀ ਅਤੇ ਭਾਰਤੀ ਮੀਡੀਆ ਵੱਲੋਂ ਇੱਕ ਵੱਡੀ ਸਾਜਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਆਰਮੀ ਇਮਰਾਨ ਖ਼ਾਨ ਨੂੰ ਚਾਹੁੰਦੀ ਹੈ।

ਪਰਸੋਂ ਹੀ ਮੈਂ ਇੱਕ ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਬੌਸ ਏਐਸ ਦੁਲੱਟ ਦਾ ਸੋਸ਼ਲ ਮੀਡੀਆ ਉੱਪਰ ਇੱਕ ਇੰਟਰਵਿਊ ਦੇਖਿਆ ਕਿ ਅਗਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੋਣਗੇ।

ਹੁਣ ਮੇਰੇ ਸਮਝ ਨਹੀਂ ਆ ਰਿਹਾ ਕਿ ਮੈਂ ਕਿਸਦੀ ਮੰਨਾਂ। ਖ਼ਾਨ ਦੀ ਜਾਂ ਏਐਸ ਦੁੱਲਟ ਦੀ। ਕੀ ਇਮਰਾਨ ਖ਼ਾਨ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ ਉੱਪਰ ਏਐਸ ਦੁੱਲਟ ਦੀ ਨਿੰਦਾ ਕਰਨਾ ਵੀ ਪਸੰਦ ਕਰਨਗੇ?

ਇਹ ਵੀ ਪੜ੍ਹੋ꞉