Pakistan VLOG: 'ਪਾਕਿਸਤਾਨ 'ਚ ਸਿਲੈਕਸ਼ਨ ਹੋ ਚੁੱਕੀ ਹੈ, ਇਲੈਕਸ਼ਨ ਬਾਕੀ ਹੈ'

ਮੁਹੰਮਦ ਹਨੀਫ Image copyright EPF

ਪਾਕਿਸਤਾਨ ਦੀਆਂ ਚੋਣਾਂ ਵਿੱਚ ਅਜੇ ਇੱਕ ਦਿਨ ਬਾਕੀ ਹੈ ਪਰ ਸਿਆਣਿਆ ਨੇ ਨਤੀਜਾ ਪਹਿਲਾਂ ਹੀ ਸੁਣਾ ਦਿੱਤਾ ਹੈ। ਇੱਕ ਕਹਿੰਦਾ ਹੈ ਸਿਲੈਕਸ਼ਨ ਹੋ ਚੁੱਕੀ ਹੈ ਹੁਣ ਸਿਰਫ਼ ਇਲੈਕਸ਼ਨ ਬਾਕੀ ਹੈ।

ਇੱਕ ਹੋਰ ਸਾਹਿਬ ਫਰਮਾਉਂਦੇ ਹਨ ਚੋਣਾਂ ਦੇ ਦਿਹਾੜੇ ਜੋ ਵੀ ਹੋਵੇ, ਲੋਕਾਂ ਦਾ ਹੱਕ ਪਹਿਲਾਂ ਹੀ ਖੁੱਸ ਚੁੱਕਿਆ ਹੈ।

ਪਾਕਿਸਤਾਨ ਵਿੱਚ ਬੜਾ ਇੱਜ਼ਤ ਵਾਲਾ ਅਦਾਰਾ ਹੈ ਹਿਊਮਨ ਰਾਈਟਸ ਆਫ਼ ਕਮਿਸ਼ਨ ਪਾਕਿਸਤਾਨ। ਉਨ੍ਹਾਂ ਨੇ ਵੀ ਬਿਆਨ ਦਿੱਤਾ ਹੈ ਕਿ ਇਸ ਤੋਂ ਗੰਦਾ ਇਲੈਕਸ਼ਨ ਪਾਕਿਸਤਾਨ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

ਇਹ ਵੀ ਪੜ੍ਹੋ:

ਚੋਣਾਂ ਤੋਂ ਪਹਿਲਾਂ ਸਿਆਸਤਦਾਨ ਵਾਅਦਾ ਵੀ ਕਰਦੇ ਹਨ ਤੇ ਥੋੜ੍ਹਾ ਜਿਹਾ ਸਿਆਪਾ ਵੀ ਕਰ ਲੈਂਦੇ ਹਨ। ਪਰ ਇਸ ਵਾਰ ਲਾਹੌਰ ਨੂੰ ਪੈਰਿਸ ਅਤੇ ਕਰਾਚੀ ਨੂੰ ਕੈਲੀਫੋਰਨੀਆ ਬਣਾਉਣ ਦੇ ਵਾਅਦੇ ਤਾਂ ਹੋਏ ਹਨ ਪਰ ਰੋਣ-ਪਿੱਟਣ ਜ਼ਿਆਦਾ ਹੋਇਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VLOG- ਪਰਚੀ ਕਟਾਓ ਤੇ ਮੋਹਰ ਲਾ ਕੇ ਦਿਲ ਦਾ ਕਾਰਡ ਕੱਢੋ

ਹਰ ਇਲੈਕਸ਼ਨ ਵਿੱਚ ਝੁਰਲੂ ਤਾਂ ਥੋੜ੍ਹਾ-ਬਹੁਤਾ ਚਲਦਾ ਹੀ ਹੈ ਪਰ ਹੁਣ ਪਾਕਿਸਤਾਨ ਵਿੱਚ ਇਲੈਕਸ਼ਨ ਤਕਨਾਲੋਜੀ ਕਾਫ਼ੀ ਤਰੱਕੀ ਕਰ ਗਈ ਹੈ।

ਸਾਰੀਆਂ ਧਿਰਾਂ ਨੂੰ ਪਤਾ ਹੈ ਕਿ ਚੋਣਾਂ ਵਾਲੇ ਦਿਨ ਸਾਰੇ ਉਮੀਦਵਾਰਾਂ ਅਤੇ ਕਾਮਿਆਂ ਨੇ ਆਪਣੇ ਮੋਬਾਈਲ ਫੋਨ 'ਤੇ ਵੀਡੀਓ ਬਣਾਉਣ ਲੱਗੇ ਹੋਣਾ ਹੈ ਤੇ ਗੜਬੜ ਦੀ ਗੁੰਜਾਇਸ਼ ਜ਼ਿਆਦਾ ਨਹੀਂ ਹੋਣੀ। ਇਸ ਲਈ ਜਿਹੜਾ ਕੰਮ ਵਿਖਾਉਣਾ ਹੈ ਉਹ ਹੁਣ ਹੀ ਵਿਖਾ ਲਓ।

ਇਸਦੇ ਲਈ ਭਾਵੇਂ ਖੁਫ਼ੀਆ ਏਜੰਸੀਆ ਕੋਲੋ ਛਿਤਰੌਲ ਕਰਵਾਉਣੀ ਪਵੇ, ਭਾਵੇਂ ਅੱਧੀ-ਰਾਤੀਂ ਅਦਾਲਤਾਂ ਖੋਲ੍ਹ ਕੇ ਕਿਸੇ ਨੂੰ ਉਮਰ ਕੈਦ ਕਰਵਾਉਣੀ ਪਵੇ, ਕਰਾ ਦਿਓ।

'ਮੋਹਰ ਲਾਉਣ ਤੋਂ ਪਹਿਲਾਂ ਸੋਚ ਲਵੋ'

ਚੋਣ ਦਿਹਾੜਾ ਆਉਣ ਤੋਂ ਪਹਿਲਾਂ ਹੀ ਖਲਕਤ ਨੂੰ ਦੱਸ ਦਿਓ ਕਿ ਤੁਸੀਂ ਮੋਹਰ ਲਾਉਣ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਤੁਹਾਡਾ ਬੰਦਾ ਜਿੱਤਣਾ ਕੋਈ ਨਹੀਂ।

Image copyright GETTY IMAGES
ਫੋਟੋ ਕੈਪਸ਼ਨ ਵਿਸ਼ਲੇਸ਼ਕਾਂ ਮੁਤਾਬਕ ਨਵਾਜ਼ ਦੇ ਇਸੇ ਸਵਾਲ "ਮੁਝੇ ਕਿਊਂ ਨਿਕਾਲਾ?" ਕਰਕੇ ਉਹ ਸਿਆਸੀ ਖ਼ੁਦਕੁਸ਼ੀ ਵੱਲ ਵਧੇ।

ਤੁਹਾਡੇ ਹੱਕ ਵਿੱਚ ਇਹੀ ਬਿਹਤਰ ਹੈ ਕਿ ਜਿਹਦੇ 'ਤੇ ਅਸੀਂ ਹੱਥ ਰੱਖ ਦਿੱਤਾ ਏ ਉਸ ਨੂੰ ਵੋਟ ਦਿਓ ਤੇ ਘਰ ਨੂੰ ਜਾਓ। ਪਰ ਇਹ ਇਲੈਕਸ਼ਨ ਤੋਂ ਪਹਿਲਾਂ ਸਿਲੈਕਸ਼ਨ ਕਰਨ ਵਾਲਿਆਂ ਨੂੰ ਸ਼ੱਕ ਜਿਹਾ ਰਹਿੰਦਾ ਹੈ ਕਿ ਜਦੋਂ ਕੋਈ ਬੰਦਾ ਜਾਂ ਜਨਾਨੀ ਵੋਟ ਦੀ ਪਰਚੀ ਫੜ ਕੇ ਕਮਰੇ ਵਿੱਚ ਮੋਹਰ ਲਾਉਣ ਜਾਂਦਾ ਹੈ ਤਾਂ ਉਹ ਇਕੱਲਾ ਹੁੰਦਾ ਹੈ।

ਅੱਲ੍ਹਾ ਤੋਂ ਇਲਾਵਾ ਵੇਖਣ ਵਾਲਾ ਕੋਈ ਨਹੀਂ ਹੁੰਦਾ। ਪਤਾ ਨਹੀਂ ਕਿਸ ਸ਼ੈਅ 'ਤੇ ਮੋਹਰ ਲਗਾ ਕੇ ਆਪਣੇ ਦਿਲ ਦਾ ਦੁੱਖੜਾ ਸੁਣਾ ਛੱਡਣ।

ਇਹ ਵੀ ਪੜ੍ਹੋ:

ਚੋਣਾਂ ਤੋਂ ਪਹਿਲਾਂ ਝੁਰਲੂ ਚਲਾਉਣ ਵਾਲਿਆਂ ਨੂੰ ਇੱਕ ਤਸੱਲੀ ਸਾਡੇ ਬੇਲੀ ਨੇ ਦਿੱਤੀ ਹੈ ਕਿ ਪ੍ਰੇਸ਼ਾਨ ਨਾ ਹੋਵੋ, ਜਿਹੜਾ ਵੀ ਜਿੱਤ ਗਿਆ ਤੁਸੀਂ ਉਸ ਨੂੰ ਚੱਲਣ ਕਿਹੜਾ ਦੇਣਾ ਏ। ਇਸ ਲਈ ਠੰਢੇ ਹੋ ਜਾਵੋ, ਲੋਕਾਂ ਨੂੰ ਇੱਕ ਦਿਨ ਲਈ ਆਪਣਾ ਸ਼ੌਕ ਪੂਰਾ ਕਰ ਲੈਣ ਦਿਓ।

Image copyright Getty Images
ਫੋਟੋ ਕੈਪਸ਼ਨ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਭੁੱਟੋ ਵੀ ਚੋਣ ਮੈਦਾਨ ਵਿੱਚ ਉੱਤਰੇ ਹਨ। ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ। (ਫਾਈਲ ਫੋਟੋ)

ਪਰ ਸਾਡੇ ਜ਼ੋਰਾਵਰ ਮਰਾਸੀਆਂ ਦੇ ਮਸ਼ਵਰੇ ਮੰਨਣ ਲੱਗਣ ਤਾਂ ਪ੍ਰਧਾਨ ਕਿਵੇਂ ਬਣਨ। ਜਿਹੜਾ ਚੋਣਾਂ ਦੇ ਨਾਂ 'ਤੇ ਸਿਆਪਾ ਸ਼ੁਰੂ ਹੋਇਆ ਏ ਇਹ ਇਲੈਕਸ਼ਨ ਤੋਂ ਬਾਅਦ ਵੀ ਨਹੀਂ ਮੁੱਕਣਾ।

ਇਮਰਾਨ ਖ਼ਾਨ ਦੇ ਸੁੰਞੀਆਂ ਗਲੀਆਂ 'ਚ ਨਾਅਰੇ

ਅਜੇ ਤਾਂ ਇਲੈਕਸ਼ਨ ਦਾ ਮੇਲਾ ਲੱਗਾ ਹੈ, ਮੇਲੇ 'ਤੇ ਮ੍ਹਾਤੜ ਵੀ ਪਹੁੰਚ ਜਾਂਦੇ ਹਨ। ਜਿਨ੍ਹਾਂ ਨੂੰ ਜੇਲ੍ਹ ਹੋ ਗਈ ਹੈ ਉਹ ਕਾਲ-ਕੋਠੜੀਆਂ ਵਿੱਚ ਬੈਠ ਕੇ ਪੁਰਾਣੇ ਮੇਲਿਆਂ ਨੂੰ ਯਾਦ ਕਰਨ। ਉਹ ਮੇਲੇ ਜਿਨ੍ਹਾਂ ਵਿੱਚ ਆਲਮ ਲੁਹਾਰ ਗਾਉਂਦਾ ਸੀ।

ਵੈਸੇ ਵੀ ਇਲੈਕਸ਼ਨ ਇੰਝ ਲੱਗਦਾ ਹੈ ਜਿਵੇਂ ਮਿਰਜ਼ਾ-ਸਾਹਿਬਾ ਵਿੱਚ ਸਾਹਿਬਾ ਦੀ ਦੁਆ ਕਬੂਲ ਹੋ ਗਈ ਹੋਵੇ।

ਚਿਮਟੇ ਨੂੰ ਖੜਕਾ ਕੇ ਆਲਮ ਲੁਹਾਰ ਕਹਿੰਦਾ ਸੀ ਪੰਜ-ਸੱਤ ਮਰਨ ਗੁਆਂਢਣਾਂ ਤੇ ਰਹਿੰਦੀਆਂ ਨੂੰ ਤਾਪ ਚੜ੍ਹੇ। ਕੁੱਤੀ ਮਰੇ ਫਕੀਰ ਦੀ ਜਿਹੜੀ ਚਊਂ-ਚਊਂ ਨਿੱਤ ਕਰੇ ਤੇ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ। ਗਲੀਆਂ ਹੋ ਜਾਣ ਸੁੰਞੀਆਂ ਵਿੱਚ ਮਿਰਜ਼ਾ ਯਾਰ ਫਿਰੇ।

Image copyright Getty Images
ਫੋਟੋ ਕੈਪਸ਼ਨ ਇਮਰਾਨ ਖਾਨ ਸੁੰਞੀਆਂ ਗਲੀਆਂ ਵਿੱਚ ਨਾਅਰੇ ਲਾਉਂਦਾ ਫਿਰਦਾ ਹੈ ਕਿ ਕੋਈ ਹੈ ਤਾਂ ਆਵੇ ਮੈਦਾਨ ਵਿੱਚ

ਹੁਣ ਗੁਆਂਢਣਾਂ ਜੇਲ੍ਹ ਵਿੱਚ ਹਨ, ਫਕੀਰ ਦੀ ਕੁੱਤੀ ਨੂੰ ਪਟਾ ਪਾ ਦਿੱਤਾ ਗਿਆ ਹੈ, ਕਰਾੜ ਦੀ ਹੱਟੀ 'ਤੇ ਦੀਵਾ ਕੋਈ ਨਹੀਂ ਤੇ ਹੁਣ ਸਾਡਾ ਮਿਰਜ਼ਾ ਯਾਰ ਇਮਰਾਨ ਖਾਨ ਸੁੰਞੀਆਂ ਗਲੀਆਂ ਵਿੱਚ ਨਾਅਰੇ ਲਾਉਂਦਾ ਫਿਰਦਾ ਹੈ ਕਿ ਕੋਈ ਹੈ ਤਾਂ ਆਵੇ ਮੈਦਾਨ ਵਿੱਚ।

ਇਹ ਵੀ ਪੜ੍ਹੋ:

ਅੱਲ੍ਹਾ ਖ਼ੈਰ ਕਰੇ, ਹਾਦਸੇ ਸੁੰਞੀਆਂ ਗ਼ਲੀਆਂ ਵਿੱਚ ਵੀ ਹੋ ਜਾਂਦੇ ਨੇ। ਇੱਕ ਦਫ਼ਾ ਆਲਮ ਲੁਹਾਰ ਨੇ ਲੱਤ ਤੁੜਵਾ ਲਈ ਸੀ। ਫਿਰ ਗਾਉਂਦਾ ਫਿਰਦਾ ਸੀ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੇ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਪਰਚੀ ਕਟਾਓ ਤੇ ਮੋਹਰ ਲਗਾ ਕੇ ਦਿਲ ਦਾ ਕਾਰਡ ਕੱਢੋ। ਰੱਬ ਤੁਹਾਡਾ ਤੇ ਤੁਹਾਡੇ ਵੋਟ ਦਾ ਮਾਣ ਰੱਖੇ।

ਜਿਉਂਦੇ ਰਹੋ, ਰੱਬ ਰਾਖਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)